ਦਾਜ/ਵਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਾਜ/ਵਰੀ: ਕੰਨਿਆਂ ਵਾਲੀ ਧਿਰ ਵੱਲੋਂ ਧੀ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ ਦਾਤ ਨੂੰ ਦਾਜ ਕਹਿੰਦੇ ਹਨ। ਦਾਜ ਨੂੰ ‘ਦਿੱਤ` ਵੀ ਕਿਹਾ ਜਾਂਦਾ ਹੈ, ਭਾਵ: ਖ਼ੁਸ਼ੀ ਨਾਲ ਦਿੱਤੀ ਹੋਈ ਵਸਤੂ। ਵਿਆਹ ਸਮੇਂ ਦਾਜ ਵਿੱਚ ਧੀ ਨੂੰ ਵਸਤੂਆਂ ਦੇਣ ਦਾ ਰਿਵਾਜ ਕਦੋਂ ਸ਼ੁਰੂ ਹੋਇਆ, ਇਸ ਦਾ ਅੰਦਾਜ਼ਾ ਲਾਉਣਾ ਕਠਨ ਹੈ, ਪਰ ਇੱਕ ਧਾਰਨਾ ਅਨੁਸਾਰ, ਮਾਤਾ-ਪਿਤਾ ਦੀ ਔਲਾਦ ਵਿੱਚੋਂ ਕਿਉਂਕਿ ਪੁੱਤਰ ਨੇ ਸਦਾ ਲਈ ਮਾਤਾ-ਪਿਤਾ ਦੇ ਪਰਿਵਾਰ ਵਿੱਚ ਰਹਿਣਾ ਹੁੰਦਾ ਹੈ ਅਤੇ ਧੀ ਨੇ ਆਪਣੇ ਪਤੀ ਦੇ ਪਰਿਵਾਰ (ਸਹੁਰੇ ਘਰ) ਰਹਿਣ ਲਈ ਚਲੇ ਜਾਣਾ ਹੁੰਦਾ ਹੈ, ਇਸ ਲਈ ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਵੱਲੋਂ ਧੀ ਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਕੁਝ ਦਿੱਤਾ ਜਾਵੇ। ਕੰਨਿਆਂ ਦਾ ਵਿਆਹ ਇੱਕ ਅਜਿਹਾ ਖ਼ੁਸ਼ੀ ਦਾ ਅਵਸਰ ਹੁੰਦਾ ਹੈ, ਜਦੋਂ ਉਸ ਨੇ ਪਤੀ ਨਾਲ ਮਿਲ ਕੇ ਨਵੀਂ ਘਰ-ਗ੍ਰਹਿਸਥੀ ਦਾ ਨਿਰਮਾਣ ਕਰਨਾ ਹੁੰਦਾ ਹੈ ਇਸ ਲਈ ਕੰਨਿਆਂ ਦੇ ਮਾਪੇ ਧੀ ਨੂੰ ਦਾਜ ਦੇ ਰੂਪ ਵਿੱਚ ਵਿਤ ਅਨੁਸਾਰ, ਵਰਤੋਂ ਦੀਆਂ ਵੱਧ ਤੋਂ ਵੱਧ ਵਸਤੂਆਂ ਦਿੰਦੇ ਹਨ।

     ਇਹ ਵਸਤੂਆਂ ਅਕਸਰ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਕੱਪੜੇ-ਲੱਤੇ, ਗਹਿਣੇ, ਭਾਂਡਾਂ-ਟੀਂਡਰ (ਬਰਤਨ) ਅਤੇ ਪਲੰਘ-ਪੀੜ੍ਹਾ (ਫਰਨੀਚਰ) ਆਦਿ ਹੁੰਦੇ ਹਨ:

     1. ਕੱਪੜਾ-ਲੱਤਾ ਕਈ ਪ੍ਰਕਾਰ ਦਾ ਹੁੰਦਾ ਹੈ। ਜਿਵੇਂ:

