ਤੋਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ (ਨਾਂ,ਪੁ) ਤਿੱਖੀ ਚੁੰਝ, ਤੇਜ਼ ਅਵਾਜ਼, ਹਰੇ ਸਾਵੇ ਰੰਗ ਵਾਲਾ ਇੱਕ ਲੁਭਾਉਣਾ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੋਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ [ਨਾਂਪੁ] ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ; ਤੋੜੇਦਾਰ ਬੰਦੂਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ. ਫ਼ਾ  .ਤੂਤ਼ੀ. ਸੰਗ੍ਯਾ—ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ, ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. Parrot (Poloearnis torquatus) “ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ.” (ਭਾਗੁ) ੨ ਤੋੜੇਦਾਰ ਬੰਦੂਕ਼ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. “ਤੋਰਾ ਉਭਾਰ ਤੋਤੇ ਜੜੰਤ.” (ਗੁਪ੍ਰਸੂ) ੩ ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੋਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੋਤਾ : ਏਵੀਜ਼ ਸ਼੍ਰੇਣੀ ਦੇ ਸਿਡੈਸਿਫ਼ਾੱਰਮੀਜ਼ (Psittaciformes) ਵਰਗ ਅਤੇ ਸਿਡੈਸਡੀ (Psittacidae) ਕੁਲ ਦਾ ਇਹ ਇਕ ਆਮ ਮਿਲਣ ਵਾਲਾ ਪੰਛੀ ਹੈ। ਇਸ ਦੀ ਆਮ ਮਿਲਣ ਵਾਲੀ ਜਾਤੀ ਦਾ ਪ੍ਰਾਣੀ-ਵਿਗਿਆਨਕ ਨਾਂ ਸਿਟਾਕੁਲਾ ਕ੍ਰੈਮੇਰੀ (Psittacula Krameri) ਹੈ। ਹਰੇ ਰੰਗ ਵਾਲਾ ਇਹ ਪੰਛੀ ਆਕਾਰ ਵਿਚ ਮੈਨਾ ਤੋਂ ਥੋੜ੍ਹਾ ਵੱਡਾ ਹੁੰਦਾ ਹੈ। ਇਸ ਦੀ ਚੁੰਝ ਲਾਲ ਰੰਗ ਦੀ, ਛੋਟੀ ਅਤੇ ਕਾਫ਼ੀ ਮੁੜੀ ਹੋਈ ਹੁੰਦੀ ਹੈ। ਪੂਛ ਲੰਮੀ ਤੇ ਨੁਕੀਲੀ, ਲੱਤਾਂ ਛੋਟੀਆਂ ਅਤੇ ਪੈਰਾਂ ਦੀਆਂ ਦੋ ਉਂਗਲਾਂ ਅਗੇ ਵਲ ਅਤੇ ਦੋ ਪਿੱਛੇ ਵਲ ਮੁੜੀਆਂ (Zygodactyl) ਹੋਈਆਂ ਹੁੰਦੀਆਂ ਹਨ। ਉਂਗਲਾਂ ਦੀ ਅਜਿਹੀ ਸਥਿਤੀ ਕਾਰਨ ਇਹ ਮਨੁੱਖਾਂ ਵਾਂਗ ਪੈਰ ਵਿਚ ਫ਼ਲ ਆਦਿ

ਵਸਤਾਂ ਫੜ ਕੇ ਖਾਂਦੇ ਹਨ। ਇਹ ਸਥਿਤੀ ਕਿਸੇ ਵੀ ਹੋਰ ਪੰਛੀ ਵਿਚ ਨਹੀਂ ਮਿਲਦੀ। ਇਸੇ ਕਾਰਨ ਇਹ ਪੰਛੀ ਰੁੱਖਾਂ ਉਪਰ ਵੀ ਆਸਾਨੀ ਨਾਲ ਚੜ੍ਹ ਜਾਂਦਾ ਹੈ।

ਨਰ-ਤੋਤੇ ਦੀ ਗਰਦਨ ਦੁਆਲੇ ਕਾਲੇ ਤੇ ਗੁਲਾਬੀ ਰੰਗ ਦੀ ਧਾਰੀ (ਗਾਨੀ) ਹੁੰਦੀ ਹੈ। ਇਹ ਧਾਰੀ ਮਾਦਾ-ਤੋਤੇ ਦੀ ਗਰਦਨ ਦੁਆਲੇ ਨਹੀਂ ਹੁੰਦੀ। ਇਹ ਪੰਛੀ ਵੱਡੇ ਵੱਡੇ ਝੁੰਡ ਬਣਾ ਕੇ ਖੇਤਾਂ ਅਤੇ ਬਾਗ਼ਾਂ ਵਿਚ ਰਹਿੰਦੇ ਹਨ, ਜਿਥੇ ਇਨ੍ਹਾਂ ਨੂੰ ਖਾਣ ਲਈ ਕਾਫ਼ੀ ਕੁਝ ਮਿਲਦਾ ਰਹੇ। ਪੱਕੀਆਂ ਹੋਈਆਂ ਫ਼ਸਲਾਂ ਅਤੇ ਪੱਕ ਰਹੇ ਫ਼ਲਾਂ ਦਾ ਇਹ ਬਹੁਤ ਨੁਕਸਾਨ ਕਰਦੇ ਹਨ। ਇਹ ਜਿੰਨਾ ਖਾਂਦੇ ਹਨ ਉਸ ਤੋਂ ਵੱਧ ਟੁੱਕ-ਟੁੱਕ ਕੇ ਜ਼ਾਇਆ ਕਰਦੇ ਹਨ। ਰੁੱਖਾਂ ਉਪਰ ਬੈਠ ਕੇ ਜਾਂ ਉੱਡਦੇ ਹੋਏ ਇਹ ਬਹੁਤ ਤਿੱਖੀ ਅਤੇ ਚੀਕਵੀਂ ਆਵਾਜ਼ (Keeak, Keeak) ਕੱਢਦੇ ਹਨ।

ਇਹ ਪੰਛੀ 4 ਤੋਂ 6 ਤੱਕ ਚਿੱਟੇ ਅਤੇ ਗੋਲ ਆਕਾਰ ਦੇ ਅੰਡੇ, ਕਠਫੋੜੇ ਜਾਂ ਹੋਰ ਪੰਛੀਆਂ ਦੇ ਬਣਾਏ ਹੋਏ ਟੋਇਆਂ ਵਿਚ ਜਾਂ ਘਰਾਂ ਦੀਆਂ ਕੰਧਾਂ ਆਦਿ ਵਿਚ ਦਿੰਦੇ ਹਨ। ਕਈ ਮਾਦਾ-ਪੰਛੀ ਇਕ ਥਾਂ ਤੇ ਹੀ ਇਕੱਠੇ ਅੰਡੇ ਦਿੰਦੇ ਹਨ।

ਇਹ ਇਕ ਪਾਲਤੂ ਪੰਛੀ ਵੀ ਹੈ ਅਤੇ ਇਸ ਨੂੰ ਪਿੰਜਰੇ ਵਿਚ ਬੰਦ ਕਰਕੇ ਘਰਾਂ ਵਿਚ ਰਖਿਆ ਜਾਂਦਾ ਹੈ। ਇਸ ਦੀ ਨਕਲ ਕਰਨ ਦੀ ਯੋਗਤਾ ਕਾਰਨ ਇਸ ਨੂੰ ਬੋਲਣਾ ਵੀ ਸਿਖਾਇਆ ਜਾਂਦਾ ਹੈ। ਤੋਤਾ ਮਨੁੱਖ ਵਾਂਗ ਬੋਲਣ ਦੀ ਨਕਲ ਕਰਦਾ ਹੈ।

ਵੱਡੀ ਜਾਤੀ ਦਾ ਤੋਤਾ ਸਿਟਾਕੁਲਾ ਇਉਪੈਟਰੀਆ (Psittacula cupatria) ਆਕਾਰ ਵਿਚ ਕਾਫੀ ਵੱਡਾ ਹੁੰਦਾ ਹੈ। ਇਸ ਦੀ ਚੁੰਝ ਵੀ ਭਾਰੀ ਹੁੰਦੀ ਹੈ ਅਤੇ ਨਰ-ਪੰਛੀ ਦੇ ਮੋਢੇ ਉੱਤੇ ਇਕ ਗੂੜ੍ਹੇ ਲਾਲ ਰੰਗ ਦਾ ਚਟਾਖ਼ ਹੁੰਦਾ ਹੈ। ਗਰਦਨ ਦੁਆਲੇ ਕਾਲੇ ਤੇ ਪਿਆਜ਼ੀ ਰੰਗ ਦੀ ਧਾਰੀ ਹੁੰਦੀ ਹੈ। ਇਹ ਜ਼ਿਆਦਾਤਰ ਜੰਗਲਾਂ ਵਿਚ ਮਿਲਦਾ ਹੈ। ਤੋਤਿਆਂ ਦੇ ਛੋਟੇ ਬੱਚੇ ਘਰਾਂ ਵਿਚ ਪਾਲਣ ਲਈ ਵੇਚੇ ਵੀ ਜਾਂਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-24-11-35-09, ਹਵਾਲੇ/ਟਿੱਪਣੀਆਂ: ਹ.ਪੁ.–ਕਾ. ਬ. 64; ਐਨ.ਬ੍ਰਿ. 17 : 404; ਪਾ. ਹੈਂ. ਇੰ. ਬ: 334

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.