ਪਿੰਟਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿੰਟਰ (1930–2008): ਹੈਰਲਡ ਪਿੰਟਰ (Harold Pinter) ਨੇ 1957 ਤੋਂ 1965 ਦੇ ਸੰਖੇਪ ਜਿਹੇ ਸਮੇਂ ਵਿੱਚ ਇੰਗਲੈਂਡ ਵਿੱਚ ਆਪਣੇ-ਆਪ ਨੂੰ ਇੱਕ ਵਿਦਵਾਨ ਅਤੇ ਅਗਾਂਹਵਧੂ ਨਾਟਕਕਾਰ ਵਜੋਂ ਸਥਾਪਿਤ ਕੀਤਾ। ਬੇਸ਼ਕ 1970 ਵਿਆਂ ਦੇ ਅੱਧ ਵਿੱਚ ਉਸ ਨੇ ਆਪਣੇ-ਆਪ ਨੂੰ ਨਾਟਕ ਨਿਰਦੇਸ਼ਕ, ਫ਼ਿਲਮਾਂ ਦੇ ਕਥਾਨਕ ਲੇਖਣ ਅਤੇ ਰਾਜਨੀਤਿਕ ਗਤੀਵਿਧੀਆਂ ਵੱਲ ਮੋੜ ਲਿਆ ਪਰ ਫੇਰ ਵੀ ਉਹ ਵੀਹਵੀਂ ਸਦੀ ਦੇ ਪ੍ਰਸਿੱਧ ਨਾਟਕਕਾਰਾਂ ਵਿੱਚੋਂ ਇੱਕ ਹੈ।

     ਪਿੰਟਰ ਇੱਕ ਦਰਜੀ ਦੇ ਘਰ 1930 ਨੂੰ ਲੰਦਨ ਦੇ ਪੂਰਬੀ ਯਹੂਦੀ ਖਿੱਤੇ ਵਿੱਚ ਪੈਦਾ ਹੋਇਆ। ਉਸ ਨੇ ਹੈਕਨੀ ਡਾਊਨਜ਼ ਗਰਾਮਰ ਸਕੂਲ ਤੋਂ ਮੁਢਲੀ ਵਿੱਦਿਆ ਪ੍ਰਾਪਤ ਕੀਤੀ। ਉਸ ਤੋਂ ਪਿੱਛੋਂ ਉਸ ਨੇ ਰੋਇਲਜ਼ ਅਕੈਡਮੀ ਆਫ਼ ਡਰੈਮੈਟਿਕ ਆਰਟ ਵਿੱਚ ਦਾਖ਼ਲਾ ਪ੍ਰਾਪਤ ਕੀਤਾ। ਇਸੇ ਤੋਂ ਪਿੰਟਰ ਦਾ ਅਦਾਕਾਰੀ ਦਾ ਸਫ਼ਰ ਸ਼ੁਰੂ ਹੋਇਆ। ਇਸੇ ਸਮੇਂ ਦੌਰਾਨ ਹੀ ਉਸ ਦੀ ਸ਼ਾਦੀ ਵੀਵੀਅਨ ਮਰਚੈਂਟ (ਪਹਿਲੀ ਪਤਨੀ) ਨਾਲ ਹੋਈ ਜਿਹੜੀ ਕਿ ਇੱਕ ਸਫਲ ਅਭਿਨੇਤਰੀ ਸੀ ਪਰ ਛੇਤੀ ਪਿੱਛੋਂ ਉਹਨਾਂ ਦਾ ਤਲਾਕ ਹੋ ਗਿਆ ਅਤੇ ਵੀਵੀਅਨ ਦੀ 1982 ਵਿੱਚ ਮੌਤ ਹੋ ਗਈ।

