ਥੇਕਰੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਥੇਕਰੇ (1811–1863): ਵਿਲੀਅਮ ਮੇਕਪੀਸ ਥੇਕਰੇ (William Makepiece Thackeran) ਦਾ ਜਨਮ 1811 ਵਿੱਚ ਕਲਕੱਤੇ ਵਿੱਚ ਹੋਇਆ। ਉਸ ਦਾ ਪਿਤਾ ਈਸਟ ਇੰਡੀਆ ਕੰਪਨੀ ਵਿੱਚ ਮੁਲਾਜ਼ਮ ਸੀ। 1817 ਵਿੱਚ ਉਹ ਭਾਰਤ ਤੋਂ ਇੰਗਲੈਂਡ ਵਾਪਸ ਚਲੇ ਗਏ ਅਤੇ ਥੇਕਰੇ ਨੇ ਚਾਰਟਰ ਹਾਊਸ ਅਤੇ ਕੈਂਬ੍ਰਿਜ ਵਿੱਚ ਵਿੱਦਿਆ ਹਾਸਲ ਕੀਤੀ। ਉਹ ਵੀਮਾਰ ਅਤੇ ਪੈਰਿਸ ਵੀ ਗਿਆ, ਜਿੱਥੇ ਉਸ ਨੇ ਚਿੱਤਰਕਲਾ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਸ ਨੇ ਆਪਣੇ ਪਿਤਾ ਤੋਂ ਹਾਸਲ ਕੀਤੀ ਹੋਈ ਧਨ-ਦੌਲਤ ਅਰਾਮ ਦੀ ਜ਼ਿੰਦਗੀ ਵਿੱਚ ਖ਼ਰਚ ਦਿੱਤੀ ਅਤੇ ਉਸ ਤੋਂ ਬਾਅਦ ਆਪਣੀ ਸੂਝ-ਬੂਝ ਦੇ ਬਲ ਤੇ ਪੱਤਰਕਾਰੀ ਅਤੇ ਵਿਅੰਗ ਚਿੱਤਰ ਬਣਾ ਕੇ ਪੈਸੇ ਕਮਾਏ। 1837 ਵਿੱਚ ਉਹ ਇੰਗਲੈਂਡ ਵਾਪਸ ਆਇਆ ਅਤੇ ਕਈ ਫ਼ਰਜ਼ੀ ਨਾਂਵਾਂ ਹੇਠ ਲਿਖਣਾ ਸ਼ੁਰੂ ਕੀਤਾ। ਉਸ ਨੇ ਕਈ ਆਲੋਚਨਾਤਮਿਕ ਲੇਖ ਅਤੇ ਨਾਵਲ ਲਿਖੇ, ਜਿਨ੍ਹਾਂ ਵਿੱਚ ਦਾ ਬੁਕ ਆਫ਼ ਸਨਾਬਜ਼, ਕੈਥਰੀਨ, ਆ ਸ਼ੈਬੀ ਜੇਨਟੀਲ ਸਟੋਰੀ, ਦਾ ਲਕ ਆਫ਼ ਬੈਰੀ ਲੰਦਨ, ਦਾ ਹਿਸਟਰੀ ਆਫ਼ ਪੈਨਡੇਨਿਸ, ਦਾ ਹਿਸਟਰੀ ਆਫ਼ ਹੈਨਰੀ ਐਸਮੰਡ, ਦਾ ਨਿਊਕਮਜ਼, ਦਾ ਵਰਜਿਨਿਅਨਜ਼ ਅਤੇ ਵੈਨਿਟੀ ਫੇਅਰ ਬਹੁਤ ਮਸ਼ਹੂਰ ਹੋਏ।

