ਤਰਨਤਾਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰਨਤਾਰਨ. ਦੇਖੋ, ਤਰਣਤਾਰਣ। ੨ ਜਿਲਾ ਅਮ੍ਰਿਤਸਰ ਵਿੱਚ ਸ਼ਹਿਰ ਅਮ੍ਰਿਤਸਰ ਤੋਂ ੧੪ ਮੀਲ ਦੱਖਣ-ਪੂਰਵ ਇੱਕ ਗੁਰਧਾਮ. ਰੇਲਵੇ ਸਟੇਸ਼ਨ ਖ਼ਾਸ ਤਰਨਤਾਰਨ ਹੈ. ਗੁਰੂ ਅਰਜਨ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦਕੇ ਤਰਨਤਾਰਨ ਤਾਲ ੧੭ ਵੈਸਾਖ ਸੰਮਤ ੧੬੪੭ ਨੂੰ ਖੁਦਵਾਇਆ.1 ਸੰਮਤ ੧੬੫੩ ਵਿੱਚ ਨਗਰ ਆਬਾਦ ਕੀਤਾ ਅਤੇ ਤਾਲ ਨੂੰ ਪੱਕਾ ਕਰਨ ਤਥਾ ਧਰਮਮੰਦਿਰ ਰਚਣ ਲਈ ਆਵੇ ਲਗਵਾਏ. ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ.2 ਸੰਮਤ ੧੮੨੩ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਇਹ ਇ਼ਮਾਰਤਾਂ ਢਾਹਕੇ ਤਾਲ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀਰਾਮ ਕਾਰਕੁਨ ਦੀ ਮਾਰਫਤ ਪੱਕੇ ਬਣਵਾਏ ਅਤੇ ਸੰਮਤ ੧੮੮੧ ਵਿੱਚ ਹਰਿ ਮੰਦਿਰ ਦੀ ਇਮਾਰਤ ਨਵੇਂ ਸਿਰੇ ਤਿਆਰ ਕਰਵਾਈ. ਕੌਰ ਨੌਨਿਹਾਲ ਸਿੰਘ ਨੇ ਪਰਿਕ੍ਰਮਾ ਪੱਕੀ ਕਰਵਾਈ. ੧੬੨ ਫੁਟ ਅਤੇ ਉੱਚਾ ਮੁਨਾਰਾ ਬਣਵਾਇਆ. ਸਰੋਵਰ ਦੇ ਕਿਨਾਰੇ ਸੁੰਦਰ ਹਰਿਮੰਦਿਰ ਬਣਿਆ ਹੋਇਆ ਹੈ.

     ਗੁਰੂ ਅਰਜਨਦੇਵ ਦਾ ਜਾਰੀ ਕੀਤਾ ਇਸ ਥਾਂ ਕੁ੄਎੢ਆਂ ਦਾ ਆਸ਼੍ਰਮ ਹੈ, ਇਸੇ ਕਾਰਨ ਤਰਨਤਾਰਨ ਦੇ ਨਾਮ ਨਾਲ “ਦੂਖਨਿਵਾਰਣ” ਵਿਸ਼ੇ੄ਣ ਲਾਇਆ ਜਾਂਦਾ ਹੈ.1 ਇਸ ਗੁਰਦ੍ਵਾਰੇ ਨੂੰ ਸਿੱਖਰਾਜ ਸਮੇਂ ਦੀ ੪੬੬੪) ਸਾਲਾਨਾ ਜਾਗੀਰ ਹੈ ਅਤੇ  ੨ ਦੁਕਾਨਾਂ ਗੁਰੁਦ੍ਵਾਰੇ ਦੀ ਮਾਲਕੀਯਤ ਹਨ. ਕ਼ਰੀਬ ਚਾਲੀ ਹਜ਼ਾਰ ਰੁਪਯਾ ਸਾਲ ਵਿੱਚ ਪੂਜਾ ਦੀ ਆਮਦਨ ਹੈ.

