ਥਾਨੇਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਨੇਸਰ ਦੇਖੋ, ਥਨੇਸਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਥਾਨੇਸਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਥਾਨੇਸਰ (ਤੀਰਥ): ਕੁਰੁਕੑਸ਼ੇਤ੍ਰ ਦੇ ਨੇੜੇ ਸਥਿਤ ਇਕ ਪੁਰਾਤਨ ਤੀਰਥ ਅਤੇ ਨਗਰ, ਜੋ ਸੱਤਵੀਂ ਸਦੀ ਵਿਚ ਹਰਸ਼ਵਰਧਨ ਦੀ ਰਾਜਧਾਨੀ ਸੀ। ਸੰਨ 1012 ਈ. ਵਿਚ ਮਹਿਮੂਦ ਗ਼ਜ਼ਨਵੀ ਨੇ ਅਤੇ ਸੰਨ 1755 ਈ. ਵਿਚ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਬਹੁਤ ਲੁਟਿਆ ਅਤੇ ਬਰਬਾਦ ਕੀਤਾ। ਇਸ ਨਗਰ ਦਾ ਪਿਛੋਕੜ ਪਾਂਡਵਾਂ-ਕੌਰਵਾਂ ਦੇ ਬਜ਼ੁਰਗ ਕੁਰੂ ਨਾਲ ਜੋੜਿਆ ਜਾਂਦਾ ਹੈ। ਇਥੇ ਉਸ ਨੇ ਤਪਸਿਆ ਕੀਤੀ ਸੀ। ਸੂਰਜ ਗ੍ਰਹਿਣ ਦੇ ਮੌਕੇ ਤੇ ਇਸ ਦੇ ਸਰੋਵਰਾਂ ਵਿਚ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਦਸਿਆ ਗਿਆ ਹੈ। ਇਸ ਨਗਰ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਹਰਿਗੋਬਿੰਦ ਜੀ, ਗੁਰੂ ਹਰਿ ਰਾਇ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਣ ਪਾਏ ਸਨ। ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਇਸ ਨਗਰ ਵਿਚ ਕਈ ਗੁਰੂ-ਧਾਮ ਬਣੇ ਹੋਏ ਹਨ—

(1)   ਗੁਰਦੁਆਰਾ ਸਿੱਧਬਟੀ ਪਾਤਿਸ਼ਾਹੀ ਪਹਿਲੀ: ਇਸ ਸਥਾਨ ਉਤੇ ਗੁਰੂ ਨਾਨਕ ਦੇਵ ਜੀ ਉਦੋਂ ਬਿਰਾਜੇ ਸਨ, ਜਦੋਂ ਸੂਰਜ ਗ੍ਰਹਿਣ ਦੇ ਮੌਕੇ ਇਕੱਠੇ ਹੋਏ ਲੋਕਾਂ ਨੂੰ ਉਨ੍ਹਾਂ ਨੇ ਧਰਮ ਉਪਦੇਸ਼ ਕੀਤਾ ਸੀ, ਰਵਾਇਤ ਅਨੁਸਾਰ ਗੁਰੂ ਜੀ ਦੁਆਰਾ ਸੂਰਜ ਗ੍ਰਹਿਣ ਦੇ ਮੌਕੇ ਮਾਂਸ ਦਾ ਭੋਜਨ ਤਿਆਰ ਕਰਨ ਉਤੇ ਪੁਜਾਰੀ ਅਤੇ ਪਾਂਡੇ ਬਹੁਤ ਨਾਰਾਜ਼ ਹੋਏ। ਗੁਰੂ ਜੀ ਨੇ ਆਪਣੇ ਪ੍ਰਵਚਨ (ਮਾਸੁ ਮਾਸੁ ਕਰਿ ਮੂਰਖੁ ਝਗੜਹਿ...) ਦੁਆਰਾ ਉਨ੍ਹਾਂ ਨੂੰ ਵਾਸਤਵਿਕਤਾ ਦੀ ਜਾਣਕਾਰੀ ਦਿੱਤੀ। ਇਹ ਗੁਰੂ- ਧਾਮ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੋਂ ਲਗਭਗ ਦੋ ਕਿ.ਮੀ. ਦੇ ਵਿਥ ਉਤੇ ਹੈ। ਇਸ ਦੀ ਵਰਤਮਾਨ ਇਮਾਰਤ ਕੈਥਲ-ਪਤਿ ਭਾਈ ਉਦੈ ਸਿੰਘ ਨੇ ਬਣਵਾਈ ਸੀ।

(2)   ਗੁਰਦੁਆਰਾ ਤੀਸਰੀ ਅਤੇ ਸੱਤਵੀਂ ਪਾਤਿਸ਼ਾਹੀ: ਇਸ ਸਥਾਨ ਉਤੇ ਗੁਰੂ ਅਮਰਦਾਸ ਜੀ 14 ਜਨਵਰੀ 1553 ਈ. ਨੂੰ ਸੂਰਜ ਗ੍ਰਹਿਣ ਦੇ ਮੌਕੇ ਬਿਰਾਜੇ ਸਨ। ਗੁਰੂ ਹਰਿ ਰਾਇ ਜੀ ਵੀ ਸੂਰਜ ਗ੍ਰਹਿਣ ਦੇ ਸਮੇਂ ਕੁਰੁਕੑਸ਼ੇਤ੍ਰ ਆਉਣ’ਤੇ ਇਸੇ ਸਥਾਨ ਉਤੇ ਠਹਿਰੇ ਸਨ।

