ਧੁਨੀ-ਸੰਪਰਦਾਇ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਧੁਨੀ-ਸੰਪਰਦਾਇ: ਧੁਨੀ ਸ਼ਬਦ ਦੇ ਕੋਸ਼ਗਤ ਅਰਥ ਅਵਾਜ਼, ਸ਼ਬਦ, ਸੁਰ, ਗੂੰਜ ਜਾਂ ਨਾਦ ਹਨ। ਵਿਉਤਪਤੀ- ਪੱਖ ਤੋਂ ਧੁਨੀ ਸ਼ਬਦ ਦੇ ਅਰਥ ਇਹ ਹਨ :
(ੳ) ਉਹ (ਵਿਅੰਜਕ) ਸ਼ਬਦ ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਵੇ,
(ਅ) ਉਹ (ਵਿਅੰਜਕ) ਅਰਥ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਵੇ,
(ੲ) ਜਿਸ (ਵਸਤੂ, ਅਲੰਕਾਰ, ਰਸ ਆਦਿ) ਦੁਆਰਾ ਸੁਝਾਅ ਜਾਂ ਰਮਜ਼ ਦਿਵਾਈ ਜਾਵੇ,
(ਸ) ਉਹ ਕਾਵਿ, ਜਿਸ ਵਿੱਚ (ਵਿਅੰਜਨਾ ਸ਼ਬਦ ਸ਼ਕਤੀ ਦੁਆਰਾ) ਸੁਝਾਅ ਜਾਂ ਰਮਜ਼ ਪ੍ਰਗਟ ਹੁੰਦੀ ਹੋਵੇ
(ਹ) ਜਿਸ ਕਾਵਿ ਵਿੱਚ ਕਾਵਿ-ਸ਼ੈਲੀ ਦੁਆਰਾ ਸੁਝਾਅ ਜਾਂ ਰਮਜ਼ ਮਿਲਦੀ ਹੋਵੇ, ਉਹ ਧੁਨੀ ਹੈ।
ਸਾਹਿਤ ਵਿੱਚ ਧੁਨੀ, ਉਸ ਚਮਤਕਾਰਪੂਰਨ ਵਿਸ਼ੇਸ਼ਤਾ ਨੂੰ ਕਿਹਾ ਗਿਆ ਹੈ ਜਿਹੜੀ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦੇ ਨਿਸ਼ਚਿਤ ਅਰਥਾਂ ਦੀ ਥਾਂ ਪ੍ਰਸੰਗ ਅਨੁਸਾਰ ਇੱਕ ਅਲੋਕਾਰੀ ਰਮਜ਼ ਜਾਂ ਵਿਅੰਗ ਵਿੱਚ ਸਮਾਈ ਹੁੰਦੀ ਹੈ। ਜਿਵੇਂ ਘੰਟੀ ਉੱਤੇ ਵੱਜੀ ਸੱਟ ਨਾਲ ਪੈਦਾ ਹੋਈ ‘ਟੰਨ` ਦੀ ਅਵਾਜ਼ ਤੋਂ ਬਾਅਦ ਵਿੱਚ ਵੀ ਕਿੰਨੀ ਦੇਰ ਤੱਕ ‘ਨ-ਨ-ਨ-ਨ-ਨ` ਦੀ ਧੁਨੀ ਸੁਣਾਈ ਦਿੰਦੀ ਹੈ। ਇਵੇਂ ਹੀ ਮਹਾਨ ਲੇਖਕਾਂ ਦੀਆਂ ਰਚਨਾਵਾਂ ਵਿੱਚ ਸ਼ਾਬਦਿਕ ਅਰਥ ਤੋਂ ਬਿਨਾਂ ਵੀ ਇੱਕ ਹੋਰ ਗੂੜ੍ਹੀ ਰਮਜ਼ ਵਿਦਮਾਨ ਹੁੰਦੀ ਹੈ ਜੋ ਪਾਠਕ ਦੇ ਮਨ ਵਿੱਚ ਪੜ੍ਹਨ ਤੋਂ ਬਹੁਤ ਸਮਾਂ ਬਾਅਦ ਤੱਕ ਵੀ ਗੂੰਜਦੀ ਰਹਿੰਦੀ ਹੈ, ਇਸ ਗੂੜ੍ਹੀ ਰਮਜ਼ ਨੂੰ ਹੀ ਧੁਨੀ ਕਹਿੰਦੇ ਹਨ। ਇਸ ਨੂੰ ਹੀ ‘ਕਾਵਿ ਦੀ ਆਤਮਾ` ਵੀ ਕਿਹਾ ਜਾਂਦਾ ਹੈ। ਕਾਵਿ ਦੇ ਹੋਰ ਪ੍ਰਵਾਨਿਤ ਤੱਤਾਂ ਜਿਵੇਂ ਰਸ, ਅਲੰਕਾਰ, ਗੁਣ, ਰੀਤੀ ਆਦਿ ਨੂੰ ਧੁਨੀ ਰੂਪੀ ਆਤਮਾ ਦੇ ਪੋਸ਼ਕ (ਸਹਾਇਕ) ਤੱਤ ਮੰਨਿਆ ਗਿਆ ਹੈ। ਅਸਲ ਵਿੱਚ ਧੁਨੀ-ਸਿਧਾਂਤ ਰਸ-ਸਿਧਾਂਤ ਦਾ ਸਾਰ-ਰੂਪ ਹੈ ਕਿਉਂਕਿ ਰਸ ਦੀ ਪ੍ਰਾਪਤੀ ਲਈ ਤਾਂ ਕਿਸੇ ਸੰਪੂਰਨ ਨਾਟਕ ਦਾ ਖੇਡਿਆ/ਦੇਖਿਆ ਜਾਣਾ ਜਾਂ ਮਹਾਂ-ਕਾਵਿ (ਨਾਵਲ) ਆਦਿ ਦਾ ਸਮੁੱਚਾ ਰੂਪ ਪੜ੍ਹਿਆ ਜਾਣਾ ਜ਼ਰੂਰੀ ਹੁੰਦਾ ਹੈ ਪਰੰਤੂ ਧੁਨੀ, ਕਾਵਿ ਦੇ ਕਿਸੇ ਪ੍ਰਕਾਰ ਦੇ ਲਘੂ-ਰੂਪ ਤੋਂ ਵੀ ਪੈਦਾ ਹੋ ਸਕਦੀ ਹੈ। ਜਿਵੇਂ ਗਾਥਾਸਪਤਸ਼ਤੀ ਦਾ ਇੱਕ ਸਲੋਕ ਹੈ :
ਸ਼ਵਸੁਰਤਰ ਨਿੱਮਜਤੀ ਅਤਰਾਹੰ ਦਿਵਸਕੇ ਪ੍ਰਲੋਕਯ।
ਮਾ ਪਥਿਕ ਰਾਤਰਿਅੰਧਕ ਸ਼ਯਾਯਾਂ ਮਮ ਨਿਅਕਸ਼ਯਸਿ॥
ਉਂਞ ਤਾਂ ਇਸ ਸਲੋਕ ਦਾ ਅਰਥ ਸਧਾਰਨ-ਦ੍ਰਿਸ਼ਟੀ ਨਾਲ ਇਹ ਬਣਦਾ ਹੈ ਕਿ “ਹੇ ਰਾਤ ਦੇ ਅੰਨੇ ਰਾਹੀ। ਇੱਥੇ ਮੇਰੀ ਸੱਸ ਸੌਂਦੀ ਹੈ ਅਤੇ ਔਹ ਮੇਰਾ ਮੰਜਾ ਹੈ। ਤੂੰ ਹੁਣੇ ਹੀ (ਦਿਨ ਵੇਲੇ) ਧਿਆਨ ਨਾਲ ਦੇਖ ਲੈ। ਕਿਤੇ ਰਾਤ ਨੂੰ ਮੇਰੇ ਮੰਜੇ ਤੇ ਨਾ ਡਿੱਗ ਪਈ।" ਪਰ ਇਸ ਦਾ ਗੂੜ੍ਹ ਅਰਥ ਔਰਤ ਵੱਲੋਂ ਰਾਹੀ ਨੂੰ ਰਾਤ ਵੇਲੇ ਧਿਆਨ ਨਾਲ ਆਉਣ ਦਾ ਸੱਦਾ ਹੈ। ਇਹ ਗੂੜ੍ਹੀ ਰਮਜ਼ ਹੀ ਧੁਨੀ ਹੈ।
ਅਚਾਰੀਆ ਅਨੰਦ ਵਰਧਨ ਕਹਿੰਦਾ ਹੈ, “ਮਹਾਨ ਕਵੀਆਂ ਦੀ ਬਾਣੀ ਵਿੱਚ ਧੁਨੀ ਇਸ ਪ੍ਰਕਾਰ ਸਮਾਈ ਹੁੰਦੀ ਹੈ ਜਿਵੇਂ ਕਿਸੇ ਜਵਾਨ ਸੁਨੱਖੀ ਔਰਤ ਦੇ ਵੱਖ-ਵੱਖ ਸੁਹਣੇ ਸਰੀਰਿਕ ਅੰਗਾਂ ਤੋਂ ਵੀ ਵੱਖਰੀ ਕੋਈ ਸੁੰਦਰਤਾ ਦੀ ਸੋਭਾ ਰਹਿੰਦੀ ਹੈ।" ਇਸ ਦਾ ਇੱਕ ਅਰਥ ਇਹ ਵੀ ਹੋਇਆ ਕਿ ਧੁਨੀ ਵਿਅੰਗ-ਅਰਥ ਤੋਂ ਵੀ ਵੱਧ ਕੇ ‘ਕੁਝ ਹੋਰ` ਹੁੰਦੀ ਹੈ।
ਧੁਨੀ-ਸਿਧਾਂਤ ਦੀ ਸਥਾਪਨਾ ਭਾਵੇਂ ਅਚਾਰੀਆਂ ਅਨੰਦ ਵਰਧਨ ਦੁਆਰਾ ਨੌਂਵੀਂ ਸਦੀ ਵਿੱਚ ਲਿਖੇ ਗਏ ਗ੍ਰੰਥ ਧਵਨਯਾਲੋਕ ਨਾਲ ਹੋਈ ਹਰ ਵਿਦਵਾਨ ਲੇਖਕ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਤੋਂ ਸਦੀਆਂ ਪਹਿਲਾਂ ਹੋਏ ਮਹਾਨ ਵਿਦਵਾਨ-ਲੇਖਕਾਂ ਨੇ ਇਸ ‘ਧੁਨੀ` ਤੱਤ ਨੂੰ ਕਾਵਿ ਦੀ ਆਤਮਾ ਦੇ ਤੌਰ `ਤੇ ਸਵੀਕਾਰ ਕੀਤਾ ਹੈ। ਉਹ ਲਿਖਦੇ ਹਨ, ਕਾਵਯਸ੍ਯਾਤਮਾ ਧਵਨਿਰਿਤਿ ਬੁੱਧੈਰ੍ਯਹ੍ ਸਮਾਮ੍ਨਾਤਪੂਰਬਹ੍` ਅਰਥਾਤ ਇਹ ਵੀ ਕਾਵਿ ਦੀ ਆਤਮਾ ‘ਧੁਨੀ` ਹੈ, ਇਸ ਸਚਾਈ ਨੂੰ ਵਿਦਵਾਨਾਂ ਨੇ ਬਹੁਤ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਸੀ। ਧੁਨੀ-ਸਿਧਾਂਤ ਦਾ ਮੂਲ ਪ੍ਰੇਰਨਾ ਸ੍ਰੋਤ ਵਿਆਕਰਨਕਾਰ ਹਨ ਜਿਨ੍ਹਾਂ ਸ਼ਬਦ ਨੂੰ ਨਿੱਤ (ਸਦਾ ਰਹਿਣ ਵਾਲਾ) ਅਤੇ ਸਫੋਟ (ਸ਼ਬਦ- ਬ੍ਰਹਮ) ਕਿਹਾ, ਇਹ ਸਫੋਟ-ਵਾਦ ਹੀ ਧੁਨੀ-ਸਿਧਾਂਤ ਦਾ ਮੂਲ-ਸ੍ਰੋਤ ਹੈ। ਅਨੰਦ ਵਰਧਨ ਨੇ ‘ਧੁਨੀ` ਦਾ ਮੂਲ-ਸੰਕੇਤ ਮਹਾਭਾਸ਼ਯ, ਵਾਕਯ-ਪਦੀਯਮ, ਰਾਮਾਇਣ, ਮਹਾਂਭਾਰਤ ਅਤੇ ਨਾਟ੍ਯ-ਸ਼ਾਸਤਰ ਆਦਿ ਪ੍ਰਾਚੀਨ ਗ੍ਰੰਥਾਂ ਵਿੱਚ ਦੱਸਿਆ ਹੈ। ਅਲੰਕਾਰ ਵਾਦੀ ਅਤੇ ਰੀਤੀ ਵਾਦੀ ਕਵੀ ਭਾਵੇਂ ਧੁਨੀ ਨੂੰ ਸਪਸ਼ਟ ਨਹੀਂ ਕਰ ਸਕੇ ਪਰ ਉਹਨਾਂ ਨੂੰ ਇਸ ਦਾ ਆਭਾਸ ਜ਼ਰੂਰ ਸੀ। ਕੁਝ ਵਿਦਵਾਨ ਧੁਨੀ-ਸਿਧਾਂਤ ਦੇ ਵਿਰੋਧੀ ਸਨ, ਪਰ ਅਨੰਦਵਰਧਨ ਨੇ ਆਪਣੇ ਗ੍ਰੰਥ ਵਿੱਚ ਤਰਕ-ਪੂਰਨ ਢੰਗ ਨਾਲ ਉਹਨਾਂ ਦੇ ਵਿਚਾਰਾਂ ਦਾ ਖੰਡਨ ਕਰਦੇ ਹੋਏ ਧੁਨੀ ਦਾ ਲੱਛਣ ਸਥਿਰ ਕੀਤਾ ਅਤੇ ਧੁਨੀ-ਸਿਧਾਂਤ ਦੀ ਸਥਾਪਨਾ ਕੀਤੀ। ਧਵਨ ਯਾਲੋਕ ਨਾਮਕ ਇਸ ਗ੍ਰੰਥ ਦੇ ਚਾਰ ਉਦ੍ਯੋਤ (ਅਧਿਆਇ) ਹਨ। ਇਹ ਸਾਰੇ ਕਾਰਿਕਾਵਾਂ ਵਿੱਚ ਲਿਖੇ ਗਏ ਹਨ, ਜਿਨ੍ਹਾਂ ਦੀ ਸੰਖਿਆ ਕੁੱਲ 129 ਹੈ। ਪਹਿਲੇ ਉਦ੍ਯੋਤ (ਅਧਿਆਇ) ਵਿੱਚ ਪ੍ਰਾਚੀਨ ਧੁਨੀ ਸਮਰਥਕਾਂ ਅਤੇ ਵਿਰੋਧੀਆਂ ਦਾ ਵਰਣਨ ਕੀਤਾ ਗਿਆ ਅਤੇ ਫਿਰ ਵਿਰੋਧੀ ਤਰਕਾਂ ਦਾ ਖੰਡਨ ਕਰਦੇ ਹੋਏ ਓਦੋਂ ਤੱਕ ਪ੍ਰਚਲਿਤ ਸਿਧਾਂਤਾਂ ਦਾ ਧੁਨੀ ਵਿੱਚ ਹੀ ਅੰਤਰਭਾਵ ਕੀਤਾ ਗਿਆ ਹੈ ਅਤੇ ਧੁਨੀ ਨੂੰ ਕਾਵਿ ਦੀ ਆਤਮਾ ਕਹਿੰਦੇ ਹੋਏ ਇਸ ਦੀ ਪਰਿਭਾਸ਼ਾ ਦਿੱਤੀ ਗਈ ਹੈ। ਦੂਜੇ ਅਧਿਆਇ ਵਿੱਚ ਰਸ, ਅਲੰਕਾਰ, ਗੁਣ ਅਤੇ ਰੀਤੀ ਆਦਿ ਨੂੰ ਧੁਨੀ ਵਿੱਚ ਹੀ ਸਮੇਟਦੇ ਹੋਏ, ਧੁਨੀ ਦੇ ਭੇਦਾਂ ਅਤੇ ਉਪਭੇਦਾਂ ਦਾ ਵਰਣਨ ਕੀਤਾ ਗਿਆ ਹੈ।ਤੀਜੇ ਅਧਿਆਇ ਵਿੱਚ ਧੁਨੀ ਦੀ ਪੁਸ਼ਟੀ ਦਰਸ਼ਨ-ਆਧਾਰਿਤ ਉਦਾਹਰਨਾਂ ਨਾਲ ਕੀਤੀ ਗਈ ਹੈ। ਇਸ ਵਿੱਚ ਪਦ-ਵਾਕਯ, ਵਿਅੰਜਕਤਾ, ਔਚਿਤਯ, ਗੁਣੀਭੂਤ ਵਿਅੰਗ ਅਤੇ ਕਾਵਯ-ਅਲੰਕਾਰਾਂ ਦਾ ਧੁਨੀ ਪੱਖੀ ਵਰਣਨ ਕੀਤਾ ਹੋਇਆ ਹੈ। ਚੌਥੇ ਅਧਿਆਇ ਵਿੱਚ ਧੁਨੀ ਸਿਧਾਂਤ ਦੀ ਵਿਆਪਕਤਾ ਅਤੇ ਉਸ ਦਾ ਮਹੱਤਵ ਬਿਆਨਿਆ ਗਿਆ ਹੈ।
ਇਸ ਗ੍ਰੰਥ ਦੀ ਰਚਨਾ ਤੋਂ 150 ਵਰ੍ਹੇ ਬਾਅਦ ਅਚਾਰੀਆ ਅਭਿਨਵ-ਗੁਪਤ (11ਵੀਂ ਸਦੀ) ਨੇ ਧਵਨਯਾਲੋਕ ਉੱਤੇ ਲੋਚਨ ਨਾਂ ਦੀ ਟੀਕਾ ਲਿਖੀ। ਇਸ ਟੀਕਾ ਨਾਲ ਧੁਨੀ-ਸਿਧਾਂਤ ਹੋਰ ਵੀ ਪ੍ਰਮਾਣਿਤ ਅਤੇ ਸੁਵਿਵਸਥਿਤ ਬਣ ਗਿਆ। ਉਸ ਨੇ ਧੁਨੀ-ਸਿਧਾਂਤ ਦੇ ਵਿਰੋਧੀਆਂ ਦਾ ਖੰਡਨ ਬਹੁਤ ਹੀ ਵਧੀਆ ਤਰਕਾਂ ਨਾਲ ਦਿੱਤਾ।
ਅਭਿਨਵ ਗੁਪਤ ਤੋਂ ਬਾਅਦ ਵਿੱਚ ਭੋਜ, ਮੰਮਟ, ਜਯਦੇਵ ਅਤੇ ਪੰਡਤ ਜਗਨਨਾਥ ਜਿਹੇ ਉੱਚ-ਕੋਟੀ ਦੇ ਵਿਦਵਾਨਾਂ ਨੇ ਧੁਨੀ-ਸਿਧਾਂਤ ਨੂੰ ਹੋਰ ਵੀ ਪੱਕੇ ਪੈਰੀਂ ਕਰ ਦਿੱਤਾ। ਕੁਝ ਵਿਦਵਾਨ ਅਜਿਹੇ ਵੀ ਹੋਏ ਹਨ, ਜੋ ਸਮੁੱਚੀ ਧੁਨੀ ਨੂੰ ਕਾਵਿ ਦੀ ਆਤਮਾ ਨਾ ਮੰਨ ਕੇ ਕੇਵਲ ਰਸ- ਮੂਲਕ ਧੁਨੀ ਨੂੰ ਹੀ ਕਾਵਿ ਦੀ ਆਤਮਾ ਸਵੀਕਾਰ ਕਰਦੇ ਹਨ ਜਿਵੇਂ ਮਹਿਮ ਭੱਟ, ਮੁਕਲ ਭੱਟ, ਧਨੰਜਯ, ਧਨਿਕ ਅਤੇ ਪ੍ਰਤੀਹਾਰਏਂਦੂ ਰਾਜ ਆਦਿ। ਇਹਨਾਂ ਵਿੱਚੋਂ ਵੀ ਮਹਿਮ-ਭੱਟ ਨੇ ਧੁਨੀ-ਸਿਧਾਂਤ ਦੀ ਸਭ ਤੋਂ ਵੱਧ ਆਲੋਚਨਾ ਕੀਤੀ। ਇਹਨਾਂ ਨੇ ਧਵਨਯਾਲੋਕ ਦੇ ਵਿਰੋਧ ਵਿੱਚ ਵਿਅਕਤੀ-ਵਿਵੇਕ ਨਾਮ ਗ੍ਰੰਥ ਦੀ ਰਚਨਾ ਵੀ ਕੀਤੀ ਜਿਸ ਵਿੱਚ ਧੁਨੀ ਨੂੰ ‘ਅਨੁਮਾਨ` ਤੱਕ ਹੀ ਸੀਮਿਤ ਕਰ ਦਿੱਤਾ। ਪਰ ਮਹਿਮ ਭੱਟ ਪੂਰਾ ਯਤਨ ਕਰ ਕੇ ਵੀ ਧੁਨੀ-ਵਿਰੋਧੀ ਲਹਿਰ ਪੈਦਾ ਨਹੀਂ ਕਰ ਸਕੇ ਜਾਂ ਸ਼ਾਇਦ ਇਹਨਾਂ ਨੂੰ ਅਭਿਨਵ ਗੁਪਤ ਵਰਗਾ ਪੈਰੋਕਾਰ ਨਹੀਂ ਮਿਲ ਸਕਿਆ। ਕੁੰਤਕ ਨੇ ਵੀ ਵਕਰੋਕਤੀ ਜੀਵਿਤਮ੍ ਅਤੇ ਕਸ਼ਮੇਂਦਰ ਨੇ ਔਚਿਤਯ ਵਿਚਾਰ ਚਰਚਾ ਵਿੱਚ ਧੁਨੀ-ਸਿਧਾਂਤ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਅਭਿਨਵ ਗੁਪਤ ਤੋਂ ਬਾਅਦ ਵੀ ਅਨੰਦ ਵਰਧਨ ਦੇ ਪੈਰੋਕਾਰਾਂ ਮੰਮਟ, ਪੰਡਤ ਜਗਨਨਾਥ ਅਤੇ ਵਿਸ਼ਵਨਾਥ ਆਦਿ ਦੇ ਧੁਨੀ ਸਿਧਾਂਤ ਨੂੰ ਸੰਸਕ੍ਰਿਤ-ਸਾਹਿਤ-ਸੰਸਾਰ ਵਿੱਚ ਆਪਣਾ ਪੱਕਾ ਸਥਾਨ ਪ੍ਰਾਪਤ ਕਰਾਉਣ ਲਈ ਵਡਮੁੱਲਾ ਯੋਗਦਾਨ ਪਾਇਆ।
ਅਚਾਰੀਆ ਅਨੰਦ ਵਰਧਨ ਨੇ ਮੁੱਖ ਰੂਪ ਵਿੱਚ ਧੁਨੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ। ਪਹਿਲੀ ਵਸਤੂ ਧੁਨੀ, ਦੂਜੀ ਅਲੰਕਾਰ ਧੁਨੀ ਅਤੇ ਤੀਜੀ ਰਸ ਧੁਨੀ। ਅਭਿਨਵ ਗੁਪਤ ਨੇ ਇਸ ਨੂੰ ਪਦਗਤ ਅਤੇ ਵਾਕ-ਗਤ ਕਹਿ ਕੇ ਉਪਰੋਕਤ ਧੁਨੀ-ਭੇਦਾਂ ਦੇ ਉਪ-ਭੇਦਾਂ ਦਾ ਵੀ ਵਰਣਨ ਕੀਤਾ ਹੈ। ਅਚਾਰੀਆ ਮੰਮਟ ਤੋਂ ਪੰਡਤ ਰਾਜ ਜਗਨਨਾਥ ਤੱਕ ਧੁਨੀ ਦੇ ਭੇਦ ਉਪ-ਭੇਦਾਂ ਦੀ ਸੰਖਿਆ ‘ਹਜ਼ਾਰਾਂ` ਕਹੀ ਗਈ। ਜਿਵੇਂ ਅਚਾਰੀਆ ਵਿਸ਼ਵਨਾਥ ਨੇ ਧੁਨੀ ਦੇ 5355 ਭੇਦ ਉਪ-ਭੇਦ ਮੰਨੇ, ਅਭਿਨਵ ਗੁਪਤ ਨੇ 7420 ਅਤੇ ਅਚਾਰੀਆ ਮੰਮਟ ਨੇ ਇਹ ਸੰਖਿਆ 10455 ਤੱਕ ਵਧਾ ਦਿੱਤੀ।
ਅਨੰਦ ਵਰਧਨ ਅਨੁਸਾਰ ਧੁਨੀ ਦੇ ਤਿੰਨ ਭੇਦ ਇਹ ਹਨ :
1. ਵਸਤੂ ਧੁਨੀ: ਜਦੋਂ ਕਾਵਿ ਵਿੱਚ ਕਿਸੇ ਵਿਚਾਰ ਨੂੰ ਵਿਅੰਗ-ਅਰਥ ਰਾਹੀਂ ਸੁਝਾਇਆ ਜਾਵੇ, ਉਹ ਵਸਤੂ- ਧੁਨੀ ਕਹਾਉਂਦੀ ਹੈ।
2. ਅਲੰਕਾਰ ਧੁਨੀ: ਜਦੋਂ ਸੁਝਾਅ ਰੂਪ ਵਿੱਚ ਕੋਈ ਅਲੰਕਾਰ ਵਿਕਸਿਤ ਹੁੰਦਾ ਹੋਵੇ, ਉਹ ਅਲੰਕਾਰ-ਧੁਨੀ ਹੁੰਦੀ ਹੈ।
3. ਰਸ ਧੁਨੀ: ਜਦੋਂ ਕਾਵਿ ਵਿੱਚ ਰਸ ਦਾ ਅਹਿਸਾਸ ਹੋਵੇ, ਅਜਿਹਾ ਅਹਿਸਾਸ, ਜੋ ਕੇਵਲ ਸ਼ਬਦਾਂ ਦੁਆਰਾ ਬਿਆਨਿਆ ਜਾ ਸਕਣ ਵਾਲਾ ਨਾ ਹੋਵੇ, ਸਗੋਂ ਸ਼ਬਦ-ਅਰਥ ਤੋਂ ਬਿਨਾਂ ਵੀ ਕੋਈ ਅਲੰਕਾਰੀ (ਚਮਤਕਾਰਿਕ) ਪ੍ਰਭਾਵ (ਅਨੁਭਵ) ਮਹਿਸੂਸ ਹੁੰਦਾ ਹੋਵੇ, ਉਹ ਰਸ-ਧੁਨੀ ਹੈ। ਰਸ-ਪ੍ਰਧਾਨ ਧੁਨੀ ਹੀ ਉੱਤਮ ਧੁਨੀ ਹੈ।