     (ੳ)   ਧੀ ਦੇ ਪਹਿਨਣ ਲਈ

     (ਅ)   ਜਵਾਈ ਦੇ ਪਹਿਨਣ ਲਈ

     (ੲ)   ਧੀ ਦੀ ਸਹੁਰੇ ਘਰ ਬਣੀ ਨਵੀਂ ਸਾਕਾਦਾਰੀ ਨੂੰ ਦਰਜ਼ਾ ਬ-ਦਰਜ਼ਾ ਦੇਣ ਲਈ

     (ਸ) ਧੀ ਦੀ ਘਰੇਲੂ ਵਰਤੋਂ ਲਈ, ਇਤਿਆਦਿ...

     2. ਗਹਿਣੇ, ਕੀਮਤੀ ਵਸਤੂ ਹੋਣ ਕਾਰਨ ਭਾਵੇਂ ਕੰਨਿਆਂ ਦੇ ਮਾਪਿਆ ਵੱਲੋਂ ਆਪਣੀ ਆਰਥਿਕ ਹੈਸੀਅਤ ਮੁਤਾਬਕ ਦਿੱਤੇ ਜਾਂਦੇ ਹਨ, ਪਰ ਫਿਰ ਵੀ ਧੀ ਦੇ ਕੰਨ, ਨੱਕ, ਹੱਥ ਵਿੱਚ ਪਹਿਨਣ ਲਈ ਗਹਿਣੇ ਅਤੇ ਜਵਾਈ ਲਈ ਮੁੰਦਰੀ ਆਦਿ ਦੇਣੀ ਲਾਜ਼ਮੀ ਸਮਝੀ ਜਾਂਦੀ ਹੈ। ਕਈ ਅਮੀਰ ਮਾਪੇ ਧੀ ਲਈ ਤਾਂ ਦਾਜ ਵਿੱਚ ਵੱਧ ਤੋਂ ਵੱਧ ਗਹਿਣੇ ਦਿੰਦੇ ਹੀ ਹਨ, ਨਾਲ ਦੀ ਨਾਲ ਜਵਾਈ ਅਤੇ ਉਸ ਦੇ ਅਤਿ ਨਜ਼ਦੀਕੀ ਅੰਗਾਂ-ਸਾਕਾਂ ਲਈ ਗਹਿਣੇ ਦੇ ਦਿੰਦੇ ਹਨ। ਗਹਿਣੇ, ਸੋਨੇ ਅਤੇ ਚਾਂਦੀ ਦੇ ਬਣੇ ਹੁੰਦੇ ਹਨ।

     3. ਬਰਤਨ: ਦੋ ਪ੍ਰਕਾਰ ਦੇ ਹੁੰਦੇ ਹਨ।

     (ੳ) ਭੋਜਨ ਪਕਾਉਣ ਦੀ ਵਰਤੋਂ ਵਿੱਚ ਆਉਣ ਵਾਲੇ

     (ਅ)          ਭੋਜਨ ਪਰੋਸਣ ਦੀ ਵਰਤੋਂ ਵਿੱਚ ਆਉਣ ਵਾਲੇ

     ਪਹਿਲੇ ਸਮਿਆਂ ਵਿੱਚ ਦਾਜ ਵਿੱਚ ਦਿੱਤੇ ਜਾਣ ਵਾਲੇ ਬਰਤਨ, ਪਿੱਤਲ, ਕਹਿੰ, ਤਾਂਬੇ ਅਤੇ ਲੋਹੇ ਆਦਿ ਦੀ ਧਾਤ ਦੇ ਬਣੇ ਹੁੰਦੇ ਹਨ। ਅਜੋਕੇ ਸਮੇਂ ਉਪਰੋਕਤ ਧਾਤਾਂ ਦੇ ਬਰਤਨਾਂ ਤੋਂ ਇਲਾਵਾ ਸਟੀਲ, ਚੀਨੀ, ਸੀਸ਼ੇ ਅਤੇ ਬਿਜਲੀ ਯੰਤਰਾਂ ਨਾਲ ਚੱਲਣ ਵਾਲੇ ਬਰਤਨ ਵੀ ਦਿੱਤੇ ਜਾਂਦੇ ਹਨ। ਟੁੱਟ ਜਾਣ `ਤੇ ਬਦਸ਼ਗਨੀ ਸਮਝੇ ਜਾਣ ਦੇ ਡਰੋਂ ਮਿੱਟੀ ਦੇ ਬਣੇ ਬਰਤਨ ਦੇਣ ਦਾ ਰਿਵਾਜ ਨਹੀਂ ਹੈ।

     4. ਪਲੰਘ-ਪੀੜਾ ਤੋਂ ਭਾਵ ਵਰਤਮਾਨ ਫ਼ਰਨੀਚਰ ਤੋਂ ਹੈ। ਜਿਸ ਵਿੱਚ ਮੁਢਲੀ ਗਿਣਤੀ ਸੌਣ ਅਤੇ ਬੈਠਣ ਦੀਆਂ ਵਸਤੂਆਂ ਨਾਲ ਸੰਬੰਧ ਰੱਖਦੀ ਹੈ, ਪਰ ਅਜੋਕੇ ਸਮੇਂ ਬੈੱਡ, ਸੋਫ਼ਾ, ਡਾਇਨਿੰਗ ਟੇਬਲ, ਡਰੈਸਿੰਗ ਟੇਬਲ, ਅਲਮਾਰੀ ਆਦਿ ਵੀ ਦਿੱਤੇ ਜਾਣ ਦਾ ਰਿਵਾਜ ਹੈ।

     ਦਾਜ ਦੀਆਂ ਨਿੱਕੀਆਂ-ਨਿੱਕੀਆਂ ਵਸਤੂਆਂ ਅਤੇ ਕੱਪੜਾ ਲੱਤਾ, ਲੋਹੇ ਦੀ ਚਾਦਰ ਨਾਲ ਬਣਾਈ ਵੱਡੀ ਪੇਟੀ (ਵੱਡਾ ਸੰਦੂਕ) ਵਿੱਚ ਪਾ ਕੇ ਦੇਣ ਦਾ ਰਿਵਾਜ ਹੈ। ਧੀ ਨੂੰ ਦਿੱਤੇ ਜਾਣ ਵਾਲੇ ਦਾਜ ਵਿੱਚ ਭਾਵੇਂ ਮਾਪਿਆਂ ਵੱਲੋਂ ਬੇਸ਼ੁਮਾਰ ਦਾਤ ਦਿੱਤੀ ਜਾਵੇ ਪਰ ਕੈਂਚੀ ਅਤੇ ਜਿੰਦਰਾ ਨਹੀਂ ਦਿੱਤਾ ਜਾਂਦਾ। ਪੇਟੀ ਨੂੰ ਜਿੰਦਰਾ ਲਾਉਣ ਦੀ ਥਾਂ ਕੇਵਲ ਮੌਲੀ ਦਾ ਤੰਦ ਬੰਨ੍ਹ ਦਿੱਤਾ ਜਾਂਦਾ ਹੈ।

     ਕੈਂਚੀ ਨਾ ਦੇਣ ਦਾ ਕਾਰਨ, ਧੀ ਨੂੰ ‘ਮੂਕ ਸ਼ਬਦਾਂ ਵਿੱਚ` ਇਹ ਕਹਿਣ ਦਾ ਪ੍ਰਤੀਕ ਹੈ ਕਿ ਸਹੁਰਾ ਪਰਿਵਾਰ ਦੇ ਆਪਸੀ ਸੰਬੰਧਾਂ ਨੂੰ ਜੋੜ ਕੇ ਰੱਖਣਾ ਹੈ, ਅਤੇ ਪੇਟੀ ਨੂੰ ਜਿੰਦਰਾ ਨਾ ਲਾਉਣ ਦਾ ਭਾਵ: ਇਸ ਸੰਕੇਤ ਦਾ ਪ੍ਰਤੀਕ ਹੈ ਕਿ ਭਾਵੇਂ ਇਹ ਦਾਜ ਧੀ ਨੂੰ ਦਿੱਤਾ ਗਿਆ ਹੈ ਪਰ ਇਸ ਦੀ ਸਾਂਭ-ਸੰਭਾਲ ਹੁਣ ਧੀ ਦੇ ਸਹੁਰਾ ਪਰਿਵਾਰ ਜ਼ੁੰਮੇ ਹੈ। ਅਜੋਕੇ ਸਮੇਂ ਵਿੱਦਿਆ ਅਤੇ ਜੀਵਨ ਦੀ ਆਤਮ ਨਿਰਭਰਤਾ ਨੂੰ ਵੀ ਦਾਜ ਦੇ ਤੁਲ ਹੀ ਸਮਝਿਆ ਜਾਂਦਾ ਹੈ।

     ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਹੀ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ਵਰੀ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆਂ ਵਾਲੀ ਧਿਰ ਵਰ ਵਾਲੀ ਧਿਰ ਨੂੰ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਮ੍ਹਣੇ ਦਾਜ ‘ਖੱਟ` ਰਸਮ ਤਹਿਤ ਵਿਖਾਉਂਦੀ ਹੈ। (ਵਿਸਤਾਰ ਲਈ ਵੇਖੋ: ਖੱਟ) ਇਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ` ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮਗਰੀ ਆਦਿ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਹੈ ਜਿਸ ਨੂੰ ਕੰਨਿਆ ਵਾਲੀ ਧਿਰ ਦੇ ਲੋਕ ਬੜੇ ਚਾਅ ਨਾਲ ਦੇਖਦੇ ਹਨ। ਇਸ ਵਿਖਾਲੇ ਦੇ ਪਿਛੋਕੜ ਵਿੱਚ ਦੁਵੱਲੀ ਧਿਰਾਂ ਦੀ ਆਰਥਿਕ ਸੰਪੰਨਤਾ ਜੱਗ-ਜਾਹਰ ਹੋਣੀ ਹੁੰਦੀ ਹੈ, ਇਸ ਲਈ ਕਈ ਹਾਲਤਾਂ ਵਿੱਚ ਪਹੁੰਚ ਤੋਂ ਵਧੇਰੇ ਉਚੇਚ ਕੀਤਾ ਵੀ ਨਜ਼ਰ ਆਉਂਦਾ ਹੈ।

     ਵਰੀ ਦੇ ਰੂਪ ਵਿੱਚ ਆਏ ਕੱਪੜੇ, ਗਹਿਣੇ ਆਦਿ ਵਿਆਹ ਉਪਰੰਤ ਲਾੜੀ ਦੇ ਡੋਲੇ ਨਾਲ ਵਰ ਵਾਲੀ ਧਿਰ ਦੇ ਟੱਬਰ ਵਿੱਚ ਹੀ ਪਰਤਾ ਦਿੱਤੇ ਜਾਂਦੇ ਹਨ ਪਰ ਫਿਰ ਵੀ ਇਸ ਰਸਮ ਦੀ ਵਿਆਹ ਵਿੱਚ ਕਾਫ਼ੀ ਮਹੱਤਤਾ ਹੈ।

