ਤ੍ਰਿਞੰਣ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਤ੍ਰਿਞੰਣ: ਚਰਖਿਆਂ ਤੇ ਰੂੰਈ ਤੋਂ ਸੂਤ ਕੱਤਣ ਵਾਸਤੇ ਮਿਲ ਬੈਠੇ ਕੁੜੀਆਂ ਦੇ ਸਮੂਹ ਨੂੰ ਤ੍ਰਿਞੰਣ ਕਹਿੰਦੇ ਹਨ। ਪੇਂਡੂ ਰਹਿਤਲ ਵਿੱਚ ਪ੍ਰਾਚੀਨ ਸਮਿਆਂ ਤੋਂ ਹੀ ਚਰਖੇ ਦੁਆਰਾ ਰੂੰਈ ਤੋਂ ਸੂਤ ਕੱਤ ਕੇ ਦਰੀਆਂ, ਖੇਸ, ਸੁਭਰ, ਚੁਤਹੀਆਂ, ਦੁਤਹੀਆਂ, ਦੋੜੇ ਜਾਂ ਮੋਟਾ ਖੱਦਰ ਆਦਿ ਬਣਾਏ ਜਾਣ ਦੀ ਰੀਤ ਰਹੀ ਹੈ। ਕਈ ਪ੍ਰਬੁੱਧ ਸੁਆਣੀਆਂ ਅਤੇ ਮੁਟਿਆਰਾਂ ਘਰਾਂ ਵਿੱਚ ਹੀ ਤਾਣੀ ਤਣ ਕੇ ਖੇਸ ਦਰੀਆਂ ਆਦਿ ਬਣਾ ਲੈਂਦੀਆਂ ਰਹੀਆਂ ਹਨ। ਬਹੁਤੀਆਂ ਹਾਲਤਾਂ ਵਿੱਚ ਸੂਤਰ ਤੋਂ ਖੱਦਰ ਜਾਂ ਖੇਸ ਆਦਿ ਬੁਣਨ ਦਾ ਕੰਮ ਜੁਲਾਹੇ ਕਰਦੇ ਹਨ। ਪਰ ਸੂਤ ਕੱਤਣ ਦਾ ਕਾਰਜ ਘਰੇਲੂ ਸੁਆਣੀਆਂ ਦੁਆਰਾ ਹੀ ਕੀਤਾ ਜਾਂਦਾ ਰਿਹਾ ਹੈ।
ਪੰਜਾਬ ਦੀ ਪੇਂਡੂ ਰਹਿਤਲ ਵਿੱਚ ਘਰੇਲੂ ਵਰਤੋਂ ਜਾਂ ਵਿਆਹ ਆਦਿ ਦੇ ਕਾਰਜਾਂ ਲਈ ਸੂਤ ਕੱਤਣ ਦਾ ਕਾਰਜ ਬੜਾ ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ। ਕੰਮ ਛੇਤੀ ਨਿਬੇੜਨ ਦੇ ਉਦੇਸ਼ ਨਾਲ ਜੇਕਰ ਕੁਝ ਜਾਣੂ-ਪਛਾਣੂ ਮੁਟਿਆਰਾਂ ਕਿਸੇ ਇੱਕ ਸਹੇਲੀ ਦੇ ਘਰ ਇਕੱਠੀਆਂ ਹੋ ਕੇ ਸੂਤ ਕੱਤਣ ਲਈ ਚਰਖੇ ਡਾਹ ਲੈਣ ਅਤੇ ਮਿਥ ਕੇ ਚਰਖਾ ਕੱਤਣ ਦਾ ਮਾਹੌਲ ਸਿਰਜ ਲੈਣ ਤਾਂ ਅਜਿਹੇ ਇਕੱਠ ਨੂੰ ਤ੍ਰਿਞੰਣ ਕਿਹਾ ਜਾਂਦਾ ਹੈ।
