ਦੋ-ਪੱਖਤਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦੋ-ਪੱਖਤਾ: ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿਚ ਇਸ ਸੰਕਲਪ ਦੀ ਵਰਤੋਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਵਜੋਂ ਕੀਤੀ ਜਾਂਦੀ ਹੈ। ਮਨੁੱਖੀ ਭਾਸ਼ਾ ਦੀ ਬਣਤਰ ਦੋ ਪੱਖਤਾ ’ਤੇ ਅਧਾਰਤ ਹੁੰਦੀ ਹੈ ਜਦੋਂ ਕਿ ਗੈਰ-ਮਨੁੱਖੀ ਭਾਸ਼ਾ ਵਿਚ ਦੋ ਪੱਖਤਾ ਨਹੀਂ ਹੁੰਦੀ। ਦੋ-ਪੱਖਤਾ ਨਾਲ ਹੀ ਭਾਸ਼ਾ ਦੀਆਂ ਇਕਾਈਆਂ ਦੀ ਸਿਰਜਨਾ ਕੀਤੀ ਜਾਂਦੀ ਹੈ ਇਸ ਕਰਕੇ ਪਸ਼ੂਆਂ ਦੀ ਭਾਸ਼ਾ ਵਿਚ ਸਿਰਜਨਾਤਮਕਤਾ ਨਹੀਂ ਹੁੰਦੀ। ਦੋ-ਪੱਖਤਾ ਦਾ ਪਹਿਲਾ ਪੱਖ ਉਚਾਰ ਨਾਲ ਸਬੰਧਤ ਹੈ ਜਿਸ ਨੂੰ ਭਾਸ਼ਾ ਦਾ ਧੁਨਾਤਮਕ ਪੱਖ ਕਿਹਾ ਜਾਂਦਾ ਹੈ। ਹਰ ਇਕ ਭਾਸ਼ਾ ਵਿਚ ਧੁਨੀਆਂ (Phonemes) ਦੀ ਗਿਣਤੀ ਸੀਮਤ ਹੁੰਦੀ ਹੈ ਪਰ ਇਨ੍ਹਾਂ ਸੀਮਤ ਧੁਨੀਆਂ ਨਾਲ ਅਸੀਮਤ ਭਾਂਤ ਦੀਆਂ ਸ਼ਬਦ ਸਿਰਜਨਾਵਾਂ ਕੀਤੀਆਂ ਜਾ ਸਕਦੀਆਂ ਹਨ। ਇਕੋ ਹੀ ਧੁਨੀ ਵੱਖੋ ਵੱਖਰੇ ਪਰਬੰਧਾਂ ਵਿਚ ਵਿਚਰ ਕੇ ਵੱਖਰੇ ਅਰਥਾਂ ਦਾ ਸੰਚਾਰ ਕਰਨ ਵਿਚ ਸਹਾਈ ਹੁੰਦੀ ਹੈ, ਜਿਵੇਂ : ਪਲ, ਫਲ, ਬਲ ਵਿਚ (ਲ) ਧੁਨੀ ਵੱਖਰੇ ਅਰਥਾਂ ਦੀ ਸਿਰਜਕ ਹੈ। ਭਾਸ਼ਾ ਦਾ ਦੂਜਾ ਪੱਖ ਧੁਨੀਆਂ ਦਾ ਸ਼ਬਦਾਂ ਵਿਚ ਵਿਚਰਨਾ ਅਤੇ ਉਨ੍ਹਾਂ ਸ਼ਬਦਾਂ ਨੂੰ ਹੋਰ ਵੱਡੀਆਂ ਇਕਾਈਆਂ ਵਿਚ ਵਰਤੇ ਜਾਣ ਨਾਲ ਸਬੰਧਤ ਹੈ। ਭਾਸ਼ਾ ਵਿਚ ਸ਼ਬਦਾਂ ਦੀ ਗਿਣਤੀ ਨੂੰ ਵੀ ਕਿਸੇ ਹੱਦ ਤੱਕ ਗਿਣਿਆ ਜਾ ਸਕਦਾ ਹੈ ਪਰ ਸ਼ਬਦਾਂ ਦੀ ਵਾਕਾਂ ਜਾਂ ਇਸ ਵਰਗੀਆਂ ਹੋਰ ਇਕਾਈਆਂ ਵਿਚ ਵਰਤੋਂ ਅਸੀਮਤ ਹੁੰਦੀ ਹੈ। ਇਸ ਭਾਂਤ ਦੇ ਭਾਸ਼ਾਈ ਵਰਤਾਰੇ ਨੂੰ ਭਾਸ਼ਾ ਦਾ ਦੂਜਾ ਪੱਖ ਕਿਹਾ ਜਾਂਦਾ ਹੈ। ਐਂਦਰੇ ਮਾਰਤੀਤੇ ਨੇ ਇਸ ਸੰਕਲਪ ਨੂੰ Double Articulation ਕਿਹਾ ਹੈ ਜਦੋਂ ਕਿ ਪਹਿਲਾ ਉਚਾਰਨ, ਉਚਾਰਨ ਧੁਨਾਤਮਕਤਾ ਨਾਲ ਅਤੇ ਦੂਜਾ ਉਚਾਰਨ ਰੂਪ ਜਾਂ ਵਾਕਾਤਮਕਤਾ ਨਾਲ ਸਬੰਧਤ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.