ਨਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਦਰ. ਦੇਖੋ, ਨਦਰਿ। ੨ ਸੰ. ਸੰਗ੍ਯਾ—ਨਦੀ ਪਾਸ ਦਾ ਦੇਸ਼. ਖਾਦਰ। ੩ ਵਿ—ਨਹੀਂ ਹੈ ਦਰ (ਡਰ) ਜਿਸ ਨੂੰ. ਨਿਡਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਦਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਦਰ: ਇਹ ਸ਼ਬਦ ਅਰਬੀ ਭਾਸ਼ਾ ਦੇ ‘ਨਜ਼ਰ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਦ੍ਰਿਸ਼ਟੀ, ਨਿਗਾਹ। ਪਰ ਅਧਿਆਤਮਿਕ ਸਾਹਿਤ ਵਿਚ ਇਹ ਪ੍ਰਭੂ ਦੀ ਕ੍ਰਿਪਾ- ਦ੍ਰਿਸ਼ਟੀ ਲਈ ਰੂੜ੍ਹ ਹੋ ਗਿਆ ਹੈ। ਪਰਮਾਤਮਾ ਦੀ ਕ੍ਰਿਪਾ- ਦ੍ਰਿਸ਼ਟੀ ਜਾਂ ਮਿਹਰ ਤੋਂ ਬਿਨਾ ਪੱਤਾ ਨਹੀਂ ਹਿਲ ਸਕਦਾ। ਗੁਰਬਾਣੀ ਵਿਚ ਇਸ ਮਾਨਤਾ ਨੂੰ ਅਨੇਕ ਥਾਂਵਾਂ’ਤੇ, ਅਨੇਕ ਸ਼ਬਦਾਂ ਦੁਆਰਾ ਪ੍ਰਗਟਾਉਣ ਦਾ ਸਦ-ਉੱਦਮ ਕੀਤਾ ਗਿਆ ਹੈ। ਨਦਰ ਕਰਨ ਵਾਲੇ ਨੂੰ ‘ਨਦਰੀ’ ਕਿਹਾ ਗਿਆ ਹੈ—ਨਾਨਕ ਨਦਰੀ ਨਦਰਿ ਨਿਹਾਲ (ਗੁ.ਗ੍ਰੰ.8); ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ (ਗੁ.ਗ੍ਰੰ.850)।

            ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿੱਧਾਂਤਿਕ ਵਿਕਾਸ ਉਤੇ ਝਾਤ ਮਾਰੀਏ ਤਾਂ ਪਰਮ-ਸੱਤਾ ਦੀ ਅਸੀਮ ਅਕਾਰਣ ਕ੍ਰਿਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਾਮੀ ਧਾਰਮਿਕ ਪਰੰਪਰਾਵਾਂ ਵਿਚ ਪਰਮਾਤਮਾ ਦੀ ਕ੍ਰਿਪਾ ਨੂੰ ਕਰਮ , ਮੇਹਰ, ਬਖ਼ਸ਼ਿਸ਼, ਫ਼ਜ਼ਲ, ਨਦਰ ਆਦਿ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ। ਈਸਾਈ-ਮਤ ਵਿਚ ਇਸ ਭਾਵਨਾ ਲਈ ‘ਗ੍ਰੇਸ’ ਸ਼ਬਦ ਵਰਤਿਆ ਗਿਆ ਹੈ। ਸਪੱਸ਼ਟ ਹੈ ਕਿ ਸਾਰਿਆਂ ਧਰਮਾਂ ਵਿਚ ਕਿਸੇ ਨ ਕਿਸੇ ਰੂਪ ਵਿਚ ਈਸ਼ਵਰੀ ਕ੍ਰਿਪਾ ਦੇ ਮਹੱਤਵ ਦੀ ਸਥਾਪਨਾ ਕੀਤੀ ਗਈ ਹੈ। ਪਰ ਹਰ ਇਕ ਧਰਮ ਦੀ ਮਾਨਤਾ ਅਤੇ ਉਸ ਮਾਨਤਾ ਦਾ ਪ੍ਰਕਾਰਜੀ ਰੂਪ ਵਖਰੇ ਵਖਰੇ ਢੰਗ ਦਾ ਹੈ।