ਤ੍ਰਿਞੰਣ ਵਿੱਚ ਜੁੜ ਬੈਠਣ ਲਈ ਮੁਟਿਆਰ ਕੁੜੀਆਂ ਵਿੱਚ ਉਮਰ ਦੀ ਕੋਈ ਬੰਦਿਸ਼ ਨਹੀਂ ਹੈ। ਪਰ ਫਿਰ ਵੀ ਬਾਲ ਉਮਰ ਦੀਆਂ ਕੁੜੀਆਂ ਤ੍ਰਿੰਞਣ ਵਿੱਚ ਸ਼ਾਮਲ ਨਹੀਂ ਹੁੰਦੀਆਂ। ਇਸ ਦਾ ਇੱਕ ਕਾਰਨ ਚਰਖੇ `ਤੇ ਸੂਤ ਕੱਤਣ ਦੀ ਮੁਹਾਰਤ ਹੋਣਾ ਹੈ, ਦੂਜਾ ਰਾਤ ਨੂੰ ਜਾਗਣ ਦੇ ਅਭਿਆਸ ਨਾਲ ਸੰਬੰਧਿਤ ਹੈ, ਕਿਉਂਕਿ ਤ੍ਰਿੰਞਣ ਦੇ ਇਕੱਠ ਅਕਸਰ ਸਿਆਲਾਂ ਦੀਆਂ ਰਾਤਾਂ ਨੂੰ ਜੁੜਦੇ ਹਨ। ਕਈ ਕੁੜੀਆਂ ਅਤੇ ਵਡੇਰੀ ਉਮਰ ਦੀਆਂ ਇਸਤਰੀਆਂ ਵੀ ਸਿਊਂਣ, ਪਰੋਨ ਅਤੇ ਕਢਾਈ ਕਰਨ ਦੇ ਉਦੇਸ਼ ਨਾਲ ਤ੍ਰਿਞੰਣ ਵਿੱਚ ਆ ਬੈਠਦੀਆਂ ਹਨ। ਰਾਤ ਨੂੰ ਜੁੜੀਆਂ ਮੁਟਿਆਰਾਂ ਜੁਆਨੀ ਦੇ ਅੰਨ੍ਹੇ ਜੋਸ਼ ਵਿੱਚ ਕੋਈ ਖ਼ਰਮਸਤੀ ਨਾ ਕਰਨ ਇਸ ਲਈ ਇਕੱਠ ਵਿੱਚ ਕਿਸੇ ਇੱਕ ਜਾਂ ਇੱਕ ਤੋਂ ਵਧੇਰੇ ਵਡੇਰੀ ਉਮਰ ਦੀਆਂ ਇਸਤਰੀਆਂ ਦਾ ਸ਼ਾਮਲ ਹੋਣਾ ਯੋਗ ਸਮਝਿਆ ਜਾਂਦਾ ਹੈ।
ਤ੍ਰਿਞੰਣ ਦੀਆਂ ਕੁੜੀਆਂ ਦਾ ਇਹ ਇਕੱਠ ਪਿੰਡ ਦੇ ਕਿਸੇ ਓਸ ਘਰ ਜੁੜਦਾ ਹੈ ਜਿੱਥੇ ਖੁੱਲ੍ਹਾ ਵਿਹੜਾ ਸੁਫ਼ਾ ਜਾਂ ਖੁੱਲ੍ਹੀ ਅਤੇ ਸੁਰੱਖਿਅਤ ਥਾਂ ਹੋਵੇ, ਅਤੇ ਜਿਸ ਘਰ ਦੀ ਮੁਟਿਆਰ ਖ਼ੁਦ ਤ੍ਰਿਞੰਣ ਵਿੱਚ ਸ਼ਾਮਲ ਹੋਵੇ। ਸਭ ਤੋਂ ਵੱਡੀ ਗੱਲ ਕਿ ਜਿਸ ਪਰਿਵਾਰ ਦੀ ਇਖ਼ਲਾਕੀ ਉੱਚਤਾ ਸਤਿਕਾਰਿਤ ਪਦਵੀ ਵਾਲੀ ਹੋਵੇ। ਤ੍ਰਿਞੰਣ ਦੇ ਇਕੱਠ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਸ਼ਾਮਲ ਮੁਟਿਆਰਾਂ ਵਿੱਚ ਜਾਤੀ ਭੇਦ ਲਈ ਕੋਈ ਥਾਂ ਨਹੀਂ ਹੁੰਦੀ।
ਜਿਸ ਘਰ ਤ੍ਰਿਞੰਣ ਜੁੜਨਾ ਹੁੰਦਾ ਹੈ ਘਰ ਦੀ ਮੁਟਿਆਰ ਕੁੜੀ ਆਪਣੀਆਂ ਸਹੇਲੀਆਂ ਨੂੰ ਨਿਮੰਤ੍ਰਣ ਦੇਂਦੀ ਹੈ ਚਾਹਵਾਨ ਮੁਟਿਆਰਾਂ ਦਿਨ ਵੇਲੇ ਆਪਣਾ ਚਰਖਾ ਅਤੇ ਪੀੜ੍ਹੀ ਤ੍ਰਿਞੰਣ ਜੁੜਨ ਵਾਲੀ ਥਾਂ ਰੱਖ ਆਉਂਦੀਆਂ ਹਨ ਤਾਂ ਕਿ ਉਹਨਾਂ ਦੇ ਆਉਣ ਦਾ ਸੰਕੇਤ ਮਿਲ ਸਕੇ। ਤ੍ਰਿਕਾਲਾਂ ਨੂੰ ਰੋਟੀ-ਟੂਕ ਤੋਂ ਵਿਹਲ ਮਿਲਦਿਆਂ ਹੀ ਮੁਟਿਆਰਾਂ ਜੁੜਦੀਆਂ ਅਤੇ ਸੂਤ ਕੱਤਦੀਆਂ ਹਨ।
ਜਿਉਂ-ਜਿਉਂ ਰਾਤ ਗਹਿਰੀ ਹੁੰਦੀ ਜਾਂਦੀ ਹੈ ਤ੍ਰਿਞੰਣ ਸਿਖਰ ਵੱਲ ਨੂੰ ਪੁੱਜਦਾ ਹੈ। ਰਾਤ ਦੇ ਅੱਧ ਵਿੱਚ ਤ੍ਰਿਞੰਣ ਛੱਡ ਕੇ ਜਾਣਾ ਨਿਸ਼ੇਧ ਸਮਝਿਆ ਜਾਂਦਾ ਹੈ ਕਿਉਂਕਿ ਇੱਕ ਤਾਂ ਕਿਸੇ ਮੁਟਿਆਰ ਕੁੜੀ ਦਾ ਇਕੱਲਿਆਂ ਰਾਤ ਘਰ ਨੂੰ ਪਰਤਣਾ ਅਸੁਰੱਖਿਅਤ ਸਮਝਿਆ ਜਾਂਦਾ ਹੈ ਦੂਜਾ, ਕਿਸੇ ਇੱਕ ਦੇ ਜਾਣ ਨਾਲ ਦੂਜੀਆਂ ਕੁੜੀਆਂ ਦਾ ਉਤਸ਼ਾਹ ਮੱਠਾ ਪੈਣ ਦਾ ਡਰ ਬਣਿਆ ਰਹਿੰਦਾ ਹੈ ਪਰ ਜੇਕਰ ਤ੍ਰਿਞੰਣ ਦਾ ਇਕੱਠ ਅੱਧੀ ਰਾਤ ਤੱਕ ਹੀ ਜੁੜਨਾ ਨਿਸ਼ਚਿਤ ਹੋਵੇ ਤਾਂ ਮੁਟਿਆਰ ਕੁੜੀਆਂ ਦੇ ਮਾਪੇ ਮਿੱਥੇ ਸਮੇਂ ਆ ਕੇ ਚਰਖੇ, ਕੱਤਿਆ ਸੂਤ, ਬਚਦੀ ਰੂੰਈ/ਪੂਣੀਆਂ ਆਦਿ ਸਮੇਤ ਕੁੜੀਆਂ ਨੂੰ ਘਰੀਂ ਲੈ ਜਾਂਦੇ ਹਨ। ਪਰ ਇੰਞ ਅਕਸਰ ਬਹੁਤ ਘੱਟ ਹੁੰਦਾ ਹੈ। ਤ੍ਰਿਞੰਣ ਸਾਰੀ- ਸਾਰੀ ਰਾਤ ਜੁੜਦਾ ਹੈ ਅਤੇ ਕਿਸੇ ਮੁਟਿਆਰ ਨੂੰ ਨੀਂਦ ਆ ਜਾਵੇ ਤਾਂ ਉਹ ਓਥੇ ਹੀ ਸੌਂ ਜਾਂਦੀ ਹੈ ਅਤੇ ਸਵੇਰ ਹੋਣ `ਤੇ ਹੀ ਘਰ ਪਰਤਦੀ ਹੈ।