     ਪਿੰਟਰ ਨੇ ਪੰਜਾਹਵਿਆਂ ਦੇ ਅੱਧ ਵਿੱਚ ਇੱਕ ਕਾਰੋਬਾਰੀ ਨਾਟਕਕਾਰ ਵਜੋਂ ਲਿਖਣਾ ਸ਼ੁਰੂ ਕਰ ਦਿੱਤਾ। ਭਾਵੇਂ ਉਸ ਨੂੰ ਸ਼ੁਰੂ-ਸ਼ੁਰੂ ਵਿੱਚ ਕੋਈ ਖ਼ਾਸ ਸਫਲਤਾ ਪ੍ਰਾਪਤ ਨਾ ਹੋਈ। ਉਸ ਨੇ ਜਲਦੀ ਹੀ ਨਾਟਕ ਸੰਸਾਰ ਨੂੰ ਇੱਕ ਬਹੁਤ ਹੀ ਵਿਦਵਤਾ ਭਰਪੂਰ ਨਾਟਕ ਦਾ ਬਰਥ ਡੇ ਪਾਰਟੀ ਲਿਖ ਕੇ ਚਕਮਾ ਦਿੱਤਾ।

     1980 ਵਿੱਚ ਪਿੰਟਰ ਨੇ ਇੱਕ ਇਤਿਹਾਸਕਾਰ ਔਰਤ ਲੇਡੀ ਐਨਟੋਨੀਆ ਫਰੇਜ਼ਰ ਨਾਲ ਵਿਆਹ ਕਰਵਾ ਲਿਆ। ਆਮ ਧਾਰਨਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਪਿੰਟਰ ਦੇ ਮੁਢਲੇ ਨਾਟਕਾਂ ਵਿੱਚ ਬਹੁਤ ਹੀ ਵਧੀਆ ਕਿਸਮ ਦਾ ਪ੍ਰਸ਼ਨੋਤਰੀ ਅੰਦਾਜ਼ ਦਿਖਾਈ ਦਿੰਦਾ ਹੈ ਕਿਉਂਕਿ ਉਸ ਦੇ ਨਾਟਕਾਂ ਦੇ ਪ੍ਰਗਟਾਅ ਢੰਗ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖਿਆ ਜਾਂਦਾ ਹੈ। ਬਹੁਤ ਸਾਰੇ ਟਿੱਪਣੀਕਾਰ ਟਿੱਪਣੀ ਕਰਦਿਆਂ ਪਿੰਟਰ ਦੇ ਪਾਤਰਾਂ ਉਪਰ ਗ਼ੈਰ-ਕੁਦਰਤੀ ਹੋਣ ਦਾ ਦੋਸ਼ ਲਾਉਂਦੇ ਹਨ। ਇਉਂ ਲੱਗਦਾ ਹੈ ਕਿ ਪਿੰਟਰ ਦੇ ਨਾਟਕ ਸੰਸਾਰ ਦੀਆਂ ਬੁਰਿਆਈਆਂ ਦੇ ਮਾਨਵਤਾ ਉਪਰ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਹਨ। ਵਧੇਰੇ ਧਿਆਨ ਨਾਲ ਵਿਚਾਰਿਆਂ ਇਹ ਧਾਰਨਾ ਗ਼ਲਤ ਪ੍ਰਤੀਤ ਹੁੰਦੀ ਹੈ ਕਿਉਂਕਿ ਪਿੰਟਰ ਦੇ ਨਾਟਕਾਂ ਵਿੱਚ ਬੁਰਿਆਈ ਦੇ ਤੱਤ ਲੱਭਣੇ ਕਠਨ ਹਨ। ਵਿਸ਼ੇਸ਼ ਕਰ ਕੇ ਉਸ ਦੇ ਪਾਤਰ ਹੋਣੀ ਦਾ ਸ਼ਿਕਾਰ ਹੁੰਦੇ ਹਨ। ਹਰ ਨਾਟਕ ਦੇ ਅਰੰਭ ਵਿੱਚ ਹੀ ਇਹ ਸਪਸ਼ਟ ਦਿਖਾਈ ਦੇਣ ਲੱਗਦਾ ਹੈ ਕਿ ਇਹ ਪਾਤਰ ਨਿਸ਼ਚਿਤ ਬਰਬਾਦੀ ਦੇ ਸ਼ਿਕਾਰ ਹਨ ਜਿਸ ਕਰ ਕੇ ਉਹਨਾਂ ਨੂੰ ਭੋਲੇ ਨਹੀਂ ਆਖਿਆ ਜਾ ਸਕਦਾ।

     ਪਿੰਟਰ ਦੇ ਨਾਟਕਾਂ ਦੀ ਇੱਕ ਵਿਸ਼ੇਸ਼ ਵਿਧੀ ਇਹ ਹੈ ਕਿ ਉਸ ਦੇ ਨਾਟਕਾਂ ਵਿੱਚ ਵਿਆਹੇ ਜੋੜੇ ਆਪਣੇ ਘਰਾਂ ਦੇ ਬਾਗ਼-ਬਗੀਚਿਆਂ ਵਿੱਚ ਸਵੇਰ ਦੀ ਚਾਹ ਪੀਂਦੇ ਦਰਸਾਏ ਜਾਂਦੇ ਹਨ। ਇਸੇ ਕਰ ਕੇ ਮੁਢਲੀਆਂ ਗਤੀਵਿਧੀਆਂ ਤੋਂ ਹੀ ਉਹਨਾਂ ਦੀ ਟੁੱਟ-ਭੱਜ ਸ਼ੁਰੂ ਹੋ ਜਾਂਦੀ ਹੈ ਜਿਹੜੀ ਅਤਿ ਦਾ ਭਿਆਨਕ ਰੂਪ ਧਾਰ ਲੈਂਦੀ ਹੈ। ਅਸਲੀਅਤ ਇਹ ਹੈ ਕਿ ਈਮਾਨਦਾਰ ਲੋਕ ਆਪਣੇ ਅੰਦਰੂਨੀ ਡਰ ਸਦਕਾ ਜਿਉਂ-ਜਿਉਂ ਆਪਣੇ ਸੱਭਿਅਕ ਜੀਵਨ ਨੂੰ ਸਥਿਰ ਰੱਖਣ ਦਾ ਯਤਨ ਕਰਦੇ ਹਨ ਤਿਉਂ- ਤਿਉਂ ਹੀ ਉਹਨਾਂ ਦਾ ਭਾਵੁਕ ਕਿਸਮ ਦਾ ਵਿਅਕਤਿਤਵ ਅਸੁਰੱਖਿਅਤ ਹੋ ਜਾਂਦਾ ਹੈ। ਉਹਨਾਂ ਦੀ ਮਾਨਸਿਕਤਾ ਵਿੱਚ ਹਿੰਸਕ ਕਾਮ ਭੁੱਖ, ਉਹਨਾਂ ਦਾ ਆਪਣੇ ਮਾਪਿਆਂ ਪ੍ਰਤਿ ਦੱਬਿਆ ਗੁੱਸਾ ਅਤੇ ਕਿਸੇ ਵੀ ਘਟਨਾ ਸੰਬੰਧੀ ਵਧੇਰੇ ਕਸੂਰਵਾਰ ਹੋਣਾ ਆਦਿ ਸ਼ਾਮਲ ਹੁੰਦਾ ਹੈ। ਇਹਨਾਂ ਪਾਤਰਾਂ ਦੀਆਂ ਤੀਬਰ ਇੱਛਾਵਾਂ, ਅੰਦਰੂਨੀ ਡਰ ਅਤੇ ਅੰਦਰੋ-ਅੰਦਰ ਦੱਬਿਆ ਗੁੱਸਾ ਹੀ ਇਹਨਾਂ ਦੇ ਦੁੱਖ ਦਾ ਕਾਰਨ ਬਣਦਾ ਹੈ ਨਾ ਕਿ ਕੋਈ ਬਾਹਰੀ ਸ਼ਕਤੀ। ਫਿਰ ਵੀ ਇਹਨਾਂ ਅਦ੍ਰਿਸ਼ਟ ਸਰੀਰਕ ਅਤੇ ਮਾਨਸਿਕ ਪੀੜਾ ਤੋਂ ਇਹ ਪਾਤਰ ਛੁਟਕਾਰਾ ਨਹੀਂ ਪਾ ਸਕਦੇ। ਉਦਾਹਰਨ ਵਜੋਂ ਦਾ ਬਰਥ ਡੇ ਪਾਰਟੀ ਦੇ ਮੁੱਖ ਪਾਤਰ ਸਟੇਨਲੇਅ ਦਾ ਹੋਰ ਪਾਤਰਾਂ ਦੇ ਜੋੜੇ ਨਾਲ ਅਲੋਪ ਹੋ ਜਾਣਾ ਅਸ਼ੁੱਭ ਹੈ।

