ਥਿਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਥਿਤੀ: ਥਿਤੀ ਇੱਕ ਕਾਲਬੋਧਕ ਕਾਵਿ ਰੂਪਾਕਾਰ ਹੈ। ਚੰਦ ਦੀਆਂ ਵਧਦੀਆਂ-ਘਟਦੀਆਂ ਅਵਸਥਾਵਾਂ ਨੂੰ ਥਿਤ ਕਹਿੰਦੇ ਹਨ ਅਤੇ ਇਹਨਾਂ ਅਨੁਸਾਰ ਹੀ ਪੰਦ੍ਹਰਾਂ ਥਿਤਾਂ ਦੀ ਕਲਪਨਾ ਕੀਤੀ ਗਈ ਹੈ। ਪੂਰਨਮਾਸ਼ੀ ਨੂੰ ਚੰਦ ਪੂਰਾ ਨਜ਼ਰ ਆਉਂਦਾ ਹੈ ਤੇ ਮੱਸਿਆ ਨੂੰ ਇਹ ਬਿਲਕੁਲ ਨਜ਼ਰ ਨਹੀਂ ਆਉਂਦਾ। ਇਸ ਦਰਮਿਆਨ ਇਹ ਨਿਰੰਤਰ ਘਟਦਾ ਤੇ ਫਿਰ ਵਧਦਾ ਹੈ। ਪੂਰਨਮਾਸ਼ੀ ਉਪਰੰਤ ਚੰਦ ਘਟਣ ਲੱਗਦਾ ਹੈ। ਇਸ ਨੂੰ ਵਦੀ ਜਾਂ ਕ੍ਰਿਸ਼ਨ ਪੱਖ ਜਾਂ ਹਨੇਰਾ ਪੱਖ ਆਖਦੇ ਹਨ। ਮੱਸਿਆ ਪਿੱਛੋਂ ਚੰਦ ਹੌਲੀ-ਹੌਲੀ ਵਧਦਾ ਹੈ। ਇਸ ਨੂੰ ਸੁਦੀ, ਚਾਨਣਾ ਪੱਖ ਜਾਂ ਸ਼ੁਕਲ ਪੱਖ ਕਿਹਾ ਜਾਂਦਾ ਹੈ। ਇਹਨਾਂ ਥਿਤਾਂ ਨਾਲ ਸਮੇਂ ਦੇ ਬੀਤਣ ਨਾਲ ਲੋਕਾਂ ਨੇ ਵਹਿਮ-ਭਰਮ ਜੋੜ ਲਏ। ਸ਼ੁਭ ਅਸ਼ੁਭ ਦੇ ਇਸ ਭਰਮ ਜਾਲ ਵਿੱਚੋਂ ਹੀ ਲੋਕਾਂ ਨੇ ਥਿਤੀ ਕਾਵਿ-ਰੂਪ ਨੂੰ ਸਿਰਜ ਲਿਆ। ਤਿਥ ਤੇ ਥਿਤ ਇੱਕ ਹੀ ਸ਼ਬਦ ਦੇ ਦੋ ਰੂਪਾਂਤਰ ਹਨ। ਗੁਰੂ ਕਵੀਆਂ ਨੇ ਗਉੜੀ ਤੇ ਬਿਲਾਵਲ ਰਾਗ ਵਿੱਚ ਥਿਤੀ-ਕਾਵਿ ਵੀ ਅੰਕਿਤ ਕੀਤਾ ਹੈ। ਇਸ ਕਾਵਿ-ਰੂਪ ਨੂੰ ਵਹਿਮਾਂ-ਭਰਮਾਂ ਦੇ ਨਾਸ ਲਈ ਵਰਤਿਆ ਗਿਆ ਹੈ।

     ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਥਿਤੀ-ਕਾਵਿ ਸੰਕਲਿਤ ਹਨ। ਇਹਨਾਂ ਦੇ ਰਚਨਾਕਾਰ ਹਨ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਅਤੇ ਭਗਤ ਕਬੀਰ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਥਿਤੀ-ਕਾਵਿ ਇਹ ਦ੍ਰਿੜ੍ਹ ਕਰਾਉਂਦਾ ਹੈ ਕਿ ਕਾਲ ਚੱਕਰ ਨਿਰੰਤਰ ਹੈ। ਇਸ ਨਾਲ ਜੁੜੇ ਵਹਿਮ-ਭਰਮ ਬੇਕਾਰ ਹਨ। ਅਕਾਲ ਪੁਰਖ ਨੂੰ ਯਾਦ ਕਰ ਕੇ, ਉਸ ਦੀ ਯਾਦ ਮਨ ਵਿੱਚ ਵਸਾ ਕੇ ਜੇ ਔਗੁਣਾਂ ਦਾ ਤਿਆਗ ਕਰ ਕੇ ਗੁਣ ਧਾਰਨ ਕਰੀਏ ਤਾਂ ਹਰ ਥਿਤ ਹੀ ਸ਼ੁਭ ਹੋ ਜਾਂਦੀ ਹੈ। ਸਪਸ਼ਟ ਹੀ ਇਹ ਦ੍ਰਿਸ਼ਟੀ ਕਰਮ ਕਾਂਡ ਦੇ ਖੰਡਨ ਵਾਲੀ ਹੈ ਤੇ ਥਿਤੀ-ਕਾਵਿ ਦੇ ਲੋਕ-ਕਾਵਿ ਵਿੱਚ ਕਿਸੇ ਸਮੇਂ ਪ੍ਰਚਲਿਤ ਕਰਮ ਕਾਂਡੀ ਸਰੂਪ ਨੂੰ ਨਕਾਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀਆਂ ਥਿਤਾਂ ਵਿੱਚੋਂ ਦੋ ਗਉੜੀ ਰਾਗ ਵਿੱਚ ਹਨ ਤੇ ਇੱਕ ਬਿਲਾਵਲ ਵਿੱਚ। ਇਹਨਾਂ ਨੂੰ ਨੀਝ ਨਾਲ ਸਮਝੀਏ ਤਾਂ ਪਤਾ ਲੱਗਦਾ ਹੈ ਕਿ ਪੰਦਰਾਂ ਥਿਤਾਂ ਨਾਲ ਸੰਬੰਧਿਤ ਇੱਕ-ਇੱਕ ਕਾਵਿ ਬੰਦ ਦੇ ਆਸ ਪਾਸ ਹੋਰ ਤੁਕਾਂ ਦੀ ਵਿਵਸਥਾ ਕਵੀ ਦੀ ਰੁਚੀ ਉੱਤੇ ਨਿਰਭਰ ਹੈ। ਮੁੱਖ ਗੱਲ ਤਾਂ ਇਹ ਹੈ ਕਿ ਹਰ ਥਿਤ ਨਾਲ ਸੰਬੰਧ ਜੋੜ ਕੇ ਕਵੀ ਕੁਝ ਨਾ ਕੁਝ ਕਹੇ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਥਿਤੀ-ਕਾਵਿ ਵਿੱਚ ਸਲੋਕਾਂ ਤੇ ਪਉੜੀਆਂ ਦੋਹਾਂ ਦਾ ਵਿਧਾਨ ਹੈ।

   ਥਿਤੀ-ਕਾਵਿ ਦੀ ਪ੍ਰਮਾਣਿਕ ਪਛਾਣ ਹਿਤ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਬੀਰ ਰਚਿਤ ਥਿਤੀ ਦਾ ਆਂਸ਼ਿਕ ਪਾਠ ਪੇਸ਼ ਹੈ :

