ਪੁਤਲੀ-ਨਾਟ/ਪੁਤਲੀ-ਤਮਾਸ਼ਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਤਲੀ-ਨਾਟ/ਪੁਤਲੀ-ਤਮਾਸ਼ਾ: ਅਜਿਹੀ ਪੇਸ਼ਕਾਰੀ ਨੂੰ ਪੁਤਲੀ-ਨਾਟ ਜਾਂ ਪੁਤਲੀ-ਤਮਾਸ਼ਾ ਕਹਿੰਦੇ ਹਨ, ਜਿਸ ਵਿੱਚ ਸੂਤਰਧਾਰ ਦੁਆਰਾ ਪੁਤਲੀਆਂ ਨੂੰ ਨਚਾ ਕੇ ਨਾਟਕ ਵਰਗਾ ਖੇਲ੍ਹ ਪੇਸ਼ ਕੀਤਾ ਜਾਂਦਾ ਹੈ।ਪੁਤਲੀ-ਨਾਟ ਅਜਿਹੀ ਕਲਾ ਹੈ, ਜਿਹੜੀ ਮਨੁੱਖੀ ਵਿਹਾਰ ਦੀ ਕਲਾਤਮਿਕਤਾ ਦੀ ਤਰਜਮਾਨੀ ਕਰਦੀ ਹੈ। ਲੋਕ-ਨਾਟ ਪਰੰਪਰਾ ਵਿੱਚ ਪੁਤਲੀ-ਨਾਟ ਰਾਹੀਂ ਬੇਜਾਨ ਵਸਤੂਆਂ ਤੋਂ ‘ਐਕਟਿੰਗ’ ਕਰਵਾਈ ਜਾਂਦੀ ਹੈ। ‘ਮਨੁੱਖੀ ਕਲਾਕਾਰ’ ਦੇ ਹੱਥਾਂ ਦੀਆਂ ਹਰਕਤਾਂ ਨਾਲ ਬੇਜਾਨ ਵਸਤੂ ‘ਜਾਨਦਾਰ’ ਵਿਅਕਤੀ ਵਾਂਗ ਕਿਵੇਂ ਵਿਚਰਦੀ ਹੈ। ਇਹੀ ਪੁਤਲੀ- ਨਾਟ ਕਲਾ ਦਾ ਕਮਾਲ ਹੈ।

     ਪੁਤਲੀ-ਤਮਾਸ਼ੇ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ। ਰੂਸ ਦੇ ਪੁਤਲੀ-ਨਾਟ ਦੇ ਕਲਾਕਾਰ ਐਫੀਮੋਵਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ‘ਪੁਤਲੀ-ਨਾਟ’ ਮਨੁੱਖ ਜਿੰਨਾ ਹੀ ਪੁਰਾਣਾ ਹੈ। ਕਈ ਵਿਦਵਾਨਾਂ ਦਾ ਮੱਤ ਹੈ ਕਿ ਕਠਪੁਤਲੀ ਤਮਾਸ਼ੇ ਦਾ ਅਰੰਭ ਯੂਰਪ ਵਿੱਚ ਹੋਇਆ ਜੋ ਬਾਅਦ ਵਿੱਚ ਚੀਨ ਅਤੇ ਅਮਰੀਕਾ ਪੁੱਜਾ। ਤਿੰਨ ਸੌ ਈਸਵੀ ਪੂਰਵ ਯੂਨਾਨੀ ਸਾਹਿਤ ਵਿੱਚ ਵੀ ਸੂਤਰਧਾਰ ਦੁਆਰਾ ਨਚਾਈਆਂ ਜਾਣ ਵਾਲੀਆਂ ਕਠਪੁਤਲੀਆਂ ਦਾ ਉਲੇਖ ਕੀਤਾ ਮਿਲਦਾ ਹੈ। ਪਹਿਲੀ ਸਦੀ ਈਸਵੀ ਦੇ ਨੇੜੇ ਯੂਨਾਨ ਅਤੇ ਇਟਲੀ ਦੇ ਬਾਲਾਂ ਦੀਆਂ ਕਬਰਾਂ ਵਿੱਚੋਂ ਵੀ ਡੋਰੀ ਨਾਲ ਨੱਚਣ ਵਾਲੀਆਂ ਪੁਤਲੀਆਂ ਦੇ ਨਮੂਨੇ ਮਿਲੇ ਹਨ। ਪਰ ਕਈ ਵਿਦਵਾਨਾਂ ਦਾ ਮੱਤ ਹੈ ਕਿ ਕੇਵਲ ਛਾਇਆ ਚਿੱਤਰਾਂ ਦਾ ਅਰੰਭ ਹੀ ਪਹਿਲਾਂ ਪੱਛਮੀ ਦੇਸ਼ਾਂ ਵਿੱਚ ਹੋਇਆ, ਜਿਸ ਨੂੰ ਅੰਗਰੇਜ਼ੀ ਵਿੱਚ ‘ਪਪਿਟ ਸ਼ੈਡੋ ਪਲੇ’ ਕਹਿੰਦੇ ਹਨ, ਪਰ ਜਿਹੜੀਆਂ ਪੁਤਲੀਆਂ ਦਾ ਤਮਾਸ਼ਾ ਸਤ੍ਹਾਰਵੀਂ ਸਦੀ ਦੇ ਮੁੱਢ ਵਿੱਚ ਪੱਛਮੀ ਦੇਸਾਂ ਵਿੱਚ ਸ਼ੁਰੂ ਹੋਇਆ, ਉਸ ਦਾ ਵਿਕਾਸ ਪਹਿਲਾਂ ਭਾਰਤ ਵਿੱਚ ਹੀ ਹੋਇਆ। ਉਦਾਹਰਨ ਲਈ ਸੰਸਕ੍ਰਿਤ ਨਾਟਕਾਂ ਵਿੱਚ ਜਿਸ ਸੂਤਰਧਾਰ ਅਤੇ ਉਸ ਦੇ ਸਹਾਇਕ ਦਾ ਪ੍ਰਯੋਗ ਹੁੰਦਾ ਹੈ, ਨਿਰਸੰਦੇਹ ਪੁਤਲੀ-ਤਮਾਸ਼ੇ ਤੋਂ ਪਹਿਲਾਂ ਦਾ ਹੈ। ਸੂਤਰਧਾਰ ਦਾ ਅਰਥ ਹੈ ਡੋਰੀ ਨੂੰ ਫੜਨ ਵਾਲਾ ਅਤੇ ਸਹਾਇਕ, ਮੰਚ ਤੇ ਪ੍ਰਸਤੁਤ ਸਮਗਰੀ ਪੇਸ਼ ਕਰਨ ਵਾਲਾ ਹੁੰਦਾ ਹੈ। ਇਹ ਦੋਵੇਂ ਪਾਤਰ, ਪੁਤਲੀ-ਤਮਾਸ਼ਾ ਅਤੇ ਸੰਸਕ੍ਰਿਤ ਨਾਟਕਾਂ ਦਾ ਆਪਸੀ ਸੰਬੰਧ ਪ੍ਰਮਾਣਿਤ ਕਰਦੇ ਹਨ।

     ਪ੍ਰਸਿੱਧ ਵਿਦਵਾਨ ਪਿਸ਼ੇਲ ਦੀ ਪੁਸਤਕ ਥਿਉਰੀ ਆਫ਼ ਪਪਿਟ ਸ਼ੋ ਅਨੁਸਾਰ ਵੀ ਕਠਪੁਤਲੀ ਤਮਾਸ਼ੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ। ਰਿਗਵੇਦ ਵਿੱਚ ਸਰਮਾ ਅਤੇ ਪਣੀਉਂ, ਯਮ ਤੇ ਯਮੀ, ਪੁਰੂਰਵਾ ਅਤੇ ਉਰਵਸ਼ੀ, ਇੰਦਰ ਅਤੇ ਸ਼ਚੀ, ਵ੍ਰਾਸ਼ਕਪੀ ਅਤੇ ਇੰਦਰਰਾਣੀ ਦੇ ਅਜਿਹੇ ਸੰਵਾਦ ਹਨ, ਜੋ ਸੰਸਕ੍ਰਿਤ ਨਾਟਕਾਂ ਦੇ ਗਾਇਨ ਅਤੇ ਮੰਚੀ ਪ੍ਰਸਤੁਤੀ ਦਾ ਆਧਾਰ ਬਣੇ, ਜਦ ਕਿ ਕਠਪੁਤਲੀ ਤਮਾਸ਼ੇ ਦੁਆਰਾ ਕਈ ਖੇਡੇ ਜਾਂਦੇ ਪ੍ਰਸੰਗ ਵੀ ਇਸੇ ਕਿਸਮ ਦੇ ਸੰਵਾਦਾਂ ਨਾਲ ਭਰੇ ਮਿਲਦੇ ਹਨ। ਸੰਭਵ ਹੈ ਪੁਤਲੀ-ਤਮਾਸ਼ਾ ਰਿਗਵੇਦ ਦਾ ਸਮਕਾਲੀ ਰਿਹਾ ਹੈ, ਕਿਉਂਕਿ ਪੁਤਲਿਕਾ ਸ਼ਬਦ ਦਾ ਪ੍ਰਯੋਗ ਵੇਦਾਂ ਵਿੱਚ ਕਈ ਥਾਵੇਂ ਹੋਇਆ ਮਿਲਦਾ ਹੈ। ਅਥਰਵ ਵੇਦ ਵਿੱਚ ਦੁਸ਼ਮਣ ਦਾ ਪੁਤਲਾ ਬਣਾ ਕੇ ਮੰਤਰ ਦੁਆਰਾ ਭਸਮ ਕਰਨ ਦਾ ਉਲੇਖ ਕੀਤਾ ਗਿਆ ਹੈ। ਮੱਧ-ਕਾਲ ਵਿੱਚ ਸਿੰਘਾਸਣ ਬਤੀਸੀ ਅਤੇ ਸਿੰਘਾਸਣ ਪਚੀਸੀ ਦੀਆਂ ਪੁਤਲੀਆਂ ਦਾ ਆਪਸ ਵਿੱਚ ਪ੍ਰਸ਼ਨੋਂ-ਉੱਤਰੀ ਦੇ ਰੂਪ ਵਿੱਚ ਸੰਵਾਦ, ਕਠਪੁਤਲੀ ਤਮਾਸ਼ੇ ਦੀ ਪ੍ਰਾਚੀਨਤਾ ਨੂੰ ਹੀ ਪ੍ਰਮਾਣਿਤ ਕਰਦਾ ਹੈ।

     ਇਸਲਾਮੀ ਦੇਸਾਂ ਵਿੱਚ ਮੂਰਤੀਆਂ ਦਾ ਵਿਰੋਧ ਹੋਣ ਕਰ ਕੇ ਛਾਇਆ ਚਿੱਤਰ ਪ੍ਰਸਿੱਧ ਹੋਏ। ਇਵੇਂ ਹੀ ਪੱਛਮੀ ਦੇਸਾਂ ਵਿੱਚ ਬਹੁਤ ਸਾਰੇ ਧਾਰਮਿਕ ਪ੍ਰਸੰਗ ਕਠਪੁਤਲੀ ਤਮਾਸ਼ੇ ਦੁਆਰਾ ਹੀ ਪੇਸ਼ ਕੀਤੇ ਜਾਂਦੇ ਰਹੇ ਹਨ। ਫਰੈਂਚ ਵਿੱਚ ਅਜਿਹੇ ਤਮਾਸ਼ੇ ਨੂੰ ‘ਮਾਰਿਉਨੇਤ’ ਕਿਹਾ ਜਾਂਦਾ ਹੈ, ਕਿਉਂਕਿ ਉਸ ਵਿੱਚ ਈਸਾ ਦੀ ਮਾਂ ਮੇਰੀ ਦੀ ਵੀ ਇੱਕ ਕਠਪੁਤਲੀ ਦੇ ਰੂਪ ਵਿੱਚ ਭੂਮਿਕਾ ਹੋਇਆ ਕਰਦੀ ਸੀ। ਮਾਰਿਉਨੇਤ ਦਾ ਅਰਥ ਹੈ ਨੰਨ੍ਹੀ ਮੇਰੀ।

