ਪੀਲ੍ਹ-ਪਲਾਂਘੜਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੀਲ੍ਹ-ਪਲਾਂਘੜਾ: ਪੀਲ੍ਹ-ਪਲਾਂਘੜਾ ਮੁੰਡਿਆਂ ਦੀ ਖੇਡ ਹੈ। ਇਸ ਖੇਡ ਨੂੰ ‘ਡੰਡਾ-ਡੁੱਕ’, ‘ਡੰਡ-ਪਤਾਂਗੜਾ’ ਜਾਂ ‘ਜੰਡ-ਖੜੰਗ’ ਵੀ ਕਿਹਾ ਜਾਂਦਾ ਹੈ। ਇਹ ਖੇਡ ‘ਛੂਹ-ਛੁਹਾਈ’ ਅਤੇ ‘ਡੰਡ-ਪਰੰਬਲ’ ਖੇਡਾਂ ਨਾਲ ਕਾਫ਼ੀ ਹੱਦ ਤੱਕ ਮਿਲਦੀ-ਜੁਲਦੀ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਉਪਰੋਕਤ ਖੇਡਾਂ ਮੈਦਾਨ ’ਤੇ ਖੇਡੀਆਂ ਜਾਂਦੀਆਂ ਹਨ ਜਦ ਕਿ ‘ਪੀਲ੍ਹ-ਪਲਾਂਘੜਾ’ ਖੇਡਣ ਵਾਸਤੇ ਬੋਹੜ-ਬਰੋਟੇ, ਪਿੱਪਲ ਜਾਂ ਕਿਸੇ ਹੋਰ ਵੱਡੇ ਰੁੱਖ ਦਾ ਹੋਣਾ ਜ਼ਰੂਰੀ ਹੈ ਜਿਸ ਦੀਆਂ ਟਹਿਣੀਆਂ ਜ਼ਮੀਨ ਵੱਲ ਝੁਕੀਆਂ ਹੋਣ ਕਿਉਂਕਿ ਅਜਿਹੀਆਂ ਟਹਿਣੀਆਂ ਇਸ ਖੇਡ ਵਿੱਚ ਮਦਦਗਾਰ ਸਿੱਧ ਹੁੰਦੀਆਂ ਹਨ, ਜਿਨ੍ਹਾਂ ਨੂੰ ਫੜ ਕੇ ਖੇਡਣ ਵਾਲਿਆਂ ਨੇ ਲਮਕਦੇ ਹੋਏ ਛਾਲਾਂ ਮਾਰਨੀਆਂ ਹੁੰਦੀਆਂ ਹਨ।

     ‘ਪੀਲ੍ਹ-ਪਲਾਂਘੜਾ’ ਗਰਮੀ ਦੀ ਰੁੱਤੇ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਨੂੰ ਆਮ ਤੌਰ ਤੇ ਛੇ ਤੋਂ ਦਸ ਸਾਲ ਦੇ ਬੱਚੇ ਮਿਲ ਕੇ ਖੇਡਦੇ ਹਨ। ਇਸ ਖੇਡ ਦੇ ਖਿਡਾਰੀਆਂ ਲਈ ਕੋਈ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੈ। ਸਥਿਤੀ ਅਨੁਸਾਰ ਇਸ ਵਿੱਚ ਵਾਧਾ-ਘਾਟਾ ਹੁੰਦਾ ਰਹਿੰਦਾ ਹੈ। ਇਹ ਖੇਡ ਪਿੰਡ ਤੋਂ ਬਾਹਰ ਖੇਡੀ ਜਾਂਦੀ ਹੈ। ਇਸ ਖੇਡ ਨੂੰ ਖੇਡਣ ਵਾਲੇ ਅਕਸਰ ਪਾਲੀ ਮੁੰਡੇ ਹੁੰਦੇ ਹਨ। ਦੁਪਹਿਰ ਸਮੇਂ ਥੱਕੇ ਪਸ਼ੂ ਰੁੱਖ ਹੇਠ ਬਹਿ ਜਾਂਦੇ ਹਨ। ਪਾਲੀ ਆਪਣੀ ਥਕਾਵਟ ਦੂਰ ਕਰਨ ਲਈ ਇਸ ਖੇਡ ਨੂੰ ਖੇਡਦੇ ਹੋਏ ਮਨੋਰੰਜਨ ਕਰਦੇ ਹਨ।

     ਖੇਡ ਖੇਡਣ ਸਮੇਂ ਸਾਰੇ ਬੱਚੇ ਇੱਕ ਦਾਇਰੇ ਦੀ ਸ਼ਕਲ ਵਾਹ ਕੇ ਉਸ ਦਾਇਰੇ ਵਿੱਚ ਖੜ੍ਹੋ ਜਾਂਦੇ ਹਨ। ਦਾਇਰੇ ਵਿੱਚ ਇੱਕ ਛੋਟੇ ਆਕਾਰ ਦਾ ਡੰਡਾ ਰੱਖ ਦਿੱਤਾ ਜਾਂਦਾ ਹੈ। ਡੰਡਾ ਰੱਖ ਕੇ ਬੱਚੇ ਆਪਸ ਵਿੱਚ ਪੁੱਗਦੇ ਹਨ। ਪੁੱਗ-ਪੁਗਾਈ ਦੀ ਕਿਰਿਆ ਕਰਦੇ ਹੋਏ ਜੇਤੂ ਬੱਚੇ ਬਾਹਰ ਨਿਕਲਦੇ ਰਹਿੰਦੇ ਹਨ। ਅਖੀਰ ਵਿੱਚ ਇੱਕ ਬੱਚਾ ਰਹਿ ਜਾਂਦਾ ਹੈ ਜਿਸ ਦੇ ਸਿਰ ਮੀਟੀ ਆ ਜਾਂਦੀ ਹੈ।

     ਇਸ ਤੋਂ ਪਹਿਲਾਂ ਕਿ ਦਾਈ (ਮੀਟੀ) ਦੇਣ ਵਾਲਾ ਬੱਚਾ, ਬਾਕੀ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਛੂਹੇ, ਪੁੱਗ ਚੁੱਕੇ ਬੱਚਿਆਂ ਵਿੱਚੋਂ ਸਰੀਰਕ ਤੌਰ ਤੇ ਚੁਸਤ ਇੱਕ ਬੱਚਾ ਦਾਇਰੇ ਵਿੱਚ ਪਿਆ ਡੰਡਾ ਚੁੱਕਦਾ ਹੈ ਅਤੇ ਫਿਰ ਉਸ ਨੂੰ ਪੂਰਾ ਤਾਣ ਲਗਾ ਕੇ ਆਪਣੀ ਲੱਤ ਹੇਠੋਂ ਦੂਰ ਵਗਾਹ ਕੇ ਸੁੱਟਦਾ ਹੈ। ਮੀਟੀ ਦੇਣ ਵਾਲਾ ਖਿਡਾਰੀ ਦਾਇਰੇ ਵਿਚਲੇ ਖਿਡਾਰੀ ਵੱਲੋਂ ਸੁੱਟਿਆ ਡੰਡਾ ਚੁੱਕਣ ਲਈ ਦੌੜਦਾ ਹੈ। ਜਦ ਤੱਕ ਉਹ ਖਿਡਾਰੀ ਡੰਡਾ ਚੁੱਕ ਕੇ ਵਾਪਸ ਦਾਇਰੇ ਵਿੱਚ ਲਿਆ ਕੇ ਰੱਖਦਾ ਹੈ, ਤਦ ਤੱਕ ਬਾਕੀ ਖਿਡਾਰੀ ਬੋਹੜ/ਪਿੱਪਲ ਜਾਂ ਜਿਸ ਰੁੱਖ ਹੇਠਾਂ ਉਹ ਖੇਡ ਰਹੇ ਹੁੰਦੇ ਹਨ, ਉੱਪਰ ਚੜ੍ਹ ਜਾਂਦੇ ਹਨ। ਰੁੱਖ ਤੇ ਖੜ੍ਹੇ ਖਿਡਾਰੀ ਮੀਟੀ ਦੇਣ ਵਾਲੇ ਖਿਡਾਰੀ ਨੂੰ ਡੋ-ਡੋ ਕਰਦੇ ਮਜ਼ਾਕ ਕਰਦੇ ਹਨ। ਇਹ ਸਮਾਂ ਬਾਕੀ ਖਿਡਾਰੀਆਂ ਦਾ ਪਿੱਛਾ ਕਰ ਰਹੇ ਖਿਡਾਰੀ ਲਈ ਪੂਰੀ ਜ਼ੋਰ-ਅਜ਼ਮਾਇਸ਼ ਅਤੇ ਫ਼ੁਰਤੀ ਦਿਖਾਉਣ ਵਾਲਾ ਹੁੰਦਾ ਹੈ। ਮੀਟੀ ਦੇ ਰਿਹਾ ਖਿਡਾਰੀ ਰੁੱਖ ’ਤੇ ਚੜ੍ਹ ਕੇ ਸਾਥੀਆਂ ਦਾ ਪਿੱਛਾ ਕਰਦਾ ਹੈ। ਇਸ ਖੇਡ ਦਾ ਇੱਕ ਖ਼ਾਸ ਨੇਮ ਇਹ ਹੈ ਕਿ ਉਹ ਕਿਸੇ ਵੀ ਖਿਡਾਰੀ ਨੂੰ ਟਾਹਣ ਹਿਲਾ ਕੇ ਹੇਠਾਂ ਨਹੀਂ ਸੁੱਟ ਸਕਦਾ। ਸਾਥੀ ਖਿਡਾਰੀ ਟਹਿਣੀਉਂ-ਟਹਿਣੀ ਹੁੰਦੇ ਹੋਏ ਅੱਗੇ ਨਿਕਲ ਜਾਂਦੇ ਹਨ ਅਤੇ ਰੁੱਖ ਦੀਆਂ ਹੇਠ ਲਮਕ ਰਹੀਆਂ ਟਹਿਣੀਆਂ ਨੂੰ ਪਕੜਦੇ ਹੋਏ ਜ਼ਮੀਨ ਤੇ ਛਾਲਾਂ ਮਾਰਦੇ ਹੋਏ ਦਾਇਰੇ ਵਿੱਚ ਪਿਆ ਡੰਡਾ ਜਾ ਡੁੱਕ੍ਹਦੇ (ਚੁੱਕਦੇ) ਹਨ, ਭਾਵ ਉਸ ਨੂੰ ਚੁੰਮ ਲੈਂਦੇ ਹਨ। ਅਜਿਹਾ ਕਰਨ ਨਾਲ ਉਹਨਾਂ ਦਾ ਪਿੱਛਾ ਕਰਦਾ ਆ ਰਿਹਾ ਮੀਟੀ ਵਾਲਾ ਸਾਥੀ ਜੇ ਉਹਨਾਂ ਨੂੰ ਛੂਹ ਵੀ ਦੇਵੇ ਤਾਂ ਵੀ ਉਹਨਾਂ ਸਿਰ ਮੀਟੀ ਨਹੀਂ ਆ ਸਕਦੀ, ਕਿਉਂਕਿ ਡੰਡਾ ਡੁੱਕ੍ਹਦਿਆਂ ਹੀ ਉਹ ਖ਼ਤਰੇ ਤੋਂ ਮੁਕਤ ਹੋ ਜਾਂਦੇ ਹਨ।

     ਇਸ ਖੇਡ ਦਾ ਮਹੱਤਵਪੂਰਨ ਪੱਖ ਇਹ ਹੈ ਕਿ ਜੇ ਸਾਰੇ ਖਿਡਾਰੀ ਰੁੱਖ ਉੱਤੇ ਲਮਕਦੀਆਂ ਟਹਿਣੀਆਂ ਫੜਦੇ ਹੋਏ ਉਸੇ ਦਾਇਰੇ ਵਿੱਚ ਆ ਜਾਣ ਤਾਂ ਅਖੀਰਲਾ ਖਿਡਾਰੀ ਪਹਿਲੇ ਖਿਡਾਰੀ ਵਾਂਗ ਹੀ ਆਪਣੀ ਲੱਤ ਹੇਠੋਂ ਡੰਡਾ ਦੂਰ ਵਗਾਹ ਕੇ ਸੁੱਟਦਾ ਹੈ। ਜੇਕਰ ਓਦੋਂ ਤੱਕ ਪਿੱਛਾ ਕਰ ਰਿਹਾ ਖਿਡਾਰੀ ਡੰਡਾ ਸੁੱਟਣ ਵਾਲੇ ਖਿਡਾਰੀ ਨੂੰ ਡੰਡਾ ਸੁੱਟਣ ਤੋਂ ਪਹਿਲਾਂ ਹੀ ਆ ਛੂਹੇ ਤਾਂ ਦਾਇਰੇ ਵਿੱਚ ਖੜ੍ਹੇ ਅਖੀਰਲੇ ਖਿਡਾਰੀ ਨੂੰ ਮੀਟੀ ਦੇਣੀ ਪੈਂਦੀ ਹੈ। ਜੇ ਮੀਟੀ ਦੇਣ ਵਾਲਾ ਖਿਡਾਰੀ ਅਜਿਹਾ ਨਾ ਕਰ ਸਕੇ, ਭਾਵ ਉਸ ਨੂੰ ਡੰਡਾ ਸੁੱਟਣ ਤੋਂ ਪਹਿਲਾਂ ਛੂਹ ਨਾ ਸਕੇ ਤਾਂ ਮੀਟੀ ਉਸੇ ਪਹਿਲੇ ਖਿਡਾਰੀ ਸਿਰ ਹੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਖੇਡ ਦਾ ਸਿਲਸਿਲਾ ਓਦੋਂ ਤੱਕ ਚੱਲਦਾ ਰਹਿੰਦਾ ਹੈ, ਜਦੋਂ ਤੱਕ ਖਿਡਾਰੀ ਥੱਕ ਟੁੱਟ ਨਹੀਂ ਜਾਂਦੇ ਜਾਂ ਪਸ਼ੂਆਂ ਨੂੰ ਮੁੜ ਖੇਤਾਂ ਵੱਲ ਲਿਜਾਣ ਦਾ ਸਮਾਂ ਨਹੀਂ ਹੋ ਜਾਂਦਾ। ਇਉਂ ਇਸ ਖੇਡ ਨਾਲ ਬੱਚਿਆਂ ਦੀ ਸਰੀਰਕ ਵਰਜਿਸ਼ ਹੁੰਦੀ ਰਹਿੰਦੀ ਹੈ।

     ਇਸ ਖੇਡ ਦਾ ਪਿਛੋਕੜ ਉਸ ਸਮੇਂ ਨਾਲ ਜਾ ਜੁੜਦਾ ਹੈ, ਜਦੋਂ ਆਮ ਲੋਕ ਡਾਕੂ-ਲੁਟੇਰਿਆਂ, ਦੁਸ਼ਮਣਾਂ ਜਾਂ ਖੂੰਖਾਰ ਕਿਸਮ ਦੇ ਜੰਗਲੀ ਜੀਵਾਂ ਤੋਂ ਬਚਣ ਲਈ ਰੁੱਖਾਂ ਤੇ ਜਾ ਚੜ੍ਹਦੇ ਸਨ ਅਤੇ ਪਿੱਛੇ ਲੱਗੇ ਦੁਸ਼ਮਣਾਂ ਤੋਂ ਬਚਾਅ ਵਾਸਤੇ ਟਹਿਣੀਆਂ ਫੜ ਕੇ ਧਰਤੀ ਤੇ ਛਾਲਾਂ ਮਾਰ ਕੇ ਦੌੜ ਜਾਂਦੇ ਸਨ। ਉਹਨਾਂ ਨੂੰ ਰੁੱਖਾਂ ਉੱਤੇ ਤੇਜ਼ੀ ਨਾਲ ਚੜ੍ਹਨ ਅਤੇ ਉਤਰਨ ਦੇ ਅਭਿਆਸ ਨੇ ਹੀ ਸਮਾਂ ਪਾ ਕੇ ਬੱਚਿਆਂ ਦੀ ਖੇਡ ਦਾ ਰੂਪ ਧਾਰਨ ਕਰ ਲਿਆ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.