     ਵਰੀ ਨੂੰ ‘ਬਰਾ ਸੂਹੀ` ਵੀ ਕਿਹਾ ਜਾਂਦਾ ਹੈ ਕਿਉਂਕਿ ਲਾੜੀ ਲਈ ਲਿਆਂਦੇ ਇਹਨਾਂ ਕੀਮਤੀ ਬਸਤਰਾਂ ਵਿੱਚ ਇੱਕ ਜੋੜਾ ਲਾਲ ਸੂਹੇ ਰੰਗ ਦਾ ਵੀ ਹੁੰਦਾ ਹੈ। ਗਹਿਣਿਆਂ ਅਤੇ ਬਸਤਰਾਂ ਦੇ ਰੂਪ ਵਿੱਚ ਵਰੀ ਇੱਕ ਟਰੰਕ (ਸੂਟਕੇਸ) ਵਿੱਚ ਪਾ ਕੇ ‘ਲਾਗੀ’ ਨੂੰ ਚੁਕਵਾ ਲਈ ਜਾਂਦੀ ਹੈ, ਜਿਸ ਨੂੰ ਸੰਭਾਲਣ ਅਤੇ ਲੋੜ ਪੈਣ `ਤੇ ਵਰ ਵਾਲੀ ਧਿਰ ਦੀ ਹਾਜ਼ਰੀ ਅਤੇ ਰਜ਼ਾਮੰਦੀ ਨਾਲ ਟਰੰਕ ਖੋਲ੍ਹ ਕੇ ਵਿਖਾਉਣ ਦੀ ਜ਼ੁੰਮੇਵਾਰੀ ਲਾਗੀ ਜ਼ੁੰਮੇਂ ਹੁੰਦੀ ਹੈ। ਵਰੀ ਦੀਆਂ ਇਹਨਾਂ ਵਸਤਾਂ ਵਿੱਚ ਗਹਿਣੇ ਅਤੇ ਕੱਪੜਿਆਂ ਤੋਂ ਇਲਾਵਾ ਲਾੜੀ ਲਈ ਜੁੱਤੀ, ਪਰਾਂਦੀ, ਪਰਸ ਅਤੇ ਸ਼ਗਨ ਵਜੋਂ ਸੁੱਕੇ ਮੇਵਿਆਂ ਦੇ ਰੂਪ ਵਿੱਚ ਸਵਾ ਕਿਲੋ ਬਿੱਦ (ਸੌਗੀ, ਮਖਾਣੇ, ਬਦਾਮ, ਮੌਲੀ, ਮਿਸ਼ਰੀ ਆਦਿ) ਪਾਈ ਜਾਂਦੀ ਹੈ। ਲੜਾਈ ਲਈ ਚੁੰਨੀਆਂ ਸਮੇਤ 7 ਤੋਂ 11 ਸੂਟਾਂ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸਿਊਂ ਕੇ ਵੀ ਲਿਆਂਦੇ ਜਾਂਦੇ ਹਨ ਤਾਂ ਜੋ ਫ਼ੇਰਿਆਂ ਤੋਂ ਬਾਅਦ, ਜਾਂ ਸਹੁਰੇ ਘਰ ਪ੍ਰਵੇਸ਼ ਕਰਨ ਮਗਰੋਂ ਵਹੁਟੀ ਪਹਿਰਾਵਾ ਬਦਲਣ ਸਮੇਂ ਫੌਰੀ ਤੌਰ `ਤੇ ਸੀਤਾ ਹੋਇਆ ਸੂਟ ਪਹਿਨ ਸਕੇ।

     ਬੇਸ਼ੱਕ ਹਾਰ-ਸ਼ਿੰਗਾਰ ਦੀ ਸਮਗਰੀ ਨਾਲ ਭਰਪੂਰ ਸੁਹਾਗ-ਪਟਾਰੀ ਵਰ ਵਾਲੀ ਧਿਰ ਵੱਲੋਂ ਕੁੜਮਾਈ ਸਮੇਂ ਵੀ ਭੇਜੀ ਜਾਂਦੀ ਹੈ, ਪਰ ਆਰਥਿਕ ਪੱਖੋਂ ਸੰਪੰਨ ਟੱਬਰ ਹਾਰ-ਸ਼ਿੰਗਾਰ ਦਾ ਸਾਮਾਨ ਵਰੀ ਨਾਲ ਦੁਬਾਰਾ ਫਿਰ ਭੇਜ ਦਿੰਦੇ ਹਨ, ਜਿਸ ਵਿੱਚ ਵੰਗਾਂ, ਕਲਿੱਪ, ਸੁਰਖ਼ੀ, ਬਿੰਦੀ, ਸੁਰਮਾ, ਇਤਰ, ਰੁਮਾਲ, ਸੰਧੂਰ ਆਦਿ ਵਸਤਾਂ ਹੁੰਦੀਆਂ ਹਨ। ਇੱਕ ਲੋਕ ਵਿਸ਼ਵਾਸ ਅਨੁਸਾਰ, ਸੁਹਾਗ ਪਟਾਰੀ ਵਿੱਚੋਂ ਕੋਈ ਚੀਜ਼ ਟੁੱਟਣੀ ਬਦਸ਼ਗਨੀ ਸਮਝੀ ਜਾਂਦੀ ਹੈ।

