ਦੋਸਤੋਵਸਕੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਸਤੋਵਸਕੀ (1821–1881): ਰੂਸੀ ਲੇਖਕ ਤੇ ਚਿੰਤਕ ਫੀਦਰਮਿਖਾਈਲੋਵਿਚ ਦੋਸਤੋਵਸਕੀ (Fyodar Dostoevsky) ਸੰਸਾਰ ਦਾ ਇੱਕ ਮਹਾਨ ਨਾਵਲਕਾਰ ਸੀ। ਉਸ ਦੀਆਂ ਰਚਨਾਵਾਂ ਧਾਰਮਿਕ, ਨੈਤਿਕ, ਰਾਜਨੀਤਿਕ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਨਾਲ ਸੰਬੰਧਿਤ ਸਨ ਜਿਸ ਨੇ ਵਿਸ਼ਵ ਦੇ ਲੋਕਾਂ ਨੂੰ ਇੱਕ ਨਵੀਂ ਅੰਤਰ ਸੋਝੀ ਵੀ ਦਿੱਤੀ।ਉਹ ਆਪਣੇ ਨਾਵਲਾਂ ਕਰਾਈਮ ਐਂਡ ਪਨਿਸ਼ਮੈਂਟ ਦਾ ਈਡੀਅਟ, ਦਾ ਪੋਜੈਸਡ ਅਤੇ ਦਾ ਬ੍ਰਦਰ ਕਾਰਮੇਜੋਵਸ ਕਰ ਕੇ ਵਧੇਰੇ ਜਾਣਿਆ ਜਾਂਦਾ ਹੈ।

     ਦੋਸਤੋਵਸਕੀ ਦਾ ਜਨਮ ਮਾਸਕੋ ਵਿੱਚ 30 ਅਕਤੂਬਰ 1821 ਨੂੰ ਹੋਇਆ। ਉਸ ਦਾ ਪਿਤਾ ਸੈਨਾ ਦਾ ਇੱਕ ਸੇਵਾ ਨਵ੍ਰਿਤ ਸਰਜਨ ਸੀ ਜਿਸ ਨੇ ਮੈਰਿੰਸਕੀ ਹਸਪਤਾਲ ਵਿੱਚ ਡਾਕਟਰ ਦੇ ਤੌਰ ਤੇ ਲੋਕਾਂ ਦੀ ਸੇਵਾ ਕੀਤੀ। 1837 ਵਿੱਚ ਦੋਸਤੋਵਸਕੀ ਦੀ ਮਾਂ ਦਾ ਦਿਹਾਂਤ ਹੋ ਗਿਆ ਅਤੇ 1839 ਵਿੱਚ ਅਚਾਨਕ ਉਸ ਦਾ ਪਿਤਾ ਵੀ ਚਲਾਣਾ ਕਰ ਗਿਆ। ਉਸ ਵੇਲੇ ਦੋਸਤੋਵਸਕੀ ਸੇਂਟ ਪੀਟਰਸਬਰਗ ਵਿਖੇ ਸੈਨਾ ਦੀ ਇੰਜੀਨੀਅਰਿੰਗ ਅਕੈਡਮੀ ਦਾ ਇੱਕ ਵਿਦਿਆਰਥੀ ਸੀ। ਮਿਲਟਰੀ ਇੰਜਨੀਅਰ ਦੇ ਜੀਵਨ- ਕਿੱਤੇ ਨੂੰ ਅਪਣਾਉਣ ਵਾਸਤੇ ਉਸ ਦੇ ਪਿਤਾ ਦੀ ਹੀ ਹਿਦਾਇਤ ਸੀ। 1844 ਵਿੱਚ ਜਿਵੇਂ ਕਿਵੇਂ ਉਸ ਨੇ ਇਸ ਕਿੱਤੇ ਨੂੰ ਛੱਡ ਦੇਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਇਹ ਕੰਮ ਉਸ ਦੀ ਸਿਰਜਣਾਤਮਿਕਤਾ ਲਈ ਵਿਹਲ ਨਹੀਂ ਸੀ ਦਿੰਦਾ। ਇਸ ਉਪਰੰਤ ਉਸ ਨੇ ਆਪਣੇ-ਆਪ ਨੂੰ ਸਾਹਿਤ ਲਈ ਸਮਰਪਿਤ ਕਰ ਦਿੱਤਾ।

     ਦੋਸਤੋਵਸਕੀ ਦਾ ਪਹਿਲਾ ਨਾਵਲ ਪੂਅਰ ਫੋਕ 1846 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਛਪਦਿਆਂ ਹੀ ਰੂਸ ਦੇ ਪ੍ਰਸਿੱਧ ਆਲੋਚਕ ਬਲਿੰਸਕੀ ਨੇ ਭਰਪੂਰ ਪ੍ਰਸੰਸਾ ਕੀਤੀ। ਇਹ ਨਾਵਲ ਗ਼ਰੀਬ ਲੋਕਾਂ ਦੇ ਪਿਆਰ ਦੀ ਤ੍ਰਾਸਦਿਕ ਹੋਣੀ ਨੂੰ ਚਿਤਰਦਾ ਹੈ। ਇਸ ਤਰ੍ਹਾਂ ਇਹ ਨਾਵਲ ਪਹਿਲੇ ਰੂਸੀ ਸਮਾਜਿਕ ਨਾਵਲ ਵਜੋਂ ਪਛਾਣ ਬਣਾਉਂਦਾ ਹੈ। ਇਹ ਨਾਇਕ ਦੀ ਡੂੰਘੀ ਜਜ਼ਬਾਤੀ ਤੇ ਮਨੋਵਿਗਿਆਨਿਕ ਸਮਝ ਵਾਲਾ ਨਾਵਲ ਹੈ। ਇਸ ਤੋਂ ਅਗਲਾ ਨਾਵਲ ਦਾ ਡਬਲ (1846) ਇੱਕ ਖੰਡਿਤ ਵਿਅਕਤਿਤਵ ਦੇ ਮਨੋਵਿਗਿਆਨਿਕ ਚਿੰਤਨ ਨੂੰ ਪੇਸ਼ ਕਰਦਾ ਹੈ। ਪਰੰਤੂ ਇਹ ਪੂਅਰ ਫੋਕ ਤੋਂ ਘੱਟ ਹਰਮਨਪਿਆਰਾ ਹੋਇਆ। ਉਸ ਨੇ ਅਗਲੇ ਤਿੰਨ ਸਾਲਾਂ ਵਿੱਚ 10 ਹਲਕੇ ਤੇ ਛੋਟੇ ਨਾਵਲ ਅਤੇ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ।

     ਉਨ੍ਹੀਵੀਂ ਸਦੀ ਦੇ ਪੰਜਵੇਂ ਦਹਾਕੇ ਦੇ ਆਖ਼ਰ ਵਿੱਚ ਦੋਸਤੋਵਸਕੀ ਆਦਰਸ਼ਵਾਦੀ ਨੌਜੁਆਨਾਂ ਦੇ ਸੰਗਠਨ ਨਾਲ ਜੁੜ ਗਿਆ ਜਿਹੜੇ ਰੂਸ ਦੀਆਂ ਸਮਾਜਿਕ ਸਮੱਸਿਆਵਾਂ ਅਤੇ ਸਮਾਜ ਸੁਧਾਰ ਲਈ ਲੁਕ ਛਿਪ ਕੇ ਵਿਚਾਰ- ਵਟਾਂਦਰਾ ਕਰਦੇ ਸਨ। ਇਸ ਤਰ੍ਹਾਂ ਦੇ ਖ਼ਤਰਨਾਕ ਸਮੂਹਾਂ ਤੋਂ ਨਿਕੋਲਸ ਪਹਿਲੇ ਨੂੰ ਕ੍ਰਾਂਤੀਕਾਰੀ ਵਿਚਾਰਾਂ ਦੇ ਫੈਲਣ ਦਾ ਵੱਡਾ ਡਰ ਸੀ। 1849 ਵਿੱਚ ਦੋਸਤੋਵਸਕੀ ਤੇ ਹੋਰਨਾਂ 23 ਬੰਦਿਆਂ ਨੂੰ ਗਰਿਫ਼ਤਾਰ ਕਰ ਲਿਆ ਗਿਆ। ਇਹਨਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਯਤਨ ਵੀ ਹੋਏ ਪਰੰਤੂ ਜਿਵੇਂ ਕਿਵੇਂ ਇਹ ਸਜ਼ਾ ਸਾਈਬੇਰੀਆ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤੀ ਗਈ। ਦੋਸਤੋਵਸਕੀ ਅਗਲੇ ਚਾਰ ਸਾਲ ਓਮਾਸਕ ਦੀ ਜੇਲ੍ਹ ਵਿੱਚ ਰਿਹਾ ਜਿੱਥੇ ਉਹ ਰੂਸ ਦੇ ਖ਼ੌਫ਼ਨਾਕ ਮੁਜਰਮਾਂ ਨਾਲ ਇੱਕ ਬੈਰਕ ਵਿੱਚ ਰਿਹਾ ਅਤੇ ਜੇਲ੍ਹ ਅੰਦਰ ਸਖ਼ਤ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਨੂੰ ਮਿਰਗੀ ਦੀ ਬਿਮਾਰੀ ਲੱਗੀ ਅਤੇ ਵਧਦੀ ਹੀ ਚਲੀ ਗਈ ਜਿਹੜੀ ਸੰਭਵ ਤੌਰ `ਤੇ ਜੇਲ੍ਹ ਦੀ ਕਠੋਰ ਜ਼ਿੰਦਗੀ ਦਾ ਨਤੀਜਾ ਸੀ। 1854 ਵਿੱਚ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਪਰ ਉਸ ਨੂੰ ਇਹ ਹਿਦਾਇਤ ਮਿਲੀ ਕਿ ਉਹ ਸਾਈਬੇਰੀਆ ਵਿਖੇ ਸਥਿਤ ਇੱਕ ਸੈਨਾ ਦੀ ਟੁਕੜੀ ਵਿੱਚ ਰਹਿ ਕੇ ਕੰਮ ਕਰੇ। ਉੱਥੇ ਰਹਿੰਦਿਆਂ ਉਸ ਨੇ ਇੱਕ ਪੁਤਰ ਵਾਲੀ ਵਿਧਵਾ ਔਰਤ ਨਾਲ ਵਿਆਹ ਕਰਵਾਇਆ। 1859 ਵਿੱਚ ਉਸ ਨੂੰ ਸੇਂਟ ਪੀਟਰਸਬਰਗ ਵਾਪਸ ਪਰਤਣ ਦੀ ਆਗਿਆ ਮਿਲੀ।

     1861 ਵਿੱਚ ਦੋਸਤੋਵਸਕੀ ਨੇ ਆਪਣੇ ਪ੍ਰਸਿੱਧ ਨਾਵਲ ਦਾ ਹਾਊਸ ਆਫ਼ ਦਾ ਡੈੱਡ ਦੀ ਰਚਨਾ ਕੀਤੀ ਜਿਹੜਾ ਉਸ ਦੇ ਕੈਦੀ ਕੈਂਪ ਦੇ ਅਨੁਭਵਾਂ `ਤੇ ਆਧਾਰਿਤ ਸੀ। ਇਸ ਦੇ ਨਾਲ ਹੀ ਰੂਸ ਵਿੱਚ ਬੰਦੀਵਾਨ ਸਾਹਿਤ ਦੀ ਪਰੰਪਰਾ ਅਰੰਭ ਹੋਈ। ਇਹ ਨਾਵਲ ਜੇਲ੍ਹ ਦੇ ਖ਼ੌਫ਼ ਦਾ ਵਰਣਨ ਕਰਦਾ ਅਤੇ ਪਹਿਰੇਦਾਰਾਂ ਦੀ ਜ਼ਾਲਮ ਬਿਰਤੀ ਬਾਰੇ ਦੱਸਦਾ ਹੈ ਜਿਹੜੇ ਕੈਦੀਆਂ ਉੱਤੇ ਅਣਮਨੁੱਖੀ ਤਸ਼ੱਦਦ ਕਰਦੇ ਸਨ ਅਤੇ ਗਾਲੀ ਗਲੋਚ, ਨਿਰਾਦਰੀ ਭਰੇ ਵਿਵਹਾਰ ਤੋਂ ਲੈ ਕੇ ਬੱਚਿਆਂ ਨੂੰ ਮਾਰ ਕੇ ਪਵਿੱਤਰ ਰੂਹਾਂ ਨੂੰ ਖ਼ਤਮ ਕਰਨ ਤੱਕ ਜਾ ਸਕਦੇ ਸਨ।

     ਇਹ ਨਾਵਲ ਇਸ ਮਹੱਤਵਪੂਰਨ ਸੰਦੇਸ਼ ਨੂੰ ਸੰਚਾਰਦਾ ਹੈ ਕਿ ਇੱਕ ਬਿਹਤਰ ਮਨੁੱਖ ਬਣਾਉਣ ਲਈ ਵਿਅਕਤੀਗਤ ਅਜ਼ਾਦੀ ਦੀ ਬਹੁਤ ਲੋੜ ਹੈ।