ਦੁਆਬਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਆਬਾ [ਨਾਂਪੁ] ਦੋ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਵਿਚਕਾਰ ਦਾ ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੁਆਬਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਆਬਾ ਸੰਗ੍ਯਾ—ਦੋ ਜਲਾਂ ਦੇ ਮੱਧ ਦਾ ਦੇਸ਼. ਦੋ ਦਰਿਆਵਾਂ ਦੇ ਵਿਚਲਾ ਦੇਸ਼. ਦ੍ਵੀਪ। ੨ ਖਾਸ ਕਰਕੇ ਸਤਲੁਜ ਅਤੇ ਬਿਆਸ ਦੇ ਮੱਧ ਦਾ ਦੇਸ਼ । ੩ ਪੰਜਾਬ ਦੇ ਦੁਆਬਿਆਂ ਦੇ ਜੁਗਰਾਫੀਏ ਵਿੱਚ ਇਹ ਖਾਸ ਸੰਕੇਤ ਹਨ—ਬਿਸਤ, ਬਾਰੀ , ਰਚਨਾ , ਚਜ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਆਬਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੁਆਬਾ (ਇਲਾਕਾ): ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਾਲੇ ਵਾਲੇ ਖੇਤਰ ਨੂੰ ਆਮ ਤੌਰ ’ਤੇ ਦੁਆਬਾ ਕਿਹਾ ਜਾਂਦਾ ਹੈ। ਇਸ ਸ਼ਬਦ ਤੋਂ ਭਾਵ ਹੈ ਦੋ ਦਰਿਆਵਾਂ ਦਾ ਵਿਚਲਾ ਖੇਤਰ। ਇਹ ‘ਬਿਸਤ ਦੁਆਬ ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ ਅਤੇ ਕਦੇ ਕਦੇ ਇਸ ਨੂੰ ਜਲੰਧਰ ਦੁਆਬ ਵੀ ਕਹਿੰਦੇ ਸੁਣਿਆ ਗਿਆ ਹੈ। ਇਸ ਵਿਚ ਪੰਜਾਬ ਦੇ ਚਾਰ ਜ਼ਿਲ੍ਹੇ—ਜਲੰਧਰ, ਕਪੂਰਥਲਾ , ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ—ਸ਼ਾਮਲ ਹਨ। ਸ਼ਿਵਾਲਕ ਪਹਾੜੀਆਂ ਦੇ ਪੈਰਾਂ ਤੋਂ ਸ਼ੁਰੂ ਹੋਏ ਇਸ ਖੇਤਰ ਵਿਚ ਅਨੇਕ ਚੋਆਂ ਪੈਂਦੀਆਂ ਹਨ ਅਤੇ ਇਨ੍ਹਾਂ ਵਿਚ ਆਉਣ ਵਾਲੇ ਹੜ੍ਹਾਂ ਕਾਰਣ ਇਸ ਦੁਆਬ ਦੀ ਮਿੱਟੀ ਦੀ ਪਰਤ ਹਰ ਸਾਲ ਸਜਰੀ ਹੁੰਦੀ ਰਹਿੰਦੀ ਹੈ। ਇਸ ਕਰਕੇ ਜ਼ਮੀਨ ਬਹੁਤ ਜ਼ਰਖ਼ੇਜ਼ ਹੈ। ਪਰ ਜ਼ਮੀਨ ਘਟ ਅਤੇ ਆਬਾਦੀ ਜ਼ਿਆਦਾ ਹੋਣ ਕਾਰਣ ਜਿਥੇ ਇਥੋਂ ਦੇ ਲੋਕਾਂ ਨੇ ਚੱਪਾ ਚੱਪਾ ਧਰਤੀ ਵਾਹੀ-ਯੋਗ ਬਣਾ ਲਈ , ਉਥੇ ਲੋਕੀਂ ਆਪਣੀ ਰੋਜ਼ੀ ਰੋਟੀ ਲਈ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਵੀ ਮਜਬੂਰ ਹੋ ਗਏ।

            ਸਿੱਖ ਇਤਿਹਾਸ ਵਿਚ ਇਸ ਖੇਤਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿਚਲੇ ਸੁਲਤਾਨਪੁਰ ਲੋਧੀ ਨਗਰ ਵਿਚ ਗੁਰੂ ਨਾਨਕ ਦੇਵ ਜੀ ਨੇ ਰਹਿ ਕੇ ਧਰਮ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ਦੀ ਜੁਗਤ ਬਣਾਈ ਅਤੇ ਵੇਈਂ ਵਿਚ ਪ੍ਰਵੇਸ਼ ਕਰਨ ਅਤੇ ਉਸ ਨਦੀ ਵਿਚ ਤਿੰਨ ਦਿਨ ਰਹਿਣ ਦੌਰਾਨ ਹੋਏ ਬ੍ਰਹਮ-ਸਾਖਿਆਤਕਾਰ ਤੋਂ ਬਾਦ ਆਪ ਉਦਾਸੀਆਂ ਉਤੇ ਚਲ ਪਏ। ਇਸੇ ਖੇਤਰ ਵਿਚ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ। ਇਸ ਖੇਤਰ ਵਿਚ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਜੀ, ਗੁਰੂ ਹਰਰਿਾਇ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਅਨੇਕ ਪ੍ਰਚਾਰਫੇਰੀਆਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਬਾਬਾ ਬੰਦਾ ਬਹਾਦਰ ਤੋਂ ਬਾਦ ਇਸ ਖੇਤਰ ਦੇ ਸਿੰਘਾਂ ਨੇ ਮਾਝੇ ਦੇ ਸਿੰਘਾਂ ਨਾਲ ਮਿਲ ਕੇ ਮੁਗ਼ਲ ਸਾਮਰਾਜ ਤੋਂ ਮੁਕਤੀ ਹਾਸਲ ਕਰਨ ਦਾ ਜੋ ਅੰਦੋਲਨ ਆਰੰਭ ਕੀਤਾ, ਉਹ ਆਪਣੀ ਮਿਸਾਲ ਆਪ ਹੈ। ਸਿੱਖ ਮਿਸਲਾਂ ਦੀ ਗਤਿਵਿਧੀ ਇਸ ਖੇਤਰ ਵਿਚ ਕਾਫ਼ੀ ਵਿਆਪਕ ਰਹੀ। ਸ. ਜੱਸਾ ਸਿੰਘ ਆਹਲੂਵਾਲੀਆਂ ਨੇ ਸਿੱਖਾਂ ਦੀ ਮਹੱਤਵਪੂਰਣ ਕਪੂਰਥਲਾ ਰਿਆਸਤ ਇਸੇ ਖੇਤਰ ਵਿਚ ਕਾਇਮ ਕੀਤੀ।

            ਉਨ੍ਹੀਵੀਂ ਸਦੀ ਦੇ ਅੰਤ ਵਿਚ ਇਸ ਖੇਤਰ ਦੇ ਸਿੱਖ ਕੈਨੇਡਾ ਅਤੇ ਅਮਰੀਕਾ ਵਲ ਜਾਣੇ ਸ਼ੁਰੂ ਹੋਏ, ਜਿਨ੍ਹਾਂ ਨੇ ਗ਼ਦਰ ਪਾਰਟੀ ਦੀ ਸਥਾਪਨਾ ਕਰਕੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਲਿਆ। ਬਬਰ ਅਕਾਲੀ ਲਹਿਰ ਦਾ ਜਨਮ ਇਸੇ ਇਲਾਕੇ ਵਿਚ ਹੋਇਆ। ਇਸ ਇਲਾਕੇ ਦੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਹਰਨਾਮ ਸਿੰਘ ਕੋਟਲਾ ਨੌਧ ਸਿੰਘ, ਪਿਆਰਾ ਸਿੰਘ ਲਿੰਗੇਰੀ ਅਤੇ ਸ਼ਿਵ ਸਿੰਘ ਕੋਟਲਾ ਨੂੰ ਉਮਰ ਕੈਦ ਹੋਈ। ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਬੀਰ ਸਿੰਘ ਬਾਹੋਵਾਲ ਅਤੇ ਰੰਗਾ ਸਿੰਘ ਖ਼ੁਰਦਪੁਰ ਨੂੰ ਫਾਂਸੀ ਦੀ ਸਜ਼ਾ ਹੋਈ। ਤੀਜੇ ਲਾਹੌਰ ਸਾਜ਼ਿਸ਼ ਕੇਸ ਵਿਚ ਬਲਵੰਤ ਸਿੰਘ ਕੈਨੇਡੀਅਨ ਖ਼ੁਰਦਪੁਰ ਅਤੇ ਰੂੜ ਸਿੰਘ ਸੰਗਵਾਲ ਨੂੰ ਫਾਂਸੀ ਦੀ ਸਜ਼ਾ ਹੋਈ ਅਤੇ ਵਤਨ ਸਿੰਘ ਕਾਹਰੀ, ਮੁਨਸ਼ਾ ਸਿੰਘ ਜੰਡਿਆਲਾ ਨੂੰ ਉਮਰ ਕੈਦ ਹੋਈ। ਇਸ ਤਰ੍ਹਾਂ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਦੌਰਾਨ ਭਾਰਤ ਦੀ ਆਜ਼ਾਦੀ ਲਈ ਦੁਆਬੀਏ ਸਿੱਖਾਂ ਦੁਆਰਾ ਦਿੱਤੀ ਕੁਰਬਾਨੀ ਭਾਰਤ ਦੇ ਇਤਿਹਾਸ ਦੀ ਲਹੂ-ਭਿੰਨੀ ਗਾਥਾ ਹੈ। ਦੇਸ਼ ਲਈ ਦਿੱਤੀਆਂ ਇਨ੍ਹਾਂ ਕੁਰਬਾਨੀਆਂ ਦਾ ਸਿਖਰ ਭਗਤ ਸਿੰਘ ਨੇ ਆਪਣੀ ਸ਼ਹਾਦਤ ਨਾਲ ਛੋਹਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.