     ਭਾਵੇਂ ਪਿੰਟਰ ਦੇ ਨਾਟਕਾਂ ਨੂੰ ਹਾਸ-ਵਿਅੰਗ ਦੀ ਕੋਟੀ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਉਹ ਵਿਲੱਖਣ ਕਿਸਮ ਦੇ ਹਾਸ-ਵਿਅੰਗ ਹਨ ਜਿਨ੍ਹਾਂ ਦਾ ਆਧਾਰ ਲੋਕ ਖੰਡਾਂ ਦੀ ਟੁੱਟ ਭੱਜ, ਵਿਆਹੁਤਾ ਜੋੜਿਆਂ ਦੀ ਨਿਤਾਪ੍ਰਤੀ ਦੀ ਵਾਰਤਾਲਾਪ ਰਾਹੀਂ ਪ੍ਰਗਟਾਇਆ ਗਿਆ ਹੈ ਜਿਸ ਦਾ ਕੋਈ ਸਿਰਾ ਨਹੀਂ ਆਉਂਦਾ। ਅਸਲ ਵਿੱਚ ਹਾਸ-ਵਿਅੰਗ ਦਾ ਆਧਾਰ ਭਾਸ਼ਾਈ ਪੱਧਰ ਤੱਕ ਹੀ ਸੀਮਿਤ ਹੁੰਦਾ ਹੈ ਜਿਸ ਵਿੱਚ ਕੋਈ ਖ਼ਾਸ ਕਾਰਜ ਨਹੀਂ ਹੁੰਦਾ। ਸਾਰੇ ਹੀ ਜੋੜੇ ਆਪੋ-ਆਪਣੇ ਕਿਰਦਾਰ ਨੂੰ ਨਿਭਾਉਣ ਵਿੱਚ ਇੱਕ ਮੱਤ ਹੁੰਦੇ ਹਨ ਅਤੇ ਸਾਰਿਆਂ ਨੂੰ ਹੀ ਆਪੋ-ਆਪਣੀ ਵਾਰਤਾਲਾਪ ਦੀਆਂ ਹੱਦਾਂ ਦਾ ਅਨੁਭਵ ਹੁੰਦਾ ਹੈ। ਪਿੰਟਰ ਨੇ ਹਾਸ-ਵਿਅੰਗ ਦੀ ਧਾਰਨਾ ਨੂੰ ਨਵਾਂ ਰੂਪ ਦਿੱਤਾ ਹੈ ਜਦੋਂ ਕਿ ਉਸ ਦੇ ਪਾਤਰ ਆਪਣੇ ਕਾਰਜ ਖੇਤਰ ਤੋਂ ਲਾਂਭੇ ਚਲੇ ਜਾਂਦੇ ਹਨ।