     ਪਰਿਕ੍ਰਮਾ ਵਿੱਚ ਇੱਕ ਅਸਥਾਨ ਮੰਜੀ ਸਾਹਿਬ ਨਾਮ ਦਾ ਹੈ. ਇਸ ਥਾਂ ਗੁਰੂ ਅਰਜਨਦੇਵ ਵਿਰਾਜਕੇ ਤਾਲ ਦੀ ਰਚਨਾ ਕਰਵਾਉਂਦੇ, ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਉਂਦੇ ਰਹੇ. ਸ਼ਹਿਰ ਤੋਂ ਇੱਕ ਫਰਲਾਂਗ ਦੱਖਣ ਗੁਰੁ ਅਰਜਨ ਜੀ ਦਾ ਲਗਵਾਇਆ “ਗੁਰੂ ਕਾ ਖੂਹ” ਹੈ. ਇੱਥੇ ਭੀ ਗੁਰੂ ਸਾਹਿਬ ਦੇ ਵਿਰਾਜਣ ਦੀ ਥਾਂ ਮੰਜੀ ਸਾਹਿਬ ਹੈ. ਗੁਰੂ ਜੀ ਵੱਲੋਂ ਮਾਤਾ ਜੀ ਦੇ ਨਾਮ ਤੇ ਲਵਾਇਆ “ਬੀਬੀ ਭਾਨੀ ਵਾਲਾ ਖੂਹ” ਭੀ ਪਵਿਤ੍ਰ ਅਸਥਾਨ ਹੈ. ਸੰਮਤ ੧੯੪੧ ਵਿੱਚ ਜੀਂਦ ਪਤੀ ਰਾਜਾ ਰਘੁਬੀਰ ਸਿੰਘ ਸਾਹਿਬ ਨੇ ਸਰੋਵਰ ਲਈ ਰਸੂਲ ਪੁਰ ਘਰਾਟਾਂ ਵਾਲੀ ਨਹਰ ਤੋਂ ਹਸਲੀ ਤਿਆਰ ਕਰਵਾਈ, ਜਿਸ ਨੂੰ ਸੰਤ ਸ਼੍ਯਾਮ ਸਿੰਘ ਜੀ ਅਤੇ ਸੰਤ ਗੁਰਮੁਖ ਸਿੰਘ ਜੀ ਨੇ ਸੰਗਤਾਂ ਨੂੰ ਪ੍ਰੇਰ ਕੇ ਸੀਮੇਂਟ ਨਾਲ ਪੱਕੀ ਅਤੇ ਛੱਤਵੀਂ ਸੰਮਤ ੧੯੮੫-੮੬ ਵਿੱਚ ਬਣਵਾਇਆ.

     ਹਰ ਅਮਾਵਸ੍ਯਾ (ਮੌਸ) ਨੂੰ ਮੇਲਾ ਹੁੰਦਾ ਹੈ, ਅਰ ਭਾਦੋਂ ਬਦੀ ੩੦ ਨੂੰ ਭਾਰੀ ਉਤਸਵ ਮਨਾਇਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਰਨਤਾਰਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਰਨਤਾਰਨ (ਗੁਰੂ-ਧਾਮ) :ਅੰਮ੍ਰਿਤਸਰ ਜ਼ਿਲ੍ਹੇ ਵਿਚ ਅੰਮ੍ਰਿਤਸਰ ਨਗਰ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਸੜਕ ਉਤੇ ਲਗਭਗ 24 ਕਿ.ਮੀ. ਦੀ ਦੂਰੀ ਉਤੇ ਵਸਿਆ ਇਕ ਗੁਰੂ- ਧਾਮ, ਜਿਸ ਵਿਚਲੇ ਸਰੋਵਰ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਨੇ 17 ਵਿਸਾਖ 1647 ਬਿ. (ਸੰਨ 1590 ਈ.) ਨੂੰ ਕਰਵਾਉਣੀ ਸ਼ੁਰੂ ਕੀਤੀ ਸੀ। ਭਾਈ ਕਾਨ੍ਹ ਸਿੰਘ ਅਨੁਸਾਰ ਇਸ ਸਰੋਵਰ ਦੀ ਲਿੰਬਾਈ 999 ਫੁਟ ਅਤੇ ਚੌੜਾਈ 990 ਫੁਟ ਹੈ। ਇਸ ਵਿਚ ਕੁਲ 20 ਪੌੜੀਆਂ ਹਨ।