ਨੋਟਸ ਫਰਾਮ ਅੰਡਰ- ਗਰਾਊਂਡ (1864) ਇਸ ਧਾਰਨਾ ਨੂੰ ਚੁਨੌਤੀ ਦਿੰਦਾ ਹੈ ਕਿ ਬਿਹਤਰ ਸਮਾਜ ਇਕੱਲੀ ਸੂਝ-ਬੂਝ ਤੇ ਵਿਵੇਦ ਦੇ ਨਾਲ ਹੀ ਉੱਸਰ ਸਕਦਾ ਹੈ। ਇਹ ਨਾਵਲ ਮਨੁੱਖੀ ਅਜ਼ਾਦੀ ਦੇ ਦੂਹਰੇ ਸੰਕਟ ਨੂੰ ਉਭਾਰਦਾ ਹੈ ਕਿ ਜੇਕਰ ਲੋਕ ਅਜ਼ਾਦ ਨਹੀਂ ਤਾਂ ਉਹ ਅਸਲੀ ਇਨਸਾਨ ਨਹੀਂ ਹਨ ਪਰ ਜੇਕਰ ਉਹ ਅਜ਼ਾਦ ਹਨ ਤਾਂ ਉਹਨਾਂ ਦੀ ਅਜ਼ਾਦੀ ਬੁਰਾਈ ਤੋਂ ਪ੍ਰੇਰਿਤ ਹੋ ਕੇ ਦੂਜਿਆਂ ਦੇ ਜੀਵਨ ਨੂੰ ਤਬਾਹ ਕਰ ਸਕਦੀ ਹੈ। ਦੋਸਤੋਵਸਕੀ ਨੇ ਬੁੱਧੀਜੀਵੀਆਂ ਦੇ ਢਾਹੂ ਨਜ਼ਰੀਏ ਨੂੰ ਵੀ ਰੱਦ ਕੀਤਾ ਜਿਹੜੇ ਆਪਣੇ ਰਾਜਸੀ ਵਿਚਾਰਾਂ ਨੂੰ ਸਮਾਜ ਉੱਤੇ ਥੋਪਣਾ ਚਾਹੁੰਦੇ ਹਨ। ਉਹ ਸਧਾਰਨ ਮਨੁੱਖ ਦੇ ਬੁਨਿਆਦੀ ਭਲੇ ਤੇ ਗੌਰਵ ਵਿੱਚ ਵਿਸ਼ਵਾਸ ਰੱਖਦਾ ਸੀ ਭਾਵੇਂ ਕਿ ਉਸ ਦਾ ਆਪਣਾ ਵਿਸ਼ਵਾਸ ਸੰਦੇਹਵਾਦੀ ਰਿਹਾ ਪਰ ਉਹ ਸਧਾਰਨ ਮਨੁੱਖ ਦੇ ਧਰਮ ਨਾਲ ਜੁੜਿਆ ਹੋਇਆ ਸੀ।

     ਦੋਸਤੋਵਸਕੀ ਨੇ ਆਪਣਾ ਗੁਜ਼ਾਰਾ ਚਲਾਉਣ ਲਈ ਆਪਣੇ ਭਰਾ ਮਿਖੈਲ ਨਾਲ ਮਿਲ ਕੇ ਇੱਕ ਪੱਤ੍ਰਿਕਾ ਕੱਢੀ। ਉਸ ਦੇ ਪਹਿਲੇ ਅੰਕ ਵਿਚਲੀ ਇੱਕ ਕਹਾਣੀ ਨੂੰ ਪੋਲੈਂਡ ਵਿੱਚ ਉੱਠ ਰਹੀ ਦੇਸ਼ ਭਗਤੀ ਵਿਰੁੱਧ ਭੜਕਾਹਟ ਵਾਲੀ ਕਹਾਣੀ ਮੰਨ ਕੇ ਸਰਕਾਰ ਨੇ 1863 ਵਿੱਚ ਉਸ ਨੂੰ ਬੰਦ ਕਰ ਦਿੱਤਾ। ਅਪ੍ਰੈਲ 1864 ਵਿੱਚ ਦੋਸਤੋਵਸਕੀ ਦੀ ਪਤਨੀ ਦੀ ਮੌਤ ਹੋ ਗਈ। ਤਿੰਨ ਮਹੀਨਿਆਂ ਬਾਅਦ ਉਸ ਦੇ ਭਰਾ ਦੀ ਵੀ ਮੌਤ ਹੋ ਗਈ। ਪੱਤ੍ਰਿਕਾ ਦਾ ਕੰਮ ਠੱਪ ਹੋਣ ਕਰ ਕੇ ਅਤੇ ਭਰਾ ਦੇ ਪਰਿਵਾਰ ਦੀ ਜ਼ੁੰਮੇਵਾਰੀ ਦੇ ਬੋਝ ਸਦਕਾ ਦੋਸਤੋਵਸਕੀ ਗਹਿਰੇ ਆਰਥਿਕ ਸੰਕਟ ਵਿੱਚ ਘਿਰ ਗਿਆ। 1867 ਵਿੱਚ ਉਸ ਨੇ ਇੱਕ ਸਟੈਨੋਗ੍ਰਾਫ਼ਰ ਆਨਾ ਸਿਨੀਤਕੀਨਾ ਨਾਲ ਵਿਆਹ ਕਰਵਾ ਲਿਆ। ਉਸ ਨੇ ਆਪਣੇ ਪਤੀ ਦੀ ਮਾੜੀ ਹਾਲਤ ਨੂੰ ਜਾਣਿਆ; ਉਸ ਦੀ ਗ਼ਰੀਬੀ ਵੰਡਾਈ, ਉਸ ਦੀ ਜੂਆ ਖੇਡਣ ਤੇ ਸ਼ਰਾਬ ਪੀਣ ਦੀ ਆਦਤ ਨੂੰ ਸਹਿਣ ਕੀਤਾ, ਮਿਰਗੀ ਦੇ ਦੌਰਿਆਂ ਤੋਂ ਬਾਅਦ ਸਰੀਰਕ ਕਮਜ਼ੋਰੀ ਵਿੱਚ ਉਸ ਦੀ ਦੇਖ-ਭਾਲ ਕੀਤੀ ਅਤੇ ਆਰਥਿਕ ਮੰਦਹਾਲੀ ਵਿੱਚ ਉਸ ਦੀ ਸਹਾਇਤਾ ਕੀਤੀ। 1871 ਦੇ ਵਿੱਚ ਉਹ ਰੂਸ ਵਾਪਸ ਪਰਤ ਆਏ।

     ਦੋਸਤੋਵਸਕੀ ਦਾ ਪ੍ਰਸਿੱਧ ਨਾਵਲ ਕਰਾਈਮ ਐਂਡ ਪਨਿਸ਼ਮੈਂਟ (1866) ਇੱਕ ਅਜਿਹੇ ਨੌਜੁਆਨ ਦਾ ਵਰਣਨ ਕਰਦਾ ਹੈ ਜਿਹੜਾ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ ਸੂਦਖੋਰ ਬੁੱਢੀ ਔਰਤ ਦੇ ਕਤਲ ਵਿੱਚ ਦੇਖਦਾ ਹੈ। ਉਪਯੋਗੀ ਨੈਤਿਕਤਾ ਉਸ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਸਮੂਹਿਕ ਲੋਕਾਂ ਦੀ ਭਲਾਈ ਕਰਨੀ ਹੀ ਸੱਚੀ ਵਿਵੇਕਸ਼ੀਲ ਨੈਤਿਕਤਾ ਹੈ। ਇਸ ਆਧਾਰ ਉੱਤੇ ਉਸ ਨੇ ਉਸ ਸੂਦਖੋਰ ਬੁੱਢੀ ਔਰਤ ਦੇ ਕਤਲ ਨੂੰ ਉਚਿਤ ਬਣਾ ਲਿਆ ਜਿਹੜੀ ਗ਼ਰੀਬ ਲੋਕਾਂ ਨੂੰ ਲੁੱਟ ਕੇ ਧਨ ਇਕੱਤਰ ਕਰਨ ਵਿੱਚ ਜੁੱਟੀ ਹੋਈ ਸੀ। ਬਾਵਜੂਦ ਇਸ ਦੇ ਕਿ ਉਹ ਉਸ ਔਰਤ ਦੇ ਕਤਲ ਨੂੰ ਠੰਢੇ ਮਨ ਨਾਲ ਸਵੀਕਾਰ ਕਰਦਾ ਤੇ ਉਸ ਦੇ ਪੈਸੇ ਨੂੰ ਨੇਕ ਕੰਮਾਂ ਵਿੱਚ ਲਾਉਂਦਾ। ਰਸਕੋਲਨੀਕੋਵ ਆਪਣੇ ਕੀਤੇ ਉੱਤੇ ਬੇਚੈਨ ਹੋ ਜਾਂਦਾ ਹੈ ਕਿ ਉਸ ਨੇ ਕੀ ਕੀਤਾ ਹੈ? ਆਖ਼ਰ ਵਿੱਚ ਉਹ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ। ਉਸ ਨੂੰ ਸਵਿਦਰੀਗੈਲਵ ਨਾਂ ਦੇ ਪਾਤਰ ਨਾਲ ਨਫ਼ਰਤ ਹੋ ਜਾਂਦੀ ਹੈ ਜਿਸ ਨੇ ਉਸ ਨੂੰ ਆਦਰਸ਼ਵਾਦੀ ਨੈਤਿਕਤਾ ਦੇ ਖਿਲਾਫ਼ ਭੜਕਾਇਆ ਸੀ। ਨਾਵਲ ਦੇ ਅਖੀਰ ਵਿੱਚ ਜਦੋਂ ਉਹ ਸਾਈਬੇਰੀਅਨ ਜੇਲ੍ਹ ਵਿੱਚ ਹੁੰਦਾ ਹੈ ਤਾਂ ਅੰਤਿਮ ਰੂਪ ਵਿੱਚ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਸ ਨੇ ਮਨੁੱਖੀ ਕਾਨੂੰਨ ਦੀ ਹੀ ਉਲੰਘਣਾ ਨਹੀਂ ਕੀਤੀ ਬਲਕਿ ਰੱਬ ਦੀ ਰਜ਼ਾ ਦੇ ਵਿਰੁੱਧ ਕੰਮ ਕੀਤਾ। ਇਉਂ ਇਹ ਨਾਵਲ ਮਨੁੱਖੀ ਮਨ ਦੇ ਅੰਦਰੂਨੀ ਦਵੰਦ ਦਾ ਡੂੰਘਾ ਅਧਿਐਨ ਪ੍ਰਸਤੁਤ ਕਰਦਾ ਹੈ।