     ਵਰ ਵਾਲੀ ਧਿਰ ਨੇ ਵਰੀ ਵਿੱਚ ਭਾਵੇਂ ਕਿੰਨੀਆਂ ਕੀਮਤੀ ਵਸਤਾਂ ਵੀ ਕਿਉਂ ਨਾ ਢੋਈਆਂ ਹੋਣ, ਕੰਨਿਆ ਵਾਲੀ ਧਿਰ ਦੀਆਂ ਇਸਤਰੀਆਂ ਹਰ ਚੰਗੀ ਚੀਜ਼ ਨੂੰ ਛੁਟਿਆਉਂਦੀਆਂ ਹੋਈਆਂ ਗੀਤ ਗਾਉਂਦੀਆਂ ਹੋਈਆਂ ਹਾਸੇ-ਠੱਠੇ ਦਾ ਮਾਹੌਲ ਸਿਰਜਦੀਆਂ ਹਨ। ਜਿਵੇਂ :

ਪੱਟ ਕੁੜੇ ਨੀ ਜਰੀ ਕੁੜੇ।

ਨੀਂ ਘੱਟ ਲਿਆਂਦੀ ਵਰੀ ਕੁੜੇ।

ਟੂੰਬਾਂ ਦੀ ਤਾਂ ਬੱਸ ਕੁੜੇ।

ਨੀ ਨਿੱਕਾ ਲਿਆਂਦਾ ਹੱਸ ਕੁੜੇ।

ਗਲ ਦਾ ਹਾਰ ਦਿਸੇਂਦਾ ਨਾਹੀਂ।

ਸੱਗੀ ਫੁੱਲ ਹੀ ਘੱਤ ਕੁੜੇ।

ਬਾਕਾਂ ਮੁੰਦੀਆਂ ਟਿੱਕਾ ਕੋ ਨਾ

          ਸਾਥੋਂ ਲੈ ਲੀਂ ਨੱਥ ਕੁੜੇ।

     ਇਹਨਾਂ ਗੀਤਾਂ ਦੀ ਸੁਰ ਭਾਵੇਂ ਕਟਾਖਸ਼ ਭਰੀ ਹੁੰਦੀ ਹੈ ਪਰ ਵਰ ਵਾਲੀ ਧਿਰ ਇਸ ਹਾਸੇ-ਠੱਠੇ ਦਾ ਬੁਰਾ ਨਹੀਂ ਮਨਾਉਂਦੀ। ਵਰੀ ਨੂੰ ਸਮੇਟਣ ਸਮੇਂ ਗੀਤਾਂ ਵਿਚਲੇ ਗਿਲੇ ਸ਼ਿਕਵੇ ਭੁਲਾ ਕੇ ਖੇਤਰੀ ਵਖਰੇਵੇਂ ਨਾਲ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ ਜਿਵੇਂ :

ਵੇ ਵਧਾਈਆਂ ਸੋਹਣਿਉਂ ! ਵਧਾਈਆਂ ਸੋਹਣਿਉਂ...

ਇਹ ਘਰ ਕੀਹਨੀ ਗੁਣੀ ਬਣਦੇ

ਇਹ ਘਰ ਤਾਂ ਵਰੀ ਸ਼ਿਗਾਰਿਆ

ਇਹ ਘਰ ਇਹਨੀਂ ਗੁਣੀ ਬਣਦੇ

ਇਹ ਘਰ ਤਾਂ ਕੰਗੂਏ ਮਹਿਕਿਆ

ਇਹ ਵਰ ਇਹਨੀਂ ਗੁਣੀ ਬਣਦੇ

ਵੇ ਸੋਹਣਿਓ !