            ਗੁਰੂ ਜੀ ਨੇ ਖਾਰਾ ਅਤੇ ਪਲਾਸੂਰ ਪਿੰਡਾਂ ਦੀ ਢਾਬ ਦੀ ਜ਼ਮੀਨ ਖ਼ਰੀਦ ਕੇ ਇਥੇ ਧਰਮ-ਪ੍ਰਚਾਰ ਦਾ ਕੰਮ ਸ਼ੁਰੂ ਕਰਨ ਦੀ ਵਿਉਂਤ ਬਣਾਈ। ਕਹਿੰਦੇ ਹਨ ਕਿ ਉਸ ਢਾਬ ਵਿਚ ਆਜੜੀ ਮੁੰਡੇ ਤਰਦੇ ਰਹਿੰਦੇ ਸਨ , ਪਰ ਇਕ ਆਜੜੀ ਮੁੰਡੇ ਦੀ ਡੁਬ ਕੇ ਮ੍ਰਿਤੂ ਹੋਣ ਜਾਣ ਕਾਰਣ ਉਹ ਨਹਾਉਣੋ ਹਟ ਗਏ। ਜਦੋਂ ਗੁਰੂ ਜੀ ਨੇ ਉਥੇ ਆਸਣ ਲਗਾ ਦਿੱਤਾ ਤਾਂ ਮੁੰਡੇ ਕਹਿਣ ਲਗੇ ਕਿ ਗੁਰੂ ਜੀ ਇਥੇ ਡੁਬਦਿਆਂ ਨੂੰ ਤਾਰਨ ਆਏ ਹਨ। ਇਸ ਤਰ੍ਹਾਂ ਕਾਲਾਂਤਰ ਵਿਚ ਇਸ ਢਾਬ ਉਤੇ ਬਣੇ ਸਰੋਵਰ ਦਾ ਨਾਂ ‘ਤਰਨਤਾਰਨ’ ਪ੍ਰਚਲਿਤ ਹੋ ਗਿਆ। ਇਸ ਦਾ ਇਕ ਨਾਮਾਂਤਰ ‘ਦੂਖਨਿਵਾਰਨ’ ਵੀ ਹੈ। ਕਿਉਂਕਿ ਆਮ ਵਿਸ਼ਵਾਸ ਅਨੁਸਾਰ ਇਸ ਦੇ ਜਲ ਵਿਚ ਇਸ਼ਨਾਨ ਕਰਨ ਨਾਲ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ, ਖ਼ਾਸ ਕਰਕੇ ਕੋੜ੍ਹ ਦੀ ਬੀਮਾਰੀ ਲਈ ਇਹ ਬਹੁਤ ਲਾਭਕਾਰੀ ਹੈ।

            ਇਸ ਧਰਮਧਾਮ ਦੀ ਸਥਾਪਨਾ ਦਾ ਮੂਲ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸੀ ਕਿਉਂਕਿ ਲਾਹੌਰ ਤੋਂ ਗੋਇੰਦਵਾਲ ਜਾਣ ਵਾਲੇ ਪੁਰਾਣੇ ਤਜਾਰਤੀ ਮਾਰਗ ਉਤੇ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਕਾਇਮ ਕਰਨਾ ਤਤਕਾਲੀਨ ਪਰਿਸਥਿਤੀਆਂ ਅਨੁਸਾਰ ਇਕ ਅਹਿਮ ਲੋੜ ਸੀ। ਇਸ ਤੋਂ ਇਲਾਵਾ ਇਸ ਖੇਤਰ ਵਿਚ ਕੀਤੇ ਜਾ ਰਹੇ ਸਰਵਰੀਆਂ ਦੇ ਪ੍ਰਚਾਰ ਨੂੰ ਠਲ੍ਹ ਪਾਣੀ ਸੀ।

            ਸਿੱਖ ਇਤਿਹਾਸ ਅਨੁਸਾਰ ਜਦ ਸਰੋਵਰ ਖੁਦਵਾਇਆ ਜਾ ਚੁਕਿਆ ਤਾਂ ਗੁਰੂ ਜੀ ਨੇ ਸੰਨ 1596 ਈ. ਵਿਚ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ। ਗੁਰੂ ਜੀ ਨੇ ਸਰੋਵਰ ਨੂੰ ਪੱਕਾ ਕਰਨ ਅਤੇ ਹਰਿਮੰਦਰ ਨੂੰ ਉਸਾਰਨ ਲਈ ਇਟਾਂ ਦੇ ਆਵੇ ਲਗਵਾਏ, ਉਦੋਂ ਢਾਬ ਤੋਂ ਲਗਭਗ ਪੰਜ ਕਿਲੋਮੀਟਰ ਦੀ ਵਿਥ ਉਤੇ ਨੂਰੁੱਦੀਨ ਦੇ ਪੁੱਤਰ ਅਮੀਰੁੱਦੀਨ ਨੇ ਆਪਣੀ ਸਰਾਂ ਅਤੇ ਮਕਾਨਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਅਤੇ ਸਰੋਵਰ ਲਈ ਤਿਆਰ ਹੋ ਰਹੀਆਂ ਇਟਾਂ ਨੂੰ ਜ਼ਬਰਦਸਤੀ ਚੁਕਵਾ ਕੇ ਲੈ ਗਿਆ। ਸਰੋਵਰ ਅਤੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਰੁਕ ਗਿਆ। ਸਿੱਖ ਮਿਸਲਾਂ ਦੇ ਦੌਰ ਵੇਲੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਇਕ ਜੱਥੇਦਾਰ ਸ. ਬੁੱਧ ਸਿੰਘ ਫੈਜ਼ਲਪੁਰੀਏ ਨੂੰ ਜਦੋਂ ਇਸ ਘਟਨਾ ਦਾ ਪਤਾ ਲਗਾ ਤਾਂ ਉਸ ਨੇ ਨੂਰੁੱਦੀਨ ਦੀ ਸਰਾਂ ਅਤੇ ਮਕਾਨ ਢਵਾਹ ਕੇ ਇਟਾਂ ਮੁੜ ਤਰਨਤਾਰਨ ਵਿਚ ਲੈ ਆਉਂਦੀਆਂ ਅਤੇ ਉਨ੍ਹਾਂ ਨਾਲ ਸਰੋਵਰ ਦੇ ਦੋ ਪਾਸੇ ਪਕੇ ਕਰਵਾਏ ਅਤੇ ਬਾਦ ਵਿਚ ਰਹਿੰਦੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀ ਰਾਮ ਨਾਂ ਦੇ ਕਾਰਕੁਨ ਦੀ ਮਾਰਫ਼ਤ ਪੱਕੇ ਬਣਵਾਏ ਅਤੇ ਸੰਮਤ 1881 ਬਿ. (ਸੰਨ 1824 ਈ.) ਨੂੰ ਹਰਿਮੰਦਰ ਦੀ ਉਸਾਰੀ ਨਵੇਂ ਸਿਰਿਓਂ ਕਰਵਾਈ। ਸਰੋਵਰ ਦੀ ਪਰਿਕ੍ਰਮਾ ਵਿਚ ਇਕ ਮੰਜੀ ਸਾਹਿਬ ਸਥਾਨ ਹੈ ਜਿਥੇ ਗੁਰੂ ਅਰਜਨ ਦੇਵ ਜੀ ਨੇ ਬੈਠ ਕੇ ਸਰੋਵਰ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ‘ਅਕਾਲ ਬੁੰਗਾ ’ ਅਤੇ ‘ਗੁਰੂ ਕਾ ਖੂਹ ’ ਦੋ ਹੋਰ ਮਹੱਤਵਪੂਰਣ ਇਤਿਹਾਸਿਕ ਸਥਾਨ ਹਨ। ਕੰਵਰ ਨੌਨਿਹਾਲ ਸਿੰਘ ਦਾ ਬਣਵਾਇਆ ਇਕ ਮੀਨਾਰ ਵੀ ਮੌਜੂਦ ਹੈ। ਇਸ ਗੁਰੂ-ਧਾਮ ਨੂੰ ਪੁਜਾਰੀਆਂ ਤੋਂ ਮੁਕਤ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਵੇਲੇ ਯਤਨ ਕੀਤਾ ਗਿਆ। ਉਸ ਦੌਰਾਨ ਸ਼ਹੀਦ ਹੋਏ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸਮਾਧ ਮੰਜੀ ਸਾਹਿਬ ਦੇ ਨੇੜੇ ਬਣਾਈ ਗਈ ਹੈ।

            ਹੌਲੀ ਹੌਲੀ ਤਰਨਤਾਰਨ ਨਗਰ ਵਿਕਸਿਤ ਹੁੰਦਾ ਗਿਆ। ਹੁਣ ਉਥੋਂ ਦੀ ਆਬਾਦੀ ਤੀਹ ਹਜ਼ਾਰ ਤੋਂ ਉਪਰ ਹੈ। ਇਸ ਗੁਰੂ-ਧਾਮ ਉਤੇ ਹਰ ਮਸਿਆ ਵਾਲੇ ਦਿਨ ਮੇਲਾ ਲਗਦਾ ਹੈ, ਪਰ ਭਾਦਰੋਂ ਦੀ ਮਸਿਆ ਦਾ ਮੇਲਾ ਵਿਸ਼ੇਸ਼ ਆਕਰਸ਼ਣ ਦਾ ਕਾਰਣ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੁਣ ਇਸ ਗੁਰੂ-ਧਾਮ ਦੇ ਸਰੂਪ ਨੂੰ ਕਾਰਸੇਵਾ ਵਾਲੇ ਬਾਬਿਆਂ ਨੇ ਬਹੁਤ ਨਿਖਾਰ ਦਿੱਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤਰਨਤਾਰਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 ਤਰਨਤਾਰਨ : ਤਹਿਸੀਲ - ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਇਕ ਮਹੱਤਵਪੂਰਨ ਤਹਿਸੀਲ ਹੈ ਜਿਸ ਦਾ ਕੁੱਲ ਰਕਬਾ 897 ਵ. ਕਿ. ਮੀ. ਹੈ। ਇਹ ਤਹਿਸੀਲ ਇਕ ਤਿਕੋਣ ਆਕਾਰ ਦੀ ਹੈ ਜਿਸ ਦਾ ਆਧਾਰ ਬਿਆਸ ਦਰਿਆ ਤੇ ਬਣਦਾ ਹੈ ਅਤੇ ਇਹੀ ਦਰਿਆ ਇਸ ਨੂੰ ਕਪੂਰਥਲਾ ਜ਼ਿਲ੍ਹੇ ਤੋਂ ਅਲੱਗ ਕਰਦਾ ਹੈ। ਦਰਿਆ ਦੇ ਪੱਛਮੀ ਪਾਸੇ ਦੇ ਖੇਤਰ ਪੱਧਰਾ ਮੈਦਾਨ ਹੈ ਜਿਥੋਂ ਦੀ ਭੋਂ ਕਾਫ਼ੀ ਜ਼ਰਖੇਜ਼ ਹੈ। ਇਸ ਖੇਤਰ ਵਿਚ ਦੋ ਕੁਦਰਤੀ ਜਲ ਨਿਕਾਸੀ ਨਾਲੇ ਹਨ ਅਤੇ ਸਿੰਜਾਈ ਬਾਰੀ ਦੁਆਬ ਨਹਿਰ ਰਾਹੀਂ ਕੀਤੀ ਜਾਂਦੀ ਹੈ। ਸਿੰਜਾਈ ਸਹੂਲਤਾਂ ਵਿਚ ਅੱਜਕੱਲ੍ਹ ਟਿਊਬਵੈੱਲ ਵੀ ਕਾਫ਼ੀ ਹਨ। ਇਸ ਤਹਿਸੀਲ ਵਿਚ ਪ੍ਰਮੁੱਖ ਕਸਬਾ ਵੈਰੋਵਾਲ ਹੈ ਅਤੇ ਇਸ ਤਹਿਸੀਲ ਵਿਚ ਲਗਭਗ 337 ਪਿੰਡ ਸ਼ਾਮਲ ਹਨ। ਜਲ ਨਿਕਾਸੀ ਕੁਦਰਤੀ ਅਤੇ ਬਨਾਵਟੀ ਡਰੇਨਾਂ (ਨਖਾਸ਼ੂ) ਰਾਹੀਂ ਹੁੰਦੀ ਹੈ।

        ਆਬਾਦੀ - 4,09,710 (2001)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-52-59, ਹਵਾਲੇ/ਟਿੱਪਣੀਆਂ: ਹ. ਪੁ. –ਇੰਪ ਗ. ਇੰਡ. ਡਿਸ ਗਜ. ਅੰਮ੍ਰਿਤਸਰ

ਤਰਨਤਾਰਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤਰਨਤਾਰਨ : ਸ਼ਹਿਰ - ਇਹ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ ਲਗਭਗ 25 ਕਿ. ਮੀ. ਉੱਤਰ ਵੱਲ ਉੱਤਰ ਪੱਛਮੀ ਰੇਲਵੇ ਦੀ ਅੰਮ੍ਰਿਤਸਰ-ਖੇਮਕਰਨ ਸ਼ਾਖਾ ਉੱਤੇ ਵਸਿਆ ਹੋਇਆ ਹੈ। ਇਹ ਇਸੇ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਵੀ ਹੈ। ਇਹ ਸੜਕਾਂ ਰਾਹੀਂ ਵੀ ਅੰਮ੍ਰਿਤਸਰ , ਜੰਡਿਆਲਾ, ਗੋਇੰਦਵਾਲ, ਹਰੀ ਕੇ, ਪੱਟੀ ਅਤੇ ਝਬਾਲ ਨਾਲ ਜੁੜਿਆ ਹੋਇਆ ਹੈ।

ਇਸ ਪਵਿੱਤਰ ਸ਼ਹਿਰ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 17 ਵਿਸਾਖ, ਸੰਮਤ 1647 (ਸੰਨ 1590) ਨੂੰ ਖਾਰਾ ਅਤੇ ਪਲਾਸੌਰ ਪਿੰਡਾਂ ਦੀ ਜ਼ਮੀਨ ਉੱਤੇ ਇਕ ਪਵਿੱਤਰ ਸਰੋਵਰ ਬਣਵਾ ਕੇ ਰੱਖੀ ਸੀ । ਸੰਮਤ 1653 ਵਿਚ ਇਸ  ਥਾਂ ਨੂੰ ਇਕ ਨਗਰ ਦੇ ਰੂਪ ਵਿਚ ਆਬਾਦ ਕੀਤਾ ਗਿਆ । ਸਰੋਵਰ ਦੀ ਨੀਂਹ ਬਾਬਾ ਬੁੱਢਾ ਜੀ ਨੇ ਚੇਤ ਦੀ ਮਸਿਆ ਵਾਲੇ ਦਿਨ, 1643 ਬਿਕਰਮੀ ਨੂੰ ਰਖੀ ਅਤੇ ਪੰਜ ਸਾਲ ਤੇ ਤਿੰਨ ਮਹੀਨਿਆਂ ਬਾਅਦ ਉਸਾਰੀ ਦਾ ਕੰਮ ਵੀ ਮੱਸਿਆ (ਭਾਦੋਂ ਦੀ) ਵਾਲੇ ਦਿਨ, ਹੀ ਮੁਕੰਮਲ ਹੋਇਆ । ਸਰੋਵਰ ਬਣਾਉਣ ਲਈ ਗੁਰੂ ਸਾਹਿਬ ਨੇ ਉਸ ਸਮੇਂ ਇਹ 80 ਵਿਘੇ ਜ਼ਮੀਨ , ਨੂਰਦੀਨ ਨਾਂ ਦੇ ਇਕ ਮੁਗ਼ਲ ਤੋਂ ਇਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦੀ ਸੀ। ਸੰਮਤ 1653 ਵਿਚ ਸਰੋਵਰ ਨੂੰ ਪੱਕਾ ਕਰਵਾਉਣ ਅਤੇ ਗੁਰਦੁਆਰਾ ਬਣਵਾਉਣ ਲਈ ਗੁਰੂ ਸਾਹਿਬ ਦੇ ਕਹਿਣ ਤੇ ਇਲਾਕੇ ਦੇ ਲੋਕਾਂ ਨੇ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਆਵੇ ਲਗਾਏ ਪਰ ਨੂਰਦੀਨ ਦੇ ਪੁੱਤਰ ਅਮੀਰੁੱਦੀਨ ਨੇ ਇਹ ਇੱਟਾਂ ਜ਼ਬਰਦਸਤੀ ਖੋਹ ਕੇ ਸਰਾਂ ਅਤੇ ਆਪਣੇ ਮਕਾਨਾਂ ਨੂੰ ਲਾ ਲਈਆਂ । ਗੁਰੂ ਸਾਹਿਬ ਨੇ ਸਿੱਖਾਂ ਨੂੰ ਬਚਨ ਕੀਤਾ ਕਿ ਇਹ ਇੱਟਾਂ ਜਿਥੇ ਲੱਗਣ ਲਈ ਬਣੀਆਂ ਹਨ ਆਪਣੇ ਆਪ ਹੀ ਉਥੇ ਲੱਗ ਜਾਣਗੀਆਂ । ਸ਼ਰਧਾਲੂਆਂ ਨੇ ਹੁਕਮ ਮੰਨਦੇ ਹੋਏ ਕੋਈ ਟੋਕ ਨਾ ਕੀਤੀ । ਸੰਮਤ 1823 ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਇਹ ਦੋਵੇਂ ਇਮਾਰਤਾਂ ਢਾਹ ਕੇ ਉਨ੍ਹਾਂ ਹੀ ਇੱਟਾਂ ਨਾਲ ਸਰੋਵਰ ਦੇ ਦੋ ਪਾਸੇ ਪੱਕੇ ਕਰਵਾਏ , ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀ ਰਾਮ ਕਾਰਕੁਨ ਦੀ ਮਾਰਫ਼ਤ ਪੱਕੇ ਕਰਵਾਏ। ਕੰਵਰ ਨੌਨਿਹਾਲ ਸਿੰਘ ਨੇ ਸਰੋਵਰ ਦੀ ਪਰਿਕਰਮਾ ਪੱਕੀ ਕਰਵਾਈ ਅਤੇ ਬੁੰਗਾ ਬਣਵਾਇਆ । ਕਿਸੇ ਵੀ ਸਾਫ਼ ਦਿਨ ਇਸ ਬੁਰਜ ਉੱਤੇ ਚੜ੍ਹ ਕੇ ਦੂਰਬੀਨ ਦੀ ਮਦਦ ਨਾਲ ਅੰਮ੍ਰਿਤਸਰ ਸਾਹਿਬ ਦੇ ਕਈ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਾਂਗ ਹੀ ਇਥੋਂ ਦੇ ਗੁਰਦੁਆਰਾ ਦਰਬਾਰ ਸਾਹਿਬ ਉੱਤੇ ਵੀ ਸੋਨੇ ਦੇ ਪਤਰੇ ਚੜ੍ਹਾਉਣ ਅਤੇ ਹੋਰ ਸਜਾਵਟ ਆਦਿ ਦੀ ਸੇਵਾ ਕਰਵਾਈ ।

ਪਵਿੱਤਰ ਸਰੋਵਰ ਦੀ ਲੰਬਾਈ ਉੱਤਰ ਵੱਲ 955 ਫੁਟ, ਦੱਖਣ ਵੱਲ 935 ਫੁਟ, ਪੱਛਮ ਵੱਲ 770 ਫੁਟ ਹੈ। ਪਰਿਕਰਮਾ ਦੀ ਲੰਬਾਈ ਉੱਤਰ ਵੱਲ 1044 ਫੁਟ, ਦੱਖਣ ਵੱਲ 1020 ਫੁਟ, ਪੱਛਮ ਵੱਲ 860 ਫੁਟ ਅਤੇ ਪੂਰਬ ਵੱਲ 861 ਫੁਟ ਹੈ। ਬਾਰੀ ਦੁਆਬ ਨਹਿਰ ਦੀ ਸਭਰਾਉਂ ਸ਼ਾਖਾ ਵਿਚੋਂ ਇਕ ਚੈਨਲ ਦੁਆਰਾ ਸਰੋਵਰ ਵਿਚ ਜਲ ਪਾਇਆ ਜਾਂਦਾ ਹੈ। ਇਸ ਦੀ ਸੇਵਾ ਮਹਾਰਾਜਾ ਜੀਂਦ ਨੇ ਕਰਵਾਈ ਸੀ । ਪਰਿਕਰਮਾ ਵਿਚ ਪਹਿਲਾਂ ਤੋਂ ਹੀ ਕਈ ਬੁੰਗੇ ਬਣੇ ਹੋਏ ਸਨ ਜਿਨ੍ਹਾਂ ਨੂੰ ਹੁਣ ਠੀਕ ਕਰ ਕੇ ਯਾਤਰੀਆਂ ਦੇ ਠਹਿਰਨ ਲਈ ਵਰਤਿਆ ਜਾਂਦਾ ਹੈ ।

ਸਰੋਵਰ ਦੀ ਪਰਿਕਰਮਾ ਦੇ ਇਕ ਪਾਸੇ ਗੁਰਦੁਆਰਾ ਮੰਜੀ ਸਾਹਿਬ ਹੈ। ਇਹ ਉਹ ਪਾਵਨ ਅਸਥਾਨ ਹੈ ਜਿਥੇ ਬੈਠ ਕੇ ਗੂਰੂ ਅਰਜਨ ਦੇਵ ਜੀ ਸਰੋਵਰ ਦੀ ਰਚਨਾ ਕਰਵਾਉਂਦੇ ਸਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਇਆ ਕਰਦੇ ਸਨ।

ਉਪਰੋਕਤ ਤੋਂ ਇਲਾਵਾ ਸ਼ਹਿਰ ਵਿਚ ਤਿੰਨ ਇਤਿਹਾਸਕ ਖੂਹ ਵੀ ਹਨ ਜਿਨ੍ਹਾਂ ਵਿਚੋਂ ਦੱਖਣ ਵੱਲ ਇਕ ‘ਗੁਰੂ ਕਾ ਖੂਹ’ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ। ਦੂਜਾ ‘ਬੀਬੀ ਭਾਨੀ ਦਾ ਖੂਹ’ ਹੈ ਅਤੇ ਇਕ ਹੋਰ ਖੂਹ ਗੁਰਦੁਆਰਾ ਸਾਹਿਬ ਦੇ ਵਿਚ ਹੀ ਹੈ। ਬਾਬਾ ਫੂਲਾ ਸਿੰਘ ਦੀ ਯਾਦ ਵਿਚ ਬਣਾਇਆ ਇਕ ਹੋਰ ਗੁਰਦੁਆਰਾ ਵੀ ਸ਼ਹਿਰ ਵਿਚ ਮੌਜੂਦ ਹੈ।

ਰਵਾਇਤ ਹੈ ਕਿ ਤਰਨਤਾਰਨ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਕੋਹੜ ਦਾ ਰੋਗ ਦੂਰ ਹੋ ਜਾਂਦਾ ਹੈ ਜਿਸ ਕਰ ਕੇ ਹਜ਼ਾਰਾਂ ਦੀ ਗਿਣਤੀ ਵਿਚ ਦੂਰੋਂ ਨੇੜਿਓਂ ਕੋਹੜ, ਖਾਰਸ਼ ਆਦਿ ਦੇ ਰੋਗੀ ਇਥੇ ਇਸ਼ਨਾਨ ਕਰਨ ਆਉਂਦੇ ਹਨ। ਗੁਰਦੁਆਰੇ ਤੋਂ ਥੋੜ੍ਹੀ ਦੂਰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ੁਰੂ ਕੀਤਾ ਕੋਹੜੀਆਂ ਦਾ ਇਕ ਆਸ਼ਰਮ ਹੈ ਜੋ 1903 ਈ. ਵਿਚ ‘ਕੋੜ੍ਹੀਆਂ ਦੇ ਮਿਸ਼ਨ’ ਨਾਮੀ ਇਕ ਸੰਸਾਰ ਪ੍ਰਸਿੱਧ ਸੰਸਥਾ ਦੇ ਪ੍ਰਤੀਨਿਧ , ਗਿਲਫਰਡ ਨੂੰ ਸੌਂਪ ਦਿੱਤਾ ਗਿਆ ਸੀ। ਇਹ ਆਸ਼ਰਮ ਜੋ ਹੁਣ ਇਕ ਸੰਸਥਾ ਬਣ ਚੁਕਿਆ ਹੈ, ਕਾਫ਼ੀ ਤਰੱਕੀ ਕਰਦਾ ਆ ਰਿਹਾ ਹੈ। ਹੁਣ ਇਸ ਦਾ ਕੈਂਪਸ ਬਹੁਤ ਖ਼ੂਬਸੂਰਤ ਬਣਾ ਦਿੱਤਾ ਗਿਆ ਹੈ ਤੇ ਇਸ ਵਿਚ ਇਕੋ ਸਮੇਂ 250 ਰੋਗੀ ਰਹਿ ਸਕਦੇ ਹਨ। ਰੋਗੀ ਬੱਚਿਆਂ, ਮੁੰਡਿਆਂ ਤੇ ਕੁੜੀਆਂ ਲਈ ਅਲੱਗ ਅਲੱਗ ਬਹੁਤ ਚੰਗਾ ਪ੍ਰਬੰਧ ਹੈ ਤੇ ਇਨ੍ਹਾਂ ਲੋਕਾਂ ਨੂੰ ਆਤਮ ਨਿਰਭਰ ਕਰਨ ਲਈ ਕਈ ਪ੍ਰਕਾਰ ਦੇ ਕੰਮ ਧੰਦੇ ਵੀ ਸਿਖਾਏ ਜਾਂਦੇ ਹਨ ।