ਕੱਤਦੀਆਂ ਕੁੜੀਆਂ ਨੂੰ ਅਕੇਵਾਂ ਮਹਿਸੂਸ ਨਾ ਹੋਵੇ, ਇਸ ਲਈ ਉਹ ਚਰਖਿਆਂ ਦੀ ਘੂਕਰ ਵਿੱਚ ਗੀਤ ਵੀ ਛੋਹ ਲੈਂਦੀਆਂ ਹਨ। ਇਹਨਾਂ ਗੀਤਾਂ ਦੀ ਵੰਨਗੀ ਅਤੇ ਵਿਸ਼ੇਸ਼ਤਾ ਇਤਨੀ ਵਿਸਤ੍ਰਿਤ ਹੈ ਕਿ ਪੰਜਾਬੀ ਲੋਕ-ਕਾਵਿ ਵਿੱਚ ਇਹ ਤ੍ਰਿਞੰਣ ਦੇ ਗੀਤਾਂ ਦੇ ਰੂਪ ਵਿੱਚ ਪ੍ਰਸਿੱਧ ਹਨ। ਇਹਨਾਂ ਵਿੱਚ ਜਿੱਥੇ ਮੁਟਿਆਰ ਕੁੜੀਆਂ ਦੀਆਂ ਰੀਝਾਂ ਉਮੰਗਾਂ ਅਤੇ ਭਖ਼ਦੇ ਹੋਏ ਜਜ਼ਬਿਆਂ ਦਾ ਜ਼ਿਕਰ ਮਿਲਦਾ ਹੈ ਓਥੇ ਨਨਾਣਾ ਭਰਜਾਈਆਂ ਸੱਸਾਂ ਦਰਾਣੀਆਂ ਜਠਾਣੀਆਂ ਆਦਿ ਨਾਲ ਨਿਹੋਰਿਆ ਜਾ ਵਰਣਨ ਵੀ ਮਿਲਦਾ ਹੈ। ਜਿਵੇਂ :
ਛੱਜ ਛੱਜ ਪਾਨੀ ਆਂ ਪੂਣੀਆਂ, ਪਾਨੀ ਆਂ ਕਈ ਕਈ ਸੌ
ਹੁਣ ਤਾਂ ਕੱਤਦੀਆਂ ਭਾਬੀਆਂ, ਮੈ ਪਰਦੇਸਣ ਹੋ।
ਦੁਰੋਂ ਤਾਂ ਆਈ ਮੈਂ ਚੱਲ ਕੇ, ਦਰਾਂ ਵਿੱਚ ਰਹੀ ਖਲੋ...
ਭਾਬੀਆਂ ਦੁੱਖ ਨਾ ਪੁੱਛਿਆ,
ਵੀਰਾਂ ਨਾ ਪੁੱਛੀ ਸੋ...
ਤ੍ਰਿਞੰਣ ਦੇ ਗੀਤਾਂ ਦੀ ਇੱਕ ਪਛਾਣ ਇਹ ਵੀ ਹੈ ਕਿ ਇਹਨਾਂ ਦੀ ਮੁਢਲੀ ਸਤਰ ਵਿੱਚ ਚਰਖੇ, ਪੂਣੀਆਂ, ਕੱਤਣੀ ਆਦਿ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਿਲਦਾ ਹੈ। ਉਦਾਹਰਨ ਲਈ,
ਇਸ ਚਰਖੇ ਨੀਂ ਮਾਏ ਮਾਲ੍ਹ ਪੁਰਾਣੀ,
ਕੱਤਣ ਨਾ ਜਾਣੇ ਮੇਰੀ ਭਾਬੋ ਅੰਞਾਣੀ।
ਇਸ ਚਰਖੇ ਨੀਂ ਮਾਏ ਚੰਦਨ ਦੇ ਮੁੰਨੇਂ,
ਭੈਣਾਂ ਦੀ ਡੋਲੀ ਵੇਲੇ ਵੀਰ ਨੇ ਰੁੰਨੇ।
ਇਸ ਚਰਖੇ ਨੀਂ ਮਾਏ, ਦੱਭ੍ਹ ਦੀ ਗੁੱਡੀ,
ਨਨਾਣਾ ਦਾ ਜਾਣਾ ਤੇ ਭਾਬੀਆਂ ਦੀ ਲੁੱਡੀ।
ਇਸ ਚਰਖੇ ਨੀਂ ਮਾਏ ਚੰਦਨ ਦੀ ਹੱਥੀ,
ਧੀ ਦੀ ਹੂਕ ਮਾਏ ਤੈਂਡੇ ਢਿੱਡ ਵਿੱਚ ਲੱਥੀ।