     ਪਿੰਟਰ ਦੀ ਰਚਨਾ ਵਿੱਚ ਉਸ ਦੇ ਵਾਰਤਾਲਾਪ ਨਾਲੋਂ ਚੁੱਪ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ। ਪਾਤਰਾਂ ਦੇ ਮਾਨਸਿਕ ਤਣਾਓ ਦੇ ਵੱਧਣ ਨਾਲ ਉਹਨਾਂ ਦੇ ਵਾਰਤਾਲਾਪ ਵਿੱਚ ਦੋ ਅਰਥੇ ਸ਼ਬਦਾਂ ਦੀ ਵਰਤੋਂ ਨਾਲ ਅਰਥ ਭਰਪੂਰ ਵਿਚਾਰਾਂ ਵਿੱਚ ਇੱਕ ਪ੍ਰਕਾਰ ਦੀ ਹੈਰਾਨੀਜਨਕ ਖੜੋਤ ਆ ਜਾਂਦੀ ਹੈ।

     ਪਿੰਟਰ ਅਨੁਸਾਰ ਵਾਰਤਾਲਾਪ ਹੀ ਵਿਅਕਤਿਤਵ ਦੇ ਪ੍ਰਗਟਾਅ ਲਈ ਪਰਦੇ ਦੀ ਨਿਆਈਂ ਹੁੰਦੀ ਹੈ ਜਿਹੜੀ ਅਸਲੀਅਤ ਨੂੰ ਛੁਪਾ ਕੇ ਰੱਖਦੀ ਹੈ। ਉਦਾਹਰਨ ਵਜੋਂ ਸਾਡੇ ਲਈ ਸੁਣੀ ਜਾਣ ਵਾਲੀ ਵਾਰਤਾਲਾਪ ਨਾ ਸੁਣੀ ਜਾਣ ਵਾਲੀ ਵਾਰਤਾ ਦਾ ਪ੍ਰਗਟਾਅ ਵੀ ਕਰ ਜਾਂਦੀ ਹੈ। ਇੱਕ ਪ੍ਰਕਾਰ ਨਾਲ ਅਸਲੀਅਤ ਨੂੰ ਲੁਕੋਣ ਦਾ ਹੀ ਇਹ ਇੱਕ ਢੰਗ ਹੈ, ਜਿਹੜਾ ਉਸ ਦੇ ਨਾਟਕ ਸਾਈਲੈਂਸ ਐਂਡ ਲੈਂਡਸਕੇਪ ਵਿੱਚੋਂ ਸਪਸ਼ਟ ਝਲਕਦਾ ਹੈ। ਇਸੇ ਕਰ ਕੇ ਪਿੰਟਰ ਕਾਵਿ ਕਲਾ ਵੱਲ ਰੁਚਿਤ ਹੋ ਜਾਂਦਾ ਹੈ।

     ਪਿੰਟਰ ਨੇ ਆਪਣੇ ਕਾਵਿਕ ਅੰਦਾਜ਼ ਨੂੰ ਬਰਕਰਾਰ ਰੱਖਦਿਆਂ ਬਹੁਤ ਛੋਟੇ ਨਾਟਕਾਂ ਦੀ ਰਚਨਾ ਕੀਤੀ। ਇਹਨਾਂ ਨਾਟਕਾਂ ਵਿੱਚ ਉਸ ਨੇ ਇੱਕ ਵਾਰ ਫੇਰ ਵਫਾਦਾਰੀ ਅਤੇ ਹਿੰਸਾ ਨੂੰ ਪ੍ਰਗਟਾਇਆ ਹੈ। ਉਸ ਨੇ ਇਨਸਾਨੀ ਜ਼ਿੰਦਗੀ ਵਿੱਚ ਬੁਰਾਈ ਅਤੇ ਚੰਗਿਆਈ ਸੰਬੰਧੀ ਇਨਸਾਨੀ ਤਜ਼ਰਬਿਆਂ ਨੂੰ ਬਿਆਨਿਆ ਹੈ। ਇਹਨਾਂ ਛੋਟੀਆਂ ਰਚਨਾਵਾਂ ਵਿੱਚੋਂ ਏ ਕਾਇੰਡ ਆਫ਼ ਅਲਾਸਕਾ ਸਭ ਤੋਂ ਵੱਧ ਸਫ਼ਲ ਰਚਨਾ ਹੈ, ਜਿਸ ਦੀ ਨਾਇਕਾ ਤਕਰੀਬਨ ਤੀਹ ਸਾਲ ਪਿੱਛੋਂ ਅਨੀਂਦਰੇ ਦੀ ਬਿਮਾਰੀ ਤੋਂ ਉੱਠਦੀ ਹੈ ਜਿਸ ਦੇ ਸਭ ਪ੍ਰਕਾਰ ਦੇ ਗੁੱਸੇ ਗਿਲੇ ਤੇ ਬਹਾਦਰੀ ਭਰੇ ਵਾਰਤਾਲਾਪ ਬਚਕਾਨਾ ਭਾਸ਼ਾ ਵਿੱਚ ਦਰਸਾਏ ਗਏ ਹਨ ਜਿਨ੍ਹਾਂ ਤੋਂ ਉਸ ਦੇ ਜਵਾਨੀ ਅਤੇ ਪਿਆਰ ਦੇ ਸ਼ਕਤੀਸ਼ਾਲੀ ਪ੍ਰਭਾਵਾਂ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ।

     ਪਹਿਲਾਂ ਹੀ ਗ੍ਰਹਿਣ ਕੀਤੇ ਰਾਜਨੀਤਿਕ ਪ੍ਰਭਾਵਾਂ ਵਾਲੀਆਂ ਪਿੰਟਰ ਦੀਆਂ ਰਚਨਾਵਾਂ ਦਾ ਅਰੰਭ 1980 ਤੋਂ ਹੁੰਦਾ ਹੈ। ਮੌਨਟੇਨ ਲੈਂਗੂਏਜ਼, ਦਾ ਨਿਊ ਵਰਲਡ ਆਰਡਰ, ਪਾਰਟੀ ਟਾਇਮ ਐਂਡ ਦਾ ਰਿਜੈਕਟਿਡ, ਦਾ ਹਾਟ ਹਾਊਸ ਆਦਿ ਉਸ ਦੀਆਂ ਭਾਰੂ ਹੋਣ ਦੀਆਂ ਰੁਚੀਆਂ ਸਦਕਾ ਰਚੀਆਂ ਗਈਆਂ ਰਚਨਾਵਾਂ ਵਿੱਚੋਂ ਹਨ।

     ਪਿੰਟਰ ਨੂੰ 1984 ਲਈ ਅਕੈਡਮੀ ਐਵਾਰਡਜ਼, ਯੂ.ਐਸ.ਏ. ਉਸ ਦੇ ਸਕਰੀਨ ਪਲੇਅ ‘ਬਿਟਰੈਅਲ’ ਤੇ ਦਿੱਤਾ ਗਿਆ। ਉਸ ਦੇ ਨਾਟਕ ਦਾ ਫਰੈਂਚ ਲਫੈਟੈਨਇਟਸ ਵੂਮਨ ਨੂੰ ਆਸਕਰ ਲਈ ਨੌਮੀਨੇਟ ਕੀਤਾ ਗਿਆ ਅਤੇ 1984 ਵਿੱਚ ਪਿੰਟਰ ਨੂੰ ਬਫਟਾ ਫ਼ਿਲਮ ਐਵਾਰਡ ਉਸ ਦੇ ਸਕਰੀਨ ਪਲੇਅ ‘ਬਿਟਰੈਅਲ’ ਲਈ ਦਿੱਤਾ। ਕੈਂਸਰ ਦੀ ਨਾਮੁਰਾਦ ਲੰਬੀ ਬਿਮਾਰੀ ਕਾਰਨ 25 ਦਸੰਬਰ 2008 ਨੂੰ ਪਿੰਟਰ ਕਾਲ-ਵੱਸ ਹੋ ਗਏ।


ਲੇਖਕ : ਸ਼ਿਵਦੇਵ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.