ਸੰਨ 1875 ਤੋਂ ਇਥੇ ਮਿਉਂਸਪਲ ਕਮੇਟੀ ਬਣੀ ਹੋਈ ਹੈ। ਸ਼ਹਿਰ ਵਿਚ ਪੰਜ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ, ਇਕ ਬੇਸਿਕ ਟਰੇਨਿੰਗ ਸਕੂਲ, ਇਕ ਸਿਵਲ ਹਸਪਤਾਲ, ਇਕ ਮਿਸ਼ਨ ਹਸਪਤਾਲ, ਸੇਂਟ ਮੇਰੀ ਜ਼ਨਾਨਾ ਹਸਪਤਾਲ ਤੇ ਇਕ ਕੇਂਦਰੀ ਚੀਫ਼ ਖਾਲਸਾ ਦੀਵਾਨ ਹਸਪਤਾਲ ਦੇ ਨਾਲ ਨਾਲ ਡੰਗਰਾਂ ਲਈ ਵੀ ਇਕ ਦਵਾਖਾਨਾ ਹੈ।

ਉਦਯੋਗਿਕ ਅਤੇ ਵਪਾਰਕ ਪੱਖੋਂ ਇਸ ਸ਼ਹਿਰ ਦਾ ਬਹੁਤਾ ਵਿਕਾਸ ਨਹੀਂ ਹੋਇਆ। ਇਥੇ ਕੇਵਲ ਲੋਹੇ ਦੇ ਬਰਤਨ ਬਣਾਏ ਜਾਂਦੇ ਹਨ ਜਾਂ ਰੂੰ ਦੀਆਂ ਗੱਠਾਂ ਬਣਾਉਣ ਦੇ ਕਾਰਖਾਨੇ ਹਨ।

ਇਥੇ ਹਰ ਮੱਸਿਆ ਨੂੰ ਮੇਲਾ ਲਗਦਾ ਹੈ। ਬੀਮਾਰੀਆਂ ਆਦਿ ਤੋਂ ਮੁਕਤੀ ਪਾਉਣ ਲਈ ਲੋਕ ਮੱਸਿਆ ਸੁੱਖਦੇ ਹਨ ਪਰ ਭਾਦੋਂ (ਅਗਸਤ) ਅਤੇ ਚੇਤ (ਅਪ੍ਰੈਲ) ਦੀ ਮੱਸਿਆ ਖਾਸ ਤੌਰ ਤੇ ਮਨਾਈ ਜਾਂਦੀ ਹੈ ਜਦੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਇਥੇ ਪਹੁੰਚਦੇ ਹਨ । ਇਸ ਤੋਂ ਇਲਾਵਾ ਵਿਸਾਖੀ ਅਤੇ ਦੁਸਹਿਰੇ ਨੂੰ ਵੀ ਸ਼ਰਧਾਲੂਆਂ ਦੀ ਕਾਫ਼ੀ ਭੀੜ ਹੁੰਦੀ ਹੈ।

                    ਆਬਾਦੀ - 55,587(2001) 

                     31° 27’ ਉ. ਵਿਥ.; 74° 56’ ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-55-13, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਹਿੰ. ਵਿ. ਕੋ. 5 : 314; ਇੰਪ. ਗ. ਇੰਡ. 23: 252; ਡਿਸ. ਗਜ. ਅੰਮ੍ਰਿਤਸਰ 1966.1976

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.