ਇਸ ਚਰਖੇ ਨੀਂ ਮਾਏ, ਲੋਹੇ ਦਾ ਮੁੰਨਾ,
ਕੰਜਕ ਨੂੰ ਤੋਰ ਮਾਏ, ਬਾਬਲ ਸੀ ਰੁਨਾਂ।
ਕੁਝ ਘਰਾਂ ਵਿੱਚ ਤ੍ਰਿਞੰਣ ਵੇਲੇ ‘ਭੰਡਾਰਾ ਮੇਲਣ` ਦੀ ਰੀਤ ਵੀ ਕੀਤੀ ਜਾਂਦੀ ਹੈ। ਕਿਸੇ ਮੁਟਿਆਰ ਦੇ ਘਰ ਜੇਕਰ ਉਸ ਦੇ ਵਿਆਹ ਦੇ ਨੇੜਲੇ ਦਿਨਾਂ ਵਿੱਚ ਤ੍ਰਿਞੰਣ ਦੀਆਂ ਕੁੜੀਆਂ ਨੇ ਇਕੱਤਰ ਹੋਣਾ ਹੋਵੇ ਤਾਂ ਵਿਆਹ ਵਾਲੀ ਮੁਟਿਆਰ ਦਾ ਪਰਿਵਾਰ ਆਉਣ ਵਾਲੀਆਂ ਕੁੜੀਆਂ ਨੂੰ ਦੁੱਧ ਦੀ ਖੀਰ ਜਾਂ ਚੂਰਮਾ ਖਾਣ ਲਈ ਦਿੰਦਾ ਹੈ। ਇੱਕ ਧਾਰਨਾ ਅਨੁਸਾਰ, ਵਿਸ਼ਵਾਸ ਕੀਤਾ ਜਾਂਦਾ ਹੈ ਕਿ ਘਰ ਦੀ ਮੁਟਿਆਰ ਦੇ ਵਿਆਹੇ ਜਾਣ ਦੀ ਸੂਰਤ ਵਿੱਚ ਉਸ ਦੀਆਂ ਸਹੇਲੀਆਂ ਅਸੀਸ ਦੇ ਕੇ ਜਾਣ ਕਿ ਜਿਸ ਘਰ ਵਿੱਚ ਤ੍ਰਿਞੰਣ ਦੇ ਗੀਤ ਅਤੇ ਮੁਟਿਆਰਾਂ ਦੇ ਹਾਸੇ ਗੂੰਜਦੇ ਰਹੇ ਹਨ, ਉਸ ਦੇ ਜਾਣ ਤੋਂ ਬਾਅਦ ਵੀ ਖ਼ੁਸ਼ੀ ਬਣੀ ਰਹੇ। ਕਈ ਟੱਬਰਾਂ ਵਿੱਚ ਇਸ ਸਮੇਂ ਕਿਸੇ ਉੱਦਮੀ ਇਸਤਰੀ ਦੀ ਥਾਂ ਨੇੜਲੇ ਦਿਨਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦਾ ਪੋਖੋ ਲਿਆ ਜਾਂਦਾ ਹੈ, ਤਾਂ ਜੋ ਪੋਖੋ ਲੈਣ ਵਾਲੀ ਮੁਟਿਆਰ ਦਾ ਵੀ ਛੇਤੀ ਵਿਆਹ ਹੋ ਸਕੇ, ਇਸ ਸਮੇਂ ਪੋਖੋ ਲੈਣ ਵਾਲੀ ਕੁੜੀ ਆਪਣੇ ਸਾਮ੍ਹਣੇ ਛਿੱਕੂ ਵਿੱਚ ਥੋੜ੍ਹਾ ਜਿਹਾ ਅਨਾਜ ਰੱਖਦੀ ਹੈ ਜੋ ਅਗਲੇ ਦਿਨ ਕੰਮੀ ਕਮੀਣਾ ਨੂੰ ਪੁੰਨ ਕਰ ਦਿੱਤਾ ਜਾਂਦਾ ਹੈ, ਜਾਂ ਚਿੜੀ-ਜਨੌਰਾਂ ਲਈ ਕੋਠੇ `ਤੇ ਖਲਾਰ ਦਿੱਤਾ ਜਾਂਦਾ ਹੈ। ਆਮ ਹਾਲਤਾਂ ਵਿੱਚ ਕੁੜੀਆਂ ਕਿਸੇ ਉੱਦਮੀ ਇਸਤਰੀ ਨੂੰ ਸਾਮ੍ਹਣੇ ਖਲ੍ਹਾਰ ਕੇ ਪੀੜ੍ਹਂੀ ਤੋਂ ਥੋੜ੍ਹਾ ਉਤਾਂਹ ਉੱਠ ਕੇ ਕੱਤਦੀਆਂ ਹੋਈਆਂ ਛੋਪ ਵਿੱਚੋਂ ਪੂਣੀ ਛੋਂਹਦੀਆਂ ਹਨ। ਪੋਖੋ ਲੈਣ ਨੂੰ ਪੈੜਾ ਲੈਣਾ ਵੀ ਕਿਹਾ ਜਾਂਦਾ ਹੈ।
ਤ੍ਰਿਞੰਣ ਵਿੱਚ ਕੱਤਣ ਵਾਲੀਆਂ ਕੁੜੀਆਂ ਘਰੋਂ ਭੁੱਜੇ ਦਾਣੇ, ਪੰਜੀਰੀ, ਪਿੰਨੀਆਂ ਜਾਂ ਚੂਰਮਾ ਆਦਿ ਵੀ ਲੈ ਆਉਂਦੀਆਂ ਹਨ ਜਿਨ੍ਹਾਂ ਨੂੰ ਵਟਾ ਕੇ ਖਾ ਲਿਆ ਜਾਂਦਾ ਹੈ। ਇੱਕ ਧਾਰਨਾ ਹੈ ਕਿ ਇਹਨਾਂ ਮੁਟਿਆਰਾਂ ਨੇ ਵਿਆਹੀਆਂ ਜਾਣ ਪਿੱਛੋਂ ਇੱਕ ਦੂਜੀ ਨੂੰ ਏਨੀ ਖੁੱਲ੍ਹ ਨਾਲ ਮਿਲਣਾ ਵੀ ਹੁੰਦਾ ਹੈ ਕਿ ਨਹੀਂ ਇਸ ਬਾਰੇ ਪੱਕ ਨਹੀਂ ਹੁੰਦੀ। ਤਦੇ ਹੀ ਕਿਹਾ ਗਿਆ ਹੈ,
ਜਿਸ ਪੱਤਣ ਅੱਜ ਪਾਣੀ ਵਗੇਂਦਾ,
ਫੇਰ ਨਾ ਵਗਣਾ ਭਲਕੇ।
ਬੇੜੀ ਦਾ ਪੂਰ ਤ੍ਰਿਞੰਣ ਦੀਆਂ ਕੁੜੀਆਂ,
ਸਬਬ ਨਾਲ ਬੈਠਣ ਰਲ ਕੇ।
ਰਾਤ ਭਰ ਕੱਤਦੇ ਰਹਿਣ ਵਾਲੇ ਤ੍ਰਿਞੰਣ ਨੂੰ ਰਾਤ ਕੱਤਣੀ ਕਿਹਾ ਜਾਂਦਾ ਹੈ। ਤ੍ਰਿਞੰਣ ਦੀ ਇੱਕ ਗੀਤ ਜਿੱਦ ਕੇ ਕੱਤਣ ਦੀ ਵੀ ਹੈ। ਇਹ ਮੁਕਾਬਲਾ ਇੱਕ ਤਰ੍ਹਾਂ ਛੇਤੀ ਕੱਤਣ ਅਤੇ ਹਾਸੇ ਠੱਠੇ ਵਿੱਚ ਸਮਾਂ ਨਾ ਗਵਾਉਣ ਦੇ ਆਸ਼ੇ ਨਾਲ ਕੀਤਾ ਜਾਂਦਾ ਹੈ। ਸਭ ਤੋਂ ਵੱਧ ਗਲੋਟੇ ਕੱਤਣ ਵਾਲੀ ਕੁੜੀ ਅਗਲੀ ਵੇਰ ਦੇ ਤ੍ਰਿਞੰਣ ਦਾ ਨਿਮੰਤ੍ਰਣ ਦੇਣ ਲਈ ਮੁਹਰੈਲ ਸਮਝੀ ਜਾਂਦੀ ਹੈ।
ਤ੍ਰਿਞੰਣ ਦੇ ਇਕੱਠ ਵਿੱਚ ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਸਭ ਤੋਂ ਵੱਧ ਗਲੋਟੇ ਲਾਹੇ ਇਸ ਲਈ ਚਰਖੇ ਦਾ ਰੈਲਾ, ਮਾਲ੍ਹ ਦਾ ਪੱਕਾ, ਚਰਮਖਾਂ ਦਾ ਪੀਡੇ ਅਤੇ ਤੱਕਲੇ ਦਾ ਸਿੱਧਾ ਹੋਣਾ ਜ਼ਰੂਰੀ ਹੁੰਦਾ ਹੈ। ਇਹ ਸਾਰੀ ਇੱਕਸੁਰਤਾ ਜੀਵਨ ਦੀ ਇੱਕਸੁਰਤਾ ਦੀ ਪ੍ਰਤੀਕ ਸਮਝੀ ਜਾਂਦੀ ਹੈ। ਤੰਦ ਖਿੱਚੇ ਜਾਣ ਕਾਰਨ ਤੱਕਲਾ ਵਿੰਗਾ ਹੋ ਕੇ ਬਰੀਕ ਤੰਦ ਨੂੰ ਤੋੜਨ ਲੱਗੇ ਤਾਂ ਪ੍ਰਬੁੱਧ ਸੁਆਣੀਆਂ ਤੱਕਲੇ ਨੂੰ ਪੱਧਰੀ ਭੋਇੰ ਤੇ ਰੱਖ ਕੇ ਜੁੱਤੀ ਦੇ ਪ੍ਰਹਾਰ ਨਾਲ ਸਿੱਧਾ ਕਰ ਲੈਂਦੀਆਂ ਹਨ। ਅਜਿਹੇ ਸਮੇਂ ਵਿੰਗੇ ਤੱਕਲੇ ਨਾਲ ਸੰਬੰਧਿਤ ਕੁੜੀ ਹਾਸੇ ਠੱਠੇ ਦਾ ਨਿਸ਼ਾਨਾ ਬਣਦੀ ਹੈ।
ਤ੍ਰਿਞੰਣ ਵਿੱਚ ਕਿਸੇ ਕੁੜੀ ਦੀ ਵਧੇਰੇ ਸ਼ਾਨ ਚਰਖੇ ਅਤੇ ਕੱਤਣੀ ਦੀ ਸੁੰਦਰਤਾ ਤੋਂ ਆਂਕੀ ਜਾਂਦੀ ਹੈ। ਕੋਈ ਕੁੜੀ ਭਾਬੀ ਦੇ ਦਾਜ ਵਿੱਚ ਆਇਆ ਰੰਗਲਾ ਚਰਖਾ ਅਤੇ ਮੋਰ ਦੇ ਖੰਭਾਂ ਵਾਲੀ ਕੱਤਣੀ ਲਿਆ ਕੇ ਸਭ ਦਾ ਧਿਆਨ ਖਿੱਚ ਸਕਦੀ ਹੈ। ਕੱਤਣੀ ਤੀਲ੍ਹਾਂ ਆਦਿ ਦੀ ਵੀ ਬਣੀ ਹੁੰਦੀ ਹੈ ਅਤੇ ਪੂਣੀਆਂ ਰੱਖਣ ਲਈ ਵਰਤੀਂਦੀ ਹੈ।
ਤ੍ਰਿਞੰਣ ਦੀ ਰੀਤ ਕੇਵਲ ਮੁਟਿਆਰਾਂ ਦੁਆਰਾ ਸੂਤ ਕੱਤਣ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਨੌਜਵਾਨ ਮੁਟਿਆਰਾਂ ਦਾ ਆਪਸੀ ਮੇਲ-ਮਿਲਾਪ, ਦੁੱਖ-ਸੁੱਖ ਸਾਂਝੇ ਕਰਨ ਦਾ ਅਵਸਰ ਅਤੇ ਪੇਂਡੂ ਭਾਈਚਾਰੇ ਦੇ ਆਪਸੀ ਮਿਲਵਰਤਣ ਅਤੇ ਜੀਵਨ ਦੀ ਨੀਰਸਤਾ ਵਿੱਚ ਉਤਸ਼ਾਹ ਬਣਾਈ ਰੱਖਣ ਦਾ ਇੱਕ ਮਾਧਿਅਮ ਵੀ ਹੈ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First