     ਰੋਮ ਵਿੱਚ ਤਾਂ ਕਠਪੁਤਲੀ ਤਮਾਸ਼ੇ ਦਾ ਪੂਰਾ ਰੰਗ-ਮੰਚ ਹੀ ਮਿਲਦਾ ਹੈ। ਇਟਲੀ ਦੇ ਪੁਨਰ ਜਾਗਰਨ ਮਗਰੋਂ ਜੋ ਕਠਪੁਤਲੀ ਤਮਾਸ਼ੇ ਦਾ ਖੇਲ ਪ੍ਰਸਿੱਧ ਹੋਇਆ, ਉਸ ਨੂੰ ‘ਪੋਰਚਿਨੇਲਾ’ ਕਿਹਾ ਜਾਂਦਾ ਸੀ। ਜਿਸ ਨੂੰ ਫ਼੍ਰਾਂਸੀਸੀ ਪੋਰਚਨੇਲ ਕਹਿੰਦੇ ਹਨ। ਇੰਗਲੈਂਡ ਦਾ ਪ੍ਰਸਿੱਧ ਕਾਰਟੂਨ ਪੱਤਰ ‘ਪੰਚ’ ਉਪਰੋਕਤ ਸ਼ਬਦ ਦਾ ਹੀ ਪ੍ਰਤਿਰੂਪ ਹੈ।

     ਪੱਛਮੀ ਦੇਸਾਂ ਵਿੱਚ ਪੁਤਲੀ ਤਮਾਸ਼ਾ ਇਤਨਾ ਹਰਮਨ ਪਿਆਰਾ ਹੋਇਆ ਕਿ ਕਈ ਮਹਾਨ ਨਾਟਕਕਾਰਾਂ ਨੇ ਉਚੇਚੇ ਪੁਤਲੀ-ਤਮਾਸ਼ੇ ਲਈ ਨਾਟਕ ਲਿਖੇ। ਪ੍ਰਸਿੱਧ ਲੇਖਕ ਗੇਟੇ ਨੇ ਵੀ ਆਪਣੇ ਜਨਮ ਦਿਨ ’ਤੇ ਪੁਤਲੀ ਤਮਾਸ਼ੇ ਲਈ ਇੱਕ ਨਾਟਕ ਲਿਖਿਆ। ਇਸੇ ਤਰ੍ਹਾਂ ਲੈਵਿਸ ਕੈਰੋ, ਹਾਂਸ, ਕਰਿਸ਼ਚੀਅਨ ਹੈਂਡਰਸਨ ਆਦਿ ਨੇ ਵੀ ਪੁਤਲੀ- ਤਮਾਸ਼ਿਆਂ ਲਈ ਉਚੇਚੇ ਨਾਟਕ ਲਿਖੇ। ਲੰਦਨ ਵਿੱਚ ਅਜਿਹੇ ਕਈ ਲੇਖਕ ਹਨ। ਪੈਰਿਸ ਵਿੱਚ ਤਾਂ ਅਜੋਕੇ ਸਮੇਂ ਵੀ ਪੁਤਲੀ-ਤਮਾਸ਼ੇ ਲਈ ਰੰਗ-ਮੰਚ ਮਿਲਦਾ ਹੈ।

     ਪੁਤਲੀਆਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ :

          1. ਦਸਤਾਨਾ ਪੁਤਲੀ

          2. ਡੋਰ ਪੁਤਲੀ

          3. ਛਾਇਆ ਪੁਤਲੀ

          4. ਛਤਰੀ ਪੁਤਲੀ