(3)   ਗੁਰਦੁਆਰਾ ਛੇਵੀਂ ਪਾਤਿਸ਼ਾਹੀ: ਇਥੇ ਗੁਰੂ ਹਰਿਗੋਬਿੰਦ ਸਾਹਿਬ ਦੋ ਵਾਰ ਆ ਕੇ ਠਹਿਰੇ ਦਸੇ ਜਾਂਦੇ ਹਨ। ਇਕ ਵਾਰ ਜਦੋਂ ਨਾਨਕ ਮੱਤਾ ਤੋਂ ਪਰਤ ਰਹੇ ਸਨ ਅਤੇ ਦੂਜੀ ਵਾਰ ਸੂਰਜ ਗ੍ਰਹਿਣ ਦੇ ਅਵਸਰ’ਤੇ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਸਨੇਹਿਤ ਸਰੋਵਰ ਨੇੜੇ ਪਹਿਲਾਂ ਇਕ ਥੜਾ ਬਣਾਇਆ ਗਿਆ। ਸੰਨ 1909 ਈ. ਵਿਚ ਥੜੇ ਉਤੇ ਗੁਰਦੁਆਰੇ ਦੀ ਉਸਾਰੀ ਹੋਈ ਅਤੇ ਵਰਤਮਾਨ ਸੁੰਦਰ ਇਮਾਰਤ ਬਾਬਾ ਜੀਵਨ ਸਿੰਘ ਨੇ ਬਣਵਾਈ। ਇਸ ਗੁਰੂ-ਧਾਮ ਨਾਲ ਸਰੋਵਰ ਵੀ ਬਣਿਆ ਹੋਇਆ ਹੈ। ਇਹ ਥਾਨੇਸਰ ਦਾ ਮੁੱਖ ਗੁਰਦੁਆਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵੀ ਇਸ ਵਿਚ ਬਣਿਆ ਹੋਇਆ ਹੈ। ਸੜਕ ਵਾਲੇ ਪਾਸੇ ਦੁਕਾਨਾਂ ਉਸਰੀਆਂ ਹੋਈਆਂ ਹਨ।

(4)   ਗਰਦੁਆਰਾ ਨੌਵੀਂ ਪਾਤਿਸ਼ਾਹੀ: ਗੁਰੂ ਤੇਗ ਬਹਾਦਰ ਜੀ ਆਪਣੀ ਇਕ ਪ੍ਰਚਾਰ-ਯਾਤ੍ਰਾ ਵੇਲੇ ਇਥੇ ਆਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ਪਹਿਲਾਂ ਮੰਜੀ ਸਾਹਿਬ ਦੀ ਉਸਾਰੀ ਹੋਈ। ਹੁਣ ਇਥੇ ਸੁੰਦਰ ਇਮਾਰਤ ਬਣਵਾਈ ਜਾ ਚੁਕੀ ਹੈ। ਇਹ ਗੁਰੂ- ਧਾਮ ਸ਼ੇਖ਼ ਚਿੱਲੀ ਦੇ ਮਕਬਰੇ ਦੇ ਨੇੜੇ ਸਥਿਤ ਹੈ।

(5)   ਗੁਰਦੁਆਰਾ ਦਸਵੀਂ ਪਾਤਿਸ਼ਾਹੀ: ਮਹੱਲਾ ਸੌਦਾਗਰਾਂ ਵਿਚ ਇਹ ਗੁਰੂ-ਧਾਮ ਪੰਡਿਤ ਮਨੀ ਰਾਮ ਦੇ ਘਰ ਵਿਚ ਬਣਿਆ ਹੋਇਆ ਹੈ। ਪੰਡਿਤ ਦੀ ਬੇਨਤੀ ਤੇ ਦਸਮ ਗੁਰੂ ਜੀ ਇਥੇ ਆਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਮਨੀ ਰਾਮ ਨੇ ਆਪਣੇ ਘਰ ਨੂੰ ਧਰਮਸ਼ਾਲਾ ਵਿਚ ਬਦਲ ਦਿੱਤਾ। ਉਸੇ ਦੇ ਵੰਸ਼ਜ ਇਸ ਗੁਰੂ-ਧਾਮ ਦੀ ਸੇਵਾ-ਸੰਭਾਲ ਕਰਦੇ ਆ ਰਹੇ ਹਨ।

(6)       ਗੁਰਦੁਆਰਾ ਰਾਜ ਘਾਟ: ਇਸ ਸਥਾਨ ਉਤੇ ਸੰਨ 1702 ਈ. ਵਿਚ ਸੂਰਜ ਗ੍ਰਹਿਣ ਦੇ ਮੇਲੇ ’ਤੇ ਦਸਮ ਗੁਰੂ ਜੀ ਨੇ ਆ ਕੇ ਸਰੋਵਰ ਦੇ ਕੰਢੇ ਆਪਣਾ ਠਿਕਾਣਾ ਕੀਤਾ ਸੀ।

            ਉਪਰੋਕਤ ਗੁਰੂ-ਧਾਮਾਂ ਤੋਂ ਇਲਾਵਾ ਪੱਛਮ ਦਿਸ਼ਾ ਵਲ ਲਗਭਗ 8 ਕਿ.ਮੀ. ਦੀ ਵਿਥ ਉਤੇ ਪਹੋਏ ਨੂੰ ਜਾਂਦੀ ਸੜਕ ਦੇ ਨੇੜੇ ਜੋਤੀਸਰ ਨਾਂ ਦਾ ਇਕ ਗੁਰੂ-ਧਾਮ ਹੈ ਜੋ ਗੁਰੂ ਅਮਰਦਾਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਬਣਾਇਆ ਗਿਆ ਹੈ। ਸ੍ਰੀ ਕ੍ਰਿਸ਼ਣ ਨੇ ਇਸ ਗੁਰੂ-ਧਾਮ ਦੇ ਨੇੜੇ ਵਾਲੇ ਸਥਾਨ ਉਤੇ ਮਹਾਬਲੀ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.