         ਸਲੋਕੁ    -        ਪੰਦ੍ਰਰ ਥਿਤੀ ਸਾਤ ਵਾਰ॥

                             ਕਹਿ ਕਬੀਰ ਉਰਵਾਰ ਨ ਪਾਰ॥

                             ਸਾਧਿਕ ਸਿਧ ਲਖੈ ਜਉ ਭੇਉ॥

                             ਆਪੇ ਕਰਤਾ ਆਪੇ ਦੇਉ॥

         ਥਿਤੀ     -        ਅੰਮਾਵਸ ਮਹਿ ਆਸ ਨਿਵਾਰਹੁ॥

                             ਅੰਤਰਜਾਮੀ ਰਾਮ ਸਮਾਰਹੁ॥

                             ਜੀਵਤ ਪਾਵਹੁ ਮੋਖ ਦੁਆਰ॥

                   ਅਨਭਉ ਸਬਦੁ ਤਤੁ ਨਿਜੁ ਸਾਰ॥

                             ਦੁਤੀਆ ਦੁਹ ਕਰਿ ਜਾਨੈ ਅੰਗ॥

                             ਮਾਇਆ ਬ੍ਰਹਮ ਰਮੈ ਸਭ ਸੰਗ॥

                             ਨਾ ਓਹੁ ਬਢੈ ਨ ਘਟਤਾ ਜਾਇ॥

                   ਅਕੁਲ ਨਿਰੰਜਨ ਏਕੈ ਭਾਇ॥

                             ਨਉਮੀ ਨਵੈ ਦੁਆਰ ਕਉ ਸਾਧਿ॥

                   ਬਹਤੀ ਮਨਸਾ ਰਾਖਹੁ ਬਾਂਧਿ॥

                             ਦਸਮੀ ਦਹ ਦਿਸ ਹੋਇ ਅਨੰਦ॥

                             ਛੂਟੇ ਭਰਮ ਮਿਲੈ ਗੋਬਿੰਦ॥

                             ਤੇਰਸਿ ਤੇਰਾਹ ਅਗਮ ਬਖਾਣਿ।

                             ਅਰਧ ਉਰਧ ਬਿਚਿ ਸਮ ਪਹਿਚਾਣਿ॥

  

                             ਪਨਿਉ ਪਗ਼ਰਾ ਚੰਦ ਅਕਾਸ॥

                             ਪਸਰਹਿ ਕਲਾ ਸਹਜ ਪਰਗਾਸ॥

                             ਆਦਿ ਅੰਤਿ ਮਧ ਹੋਇ ਰਹਿਆ ਥੀਰ॥

                   ਸੁਖ ਸਾਗਰ ਮਹਿ ਰਮਹਿ ਕਬੀਰ॥

     ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਥਿਤ-ਕਾਵਿ ਦੇ ਇਸ ਨਮੂਨੇ ਦੇ ਅਰੰਭ ਵਿੱਚ ਇੱਕ ਸਲੋਕ ਹੈ। ਪੂਰੀ ਰਚਨਾ ਦੇ ਅੱਗੇ ਸੋਲ਼੍ਹਾਂ ਬੰਦ ਹਨ। ਰਚਨਾ ਅਮਾਵਸ (ਮੱਸਿਆ) ਤੋਂ ਸ਼ੁਰੂ ਹੋ ਕੇ ਪੁੰਨਿਆ (ਪੂਰਨਮਾਸ਼ੀ) ਉੱਤੇ ਮੁੱਕਦੀ ਹੈ। ਇਹਨਾਂ ਵਿਚਾਲੇ ਹਰ ਥਿਤ ਨੂੰ ਚਰਚਾ ਦਾ ਬਿੰਦੂ ਬਣਾ ਕੇ ਕਬੀਰ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਪਰੋਕਤ ਤੋਂ ਬਿਨਾਂ ਰਹਾਓ ਵਾਲੀਆਂ ਦੋ ਤੁਕਾਂ ਵੱਖਰੀਆਂ ਹਨ।

     ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਥਿਤੀ-ਕਾਵਿ ਨੂੰ ਪ੍ਰਗੀਤ ਵਜੋਂ ਵਰਤ ਕੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ ਗਏ ਹਨ ਪਰੰਤੂ ਇਸ ਨੂੰ ਇਸ ਲੰਬੇਰੇ ਬਿਰਤਾਂਤ ਜਾਂ ਵਰਣਨ ਦੀ ਪੇਸ਼ਕਾਰੀ ਲਈ ਵਰਤਣਾ ਸੰਭਵ ਹੈ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਥਿਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਿਤੀ. ਤਿਥਿ. ਦੇਖੋ, ਥਿਤਿ ੨. “ਥਿਤੀ ਵਾਰ ਸਭਿ ਸਬਦਿ ਸੁਹਾਏ.” (ਬਿਲਾ ਮ: ੩ ਵਾਰ ੭) ੨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.