     ਦਾ ਈਡੀਅਟ (1868-1869) ਨਾਵਲ ਦਾ ਨਾਇਕ ਪ੍ਰਿੰਸ ਮਿਸ਼ਕਿਨ ਇੱਕ ਦੇਵ ਪੁਰਸ਼ ਹੈ ਜਿਹੜਾ ਦੋ ਔਰਤਾਂ ਅਗਲਾਯਾ ਤੇ ਨਤਾਸ਼ਾ ਦੇ ਜਟਿਲ ਪ੍ਰੇਮ ਵਿੱਚ ਫਸ ਜਾਂਦਾ ਹੈ, ਜਿਹੜੀਆਂ ਉਸ ਦੀ ਮਸੂਮੀਅਤ ਅਤੇ ਪਿਆਰੀ ਸ਼ਖ਼ਸੀਅਤ ਉੱਤੇ ਮਰ ਮਿਟਦੀਆਂ ਹਨ। ਮਿਸ਼ਕਿਨ ਏਨਾ ਕਮਜ਼ੋਰ ਦਿਲ ਵਾਲਾ ਹੈ ਕਿ ਉਹ ਭ੍ਰਿਸ਼ਟ ਅਤੇ ਲਾਲਚੀ ਸਮਾਜ ਵਿੱਚ ਜੀਅ ਨਹੀਂ ਸਕਦਾ। ਇਸ ਤਰ੍ਹਾਂ ਨਾਵਲ ਦਾ ਅੰਤ ਦੁਖਾਂਤ ਵਿੱਚ ਹੁੰਦਾ ਹੈ। ਨਤਾਸ਼ਾ ਮਿਸ਼ਕਿਨ ਨੂੰ ਛੱਡ ਕੇ ਨਫ਼ਰਤੀ ਤੇ ਹਿੰਸਕ ਰੋਗਜ਼ਿਨ ਨੂੰ ਚੁਣਦੀ ਹੈ ਜੋ ਬਾਅਦ ਵਿੱਚ ਉਸ ਦਾ ਕਤਲ ਕਰ ਦਿੰਦਾ ਹੈ। ਮਿਸ਼ਕਿਨ ਨੂੰ ਉਹੀ ਮਾਨਸਿਕ ਬਿਮਾਰੀ ਮੁੜ ਘੇਰ ਲੈਂਦੀ ਹੈ ਜਿਸ ਦਾ ਇਲਾਜ ਕਰਵਾਉਣ ਲਈ ਉਹ ਸਵਿਟਜ਼ਰਲੈਂਡ ਦੇ ਸੈਨੀਟੋਰੀਅਮ ਵਿੱਚ ਜਾਂਦਾ ਹੈ ਜਿੱਥੇ ਉਹ ਪਹਿਲਾਂ ਵੀ ਆਪਣਾ ਇਲਾਜ ਕਰਵਾਉਣ ਲਈ ਗਿਆ ਸੀ।

     ਦਾ ਪੋਜ਼ੈਸਡ (1871-72) ਦੋਸਤੋਵਸਕੀ ਦਾ ਇੱਕ ਮਹੱਤਵਪੂਰਨ ਰਾਜਨੀਤਿਕ ਨਾਵਲ ਹੈ। ਇਸ ਨਾਵਲ ਵਿੱਚ ਲੇਖਕ ਉਹਨਾਂ ਲੋਕਾਂ ਉੱਤੇ ਕਰਾਰੀ ਚੋਟ ਕਰਦਾ ਹੈ ਜਿਹੜੇ ਸਮਾਜ ਦੀ ਉਸਾਰੀ ਬਿਨਾਂ ਰੱਬ ਤੋਂ ਕਰਨਾ ਚਾਹੁੰਦੇ ਹਨ। ਉਹ 1860 ਦੇ ਹਿੰਸਕ ਅਤੇ ਸਿਧਾਂਤਹੀਣ ਕ੍ਰਾਂਤੀਕਾਰਾਂ ਦੀ ਨਿੰਦਾ ਕਰਦਾ ਹੈ। ਇਸ ਦਾ ਕੇਂਦਰੀ ਪਾਤਰ ਸਤਾਵਰੋਜਿਨ, ਦੋਸਤੋਵਸਕੀ ਦੇ ਜਾਨਦਾਰ ਪਾਤਰਾਂ `ਚ ਇੱਕ ਹੈ ਜਿਹੜਾ ਗ਼ੈਰਸਰਗਰਮ ਬਣ ਜਾਂਦਾ ਹੈ ਅਤੇ ਅਖੀਰ ਵਿੱਚ ਆਤਮ ਹੱਤਿਆ ਕਰ ਲੈਂਦਾ ਹੈ।

     ਦਾ ਬ੍ਰਦਰ ਕਰਮਾਜ਼ੋਵ (1879-1880) ਦੋਸਤੋਵਸਕੀ ਦਾ ਆਖ਼ਰੀ ਤੇ ਸਭ ਤੋਂ ਲੰਮਾ ਨਾਵਲ ਹੈ। ਇਹ ਨਾਵਲ ਉਸ ਦੀਆਂ ਪਹਿਲੀਆਂ ਗਲਪ ਰਚਨਾਵਾਂ ਅਤੇ ਪੱਤਰਕਾਰਿਤਾ ਵਿੱਚ ਉਠਾਏ ਗਏ ਮੁੱਦਿਆਂ ਤੇ ਵਿਸ਼ਿਆਂ ਨੂੰ ਇਕੱਠੇ ਤੌਰ `ਤੇ ਸਾਮ੍ਹਣੇ ਲਿਆਉਂਦਾ ਹੈ। ਇਸ ਨਾਵਲ ਦਾ ਕਥਾਨਕ ਇੱਕ ਲਾਲਚੀ ਅਤੇ ਸਨਕੀ ਬੁੱਢੇ ਫੀਦਰ ਕਰਮਾਜ਼ੋਵ ਦੇ ਕਤਲ `ਤੇ ਕੇਂਦਰਿਤ ਹੈ। ਫੀਦਰ ਦੇ ਤਿੰਨ ਪੁੱਤਰ ਹਨ; ਦਮਿੱਤਰੀ ਸਭ ਤੋਂ ਵੱਡਾ ਹੈ ਜਿਹੜਾ ਬਹੁਤ ਭਾਵੁਕ ਤੇ ਕਾਮਨਾਮਈ ਹੈ, ਈਵਾਨ, ਇੱਕ ਬੇਪ੍ਰਵਾਹ ਬੁੱਧੀਮਾਨ ਹੈ ਅਤੇ ਸਭ ਤੋਂ ਛੋਟਾ ਅਲਯੋਸ਼ਾ ਬਹੁਤ ਪਿਆਰਾ ਤੇ ਨੇਕ ਹੈ। ਦਮਿੱਤਰੀ ਨੂੰ ਆਪਣੇ ਪਿਉ ਦੇ ਕਤਲ ਲਈ ਗ਼ਲਤੀ ਨਾਲ ਗਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਪੁੱਛ-ਗਿੱਛ ਦੇ ਸਿਲਸਿਲੇ ਵਿੱਚ ਉਸ ਨੂੰ ਬਹੁਤ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਦਮਿੱਤਰੀ ਆਪਣੇ ਪਿਉ ਦੀ ਮੌਤ ਲਈ ਜਿੱਥੇ ਆਪਣੀ ਨੈਤਿਕ ਜ਼ੁੰਮੇਵਾਰੀ ਨੂੰ ਸਮਝਣ ਲੱਗ ਪੈਂਦਾ ਹੈ ਉੱਥੇ ਦੂਜਿਆਂ ਦੀਆਂ ਜ਼ੁੰਮੇਵਾਰੀਆਂ ਵੀ ਆਪਣੇ ਉੱਤੇ ਲੈ ਲੈਂਦਾ ਹੈ। ਈਵਾਨ ਰੱਬ ਦੀ ਇਸ ਦੁਨੀਆ ਦੇ ਅਨਿਆਂ ਵਿਰੁੱਧ ਜਬਰਦਸਤ ਤਰਕ ਬਣਾਉਂਦਾ ਹੈ ਅਤੇ ਰੱਬ ਦੀ ਹੋਂਦ ਨੂੰ ਰੱਦ ਕਰ ਦਿੰਦਾ ਹੈ। ਕਿਉਂਕਿ ਇਹ ਰੱਬ ਨਿਰਦੋਸ਼ ਬੱਚਿਆਂ ਨੂੰ ਸੰਤਾਪ ਭੋਗਣ ਦੀ ਪ੍ਰਵਾਨਗੀ ਦਿੰਦਾ ਹੈ। ਉਹ ਇੱਕ ਅਜਿਹੇ ਆਦਰਸ਼ ਸੰਸਾਰ ਦੀ ਪਰਿਕਲਪਨਾ ਕਰਦਾ ਹੈ ਜਿੱਥੇ ਲੋਕ ਦੁਨਿਆਵੀ ਸੁਰੱਖਿਆ ਤੇ ਸੁੱਖਾਂ ਨੂੰ ਮਾਣਨ ਲਈ ਅਜ਼ਾਦ ਹੋਣ। ਅਲਯੋਸ਼ਾ ਦਾ ਅਧਿਆਤਮਿਕ ਗੁਰੂ ਜੋਸਿਮਾ ਦਲੀਲ ਦਿੰਦਾ ਹੈ ਕਿ ਇਸ ਸੰਸਾਰ ਵਿਚਲੀ ਬੁਰਾਈ ਲਈ ਮਨੁੱਖਾਂ ਨੂੰ ਆਪਣੀ ਜ਼ੁੰਮੇਵਾਰੀ ਨੂੰ ਸਾਂਝੇ ਤੌਰ `ਤੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਜੀਵਨ ਦਾ ਸੱਚਾ ਨਿਆਂ, ਨਿਤਾਪ੍ਰਤੀ ਦੇ ਜੀਵਨ ਵਿੱਚ ਦੂਜਿਆਂ ਲਈ ਕੀਤੇ ਪਿਆਰ ਭਰੇ ਕਾਰਜਾਂ ਵਿੱਚੋਂ ਹੀ ਲੱਭਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਨਾਵਲ ਦੇ ਵਿਹਾਰ ਵਿੱਚ ਤਿੰਨਾਂ ਭਰਾਵਾਂ ਦੇ ਸਾਮ੍ਹਣੇ ਦੁਨੀਆ ਦੇ ਨਿਆਂ ਪ੍ਰਤਿ ਵਿਸ਼ਵਾਸ ਦੇ ਸਾਮ੍ਹਣੇ ਇੱਕ ਚੁਨੌਤੀ ਖੜ੍ਹੀ ਹੁੰਦੀ ਹੈ ਤੇ ਅੰਤ ਵਿੱਚ ਇਹ ਵਿਸ਼ਵਾਸ ਮੁੜ ਪੈਦਾ ਹੋ ਜਾਂਦਾ ਹੈ।

     ਬਰਤਾਨਵੀ ਵਿਦਵਾਨ ਕਾਂਸਟੇਂਸ ਗਾਰਨੇਟ (1912- 1920) ਦੁਆਰਾ ਅਨੁਵਾਦ ਕਰਨ ਤੋਂ ਬਾਅਦ ਦੋਸਤੋਵਸਕੀ ਆਪਣੀ ਮੌਤ ਉਪਰੰਤ ਅੰਗਰੇਜ਼ੀ ਬੋਲਦੇ ਸੰਸਾਰ ਵਿੱਚ ਵੱਡੀ ਪੱਧਰ `ਤੇ ਜਾਣਿਆ ਜਾਣ ਲੱਗਾ। ਉਸ ਦੇ ਨਾਵਲ ਬਰਤਾਨਵੀ ਲੇਖਕਾਂ ਜਾਰਜ ਆਰਵੈੱਲ ਤੇ ਐਲਡਸ ਹਕਸਲੇ ਦੁਆਰਾ ਉਤਪੰਨ ਕੀਤੇ ਗਏ ਵੀਹਵੀਂ ਸਦੀ ਦੇ ਸੁਪਨ-ਵਿਰੋਧ ਸੰਸਾਰ ਦੇ ਪ੍ਰਤਿਵਾਦ ਬਣਦੇ ਹਨ। ਉਸ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਆਸਟ੍ਰੀਅਨ ਮਨੋਵਿਸ਼ਲੇਸ਼ਕ ਸਿਗਮੰਡ ਫ਼ਰਾਇਡ ਨਾਲ ਇੱਕਸੁਰ ਸੀ ਜਿਸ ਨੇ ਅਰਧ ਚੇਤਨ ਮਨ ਦੀ ਕਾਰਜਸ਼ੈਲੀ ਅਤੇ ਮਨੁੱਖੀ ਸ਼ਖ਼ਸੀਅਤ ਦੀ ਜਟਿਲਤਾ ਨੂੰ ਪੇਸ਼ ਕੀਤਾ ਹੈ। ਭਾਵੇਂ ਉਸ ਦੇ ਨਾਵਲ ਉਨ੍ਹੀਵੀਂ ਸਦੀ ਦੇ ਰੂਸ ਨਾਲ ਸੰਬੰਧਿਤ ਹਨ ਪਰੰਤੂ ਉਹਨਾਂ ਦੀ ਸਾਰਥਕਤਾ ਅੱਜ ਵੀ ਹੈ ਕਿਉਂਕਿ ਉਹ ਮਨੁੱਖੀ ਸਮਾਜ ਦੀਆਂ ਸਦੀਵੀ ਸਮੱਸਿਆਵਾਂ ਜਿਵੇਂ ਕਿ ਅਲਗਾਵ, ਸਮਾਜਿਕ ਵਿਸੰਗਤੀਆਂ ਇਕਰੂਪੀਕਰਨ ਅਤੇ ਮਨੁੱਖ ਅਜ਼ਾਦੀ ਦੇ ਹਾਂ-ਪੱਖੀ ਤੇ ਨਾਂਹ-ਪੱਖੀ ਸਰੋਕਾਰਾਂ ਨੂੰ ਵਿਚਾਰਦੇ ਹਨ।


ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.