ਧੁਨੀਗ੍ਰਾਮ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧੁਨੀਗ੍ਰਾਮ: ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿਚ ਕੀਤੀ ਜਾਂਦੀ ਹੈ। ਮਨੁੱਖੀ ਉਚਾਰਨ-ਯੰਤਰ ਅਨੇਕ ਪਰਕਾਰ ਦੀਆਂ ਧੁਨੀਆਂ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ ਪਰ ਹਰ ਭਾਸ਼ਾ ਲਈ ਇਨ੍ਹਾਂ ਦੀ ਤਾਦਾਦ ਸੀਮਤ ਹੁੰਦੀ ਹੈ। ਇਕ ਭਾਸ਼ਾ ਦੇ ਸਮੁੱਚ ਵਿਚੋਂ ਧੁਨੀਆਂ ਨੂੰ ਆਪਣੇ ਸਿਸਟਮ ਵਿਚ ਲੈਣਾ ਹੁੰਦਾ ਹੈ। ਧੁਨੀਆਂ ਦੇ ਇਸ ਸਿਸਟਮ ਨੂੰ ਧੁਨੀ-ਵਿਉਂਤ ਕਿਹਾ ਜਾਂਦਾ ਹੈ। ਧੁਨੀਗ੍ਰਾਮ ਇਕ ਅਜਿਹਾ ਸੰਕਲਪ ਹੈ ਜਿਸ ਨੂੰ ਆਦਰਸ਼ਕ ਰੂਪ ਵਿਚ ਪਰਵਾਨ ਕੀਤਾ ਜਾਂਦਾ ਹੈ ਕਿਉਂਕਿ ਇਕੋ ਹੀ ਧੁਨੀਗ੍ਰਾਮ ਜਦੋਂ ਸ਼ਬਦ ਦੀਆਂ ਵੱਖੋ ਵੱਖਰੀਆਂ ਸਥਿਤੀਆਂ (ਸ਼ੁਰੂ, ਅੰਤ ਤੇ ਵਿਚਕਾਰ) ਵਿਚ ਵਰਤਿਆ ਜਾਂਦਾ ਹੈ ਤਾਂ ਇਨ੍ਹਾਂ ਦਾ ਵਰਤਾਰਾ ਭਿੰਨ ਹੁੰਦਾ ਹੈ। ਇਹ ਵਰਤਾਰਾ ਇਥੋਂ ਤੱਕ ਭਿੰਨ ਹੁੰਦਾ ਹੈ ਕਿ ਜਦੋਂ ਇਕੋ ਵਿਅਕਤੀ ਇਕੋ ਧੁਨੀ ਵੱਖੋ ਵੱਖਰੇ ਸਮੇਂ\ਸਥਾਨਾਂ ’ਤੇ ਵਰਤਦਾ ਹੈ ਤਾਂ ਉਸ ਦਾ ਉਚਾਰਨ ਭਿੰਨ ਹੋ ਸਕਦਾ ਹੈ। ਉਚਾਰ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ ਪਰ ਜਦੋਂ ਇਸ ਦੀ ਵਰਤੋਂ ਭਿੰਨ ਹੁੰਦੀ ਹੈ ਤਾਂ ਇਸ ਸੰਕਲਪ ਨੂੰ ਸਹਿ-ਧੁਨੀਗ੍ਰਾਮ ਸੰਕਲਪ ਵਜੋਂ ਜਾਣਿਆ ਜਾਂਦਾ ਹੈ। ਧੁਨੀਗ੍ਰਾਮ ਨੂੰ ਸਮਝਣ ਲਈ ਇਸ ਨਾਲ ਜੁੜਦੇ ਬਾਕੀ ਸੰਕਲਪਾਂ, ਧੁਨੀ ਅਤੇ ਸਹਿ-ਧੁਨੀ ਦਾ ਨਿਖੇੜਾ ਕਰਨਾ ਪੈਂਦਾ ਹੈ। ਧੁਨੀ ਇਕ ਧੁਨਾਤਮਕ ਇਕਾਈ ਹੈ ਇਸ ਦਾ ਅਧਿਅਨ ਧੁਨੀ ਵਿਗਿਆਨ ਵਿਚ ਕੀਤਾ ਜਾਂਦਾ ਹੈ ਅਤੇ ਇਸ ਦਾ ਆਪਣਾ ਇਕ ਸਰੂਪ ਹੁੰਦਾ ਹੈ। ਧੁਨੀਗ੍ਰਾਮ ਇਕ ਆਦਰਸ਼ਕ ਇਕਾਈ ਹੈ ਕਿਉਂਕਿ ਇਕੋ ਧੁਨੀਗ੍ਰਾਮ ਦੀ ਵਰਤੋਂ ਦੇ ਵਿਭਿੰਨ ਪਰਗਟਾਵੀ ਰੂਪ ਹਨ। ਸਹਿ-ਧੁਨੀਗ੍ਰਾਮ ਨੂੰ ਧੁਨੀਗ੍ਰਾਮ ਦੀ ਵਰਤੋਂ ਦੇ ਅਧਾਰ ’ਤੇ ਨਿਸ਼ਚਤ ਕੀਤਾ ਜਾਂਦਾ ਹੈ। ਪੰਜਾਬੀ ਵਿਚ (ਪ) ਅਲਪ-ਪਰਾਣ, ਅਘੋਸ਼, ਦੋ ਹੋਂਠੀ ਅਤੇ ਡੱਕਵੀਂ ਧੁਨੀ ਹੈ। ਇਸ ਦੇ ਮੁਕਾਬਲੇ (ਫ) ਮਹਾਂ-ਪਰਾਣ, ਅਘੋਸ਼, ਦੋ ਹੋਂਠੀ ਅਤੇ ਡੱਕਵੀਂ ਧੁਨੀ ਹੈ। (ਪ) ਅਤੇ (ਫ) ਵਿਚ ਪਰਾਣਤਾ ਦਾ ਨਿਖੇੜਾ ਹੈ। ਇਹ ਧੁਨੀਆਂ ਪੰਜਾਬੀ ਅਤੇ ਹਿੰਦੀ ਵਿਚ ਵੱਖਰੇ ਧੁਨੀਗ੍ਰਾਮ ਵਜੋਂ ਵਰਤੀਆਂ ਜਾਂਦੀਆਂ। ਇਕ ਧੁਨੀਗ੍ਰਾਮ ਦੀ ਥਾਂ ਦੂਜਾ ਧੁਨੀਗ੍ਰਾਮ ਜਦੋਂ ਲੈਂਦਾ ਹੈ ਤਾਂ ਅਰਥ ਭੇਦ ਹੁੰਦਾ ਹੈ ਜਿਵੇਂ (ਪ) ਪਲ, (ਫ) ਫਲ। (ਪ) ਅਤੇ (ਫ) ਦੇ ਪਰਿਵਰਤਨ ਨਾਲ ਸ਼ਬਦ-ਅਰਥ ਵਿਚ ਅੰਤਰ ਵਾਪਰਦਾ ਹੈ ਜਦੋਂ ਇਕ ਧੁਨੀਗ੍ਰਾਮ ਦੀ ਥਾਂ ਦੂਜਾ ਧੁਨੀਗ੍ਰਾਮ ਵਿਚਰ ਸਕੇ ਤਾਂ ਉਸ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ। ਇਹ ਵਰਤਾਰਾ ਧੁਨੀਗ੍ਰਾਮ ਨੂੰ ਪਰਿਭਾਸ਼ਤ ਕਰਨ ਲਈ ਕਾਫੀ ਹੈ ਪਰ ਇਸ ਤੋਂ ਉਲਟ ਇਕੋ ਸਹਿ-ਧੁਨੀਗ੍ਰਾਮ ਦਾ ਸਥਾਨ ਵੱਖੋ ਵੱਖਰਾ ਹੁੰਦਾ ਹੈ ਜਿਵੇਂ : ਕਰ, ਲਕ, ਲਕੀਰ ਵਿਚ (ਕ) ਧੁਨੀਗ੍ਰਾਮ ਦੇ ਤਿੰਨ ਸਹਿ-ਧੁਨੀਗ੍ਰਾਮ ਹਨ। ਹਰ ਭਾਸ਼ਾ ਵਿਚ ਧੁਨੀਗ੍ਰਾਮਾਂ ਦੀ ਗਿਣਤੀ ਵੱਖੋ ਵੱਖਰੀ ਹੋ ਸਕਦੀ ਹੈ, ਜਿਵੇਂ : ਅੰਗਰੇਜ਼ੀ ਵਿਚ 44, ਹਿੰਦੀ ਵਿਚ 46, ਤਾਮਿਲ ਵਿਚ 41, ਕੰਨੜ ਵਿਚ 47 ਅਤੇ ਪੰਜਾਬੀ (ਮਾਝੀ) ਦੇ ਮੂਲ ਧੁਨੀਗ੍ਰਾਮਾਂ 29 ਵਿਅੰਜਨ ਧੁਨੀਆਂ ਲਈ ਅਤੇ 10 ਸਵਰ ਧੁਨੀਆਂ ਲਈ ਭਾਵ ਇਨ੍ਹਾਂ ਦੀ ਗਿਣਤੀ 39 ਹੈ। ਧੁਨੀਗ੍ਰਾਮ ਨੂੰ ਪਰਿਭਾਸ਼ਤ ਕਰਨ ਲਈ ਚਾਰ ਮੁੱਖ ਦਰਿਸ਼ਟੀਕੋਣ ਹਨ ਜਿਵੇਂ : ਮਨਵਾਦੀ, ਭੌਤਿਕ ਵਰਤਾਰਾ, ਵਰਤੋਂ ਪੱਖ ਅਤੇ ਅਮੂਰਤ ਪੱਖ। ਇਨ੍ਹਾਂ ਦਰਿਸ਼ਟੀਕੋਣਾਂ ਦੇ ਅਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਧੁਨੀਗ੍ਰਾਮ ਛੋਟੀ ਤੋਂ ਛੋਟੀ ਉਚਾਰ ਇਕਾਈ ਹੈ ਅਤੇ ਭਾਸ਼ਾ ਉਚਾਰ ਦਾ ਇਹ ਇਕ ਆਦਰਸ਼ਕ ਰੂਪ ਹੁੰਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.