ਦੋ-ਭਾਸ਼ਾਈਵਾਦ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਦੋ-ਭਾਸ਼ਾਈਵਾਦ: ਇਸ ਸੰਕਲਪ ਦੀ ਵਰਤੋਂ ਸਮਾਜ ਭਾਸ਼ਾ ਵਿਗਿਆਨ ਅਤੇ ਐਪਲਾਈਡ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਸਮਾਜ ਭਾਸ਼ਾ ਵਿਗਿਆਨ ਵਿਚ ਇਸ ਨੂੰ ਦਰਜਾਬੰਦੀ ਦੇ ਅਧਾਰ ’ਤੇ ਵੇਖਿਆ ਜਾਂਦਾ ਹੈ। ਜਦੋਂ ਕਿ ਐਪਲਾਈਡ ਭਾਸ਼ਾ ਵਿਗਿਆਨ ਵਿਚ ਦੂਜੀ ਜਾਂ ਵਿਦੇਸ਼ੀ ਭਾਸ਼ਾ ਸਿਖਲਾਈ ਲਈ ਵਰਤਿਆ ਜਾਂਦਾ ਹੈ। ਇਸ ਸੰਕਲਪ ਦੇ ਚੌਖਟੇ ਤੋਂ ਪਹਿਲਾਂ ਆਮ ਤੌਰ ਤੇ ਇਹ ਸਮਝਿਆ ਜਾਂਦਾ ਸੀ ਕਿ ਜੇਕਰ ਕੋਈ ਵਿਅਕਤੀ ਦੋ ਭਾਸ਼ਾਵਾਂ ਦੀ ਮੁਹਾਰਤ ਰੱਖਦਾ ਹੈ ਤਾਂ ਉਸ ਸਥਿਤੀ ਨੂੰ ਦੋ-ਭਾਸ਼ਾਈਵਾਦ ਅਤੇ ਤਿੰਨ ਭਾਸ਼ਾਵਾਂ ਜਾਣਨ ਵਾਲੇ ਲਈ ਤਿੰਨ-ਭਾਸ਼ਾਈਵਾਦ ਸੰਕਲਪਦੀ ਵਰਤੋਂ ਕੀਤੀ ਜਾਂਦੀ ਸੀ। ਦੋ-ਭਾਸ਼ਾਈਵਾਦ ਦਾ ਮੁੱਦਾ ਕੇਵਲ ਦੋ ਭਾਸ਼ਾਵਾਂ ਦੇ ਜਾਣਨ ਨਾਲ ਜੁੜਿਆ ਹੋਇਆ ਨਹੀਂ ਸਗੋਂ ਇਸ ਦਾ ਸਬੰਧ ਦੋ-ਭਾਸ਼ਾਈ ਸਥਿਤੀ ਨਾਲ ਹੈ ਭਾਵ ਕੋਈ ਵਿਅਕਤੀ ਕਿਸ ਪੱਧਰ ’ਤੇ ਦੋ ਭਾਸ਼ਾਵਾਂ ਦੀ ਵਰਤੋਂ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਸਥਿਤੀ ਨੂੰ ਦਰਸਾਉਣ ਲਈ ਕਈ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੋਆਡੀਨੇਟ ਸਥਿਤੀ ਦੇ ਅੰਤਰਗਤ ਉਨ੍ਹਾਂ ਭਾਸ਼ਾਈ ਬੁਲਾਰਿਆਂ ਨੂੰ ਰੱਖਿਆ ਜਾਂਦਾ ਹੈ ਜਿਹੜੇ ਦੋ ਭਾਸ਼ਾਵਾਂ ਵਿਚ ਇਕੋ ਜਿਹੀ ਸਮਰੱਥਾ ਰੱਖਦੇ ਹਨ। ਸੁਬਾਰਡੀਨੇਟ ਭਾਸ਼ਾਈ ਸਥਿਤੀ ਦੇ ਅੰਤਰਗਤ ਉਨ੍ਹਾਂ ਦੋ ਭਾਸ਼ਾਵਾਂ ਨੂੰ ਰੱਖਿਆ ਜਾਂਦਾ ਹੈ ਜਿਸ ਵਿਚੋਂ ਕੋਈ ਵਿਅਕਤੀ ਇਕ ਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਰੱਖਦਾ ਹੈ ਜਦੋਂ ਕਿ ਦੂਜੀ ਭਾਸ਼ਾ ਨੂੰ ਵਰਤਣ ਦੀ ਸਮਰੱਥਾ ਤਾਂ ਹੁੰਦੀ ਹੈ ਪਰ ਉਸ ਉਪਰ ਉਸ ਦੀ ਪੂਰੀ ਮੁਹਾਰਤ ਨਹੀਂ ਹੁੰਦੀ। ਇਸ ਪਰਕਾਰ ਦੀ ਸਥਿਤੀ ਉਸ ਵਕਤ ਪੈਦਾ ਹੁੰਦੀ ਹੈ ਜਦੋਂ ਦੋਵੇਂ ਭਾਸ਼ਾਵਾਂ ਦਾ ਸਬੰਧ ਨੇੜਲਾ ਹੁੰਦਾ ਹੈ ਜਾਂ ਫਿਰ ਨੇੜਤਾ ਦੇ ਪੱਖ ਤੋਂ ਦੋਵੇਂ ਭਾਸ਼ਵਾਂ ਦੁਰਾਡੇ ਸਬੰਧਾਂ ਵਾਲੀਆਂ ਹੁੰਦੀਆਂ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First