          ਮੇਲ ਤਾਂ ਇਹਨੀ ਗੁਣੀ ਬਣਦੇ।...

     ਲਾੜੀ ਨੂੰ ਵਿਆਹੁਣ ਸਮੇਂ ਵਰ ਵਾਲੀ ਧਿਰ ਵੱਲੋਂ ਵਰੀ ਲਿਆਉਣ ਦੀ ਰੀਤ ਕਾਫ਼ੀ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ। ਇਸ ਸਮੇਂ ਗਾਏ ਜਾਣ ਵਾਲੇ ਗੀਤਾਂ ਵਿੱਚ ਅਜਿਹੇ ਗਹਿਣਿਆਂ ਦੀ ਵੰਨਗੀ ਦਾ ਜ਼ਿਕਰ ਮਿਲਦਾ ਹੈ ਜਿਹੜੇ ਕਾਫ਼ੀ ਸਮਾਂ ਪਹਿਲਾਂ ਦੀ ਰਹਿਤਲ ਅਤੇ ਹਾਰ- ਸ਼ਿੰਗਾਰ ਦਾ ਹਿੱਸਾ ਰਹੇ ਹਨ। ਜਿਵੇਂ ਆਰਸੀ, ਹੱਸ, ਗੋਖੜੂ, ਹੰਸਲੀ, ਟਿੱਕਾ, ਬਾਜੂ-ਬੰਦ, ਬਾਂਕਾਂ, ਬਘਿਆੜੀ, ਕਲਿਪ, ਨੱਥ, ਮਛਲੀ, ਤੀਲ੍ਹੀ, ਲੌਂਗ, ਸ਼ਿੰਗਾਰ ਪੱਟੀ, ਰਤਨ ਚੌਂਕ, ਲੂਲ੍ਹਾਂ ਆਦਿ।

     ਕਈ ਪਰਿਵਾਰਾਂ ਦੇ ਚਲਨ ਅਨੁਸਾਰ, ਵਿਆਹ ਸਮੇਂ ਕੰਨਿਆਂ ਨੂੰ ਖਾਰੇ ਲਾਹੁਣ ਸਮੇਂ ਤੋਂ ਹੀ ਵਰ ਵਾਲੀ ਧਿਰ ਦਾ ਜੀਅ ਸਮਝ ਕੇ ਫੇਰਿਆਂ ਸਮੇਂ ਵੀ ਵਰੀ ਦਾ ਸੂਟ ਪਾ ਲਿਆ ਜਾਂਦਾ ਹੈ। ਵਰੀ ਵਿੱਚ ਢੋਏ ਜਾਣ ਵਾਲੇ ਕੱਪੜੇ ਗਹਿਣੇ ਆਦਿ ਹਰ ਪਰਿਵਾਰ ਦੀ ਆਰਥਿਕ ਸੰਪੰਨਤਾ ਅਤੇ ਜਾਤ ਗੋਤ ਅਨੁਸਾਰੀ ਹੁੰਦੇ ਹਨ। ਵਰੀ ਵਿਚਲੇ ਸੂਟਾਂ ਦੀ ਰੰਗਤ ਸ਼ੋਖ਼, ਗੂੜ੍ਹੀ, ਚਮਕੀਲੀ ਅਤੇ ਸੁੱਚੀ ਭਾਹ ਵਾਲੀ ਹੁੰਦੀ ਹੈ। ਵਰੀ ਨੂੰ ਖ਼ਰੀਦਣ ਸਮੇਂ ਟੱਬਰ ਅਤੇ ਸ਼ਰੀਕੇ ਕਬੀਲੇ ਦੇ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਸਮਝੀ ਜਾਂਦੀ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.