            ਗੁਰੂ ਨਾਨਕ ਦੇਵ ਜੀ ਦੀਆਂ ਲਗਭਗ ਸਾਰੀਆਂ ਸਿੱਧਾਂਤਿਕ ਅਤੇ ਧਾਰਮਿਕ ਮਾਨਤਾਵਾਂ ਦੇ ਸੂਤ੍ਰਜਪੁਜੀ ’ ਵਿਚ ਮਿਲ ਜਾਂਦੇ ਹਨ। ਇਸ ਬਾਣੀ ਦੇ ਆਰੰਭ ਵਿਚ ਅੰਕਿਤ ਮੂਲ-ਮੰਤ੍ਰ ਵਿਚ ਪਰਮ-ਸੱਤਾ ਦਾ ਜੋ ਸਰੂਪ ਚਿਤਰਿਤ ਹੋਇਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਉਸ ਸੱਤਾ ਦੀ ਪ੍ਰਾਪਤੀ ਦੇ ਸਾਧਨ ਨੂੰ ਜਾਣਨ ਲਈ ਉਤਸਾਹੀ ਜਿਗਿਆਸੂ ਦੇ ਮਨ ਵਿਚ ਪ੍ਰਤਖ ਤੌਰ ’ਤੇ ਜੋ ਪ੍ਰਸ਼ਨ ਉਠਦਾ ਹੈ, ਉਸ ਦਾ ਉੱਤਰ ਗੁਰੂ ਨਾਨਕ ਦੇਵ ਜੀ ਨੇ ‘ਗੁਰ ਪ੍ਰਸਾਦਿ’ ਦੁਆਰਾ ਦਿੱਤਾ ਹੈ। ਸੰਸਕ੍ਰਿਤ ਭਾਸ਼ਾ ਦੇ ‘ਪ੍ਰਸਾਦਿ’ ਸ਼ਬਦ ਦੇ ਹੋਰਨਾਂ ਅਰਥਾਂ ਤੋਂ ਇਲਾਵਾ ਇਕ ਅਰਥ ਕ੍ਰਿਪਾ, ਕਰਮ ਜਾਂ ਨਦਰ ਵੀ ਹੈ। ਇਸ ਲਈ ਪ੍ਰਸਾਦ, ਕ੍ਰਿਪਾ, ਕਰਮ, ਨਦਰ, ਮੇਹਰ ਸ਼ਬਦ ਪ੍ਰਯਾਯਵਾਚੀ ਰੂਪ ਵਿਚ ਵਰਤੇ ਗਏ ਹਨ।

            ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਰਮਾਤਮਾ ਅਤੇ ਗੁਰੂ ਦੀ ਕ੍ਰਿਪਾ ਉਤੇ ਸਰਬਤ੍ਰ ਬਲ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਪਰਮਾਤਮਾ ਅਤੇ ਗੁਰੂ ਵਿਚ ਕਿਸੇ ਪ੍ਰਕਾਰ ਦਾ ਕੋਈ ਤਾਤਵਿਕ ਅੰਤਰ ਨਹੀਂ ਹੈ। ਪਰਮਾਤਮਾ ਦੀਆਂ ਸੰਪੂਰਣ ਸ਼ਕਤੀਆਂ ਅਤੇ ਗੁਣਾਂ ਨੂੰ ਗੁਰੂ ਦੇ ਸਰੂਪ ਉਤੇ ਆਰੋਪਿਤ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਿਥਵੀ ਉਤੇ ਨਿਵਾਸ ਕਰ ਰਿਹਾ ਗੁਰੂ ਖ਼ੁਦ ਪਰਮਾਤਮਾ ਹੈ। ਦੋਵੇਂ ਅਭੇਦ ਹਨ — ਭੇਦੁ ਨਾਹੀ ਗੁਰਦੇਵ ਮੁਰਾਰਿ ਇਹੀ ਕਾਰਣ ਹੈ ਕਿ ਗੁਰਬਾਣੀ ਵਿਚ ਗੁਰੂ ਦੀ ਲੋੜ ਉਤੇ ਬਹੁਤ ਬਲ ਦਿੱਤਾ ਗਿਆ ਹੈ।

            ਗੁਰਬਾਣੀ ਵਿਚ ਸਭ ਥਾਂ ਬੜੀ ਦ੍ਰਿੜ੍ਹਤਾ ਨਾਲ ਇਸ ਮਾਨਤਾ ਦੀ ਸਥਾਪਨਾ ਕੀਤੀ ਗਈ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਜਾਂ ਜੀਵਨ ਦਾ ਪਰਮ-ਮਨੋਰਥ ਹਾਸਲ ਕਰਨ ਲਈ ਇਕੋ ਇਕ ਸਾਧਨ ‘ਕ੍ਰਿਪਾ’, ‘ਨਦਰ’, ‘ਕਰਮ’ ਜਾਂ ‘ਮੇਹਰ’ ਹੈ। ਇਸ ਤੋਂ ਭਿੰਨ ਹੋਰ ਹਰ ਪ੍ਰਕਾਰ ਦੀਆਂ ਹਿਕਮਤਾਂ ਜਾਂ ਹੁਕਮ ਵਿਅਰਥ ਹਨ—ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ (ਗੁ.ਗ੍ਰੰ.465)। ਸਿਰੀ ਰਾਗ ਵਿਚ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ (ਗੁ.ਗ੍ਰੰ.16)।

            ਪਰਮਾਤਮਾ ਦੀ ਮੇਹਰ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਵੀ ਅਸੰਭਵ ਹੈ। ਸ੍ਰੇਸ਼ਠ ਕਰਮ ਕਰਨ ਨਾਲ ਸ਼ਰੀਰ ਰੂਪੀ ਕਪੜਾ ਪ੍ਰਾਪਤ ਕੀਤਾ ਜਾ ਸਕਦਾ ਹੈ, ਅਰਥਾਤ ਮਨੁੱਖ ਜਨਮ ਮਿਲ ਸਕਦਾ ਹੈ, ਪਰ ਪਰਮਾਤਮਾ ਦੀ ਨਦਰ ਨਾਲ ਹੀ ਮੋਕੑਸ਼-ਦੁਆਰ ਤਕ ਪਹੁੰਚ ਸੰਭਵ ਹੁੰਦੀ ਹੈ। ਪ੍ਰਭੂ-ਕ੍ਰਿਪਾ ਨਾਲ ਗੁਰੂ-ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ-ਸ਼ਬਦ ਨਾਲ ਆਸ਼ਾਵਾਂ, ਸ਼ੰਕਾਵਾਂ, ਹਉਮੈ ਆਦਿ ਵਿਕਾਰ ਅਤੇ ਦੁਰ- ਵ੍ਰਿੱਤੀਆਂ ਭਸਮ ਹੋ ਜਾਂਦੀਆਂ ਹਨ— ਨਾਨਕ ਨਦਰਿ ਕਰੇ ਸੋ ਪਾਏੇ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ (ਗੁ.ਗ੍ਰੰ.468)।

ਪਰਮਾਤਮਾ ਦੀ ਨਦਰ ਤੋਂ ਜੋ ਵਾਂਝੇ ਹਨ, ਉਨ੍ਹਾਂ ਦਾ ਮਨ ਪੁੰਨ-ਦਾਨ ਅਤੇ ਨਾਮ-ਸਿਮਰਨ ਵਿਚ ਰੁਚਿਤ ਨਹੀਂ ਹੁੰਦਾ , ਨ ਹੀ ਉਹ ਪ੍ਰਤਿਸ਼ਠਾ ਪ੍ਰਾਪਤ ਕਰ ਸਕਦੇ ਹਨ—ਨਾਨਕ ਨਦਰੀ ਬਾਹਰੇ ਕਬਹਿ ਪਾਵਹਿ ਮਾਨੁ (ਗੁ. ਗ੍ਰੰ.789)। ਵਾਸਤਵਿਕਤਾ ਤਾਂ ਇਹ ਹੈ ਕਿ ਜੇ ਪਰਮਾਤਮਾ ਕ੍ਰਿਪਾ-ਦ੍ਰਿਸ਼ਟੀ ਨੂੰ ਸੰਕੋਚ ਲਏ, ਜਾਂ ਉਲਟੀ ਕਰ ਦੇਏ ਤਾਂ ਵੱਡੇ ਵੱਡੇ ਬਾਦਸ਼ਾਹਾਂ ਨੂੰ ਘਸਿਆਰਿਆਂ ਵਾਂਗ ਦਰਿਦ੍ਰ ਬਣਾ ਦਿੰਦਾ ਹੈ। ਇਥੋਂ ਤਕ ਹੀ ਨਹੀਂ, ਦੁਆਰ ਦੁਆਰ ਉਤੇ ਭਿਖਿਆ ਮੰਗਣ’ਤੇ ਵੀ ਉਨ੍ਹਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ —ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ਦਰਿ ਮੰਗਨਿ ਭਿਖ ਪਾਇਦਾ (ਗੁ.ਗ੍ਰੰ.472)।

            ਇਥੇ ਇਹ ਗੱਲ ਸਪੱਸ਼ਟ ਕਰ ਦੇਣੀ ਉਚਿਤ ਹੋਵੇਗੀ ਕਿ ‘ਨਦਰ ਉਪਠੀ’ ਤੋਂ ਤਾਤਪਰਜ ਇਹ ਨਹੀਂ ਕਿ ਪਰਮਾਤਮਾ ਦੀ ਨਦਰ ਕਿਸੇ ਤਰ੍ਹਾਂ ਦੇ ਅਨਿਆਇ ਉਤੇ ਆਧਾਰਿਤ ਹੈ। ਸਗੋਂ ਗੁਰਬਾਣੀ ਅਨੁਸਾਰ ਇਹ ਕ੍ਰਿਪਾ- ਦ੍ਰਿਸ਼ਟੀ ਕੇਵਲ ਉਨ੍ਹਾਂ ਉਤੇ ਹੁੰਦੀ ਹੈ ਜੋ ਸਚੇ ਮਾਰਗ ਉਪਰ ਚਲਦੇ ਹਨ। ਜੋ ਸਚੇ ਮਾਰਗ ਨੂੰ ਛਡ ਕੇ ਕੁਮਾਰਗ ਉਤੇ ਚਲਦੇ ਹਨ, ਉਹ ਪਰਮਾਤਮਾ ਦੀ ਮਿਹਰ ਤੋਂ ਵਾਂਝੇ ਹੋ ਜਾਂਦੇ ਹਨ। ਗੁਰਮਤਿ ਮਨੁੱਖ ਸਮਾਜ ਨੂੰ ਦੋ ਵਰਗਾਂ ਵਿਚ ਵੰਡਦੀ ਹੈ—ਗੁਰਮੁਖ ਅਤੇ ਮਨਮੁਖ। ਇਨ੍ਹਾਂ ਨੂੰ ‘ਭਗਤ ’ ਅਤੇ ‘ਸੰਸਾਰੀ’ ਵੀ ਕਿਹਾ ਗਿਆ ਹੈ। ਭਗਤ ਅਥਵਾ ਗੁਰਮੁਖ ਪਰਮਾਤਮਾ ਦੀ ਨਦਰ ਅਧੀਨ ਆਪਣੀ ਸੰਸਾਰਿਕ ਯਾਤ੍ਰਾ ਪੂਰੀ ਕਰਦਾ ਹੋਇਆ ਬ੍ਰਹਮਾਨੰਦ ਨੂੰ ਪ੍ਰਾਪਤ ਕਰਦਾ ਹੈ ਅਤੇ ਮਨਮੁਖ ਜਾਂ ਸੰਸਾਰੀ ਵਿਅਕਤੀ ਨਦਰ ਤੋਂ ਵੰਚਿਤ ਹੋ ਕੇ ਆਵਾਗਵਣ ਦੇ ਚੱਕਰ ਕਟਦਾ ਰਹਿੰਦਾ ਹੈ।

            ਗੁਰਬਾਣੀ ਵਿਚਲੇ ਨਦਰ ਦੇ ਇਸ ਸਿੱਧਾਂਤ ਦੇ ਕਈ ਪੱਖ ਹੋਰਨਾਂ ਧਰਮਾਂ ਦੀਆਂ ਸਥਾਪਨਾਵਾਂ ਨਾਲ ਕਈ ਪ੍ਰਕਾਰ ਦੀ ਸਮਾਨਤਾ ਰਖਦੇ ਹਨ, ਪਰ ‘ਜਪੁਜੀ’ ਵਿਚ ਗੁਰਮਤਿ ਅਨੁਸਾਰੀ ਨਦਰ ਜਾਂ ਕ੍ਰਿਪਾ ਦੀ ਆਪਣੀ ਇਕ ਮੌਲਿਕ ਵਿਸ਼ਿਸ਼ਟਤਾ ਵੀ ਹੈ ਅਤੇ ਉਹ ਹੈ ਪੰਜ-ਖੰਡਾਂ ਦੀ ਅਨੁਭਵੀ ਯਾਤ੍ਰਾ। ਇਹ ਪੰਜ ਖੰਡ ਹਨ— ਧਰਮ-ਵੰਡ, ਗਿਆਨ-ਖੰਡ , ਸਰਮ-ਖੰਡ, ਕਰਮ-ਖੰਡ ਅਤੇ ਸਚ-ਖੰਡ। ਇਹ ਖੰਡ ਉਤਰੋਤਰ ਸੂਖਮ ਹੁੰਦੇ ਗਏ ਹਨ। ਇਨ੍ਹਾਂ ਦੇ ਵਿਸ਼ੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਨ ਤਾਂ ਸੂਫ਼ੀਆ ਦੀਆਂ ਚਾਰ ਅਧਿਆਤਮਿਕ ਯਾਤ੍ਰਾਵਾ—ਸ਼ਰੀਅਤ, ਤਰੀਕਤ, ਮਾਰਿਫ਼ਤ ਅਤੇ ਹਕੀਕਤ— ਜਾਂ ਪੰਜ ਲੋਕਾਂ—ਨਾਸੂਤ, ਮਲਕੂਤ, ਜਬਰੂਤ, ਲਾਹੂਤ ਅਤੇ ਹਾਹੂਤ— ਨਾਲ ਮੇਲ ਖਾਂਦੇ ਹਨ ਅਤੇ ਨ ਹੀ ‘ਮਨਤਿਕੁਲ ਤੈਰ’ ਦੀਆਂ ਸੱਤ ਵਾਦੀਆਂ ਨਾਲ ਇਨ੍ਹਾਂ ਦੀ ਕੋਈ ਸਮਾਨਤਾ ਹੈ। ਇਨ੍ਹਾਂ ਖੰਡਾਂ ਦਾ ਸੰਬੰਧ ਭਾਰਤੀ ਦਰਸ਼ਨ ਦੀਆਂ ਚਾਰ ਅਵਸਥਾਵਾਂ —ਜਾਗ੍ਰਿਤ, ਸ੍ਵਪਨ, ਸੁਖੁਪਤੀ ਅਤੇ ਤੁਰੀਆ—ਨਾਲ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਤਿਪਾਦਿਤ ਪੰਜ ਖੰਡਾਂ ਦੀ ਯਾਤ੍ਰਾ ਦਾ ਆਪਣਾ ਹੀ ਵਿਧਾਨ ਅਤੇ ਅਨੁਭਵ ਹੈ।

            ਪਹਿਲੇ ਤਿੰਨ ਖੰਡਾਂ ਵਿਚ ਧਰਮ, ਗਿਆਨ ਅਤੇ ਸਰਮ ਦੀਆਂ ਭੂਮਿਕਾਵਾਂ ਦਸੀਆਂ ਗਈਆਂ ਹਨ ਅਤੇ ਅੰਤਿਮ ਖੰਡ ਪਰਮ-ਸੱਤਾ ਨਾਲ ਸਿੱਧਾ ਸੰਬੰਧਿਤ ਹੈ ਜਿਸ ਤਕ ਪਹੁੰਚ ਕੇ ਸਾਧਕ ਹਰਿ-ਰੂਪ ਹੋ ਜਾਂਦਾ ਹੈ। ਇਨ੍ਹਾਂ ਪਹਿਲੇ ਤਿੰਨ ਖੰਡਾਂ ਅਤੇ ਅੰਤਿਮ ਸਚ-ਖੰਡ ਵਿਚਾਲੇ ਇਕ ਹੋਰ ਮਹੱਤਵਪੂਰਣ ਖੰਡ ਹੈ ‘ਕਰਮ-ਖੰਡ’। ਇਹ ਕ੍ਰਿਪਾ, ਬਖ਼ਸ਼ਿਸ਼ ਜਾਂ ਨਦਰ ਦਾ ਖੰਡ ਹੈ। ਪਰਮਾਤਮਾ ਦੀ ਪ੍ਰਾਪਤੀ ਉਸ ਦੀ ਕ੍ਰਿਪਾ ਨਾਲ ਹੀ ਸੰਭਵ ਹੋ ਸਕਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕ੍ਰਿਪਾ ਦੀ ਅਵਸਥਾ, ਪਰਮਾਤਮਾ ਦੀ ਪ੍ਰਾਪਤੀ ਤੋਂ ਪਹਿਲਾਂ ਦੀ ਹੈ।

            ਪ੍ਰਭੂ-ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਨੂੰ ਅਨੁਕੂਲ ਜਾਂ ਸੁਪਾਤਰ ਬਣਾਉਣਾ ਹੁੰਦਾ ਹੈ। ਬਾਲਕ ਯਤਨ ਕਰਕੇ ਮਾਤਾ ਦੀ ਗੋਦ ਵਿਚ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਉਸ ਦੀ ਘਾਲ ਨੂੰ ਵੇਖ ਕੇ ਮਾਤਾ ਕ੍ਰਿਪਾ ਦੇ ਰੂਪ ਵਿਚ ਬਾਂਹਵਾਂ ਪਸਾਰ ਕੇ ਉਸ ਨੂੰ ਗੋਦ ਵਿਚ ਲੈ ਲੈਂਦੀ ਹੈ। ਚੰਚਲ ਬੁੱਧੀ ਵਾਲਾ ਜਾਂ ਕੁਲੱਛਣਾ ਬਾਲਕ ਇਸ ਗੌਰਵ ਤੋਂ ਵਿਛੁੰਨਾ ਰਹਿ ਜਾਂਦਾ ਹੈ। ਠੀਕ ਇਹੀ ਸਥਿਤੀ ਸਾਧਕ ਦੀ ਹੈ। ਉਸ ਨੂੰ ਧਰਮ, ਗਿਆਨ ਅਤੇ ਸਰਮ (ਭਾਵ ਤਪਸਿਆ) ਦੀਆਂ ਭੂਮਿਕਾਵਾਂ ਨੂੰ ਨਿਭਾਉਣਾ ਹੁੰਦਾ ਹੈ। ਇਨ੍ਹਾਂ ਤੋਂ ਗੁਜ਼ਰਨ’ਤੇ ਸਾਧਕ ਧਰਮ-ਪ੍ਰਬੀਨ, ਗਿਆਨਵਾਨ ਅਤੇ ਤਪਸਵੀ ਬਣ ਕੇ ਈਸ਼ਵਰੀ ਕ੍ਰਿਪਾ ਪ੍ਰਾਪਤ ਕਰਨ ਦਾ ਆਪਣੇ ਆਪ ਨੂੰ ਸੁਪਾਤਰ ਬਣਾਉਂਦਾ ਹੈ ਅਰਥਾਤ ਆਪਣੇ ਆਪ ਨੂੰ ਮਹਾ­-ਮਿਲਨ ਲਈ ਤਿਆਰ ਕਰਦਾ ਹੈ, ਉਸ ਸੁਲਖਣੀ ਘੜੀ ਦੀ ਉਡੀਕ ਕਰਦਾ ਹੈ ਜਦੋਂ ਉਸ ਦੀ ਭੁੜੀ ਥਾਂ ਪੈਂਦੀ ਹੈ, ਨਦਰ ਦੇ ਆਲੋਕ ਵਿਚ ਉਸ ਨੂੰ ਅਲੌਕਿਕ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਇਹ ਅਲੌਕਿਕ ਸ਼ਕਤੀ ਪ੍ਰਭੂ- ਪ੍ਰਦੱਤ ਹੈ। ਅਜਿਹੀ ਸ਼ਕਤੀ ਨਾਲ ਸੁਸਜਿਤ ਮਹਾਬਲੀ ਅਧਿਆਤਮਿਕ ਸੂਰਵੀਰ ਇਸ ਖੰਡ ਵਿਚ ਨਿਵਾਸ ਕਰਦੇ ਹਨ। ਉਨ੍ਹਾਂ ਵਿਚ ਰਾਮ ਹੀ ਰਾਮ ਵਿਆਪਤ ਹੁੰਦਾ ਹੈ। ਉਹ ਬ੍ਰਹਮੀ ਅਵਸਥਾ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਦਾ ਸਰੂਪ ਵਰਣਨ ਦੀਆਂ ਸੀਮਾਵਾਂ ਤੋਂ ਉੱਚਾ ਉਠ ਜਾਂਦਾ ਹੈ। ਫਿਰ ਨ ਉਹ ਮਰਦੇ ਹਨ (ਅਰਥਾਤ ਕਾਲ ਅਤੀਤ ਹੋ ਜਾਂਦੇ ਹਨ), ਨ ਠਗੇ ਜਾ ਸਕਦੇ ਹਨ (ਅਰਥਾਤ ਉਹ ਮਾਇਕ ਪ੍ਰਪੰਚ ਦੇ ਪ੍ਰਭਾਵੀ ਠਗੀ ਤੋਂ ਅਤੀਤ ਹੋ ਜਾਂਦੇ ਹਨ)। ਇਸ ਤਰ੍ਹਾਂ ਉਹ ਅਮਰ ਅਤੇ ਸੁਰਖਿਅਤ ਅਵਸਥਾ ਵਿਚ ਪਹੁੰਚ ਜਾਂਦੇ ਹਨ। ਉਹ ਸਦੀਵੀ ਆਨੰਦ ਨੂੰ ਮਾਣਦੇ ਹੋਏ ਨਾਮ ਨੂੰ ਮਨ ਵਿਚ ਵਸਾ ਲੈਂਦੇ ਹਨ।

            ਕਰਮ ਜਾਂ ਨਦਰ ਦੇ ਖੰਡ ਤੋਂ ਬਾਦ ਸਾਧਕ ਸਚ- ਖੰਡ ਵਿਚ ਪਹੁੰਚਦਾ ਹੈ। ਇਥੇ ਪਹੁੰਚ ਕੇ ਸਾਧਕ ਪਰਮ-ਸੱਤਾ ਵਿਚ ਸਮਾ ਜਾਂਦਾ ਹੈ—ਜਲ ਕਾ ਜਲ ਹੂਆ ਸੂਰਜ ਕਿਰਣ ਰਲੀ ਵਾਲੀ ਸਥਿਤੀ ਹੋ ਜਾਂਦੀ ਹੈ। ਇਹ ਪਰਮ-ਪਦ ਦੀ ਅਵਸਥਾ ਹੈ। ‘ਜਪੁਜੀ’ ਦੀ ਪਹਿਲੀ ਪਉੜੀ ਵਿਚ ਮਨੁੱਖ ਦੇ ਜੀਵਨ ਦੇ ਵਿਕਾਸ ਅਤੇ ਅਧਿਆਤਮਿਕ ਉੱਨਤੀ ਲਈ ਜੋ ਮਹੱਤਵਪੂਰਣ ਪ੍ਰਸ਼ਨ ਉਠਾਇਆ ਗਿਆ ਸੀ—ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿਉਸ ਦਾ ਸਮਾਧਾਨ ਇਸ ਖੰਡ ਵਿਚ ਪ੍ਰਸਤੁਤ ਕੀਤਾ ਗਿਆ ਹੈ। ਸਮੁੱਚੀ ਜਪੁਜੀ ਬਾਣੀ ਵਿਚ ਮਨੁੱਖ ਨੂੰ ਸਦਾਚਾਰੀ ਬਣਾਉਣ ਲਈ ਕੀਰਤਨ , ਸ਼੍ਰਵਣ , ਮਨਨ ਆਦਿ ਅਨੇਕ ਸਾਧਨਾ- ਸਥਿਤੀਆਂ ਤੋਂ ਗੁਜ਼ਾਰਦੇ ਹੋਇਆਂ ਸਾਧਕ ਨੂੰ ਇਨ੍ਹਾਂ ਪੰਜ ਖੰਡਾਂ ਤਕ ਪਹੁੰਚਾਇਆ ਗਿਆ ਹੈ। ਇਨ੍ਹਾਂ ਤਕ ਪਹੁੰਚ ਕੇ ਸਾਧਕ ਧਰਮ ਅਨੁਕੂਲ ਸ਼ੁਭ ਕਰਮ ਕਰਦਾ ਹੈ, ਆਤਮਾ- ਪਰਮਾਤਮਾ ਦੇ ਪਰਸਪਰ ਸੰਬੰਧ ਦਾ ਬ੍ਰਹਮ ਗਿਆਨ ਪ੍ਰਾਪਤ ਕਰਦਾ ਹੈ ਅਤੇ ਸਰਮ-ਖੰਡ ਵਿਚ ਤਪਸਿਆ ਦੁਆਰਾ ਆਪਣੀਆਂ ਕਮਜ਼ੋਰੀਆਂ ਅਤੇ ਵਾਸਨਾਵਾਂ ਨੂੰ ਭਸਮੀਭੂਤ ਕਰ ਦਿੰਦਾ ਹੈ। ‘ਕਰਮ-ਖੰਡ’ ਦੀ ਕੜੀ ਸਾਧਕ ਦਾ ਨਾਤਾ ਪ੍ਰਭੂ ਨਾਲ ਜੋੜਦੀ ਹੈ। ਨਦਰ ਤੋਂ ਬਿਨਾ ਸਾਧਕ ਦਾ ਸਾਰਾ ਉਦਮ ਵਿਅਰਥ ਹੋ ਜਾਂਦਾ ਹੈ। ਨਦਰ ਤੋਂ ਬਿਨਾ ਬ੍ਰਹਮ-ਮਇਤਾ ਇਕਦਮ ਅਸੰਭਵ ਹੈ। ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ ਅਧਿਆਤਮਿਕਤਾ ਵਿਚ ਸਫਲ-ਮਨੋਰਥ ਹੋਣਾ ਸੰਭਵ ਨਹੀਂ ਹੈ।

            ਆਮ ਤੌਰ’ਤੇ ਪਰਮਾਤਮਾ ਦੀ ਕ੍ਰਿਪਾ ਦੇ ਦੋ ਰੂਪ ਮੰਨੇ ਗਏ ਹਨ। ਇਕ ਤਾਂ ਸਾਧਾਰਣ ਕ੍ਰਿਪਾ, ਜੋ ਸਰਵ ਵਿਆਪੀ ਹੈ, ਹਰ ਇਕ ਥਾਂ ਸਭ ਨੂੰ ਸਦੈਵ ਪ੍ਰਾਪਤ ਰਹਿੰਦੀ ਹੈ, ਇਹ ਸਰਪ੍ਰਸਤੀ ਦਾ ਪ੍ਰਕਾਰਾਂਤਰਿਤ ਰੂਪ ਹੈ। ਦੂਜੀ ਹੈ ਵਿਸ਼ਿਸ਼ਟ ਕ੍ਰਿਪਾ ਜੋ ਕਰਮ-ਖੰਡ ਦੁਆਰਾ ਅਭਿਵਿਅਕਤ ਹੋਈ ਹੈ। ਵਿਸ਼ਿਸ਼ਟ ਕ੍ਰਿਪਾ ਅਧਿਆਤਮਿਕ ਯਾਤ੍ਰਾ ਦੀ ਕਾਮਯਾਬੀ ਦਾ ਪ੍ਰਮਾਣ-ਪੱਤਰ ਹੈ। ਇਸ ਲਈ ਸਾਧਕ ਦੀ ਸੁਪਾਤਰਤਾ ਜਾਂ ਅਨੁਕੂਲਤਾ ਪਰਮ-ਆਵੱਸ਼ਕ ਹੈ। ਇਸ ਤੋਂ ਬਿਨਾ ਸਾਰੇ ਯਤਨ ਵਿਅਰਥ ਹਨ।

            ਪੰਜ-ਖੰਡਾਂ ਦੇ ਪ੍ਰਕਰਣ ਵਿਚ ਨਦਰ ਦੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੰਜ-ਖੰਡ ਨ ਤਾਂ ਕਿਸੇ ਤਰ੍ਹਾਂ ਦੀ ਉਪਰ ਵਲ ਦੀ ਯਾਤ੍ਰਾ ਹੈ ਅਤੇ ਨ ਹੀ ਕਿਸੇ ਪਾਸੇ ਦੀ ਯਾਤ੍ਰਾ ਹੈ। ਇਹ ਤਾਂ ਅੰਦਰ ਵਰਤੀ ਯਾਤ੍ਰਾ ਹੈ। ਇਥੇ ‘ਸਚਖੰਡ’ ਵਾਸਤਵ ਵਿਚ ਮਨੁੱਖ ਦਾ ਮਾਇਆਵੀ ਪ੍ਰਭਾਵ ਤੋਂ ਮੁਕਤ ਸਵੱਛ ਹਿਰਦਾ ਹੈ ਜੋ ਸਚਮੁਚ ਪਰਮਾਤਮਾ ਦਾ ‘ਨਿਵਾਸ’ ਹੈ। ਪਰਮਾਤਮਾ ਸਭ ਦੇ ਅੰਦਰ ਵਸਦਾ ਹੈ, ਪਰ ਅਵਿਦਿਆ ਦੀ ਮੈਲ ਨਾਲ ਢਕੀ ਬਿਰਤੀ ਉਸ ਨੂੰ ਪਛਾਣ ਨਹੀਂ ਸਕਦੀ। ਅਧਿਆਤਮਿਕ ਸਾਧਨਾ ਰਾਹੀਂ ਦੂਰ ਹੋਈ ਮੈਲ ਕਾਰਣ ਹਿਰਦਾ ਸਾਫ਼ ਹੋ ਜਾਂਦਾ ਹੈ ਅਤੇ ਅੰਦਰ ਵਸਦੇ ਅਤੇ ਪਹਿਲਾਂ ਤੋਂ ਪ੍ਰਾਪਤ ਪਰਮਾਤਮਾ ਦੀ ਪੁਨਰ-ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਾਧਨਾ (ਤਪਸਿਆ) ਸਾਧਕ ਨੂੰ ਸੁਪਾਤਰ ਬਣਾਉਂਦੀ ਹੈ ਅਤੇ ਨਦਰ ਸੁਪਾਤਰਤਾ ਨੂੰ ਪ੍ਰਮਾਣੀਕ੍ਰਿਤ ਕਰਦੀ ਹੈ। ਨਦਰ ਦੀ ਪ੍ਰਾਪਤੀ ਕਿਸੇ ਅਧਿਆਤਮੀ ਕਾਰਵਾਈ ਦਾ ਪ੍ਰਦਰਸ਼ਨ ਨਹੀਂ, ਇਹ ਸਹਿਜ ਸੁਭਾਵਿਕ ਜਿਗਿਆਸੂ ਦੀ ਸਾਧਨਾ ਨੂੰ ਫਲੀਭੂਤ ਕਰ ਦਿੰਦੀ ਹੈ ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਹਨ। ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ‘ਨਦਰੀ ਨਦਰਿ ਨਿਹਾਲ’ ਦੀ ਸਥਿਤੀ ਦਸਿਆ ਹੈ।

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੀ ਨਦਰ ਤੋਂ ਬਿਨਾ ਸਭ ਤਰ੍ਹਾਂ ਦੀਆਂ ਪ੍ਰਾਪਤੀਆਂ ਤੁਛ ਹਨ। ਨਦਰ ਤੋਂ ਬਿਨਾ ਸਭ ਵਿਅਰਥ ਹਨ। ਨਦਰ ਦੁਆਰਾ ਹੀ ਅਧਿਆਤਮਿਕ ਸੰਪੰਨਤਾ ਸੰਭਵ ਹੈ—ਨਦਰਿ ਕਰੇ ਤਾ ਸਿਮਰਿਆ ਜਾਇ ਆਤਮਾ ਦ੍ਰਵੈ ਰਹੈ ਲਿਵ ਲਾਇ ਆਤਮਾ ਪਰਮਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰਿ ਮਰੈ (ਗੁ.ਗ੍ਰੰ.661)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.