ਅਨੰਦ ਵਰਧਨ ਤੋਂ ਬਾਅਦ ਦੇ ਵਿਦਵਾਨਾਂ (ਮੰਮਟ ਆਦਿ) ਦੁਆਰਾ ਧੁਨੀ ਦੇ ਹਜ਼ਾਰਾਂ ਭੇਦ-ਉਪਭੇਦ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਸਰਬ-ਪ੍ਰਵਾਨਿਤ ਮੁੱਖ-ਭੇਦ ਇਸ ਤਰ੍ਹਾਂ ਹਨ-ਪਹਿਲਾਂ ਧੁਨੀ ਦੇ ਦੋ, ਮੁੱਖ ਭੇਦ ਅਭਿਧਾ ਮੂਲਕ (ਵਿਵਕਸ਼ਿਤ-ਅਨਯ-ਪਰਵਾਚਯ) ਅਤੇ ਲਕਸ਼ਣਾ ਮੂਲਕ (ਅਵਿਵਕਸ਼ਿਤਵਾਚਯ) ਹਨ। ਫਿਰ ਅਭਿਧਾ ਮੂਲਕ ਧੁਨੀ ਦੇ ਦੋ ਉਪਭੇਦ ਸੰਲਕਸ਼ਯ ਕ੍ਰਮ ਅਤੇ ਅਸੰਲਕਸ਼ਯਕਮ (ਰਸ-ਧੁਨੀ) ਕੀਤੇ ਗਏ। ਇਸੇ ਤਰ੍ਹਾਂ ਲਕਸ਼ਣਾ ਮੂਲਕ ਧੁਨੀ ਦੇ ਦੋ ਉਪ-ਭੇਦ ਅਰਥਾਂਤਰ ਸੰਕ੍ਰਮਿਤ ਅਤੇ ਅਤਿਅੰਤ ਤਿਰਸਕ੍ਰਿਤ ਅਤੇ ਫਿਰ ਇਹਨਾਂ ਦੇ ਵੀ ਪਦਗਤ ਤੇ ਵਾਕਗਤ ਅਨੁਸਾਰ ਦੋ-ਦੋ ਉਪਭੇਦ ਹੋਏ। ਇਸੇ ਤਰ੍ਹਾਂ ਸੰਲਕਸ਼ਯਕ੍ਰਮ ਦੇ ਪਹਿਲਾਂ ਤਿੰਨ ਉਪਭੇਦ ਸ਼ਬਦ ਸ਼ਕਤੀ ਮੂਲਕ, ਅਰਥ ਸ਼ਕਤੀ ਮੂਲਕ ਅਤੇ ਸ਼ਬਦ ਅਰਥ ਸ਼ਕਤੀ ਮੂਲਕ ਹੋਏ। ਫਿਰ ਸ਼ਬਦ ਸ਼ਕਤੀ ਮੂਲਕ ਧੁਨੀ ਦੇ ਚਾਰ ਉਪ-ਭੇਦ ਅਤੇ ਅਰਥ ਸ਼ਕਤੀ ਮੂਲਕ ਦੇ ਪਹਿਲਾਂ ਤਿੰਨ ਫਿਰ ਇਹਨਾਂ ਤਿੰਨਾਂ ਦੇ 12-12 ਉਪਭੇਦ ਹੋਏ ਅਤੇ ਅਸੰਲਕਸ਼ਯ ਕ੍ਰਮ ਦੇ ਕੁੱਲ ਛੇ ਉਪਭੇਦ ਹੋਏ।
ਅਨੰਦ ਵਰਧਨ ਤੋਂ ਬਾਅਦ ਦੇ ਆਲੋਚਕਾਂ `ਚੋਂ ਕੁਝ ਨੇ ਧੁਨੀ-ਸਿਧਾਂਤ ਦਾ ਵਿਰੋਧ ਵੀ ਕੀਤਾ ਅਤੇ ਕੁਝ ਵਿਦਵਾਨਾਂ ਨੇ ਇਸ ਨੂੰ ਹੋਰ ਵੀ ਵਿਕਸਿਤ ਕੀਤਾ ਹੈ ਅਤੇ ਵਰਤਮਾਨ ਸਮੇਂ ਵਿੱਚ ਧੁਨੀ-ਸਿਧਾਂਤ ਇੱਕ ਸਥਾਪਿਤ ਸੰਪਰਦਾਇ ਦੇ ਰੂਪ ਵਿੱਚ ਸਾਡੇ ਸਾਮ੍ਹਣੇ ਹੈ।
ਲੇਖਕ : ਗੁਰਦਾਸ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First