     ਥੇਕਰੇ, ਡਿਕਨਜ਼ ਦਾ ਸਮਕਾਲੀਨ ਲੇਖਕ ਹੈ। ਕਈ ਨਾ-ਸਮਝ ਵਿਅਕਤੀ ਉਹਨਾਂ ਨੂੰ ਸ਼ਰੀਕ ਮੰਨਦੇ ਹਨ, ਪਰ ਉਹਨਾਂ ਦੀ ਸ਼ੈਲੀ ਅਤੇ ਜੀਵਨ ਪ੍ਰਤਿ ਦ੍ਰਿਸ਼ਟੀਕੋਣ ਬਿਲਕੁਲ ਵੱਖ-ਵੱਖ ਹਨ। ਥੇਕਰੇ ਰਈਸ ਖ਼ਾਨਦਾਨ ਦਾ ਸੀ ਅਤੇ ਉਹ ਆਮ ਦੁਨੀਆ ਨੂੰ ਉੱਚੇ ਪੱਧਰ ਤੋਂ ਦੇਖਦਾ ਸੀ, ਜਦ ਕਿ ਡਿਕਨਜ਼ ਨੇ ਆਮ ਲੋਕਾਂ ਦੇ ਨਾਲ ਰਹਿ ਕੇ ਮਨੁੱਖਤਾ ਨੂੰ ਬਿਆਨ ਕੀਤਾ। ਥੇਕਰੇ ਦੀ ਦੁਨੀਆ ਅਮੀਰਾਂ ਦੇ ਸਮਾਜ ਤੱਕ ਸੀਮਿਤ ਹੈ। ਥੇਕਰੇ ਆਪ ਘਮੰਡੀ ਨਹੀਂ ਸੀ, ਬਲਕਿ ਉਸ ਨੇ ਘਮੰਡ ਦੀਆਂ ਕਮਜ਼ੋਰੀਆਂ ਸਾਫ਼- ਸਾਫ਼ ਦੇਖੀਆਂ ਅਤੇ ਉਹਨਾਂ ਦਾ ਤ੍ਰਿਸਕਾਰ ਵਿਅੰਗ ਨਾਲ ਕੀਤਾ। ਡਿਕਨਜ਼ ਦੀ ਤਰ੍ਹਾਂ ਥੇਕਰੇ ਵੀ ਮਨੁੱਖਤਾ ਨਾਲ ਭਰਪੂਰ ਅਤੇ ਵੱਡੇ ਦਿਲਵਾਲਾ ਸੀ। ਜਿਸ ਸਮਾਜ ਬਾਰੇ ਉਸ ਨੇ ਲਿਖਿਆ, ਉਹ ਆਪ ਉਸੇ ਸਮਾਜ ਦਾ ਹਿੱਸਾ ਸੀ। ਬੇਸ਼ਕ ਉਹ ਤੇ ਡਿਕਨਜ਼ ਇੱਕੋ ਯੁੱਗ ਵਿੱਚ ਪੈਦਾ ਹੋਏ ਤੇ ਲੇਖਕ ਬਣੇ, ਪਰ ਉਹਨਾਂ ਦੀ ਤੁਲਨਾ ਉਹਨਾਂ ਦੀ ਸਮਰੂਪਤਾ ਕਰ ਕੇ ਨਹੀਂ, ਉਹਨਾਂ ਦੀ ਭਿੰਨਤਾ ਕਰ ਕੇ ਕੀਤੀ ਜਾਂਦੀ ਹੈ।

     ਪਹਿਲੇ ਥੇਕਰੇ ਨੇ ਵਕਾਲਤ ਨੂੰ ਆਪਣਾ ਪੇਸ਼ਾ ਬਣਾਉਣਾ ਚਾਹਿਆ, ਫਿਰ ਚਿੱਤਰਕਲਾ ਅਤੇ ਅਖੀਰ ਵਿੱਚ ਲਿਖਣ ਨੂੰ ਆਪਣੀ ਰੁਜ਼ਗਾਰ ਦਾ ਵਸੀਲਾ ਬਣਾ ਲਿਆ। ਪੰਚ ਰਾਹੀਂ ਉਹ ਆਪਣੇ ਹਾਸ ਅਤੇ ਵਿਅੰਗ ਕਰਨ ਵਾਲੀ ਖ਼ੂਬੀ ਨੂੰ ਵਿਖਾ ਸਕਿਆ। ਉਸ ਨੇ ਕੁੱਝ ਕਵਿਤਾਵਾਂ ਵੀ ਲਿਖੀਆਂ। ਦਸ ਸਾਲਾਂ ਤੱਕ ਥੇਕਰੇ ਪੱਤਰਕਾਰੀ ਕਰਦਾ ਰਿਹਾ ਅਤੇ ਹਰ ਤਰ੍ਹਾਂ ਦੇ ਲੇਖ ਲਿਖਦਾ ਰਿਹਾ। ਉਹ ਵਿਸ਼ੇਸ਼ ਤੌਰ ਤੇ ਸਮਾਜਿਕ ਵਿਖਾਵੇ ਦੇ ਵਿਰੁੱਧ ਸੀ। ਫਿਰ ਉਸ ਨੇ ਕਲਪਨਾ ਅਤੇ ਗਲਪ ਦੁਆਰਾ ਆਪਣੇ-ਆਪ ਨੂੰ ਪ੍ਰਗਟ ਕੀਤਾ ਅਤੇ ਇੱਕ ਲੇਖਕ ਦੇ ਰੂਪ ਵਿੱਚ ਆਪਣੇ ਅਸਲੀ ਕਿੱਤੇ ਨੂੰ ਪ੍ਰਾਪਤ ਕੀਤਾ। ਜਿਹੜੇ ਉਪਨਿਆਸਾਂ ਨੇ ਉਸ ਨੂੰ ਸ਼ੁਹਰਤ ਦਿੱਤੀ, ਉਹ ਸਨ ਵੈਨਿਟੀ ਫੈਅਰ, ਪੈਨਡੇਨਿਸ ਅਤੇ ਦਾ ਹਿਸਟਰੀ ਆਫ਼ ਹੈਨਰੀ ਐਸਮੰਡ ਜਿਨ੍ਹਾਂ ਤੋਂ ਉਸ ਦੇ ਸਮੇਂ ਅਤੇ ਸਮਾਜਿਕ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਵੈਨਿਟੀ ਫ਼ੈਅਰ ਸਾਨੂੰ ਵਾਟਰਲੂ ਦੇ ਯੁੱਧ ਦੇ ਦਿਨਾਂ ਤੱਕ ਲੈ ਜਾਂਦਾ ਹੈ। ਐਸਮੰਡ ਇੱਕ ਇਤਿਹਾਸਿਕ ਕਹਾਣੀ ’ਤੇ ਆਧਾਰਿਤ ਹੈ। ਥੇਕਰੇ ਨੂੰ ਵੀ ਇਹੀ ਮਹਿਸੂਸ ਹੁੰਦਾ ਸੀ ਕਿ ਕੋਈ ਵੀ ਮਨੁੱਖ ਸੰਪੰਨ ਨਹੀਂ ਹੁੰਦਾ, ਉਸ ਵਿੱਚ ਕਮਜ਼ੋਰੀਆਂ ਅਤੇ ਖ਼ੂਬੀਆਂ ਦਾ ਮੇਲ ਹੁੰਦਾ ਹੈ। ਇਸ ਲਈ ਉਸ ਦੇ ਉਪਨਿਆਸਾਂ ਵਿੱਚ ਵੀ ਕੋਈ ਪਰਮ ਮਨੁੱਖ ਜਾਂ ਇਸਤਰੀ ਨਹੀਂ ਮਿਲਦੇ।           ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲੇ ਘੱਟ ਹੀ ਲੇਖਕ ਹਨ, ਜਿਨ੍ਹਾਂ ਨੇ ਇਸ ਭਾਸ਼ਾ ਦੀ ਲਚਕ, ਤਾਕਤ ਅਤੇ ਸਪਸ਼ਟਤਾ ਨੂੰ ਥੇਕਰੇ ਤੋਂ ਜ਼ਿਆਦਾ ਸਮਝਿਆ ਅਤੇ ਦਰਸਾਇਆ ਹੋਵੇ। ਲਿਖਣ ਵੇਲੇ ਉਹ ਆਪਣਾ ਦਿਲ ਅਤੇ ਦਿਮਾਗ਼ ਦੋਨੋਂ ਹੀ ਇਸਤੇਮਾਲ ਕਰਦਾ ਸੀ। ਅੰਗਰੇਜ਼ੀ ਭਾਸ਼ਾ ਦੀ ਚੰਗੀ ਵਰਤੋਂ ਕਰ ਕੇ ਥੇਕਰੇ ਨੂੰ ਆਲੋਚਕਾਂ ਤੋਂ ਬਹੁਤ ਹੀ ਪ੍ਰਸੰਸਾ ਪ੍ਰਾਪਤ ਹੋਈ। ਉਸ ਦੀਆਂ ਕਹਾਣੀਆਂ ਪੜ੍ਹਨ ਯੋਗ ਹਨ, ਭਾਵੇਂ ਕਦੀ-ਕਦੀ ਉਹਨਾਂ ਵਿੱਚ ਕੁੱਝ ਇਹੋ ਜਿਹੇ ਮੋੜ ਆ ਜਾਂਦੇ ਹਨ, ਜਿਨ੍ਹਾਂ ਕਰ ਕੇ ਉਹ ਸੱਚੀਆਂ ਨਹੀਂ ਲੱਗਦੀਆਂ। ਕਿਉਂਕਿ ਉਹ ਜ਼ਿਆਦਾਤਰ ਅਮੀਰ, ਰਈਸਾਂ ਦੀਆਂ ਕਹਾਣੀਆਂ ਹਨ, ਹਰ ਕੋਈ ਉਹਨਾਂ ਤੋਂ ਸੁਭਾਵਿਕ ਤੌਰ ਤੇ ਖ਼ੁਸ਼ ਨਹੀਂ ਹੋ ਸਕਦਾ। ਥੇਕਰੇ ਦੀਆਂ ਕਿਤਾਬਾਂ ਕੇਵਲ ਪੜ੍ਹਨ ਯੋਗ ਨਹੀਂ, ਸਗੋਂ ਬਹੁਤ ਪ੍ਰਭਾਵਸ਼ਾਲੀ ਵੀ ਹਨ।

     ‘ਵੈਨਿਟੀ ਫੈਅਰ` ਇੱਕ ਵਿਅੰਗ ਭਰੀ ਕਹਾਣੀ ਹੈ, ਜਿਸ ਵਿੱਚ ਰਈਸਾਂ ਦੇ ਨਿਰਾਰਥਕ ਜੀਵਨ ਦਾ ਵਰਣਨ ਕੀਤਾ ਗਿਆ ਹੈ। ਐਸਮੰਡ ਗਲਪ ਦੇ ਰੂਪ ਵਿੱਚ ਇੱਕ ਵਧੀਆ ਇਤਿਹਾਸਿਕ ਨਾਵਲ ਹੈ। ਪੈਨਡੇਨਿਸ ਅਤੇ ਨਿਊਕਮਜ਼ ਵਿੱਚ ਥੇਕਰੇ ਨੇ ਜਿਨ੍ਹਾਂ ਵਿਅਕਤੀਆਂ ਨੂੰ ਮੁੱਖ ਪਾਤਰ ਬਣਾਇਆ, ਉਹ ਸੱਚੇ ਤੇ ਪਿਆਰੇ ਲੱਗਦੇ ਹਨ। ਡਿਕਨਜ਼ ਦੀ ਤਰ੍ਹਾਂ ਥੇਕਰੇ ਨੇ ਵੀ ਭਾਸ਼ਣ ਦਿੱਤੇ ਅਤੇ ਆਪਣੇ ਇਤਿਹਾਸਿਕ ਲੇਖ ਵੀ ਲੋਕਾਂ ਨੂੰ ਸੁਣਾਏ। ਉਹ ਇੱਕ ਕਾਮਯਾਬ ਸੰਪਾਦਕ ਵੀ ਰਿਹਾ ਅਤੇ ਨਾਵਲਕਾਰ ਦੇ ਤੌਰ ਤੇ ਉਹ ਕੁੱਝ ਵਕਤ ਲਈ ਆਪਣੇ ਸਮੇਂ ਦਾ ਉੱਚ-ਕੋਟੀ ਦਾ ਲੇਖਕ ਮੰਨਿਆ ਗਿਆ। ਵਿਅੰਗ ਲੇਖਕ ਦੇ ਤੌਰ ਤੇ ਉਹ ਉਦਾਰ ਚਿੱਤ ਅਤੇ ਸੰਵੇਦਨਸ਼ੀਲ ਮਨੁੱਖ ਸੀ ਅਤੇ ਉਸ ਨੇ ਕਿਸੇ ਵੀ ਵਿਅਕਤੀ ਦੇ ਜਜ਼ਬੇ ਨੂੰ ਠੇਸ ਨਹੀਂ ਪਹੁੰਚਾਈ। ਥੇਕਰੇ ਨੇ ਮਰਨ ਤੋਂ ਪਹਿਲੇ ਪੱਕੇ ਤੌਰ ਤੇ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਬਾਰੇ ਕੋਈ ਕੁੱਝ ਨਾ ਲਿਖੇ। ਉਹ ਉਦਾਰ ਹਿਰਦੇ ਅਤੇ ਖੁੱਲ੍ਹੀ ਦਿਮਾਗ਼ੀ ਸੋਚ ਰੱਖਣ ਵਾਲਾ ਵਿਅਕਤੀ ਸੀ। ਉਹ ਆਪਣੇ ਸਮੇਂ ਦਾ ਨੁਮਾਇੰਦਾ ਸੀ ਅਤੇ ਆਪਣੇ ਲੇਖਾਂ ਦੁਆਰਾ ਉਸ ਨੇ ਸਾਹਿਤ ਅਤੇ ਪੱਤਰਕਾਰੀ ਨੂੰ ਜੋੜ ਦਿੱਤਾ।

ਥੇਕਰੇ ਨੇ ਹਮੇਸ਼ਾਂ ਨੈਤਿਕ ਅਸੂਲਾਂ ਨੂੰ ਆਪਣੀਆਂ ਕਹਾਣੀਆਂ ਅਤੇ ਪਾਤਰਾਂ ਵਿੱਚ ਵੱਡਮੁੱਲਾ ਸਥਾਨ ਦਿੱਤਾ। ਡਿਕਨਜ਼ ਦੀ ਤਰ੍ਹਾਂ ਉਹ ਵੀ ਮੱਧ ਵਰਗ ਦੇ ਲੋਕਾਂ ਵਾਸਤੇ ਲਿਖਦਾ ਸੀ। ਥੇਕਰੇ ਨੇ ਸੰਸਾਰਿਕ ਜੀਵਨ ਦੀ ਆਲੋਚਨਾ ਕੀਤੀ, ਜਿਸ ਕਰ ਕੇ ਉਸ ਦੀ ਤੁਲਨਾ ਤਾਲਸਤਾਏ ਨਾਲ ਕੀਤੀ ਜਾਂਦੀ ਹੈ। ਉਸ ਨੇ ਜੀਵਨ ਨੂੰ ਹੀ ਨਹੀਂ ਮਨੁੱਖਾਂ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਅਤੇ ਪਖੰਡ ਦਾ ਵਿਰੋਧ ਕੀਤਾ। ਥੇਕਰੇ ਨੇ ਇੱਕ ਸੀਮਿਤ ਦਾਇਰੇ ਵਿੱਚ ਹੀ ਲਿਖਿਆ, ਪਰ ਉਸ ਨੇ ਅੰਗਰੇਜ਼ੀ ਨਾਵਲ ਨੂੰ ਇੱਕ ਨਵੀਂ ਦਿਸ਼ਾ ਦਿੱਤੀ।


ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.