     1. ਦਸਤਾਨਾ ਪੁਤਲੀ: ਹੱਥ ਉੱਤੇ ਦਸਤਾਨੇ ਵਾਂਗ ਪਾ ਕੇ ਨਚਾਈਆਂ ਜਾਣ ਵਾਲੀਆਂ ਪੁਤਲੀਆਂ ਨੂੰ ਦਸਤਾਨਾ ਪੁਤਲੀ ਕਹਿੰਦੇ ਹਨ। ਇਹਨਾਂ ਪੁਤਲੀਆਂ ਦੀ ਬਣਤਰ, ਵਿੱਚੋਂ ਖੋਖਲੀ ਰੱਖੀ ਜਾਂਦੀ ਹੈ, ਤਾਂ ਜੋ ਕਲਾਕਾਰ ਵਿਅਕਤੀ ਆਪਣਾ ਹੱਥ ਪੁਤਲਿਕਾ ਦੇ ਢਾਂਚੇ ਵਿੱਚ ਪਾ ਕੇ ਪੁਤਲੀ ਦਾ ਸਿਰ, ਬਾਂਹ ਅਤੇ ਧੜ ਦੇ ਵੱਖ-ਵੱਖ ਅੰਗਾਂ ਨੂੰ ਲੋੜ ਅਨੁਸਾਰ ਉਂਗਲਾਂ ਅਤੇ ਅੰਗੂਠੇ ਦੀ ਹਰਕਤ ਨਾਲ ਨਚਾ ਸਕੇ। ਰਾਜਸਥਾਨ ਦੇ ਪੇਸ਼ਾਵਰ ਕਲਾਕਾਰ ਅਜਿਹੀਆਂ ਪੁਤਲਿਕਾਵਾਂ ਨੂੰ ਨੀਵੇਂ ਥਾਂ ਖਲੋ ਕੇ ਇਸ ਢੰਗ ਨਾਲ ਨਚਾਉਂਦੇ ਹਨ ਕਿ ਮੰਚ ਦੇ ਪਿੱਛੇ ਛੁਪੇ ਹੋਏ ਉਹਨਾਂ ਦੇ ਸਰੀਰ ਦਾ ਕੋਈ ਭਾਗ ਨਜ਼ਰ ਨਹੀਂ ਆਉਂਦਾ। ਉਹ ਬਾਂਹ ਨੂੰ ਸਿਰ ਤੋਂ ਉੱਚਾ ਕਰ ਲੈਂਦੇ ਹਨ ਅਤੇ ਵੇਖਣ ’ਤੇ ਪੁਤਲੀਆਂ ਖ਼ੁਦ ਹੀ ਨਚਦੀਆਂ ਨਜ਼ਰ ਆਉਂਦੀਆਂ ਹਨ। ਅਜਿਹੀਆਂ ਪੁਤਲਿਕਾਵਾਂ ਦੁਆਰਾ ਨਾਟਕੀ ਜਾਂ ਸੰਵਾਦੀ ਸ਼ੈਲੀ ਵਿੱਚ ਖੇਡੀ ਜਾਣ ਵਾਲੀ ਮੰਚੀ ਕਹਾਣੀ ਨੂੰ ਇੰਞ ਵਿਉਂਤਿਆ ਜਾਂਦਾ ਹੈ ਕਿ ਹਰ ਪੁਤਲਿਕਾ ਕਹਾਣੀ ਦੇ ਅੰਤ ਤੱਕ ਮੰਚ ’ਤੇ ਰਹਿੰਦੀ ਹੈ ਜਾਂ ਉਸ ਨੂੰ ਮੰਚ ਤੋਂ ਬਾਹਰ ਕਰਨ ਲਈ ਉੱਚੀ ਥਾਂ ਤੋਂ ਛਾਲ ਮਰਵਾ ਦਿੱਤੀ ਜਾਂਦੀ ਹੈ। ਪਰ ਸੂਤਰਧਾਰ ਦੁਆਰਾ ਇਹ ਪੁਤਲਿਕਾਵਾਂ ਨਚਾਉਣ ਸਮੇਂ ਏਨੀ ਪ੍ਰਬੀਨਤਾ ਨਾਲ ਸੰਵਾਦ ਬੋਲੇ ਜਾਂਦੇ ਹਨ ਕਿ ਦਰਸ਼ਕ ਇਹਨਾਂ ਦੇ ਹਾਵ-ਭਾਵ ਅਤੇ ਅੰਗ- ਪ੍ਰਦਰਸ਼ਨ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਅਜਿਹੇ ਮੰਚ, ਅਕਸਰ ਅੰਦਰ ਵੱਲ ਨੂੰ ਪਾਵੇ ਕਰ ਕੇ ਟੇਢੇ ਰੂਪ ਵਿੱਚ ਖੜ੍ਹੀਆਂ ਕੀਤੀਆਂ ਮੰਜੀਆਂ ਉਪਰ ਕੱਪੜੇ ਵਿਛਾ ਕੇ ਬਣਾਏ ਜਾਂਦੇ ਹਨ। ਇਸ ਵਿਧੀ ਵਿੱਚ ਇੱਕ ਤਾਂ ਲੰਮੇ ਰੁਖ ਟੇਢੀਆਂ ਮੰਜੀਆਂ ਵਿਚਕਾਰ ਪੁਤਲਿਕਾ ਨਚਾਉਣ ਵਾਲਿਆਂ ਦੇ ਬੈਠਣ ਲਈ ਥਾਂ ਬਣ ਜਾਂਦੀ ਹੈ। ਦੂਜਾ ਦੋਹਾਂ ਮੰਜੀਆਂ ਉਪਰ ਵੱਖ-ਵੱਖ ਪਾਏ ਕੱਪੜਿਆਂ ਵਿੱਚੋਂ ਹੱਥ ਉਪਰ ਨੂੰ ਕੱਢਣ ਦੀ ਵਿੱਥ ਬਣੀ ਰਹਿੰਦੀ ਹੈ ਅਤੇ ਸੂਤਰਧਾਰ ਦੀ ਅਵਾਜ਼ ਵੀ ਨਹੀਂ ਰੁਕਦੀ। ਵੱਧ ਤੋਂ ਵੱਧ ਦੋ ਹੱਥਾਂ ਵਿੱਚ ਪਾਏ ਦਸਤਾਨਿਆਂ ਕਾਰਨ ਇੱਕ ਵਿਅਕਤੀ ਇੱਕ ਸਮੇਂ ਦੋ ਪੁਤਲਿਕਾਵਾਂ ਹੀ ਨਚਾ ਸਕਦਾ ਹੈ, ਕਿਉਂਕਿ ਕਈ ਹਾਲਤਾਂ ਵਿੱਚ ਦੋਹਾਂ ਹੱਥਾਂ ਦੀਆਂ ਪੁਤਲਿਕਾਵਾਂ ਨੇ ਵਿਪਰੀਤ ਦਿਸ਼ਾ ਵਿੱਚ ਖਲੋਣਾ ਹੋਵੇ ਤਾਂ ਇੱਕ ਵਿਅਕਤੀ ਬਾਹਾਂ ਨੂੰ ਜ਼ਿਆਦਾ ਦੂਰ ਫੈਲਾ ਨਹੀਂ ਸਕਦਾ।

     2. ਡੋਰ ਪੁਤਲੀ: ਡੋਰ (ਸੂਤਰ) ਦੁਆਰਾ ਨਚਾਈਆਂ ਜਾਣ ਵਾਲੀਆਂ ਪੁਤਲੀਆਂ ਨੂੰ ਡੋਰ ਪੁਤਲੀ ਕਹਿੰਦੇ ਹਨ। ਅਜਿਹੀਆਂ ਪੁਤਲੀਆਂ ਦੀ ਬਣਤਰ, ਇਸ ਢੰਗ ਨਾਲ ਅੰਗਾਂ ਵਿੱਚ ਜੋੜ ਪਾ ਕੇ ਬਣਾਈ ਜਾਂਦੀ ਹੈ ਤਾਂ ਜੋ ਉਸ ਵਿੱਚ ਪਾਈ ਡੋਰੀ ਰਾਹੀਂ ਉਸ ਦਾ ਕੋਈ ਵੀ ਅੰਗ ਮਨੁੱਖੀ ਸਰੀਰ ਦੀ ਸੁਭਾਵਿਕ ਹਰਕਤ ਵਾਂਗ ਅਸਾਨੀ ਨਾਲ ਮੋੜਿਆ ਜਾ ਸਕੇ। ਅਜਿਹੀਆਂ ਪੁਤਲੀਆਂ ਭਾਰਤ ਅਤੇ ਯੂਰਪੀ ਦੇਸ਼ਾਂ ਵਿੱਚ ਵਧੇਰੇ ਮਿਲਦੀਆਂ ਹਨ। ਇਹਨਾਂ ਪੁਤਲੀਆ ਨੂੰ ਡੋਰ ਦੁਆਰਾ ਨਚਾਉਣ ਵਾਲੇ ਕਲਾਕਾਰ ਉੱਚੀ ਥਾਂ ਛਿਪ ਕੇ ਬੈਠਦੇ ਹਨ। ਇੱਕ ਪੁਤਲੀ ਨੂੰ ਕਈ ਕਈ ਡੋਰਾਂ ਬੰਨ੍ਹੀਆਂ ਹੁੰਦੀਆਂ ਹਨ, ਜਿਨ੍ਹਾਂ ਦੁਆਰਾ ਪੁਤਲੀ ਦੇ ਹੱਥ, ਪੈਰ, ਸਿਰ ਆਦਿ ਹਿਲਾਏ ਜਾ ਸਕਦੇ ਹਨ। ਇਹਨਾਂ ਪੁਤਲੀਆਂ ਵਿੱਚ ਮਨੁੱਖ, ਪਸ਼ੂ, ਪੰਛੀ, ਹਾਥੀ, ਘੋੜੇ, ਰਾਜੇ, ਰਾਣੀਆਂ ਵਜ਼ੀਰ, ਅਹਿਲਕਾਰ, ਨੌਕਰ, ਗੋਲੀਆਂ, ਮਸਖ਼ਰੇ, ਸੈਨਾ ਆਦਿ ਸਭ ਪ੍ਰਕਾਰ ਦੇ ਕਿਰਦਾਰ ਹੁੰਦੇ ਹਨ। ਪਿੱਠ-ਭੂਮੀ ਵਿੱਚ ਕਾਲਾ ਪਰਦਾ ਅਤੇ ਕਾਲੀਆਂ ਡੋਰਾਂ ਹੋਣ ਕਾਰਨ ਧਿਆਨ ਨਾਲ ਵੇਖਣ ’ਤੇ ਵੀ ਪੁਤਲੀ ਨੂੰ ਬੰਨ੍ਹੀ ਡੋਰੀ ਦਿਸਦੀ ਨਹੀਂ।

     ਡੋਰ ਨਾਲ ਨਚਾਈਆਂ ਜਾਣ ਵਾਲੀਆਂ ਪੁਤਲੀਆਂ ਕਿਉਂਕਿ ਅਭਿਨੈ ਦੇ ਕਮਾਲ ਰੂਪ ਵਿੱਚ ਪੇਸ਼ ਹੁੰਦੀਆਂ ਹਨ, ਇਸ ਲਈ ਇਹਨਾਂ ਦੁਆਰਾ ਬੇਹੱਦ ਦਿਲਚਸਪ ਅਤੇ ਪੇਚੀਦਾ ਕਿਰਦਾਰਾਂ ਵਾਲੀਆਂ ਨਾਟ ਰਚਨਾਵਾਂ ਪ੍ਰਸਤੁਤ ਕੀਤੀਆਂ ਜਾਂਦੀਆਂ ਹਨ। ਹਰ ਕਿਰਦਾਰ ਦੇ ਸੰਵਾਦ ਤਿੱਖੇ ਅਤੇ ਮਾਂਜੇ ਸਵਾਰੇ ਹੁੰਦੇ ਹਨ, ਜੋ ਸੂਤਰਧਾਰ ਦੁਆਰਾ ਕਥਾਨਕ ਨੂੰ ਅੱਗੇ ਤੋਰਦੇ ਹੋਏ ਹਾਸੇ-ਠੱਠੇ ਦਾ ਪ੍ਰਭਾਵ ਪੈਦਾ ਕਰਦੇ ਹਨ। ਪੁਤਲੀਆਂ ਨਚਾਉਣ ਅਤੇ ਸੰਵਾਦ ਬੋਲਣ ਵਾਲੇ ਨੂੰ ਸੂਤਰਧਾਰ ਕਿਹਾ ਜਾਂਦਾ ਹੈ। ਪ੍ਰਸਿੱਧ ਵਿਦਵਾਨ ਭਰਤਮੁਨੀ ਦੇ ਪ੍ਰਸਿੱਧ ਗ੍ਰੰਥ, ਨਾਟਯ ਸ਼ਾਸਤਰ ਵਿੱਚ ਸੂਤਰਧਾਰ ਦੀਆਂ ਅਨੇਕ ਵਿਸ਼ੇਸ਼ਤਾਵਾਂ ਅਤੇ ਮਹੱਤਵਪੂਰਨ ਭੂਮਿਕਾਵਾਂ ਦਾ ਵਿਸਤ੍ਰਿਤ ਉਲੇਖ ਕੀਤਾ ਗਿਆ ਹੈ। ਮੰਚ ’ਤੇ ਦੋ ਤੋਂ ਵਧੇਰੇ ਪੁਤਲੀਆਂ ਹੋਣ ਦੀ ਸੂਰਤ ਵਿੱਚ ਇੱਕ ਤੋਂ ਵਧੇਰੇ ਸੂਤਰਧਾਰ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਇਸਤਰੀ ਪਾਤਰਾਂ ਦੇ ਸੰਵਾਦ ਇਸਤਰੀ ਸੂਤਰਧਾਰ ਬੋਲਦੇ ਹਨ, ਜਿਸ ਤੋਂ ਜੀਵੰਤ ਅਭਿਨੈ ਦਾ ਪ੍ਰਭਾਵ ਉਪਜਦਾ ਹੈ। ਅਜਿਹੀਆਂ ਪੁਤਲੀਆਂ ਦੁਆਰਾ ਖੇਡੇ ਜਾਂਦੇ ਨਾਟ ਅਕਸਰ ਸੰਗੀਤਮਈ ਹੁੰਦੇ ਹਨ, ਜਿਹੜੇ ਇੱਕੋ ਸਮੇਂ ਗਾਇਨ, ਅਭਿਨੈ, ਸੰਵਾਦ ਅਤੇ ਸੂਤਰਧਾਰ ਦੁਆਰਾ ਵਜਾਈਆਂ ਕਈ ਪ੍ਰਕਾਰ ਦੀਆਂ ਸੀਟੀਆਂ ਦੀਆਂ ਅਵਾਜ਼ਾਂ ਨਾਲ ਸੰਜੋਏ ਹੁੰਦੇ ਹਨ।

     3. ਛਾਇਆ ਪੁਤਲੀ: ਪਰਛਾਵੇਂ ਦੁਆਰਾ ਪ੍ਰਭਾਵ ਪਾਉਣ ਵਾਲੀਆਂ ਪੁਤਲੀਆਂ ਨੂੰ ਛਾਇਆ ਪੁਤਲੀ ਕਹਿੰਦੇ ਹਨ। ਇਹ ਪੁਤਲੀਆਂ ਗੱਤਾ ਆਦਿ ਕੱਟ ਕੇ ਬਣਾਈਆਂ ਜਾਂਦੀਆਂ ਹਨ। ਇਹ ਪਰਦੇ ਦੇ ਪਿੱਛੇ ਅਤੇ ਚਾਨਣ ਦੇ ਅੱਗੇ ਰੱਖ ਕੇ ਨਚਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਪਰਛਾਵਾਂ ਪਰਦੇ ਉਪਰ ਪੈ ਕੇ ਲੋੜੀਂਦੇ ਆਕਾਰ ਦਾ ਪ੍ਰਭਾਵ ਪੈਦਾ ਕਰਦਾ ਹੈ। ਇਸ ਤਮਾਸ਼ੇ ਦਾ ਨਾਂ ‘ਛਾਇਆ ਨਾਟ’ ਹੈ। ਪੁਤਲੀਆਂ ਪਰਦੇ ਅਤੇ ਪ੍ਰਕਾਸ਼ ਦੇ ਵਿਚਕਾਰ ਰਹਿੰਦੀਆਂ ਹਨ। ਇਹਨਾਂ ਨੂੰ ਨਚਾਉਣ ਵਾਲੇ ਸੂਤਰਧਾਰ ