ਦੁਸਹਿਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੁਸਹਿਰਾ: ਦੁਸਹਿਰਾ ਵਿਜੈ ਦਸ਼ਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਮਰਯਾਦਾ ਪ੍ਰਸ਼ੋਤਮ ਰਾਮ ਚੰਦਰ ਦੇ ਪਿਤਾ ਵੱਲੋਂ ਮਿਲੇ ਚੌਦਾਂ ਸਾਲ ਦੇ ਬਨਵਾਸ ਦੌਰਾਨ ਰਾਵਣ ਦੁਆਰਾ ਸੀਤਾ-ਹਰਨ ਦੀ ਅਵੱਗਿਆ ਬਦਲੇ ਦਸ ਸੀਸਧਾਰੀ ਰਾਵਣ ਦਾ ਸੰਘਾਰ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਕਾਰਨ ਇਸ ਤਿਉਹਾਰ ਨੂੰ ਕੂੜ ਉੱਤੇ ਸੱਚ ਅਤੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ।

     ਸ਼ਹਿਰਾਂ ਦੇ ਟਾਕਰੇ ਪਿੰਡਾਂ ਵਿੱਚ ਇਸ ਤਿਉਹਾਰ ਦਾ, ਰਾਵਣ, ਮੇਘ ਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣ ਵਾਲੇ ਰੂਪ ਵਜੋਂ ਅਭਾਵ ਵੀ ਹੈ, ਜਦ ਕਿ ਸ਼ਹਿਰਾਂ ਵਿੱਚ ਪੁਤਲੇ ਸਾੜਨ ਨੂੰ ‘ਰਾਵਣ-ਦਹਨ` ਦੇ ਰੂਪ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸਭ ਤੋਂ ਵਿਸ਼ੇਸ਼ ਰਸਮ ਸ੍ਰਾਧ ਮੁੱਕਣ ਤੋਂ ਪਿੱਛੋਂ ਨਵਰਾਤਰੇ (ਨੌਰਾਤੇ) ਸ਼ੁਰੂ ਹੋਣ ਵਾਲੇ ਦਿਨ ਕੁਆਰੀਆਂ ਕੰਨਿਆਵਾਂ ਵੱਲੋਂ ਮਿੱਟੀ ਦੀਆਂ ਝੱਕਰੀਆਂ ਵਿੱਚ ਟੋਭੇ ਆਦਿ ਤੋਂ ਸੁੱਚੀ ਮੱਟੀ ਲਿਆ ਕੇ ਜੌਂਆਂ ਦੀ ਖੇਤਰੀ ਬੀਜਣਾ ਹੈ। ਜੋ ਦੁਸਹਿਰੇ ਵਾਲੇ (ਦਸਵੇਂ) ਦਿਨ ਭੈਣਾਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦੇ ਕੇਸਾਂ, ਪਗੜੀਆਂ, ਕੰਨਾਂ ਪਿੱਛੇ ਜਾਂ ਜੇਬ ਆਦਿ ਤੇ ਟੰਗ ਕੇ ਉਹਨਾਂ ਦੀ ਲੰਮੇਰੀ ਉਮਰ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੀਆਂ ਹਨ।

     ਦੁਸਹਿਰਾ ਤਿਉਹਾਰ ਦੀ ਇੱਕ ਹੋਰ ਮਹੱਤਵਪੂਰਨ ਰੀਤ, ਰਾਮ ਚੰਦਰ ਨੂੰ ਮਤੇਈ ਮਾਂ ਕੇਕਈ ਦੇ ਕਹਿਣ `ਤੇ ਪਿਤਾ ਵੱਲੋਂ ਮਿਲੇ ਚੌਦਾਂ ਸਾਲ ਦੇ ਬਨਵਾਸ ਦੀ ਘਟਨਾ ਤੋਂ ਲੈ ਕੇ ਰਾਵਣ ਦੇ ਸੰਘਾਰ ਉਪਰੰਤ ਅਯੁੱਧਿਆ ਪੁੱਜਣ ਤੱਕ ਦੀ ਇਤਿਹਾਸਿਕ ਝਾਕੀ ਨੂੰ ਰਾਮ ਲੀਲ੍ਹਾ ਨਾਟ-ਸ਼ੈਲੀ ਵਿੱਚ ਦੁਸਹਿਰੇ ਤੋਂ ਪਹਿਲੀਆਂ ਨੌਂ ਰਾਤਾਂ ਵਿੱਚ ਪੇਸ਼ ਕਰਨਾ ਹੈ। ਰਾਮ ਲੀਲ੍ਹਾ ਦੀ ਇਹ ਨਾਟ-ਸ਼ੈਲੀ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਵਿਭਿੰਨ ਨਾਟ ਰੂਪਾਂ ਵਿੱਚ ਪ੍ਰਚਲਿਤ ਹੈ ਪਰ ਸਭ ਦਾ ਮੁੱਖ ਆਸ਼ਾ ਰਾਮ ਚੰਦਰ, ਸੀਤਾ ਅਤੇ ਲਛਮਣ ਨੂੰ ਬਨਵਾਸ ਦੌਰਾਨ ਪੇਸ਼ ਆਈਆਂ ਦੁਸ਼ਵਾਰੀਆਂ ਅਤੇ ਜਿੱਤਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਰਾਮ ਲੀਲ੍ਹਾ ਦੀ ਪ੍ਰਸਿੱਧ ਨਾਟ ਸ਼ੈਲੀ ਪਿੱਠਵਰਤੀ ਦ੍ਰਿਸ਼ ਅੰਕਿਤ ਪਰਦੇ ਲਗਾ ਕੇ, ਪਰੰਪਰਾਗਤ ਵੇਸ਼ ਭੂਸ਼ਾ ਸਹਿਤ ਕਾਵਿਕ ਭਾਸ਼ਾ ਦੁਆਰਾ ਅਭਿਨੈ ਕਰਦੇ ਹੋਏ ਮੰਚ `ਤੇ ਪੇਸ਼ ਕੀਤੀ ਜਾਂਦੀ ਹੈ।

     ਇਹ ਪ੍ਰਸਿੱਧ ਕਾਵਿ-ਨਾਟ ਰਚਨਾ ਰਿਸ਼ੀ ਬਾਲਮੀਕ ਰਚਿਤ ਰਾਮਾਇਣ, ਤੁਲਸੀ ਰਚਿਤ ਰਾਮ ਚਰਿਤ ਮਾਨਸ ਤੇ ਆਧਾਰਿਤ ਸਥਾਨਿਕ ਨਾਟਕਕਾਰਾਂ ਦੁਆਰਾ ਸੰਪਾਦਿਤ ਦ੍ਰਿਸ਼ਾਂ ਅਨੁਸਾਰ ਖੇਡੀ ਜਾਂਦੀ ਹੈ, ਜਿਸ ਵਿੱਚ ਨਾ-ਮਾਤਰ ਪਾਠ ਭੇਦ ਹੋਣ ਦੇ ਬਾਵਜੂਦ ਸਮੁੱਚੀ ਕਥਾ ਦਾ ਮੂਲ ਬਿਰਤਾਂਤ ਇੱਕੋ ਜਿਹਾ ਹੁੰਦਾ ਹੈ। ਪਰ ਇਹ ਕਾਵਿ-ਨਾਟ ਇਸ ਢੰਗ ਨਾਲ ਵਿਉਂਤਿਆ ਜਾਂਦਾ ਹੈ ਕਿ ਰਾਵਣ ਨਾਲ ਲੜਾਈ ਦਾ ਅੰਤਿਮ ਭਾਗ ਦੁਸਹਿਰੇ ਵਾਲੇ ਦਿਨ ਖੇਡਿਆ ਜਾ ਸਕੇ। ਪੰਜਾਬ ਅਤੇ ਹਰਿਆਣੇ ਦੀਆਂ ਬਹੁਤੀਆਂ ਨਾਟ-ਮੰਡਲੀਆਂ ਹਰਿਆਣਵੀ ਕਵੀ ਜਸਵੰਤ ਸਿੰਘ ਰਚਿਤ ਰਾਮਾਇਣ ਪਾਠ ਤੇ ਆਧਾਰਿਤ ਰਾਮ ਲੀਲ੍ਹਾ ਖੇਡਦੀਆਂ ਹਨ।

     ਰਾਮ ਲੀਲ੍ਹਾ ਨਾਟ ਮੰਡਲੀਆਂ ਵਿੱਚ ਅਭਿਨੈ ਕਰਨ ਵਾਲੇ ਕਲਾਕਾਰ ਸਥਾਨਿਕ ਹੁੰਦੇ ਹਨ ਜੋ ਦਿਨ ਵੇਲੇ ਵਿਵਸਾਇ (ਰੋਟੀ-ਰੋਜ਼ੀ) ਲਈ ਆਪੋ-ਆਪਣਾ ਧੰਦਾ ਕਰ ਕੇ ਰਾਤ ਸਮੇਂ ਪਰੰਪਰਾਗਤ ਰੂਪ-ਸੱਜਾ ਅਤੇ ਵੇਸ਼- ਭੂਸ਼ਾ ਸਹਿਤ ਅਭਿਨੈ ਕਰਦੇ ਹਨ, ਜਿਸ ਨੂੰ ਹਰ ਸਾਲ ਵੇਖੇ ਜਾਣ ਦੇ ਬਾਵਜੂਦ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਦੇ ਹੋਏ ਪ੍ਰਾਚੀਨ ਇਤਿਹਾਸ ਨੂੰ ਯਾਦ ਕਰਨਾ ਪੁਰਸ਼ਾਰਥ ਦਾ ਕਾਰਜ ਸਮਝਦੇ ਹਨ। ਇਸ ਪ੍ਰਕਾਰ ਦੁਸਹਿਰੇ ਦਾ ਤਿਉਹਾਰ ਇੱਕ ਤਰ੍ਹਾਂ ਨਿਸ਼ਚਿਤ ਦਿਨ ਤੋਂ ਨੌਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ।

     ਰਾਮ ਲੀਲ੍ਹਾ ਦਾ ਅੰਤਿਮ ਭਾਗ ਸਟੇਜ ਦੀ ਥਾਂ ਰਾਵਣ ਮੇਘਨਾਦ ਅਤੇ ਕੁੰਭਕਰਨ ਦੇ ਮੈਦਾਨ ਵਿੱਚ ਬਣਾਏ ਪੁਤਲਿਆਂ ਨੇੜੇ ਖੇਡਿਆ ਜਾਂਦਾ ਹੈ ਜਿੱਥੇ ਰਾਮ ਚੰਦਰ ਲਛਮਣ ਅਤੇ ਉਹਨਾਂ ਦੀ ਸਹਿਯੋਗੀ, ਰਾਵਣ ਸੈਨਾ ਦਾ ਸੰਘਾਰ ਕਰਦੇ ਹੋਏ ਪੁਤਲਿਆਂ ਨੇੜੇ ਪੁੱਜਦੇ ਹਨ ਅਤੇ ਰਾਮ ਦੇ ਅਗਨ ਬਾਣ ਨਾਲ ਤਿੰਨਾਂ ਪੁਤਲਿਆਂ ਨੂੰ ਅੱਗ ਲਗਾਉਣ ਦਾ ਦ੍ਰਿਸ਼ ਪੇਸ਼ ਕਰਦੇ ਹਨ। ਪੁਤਲਿਆਂ ਵਿੱਚ ਕਈ ਪ੍ਰਕਾਰ ਦੀ ਆਤਸ਼ਬਾਜ਼ੀ ਭਰੀ ਹੋਣ ਕਾਰਨ ਪਟਾਖ਼ਿਆਂ ਦੀ ਗੋਲਾਬਾਰੀ ਵਰਗੀ ਅਵਾਜ਼ ਅਤੇ ਸ਼ੁਰਲੀਆਂ ਹਵਾਈਆਂ ਦੇ ਅਸਮਾਨੀ ਚੜ੍ਹਨ ਨਾਲ ਪੂਰਾ ਆਲਾ-ਦੁਆਲਾ ਅਤੇ ਅੰਬਰ ਗੂੰਜ ਉੱਠਦਾ ਹੈ, ਜਿਸ ਨੂੰ ਬੱਚੇ ਬੁੱਢੇ ਸਭ ਦਿਲਚਸਪੀ ਨਾਲ ਵੇਖਦੇ ਹਨ। ਪਹਿਲੇ ਸਮਿਆਂ ਵਿੱਚ ਦੁਸਹਿਰੇ ਵਾਲੇ ਦਿਨ ਰਾਜੇ-ਮਹਾਰਾਜੇ ਜਲੂਸ ਦੀ ਸ਼ਕਲ ਵਿੱਚ ਦੁਸਹਿਰੇ ਦਾ ਰਾਵਣ-ਦਹਨ ਬੜੀ ਸ਼ਾਨੋ-ਸੌਕਤ ਨਾਲ ਵੇਖਣ ਆਇਆ ਕਰਦੇ ਸਨ। ਇਸ ਪੱਖੋਂ ਕੁੱਲੂ ਦਾ ਦੁਸਹਿਰਾ ਅੱਜ ਵੀ ਪ੍ਰਸਿੱਧ ਹੈ। ਆਏ ਹੋਏ ਲੋਕਾਂ ਵੱਲੋਂ ਪੁਤਲਿਆਂ ਦੀਆਂ ਸੜੀਆਂ ਬਾਂਸ ਦੀਆਂ ਲੱਕੜੀਆਂ ਨੂੰ ਰਾਵਣ (ਜੋ ਚਾਰ ਵੇਦਾਂ ਦਾ ਟੀਕਾਕਾਰ ਪੰਡਤ ਅਤੇ ਕਾਲ ਨੂੰ ਮੰਜੀ ਦੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਾਲਾ ਬੁੱਧੀਮਾਨ ਸੀ) ਦੀਆਂ ਅਸਥੀਆਂ ਦੇ ਰੂਪ ਵਿੱਚ ਘਰ ਲੈ ਜਾਣਾ ਮਹਾਤਮ ਸਮਝਦੇ ਹਨ। ਬੱਚਿਆਂ ਲਈ ਦੁਸਹਿਰੇ ਦਾ ਤਿਉਹਾਰ ਮੇਲੇ ਦੇ ਰੂਪ ਵਰਗਾ ਹੁੰਦਾ ਹੈ।


ਲੇਖਕ : ਅਮਨਦੀਪ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੁਸਹਿਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਸਹਿਰਾ [ਨਾਂਪੁ] ਵੇਖੋ ਦਸਹਿਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੁਸਹਿਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੁਸਹਿਰਾ : ਦੁਸਹਿਰਾ ਜਾਂ ਵਿਜੈ-ਦਸ਼ਮੀ ਭਾਰਤ ਵਾਸੀਆਂ ਦਾ ਰਾਸ਼ਟਰੀ ਤਿਉਹਾਰ ਹੈ ਜਿਹੜਾ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵੱਜੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਜਸ਼ਨ ਦਸ ਦਿਨ ਅਤੇ ਰਾਤ ਮਨਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਪਹਿਲੀਆਂ ਨੌਂ ਰਾਤਾਂ ‘ਨਵਰਾਤਰੀ’ ਕਹਾਉਂਦੀਆਂ ਹਨ। ਇਹ ਰਾਤਾਂ ਕੁਝ ਥਾਵਾਂ ਤੇ ਦੁਰਗਾ ਦੇ ਕਈ ਪਹਿਲੂਆਂ ਦੀ ਪੂਜਾ ਅਤੇ ਕਈ ਥਾਵਾਂ ਤੇ ਲੱਛਮੀ ਅਤੇ ਸਰਸਵਤੀ ਦੀ ਪੂਜਾ ਲਈ ਸਮਰਪਿਤ ਹਨ। ਉੱਤਰੀ ਭਾਰਤ ਵਿਚ ਦੁਸਹਿਰੇ ਦੇ ਸਾਰੇ ਦਸ ਦਿਨ ਰਾਤ ਨੂੰ ਰਾਮਲੀਲਾ ਖੇਡੀ ਜਾਂਦੀ ਹੈ ਜਿਸ ਵਿਚ ਰਾਮਾਇਣ ਦੀ ਕਥਾ ਨੂੰ ਨਾਟਕੀ ਰੰਗ ਦਿੱਤਾ ਗਿਆ ਹੁੰਦਾ ਹੈ । ਇਸ ਵਿਚ ਅਖ਼ੀਰਲੇ ਦਿਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ।

ਰਾਮਾਇਣ ਮਹਾਂਕਾਵਿ ਦੀ ਕਹਾਣੀ ਤੋਂ ਲਗਭਗ ਸਭ ਜਾਣੂ ਹਨ। ਯੁਵਰਾਜ ਰਾਮ ਅਤੇ ਉਸ ਦਾ ਛੋਟਾ ਭਰਾ ਯੁਵਰਾਜ ਲਛਮਣ ਸ਼ਹਿਜ਼ਾਦੀ ਸੀਤਾ ਦੀ ਰਿਹਾਈ ਲਈ ਲੰਕਾ ਗਏ ਕਿਉਂਕਿ ਸੀਤਾ ਨੂੰ ਲੰਕਾ ਦੇ ਰਾਜਾ ਰਾਵਣ ਨੇ ਅਗਵਾ ਕਰ ਲਿਆ ਸੀ। ਇਨ੍ਹਾਂ ਯੁਵਰਾਜਾਂ ਦੀ ਸਹਾਇਤਾ ਲਈ ਇਨ੍ਹਾਂ ਨਾਲ ਹਨੂਮਾਨ ਜੀ ਅਤੇ ਉਸ ਦੀ ਸੈਨਾ ਵੀ ਗਈ ਸੀ। ਇਨ੍ਹਾਂ ਵਿਚਕਾਰ ਦਸ ਦਿਨ ਤਕ ਯੁੱਧ ਚਲਦਾ ਰਿਹਾ। ਆਖ਼ਰਕਾਰ ਮੇਘਨਾਦ (ਰਾਵਣ ਦਾ ਪੁੱਤਰ) ਕੁੰਭਕਰਣ, (ਰਾਵਣ ਦਾ ਭਰਾ) ਅਤੇ ਰਾਵਣ ਖ਼ੁਦ ਮਾਰੇ ਗਏ ਅਤੇ ਸ੍ਰੀ ਰਾਮਚੰਦਰ ਜੀ ਦੀ ਜਿੱਤ ਹੋ ਗਈ। ਸੀਤਾ ਸਮੇਤ ਇਹ ਸਾਰੇ ਬੜੀ ਧੂਮਧਾਮ ਨਾਲ ਅਯੁੱਧਿਆ ਪਰਤੇ ।

ਜਦੋਂ ਬਰਸਾਤਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਫ਼ਸਲਾ ਕੱਟਣ ਅਤੇ ਇਕੱਠੀਆਂ ਕਰਨ ਉਪਰੰਤ ਹਰ ਕੋਈ ਰਾਮਲੀਲਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ। ਪਿੰਡਾਂ ਵਿਚ ਪੰਚਾਇਤ ਹਰ ਘਰ ਵਿਚੋਂ ਉਗਰਾਹੀ ਕਰ ਕੇ ਸਥਾਨਕ ਮੰਡਲੀਆਂ ਬਣਾਉਂਦੀ ਹੈ ਜਿਹੜੀਆਂ ਰਾਮਲੀਲਾ ਦੀ ਤਿਆਰੀ ਲਈ ਰਿਹਰਸਲਾਂ ਸ਼ੁਰੂ ਕਰ ਦਿੰਦੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਮੈਦਾਨਾਂ ਵਿਚ ਸਟੇਜ ਬਣਾ ਕੇ ਸ਼ਾਮ ਨੂੰ ਦਸ ਦਿਨ ਲਗਾਤਾਰ ਰਾਮਾਇਣ ਦੀਆਂ ਮੁੱਖ ਘਟਨਾਵਾਂ ਨਾਟਕੀ ਰੂਪ ਵਿਚ ਖੇਡੀਆਂ ਜਾਂਦੀਆਂ ਹਨ। ਅਖ਼ੀਰਲੇ ਦਿਨ ਬਾਂਸਾਂ, ਕਾਗਜ਼ਾਂ , ਘਾਹ-ਫੂਸ ਅਤੇ ਪਟਾਕਿਆਂ ਨਾਲ ਭਰ ਕੇ ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਵੱਡੇ ਵੱਡੇ ਪੁਤਲੇ ਮੈਦਾਨ ਵਿਚ ਖੜ੍ਹੇ ਕੀਤੇ ਜਾਂਦੇ ਹਨ ਅਤੇ ਸੂਰਜ ਡੁੱਬਣ ਵੇਲੇ ਇਨ੍ਹਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ।

ਇਸ ਤਿਉਹਾਰ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਸਿਰ ਵਿਚ ਜੌਂਟੰਗਦੀਆਂ ਹਨ। ਇਨ੍ਹਾਂ ਦਿਨਾਂ ਵਿਚ ਕਿਸਾਨ ਆਪਣੇ ਖੇਤ ਦੀ ਸੁਨਹਿਰੀ ਫ਼ਸਲ ਨੂੰ ਅਨਾਜ ਦੇ ਰੂਪ ਵਿਚ ਆਪਣੇ ਘਰ ਲਿਆ ਕੇ ਭਗਵਾਨ ਰਾਮ ਚੰਦਰ ਜੀ ਦੀ ਪੂਜਾ ਕਰਦੇ ਹਨ। ਇਸ ਤਿਉਹਾਰ ਦਾ ਉਦੇਸ਼ ਇਹ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਬੁਰਾਈਆਂ ਦਾ ਡਟ ਕੇ ਮੁਕਾਬਲਾ ਕਰੀਏ ਅਤੇ ਇਨ੍ਹਾਂ ਉੱਤੇ ਜਿੱਤ ਪ੍ਰਾਪਤ ਕਰੀਏ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-12-15-45, ਹਵਾਲੇ/ਟਿੱਪਣੀਆਂ: ਹ. ਪੁ. –ਛੈ. ਇੰਡ. : 62. ਭਾ. ਤਿ. -ਸੁਰੇਸ਼ ਚੰਦਰ ਸ਼ਰਮਾ; ਹਿੰ. ਤਿ. : 15; ਰੰਗ ਰੰਗੀਲੇ ਯੇ ਤਿਉਹਾਰ : 17

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.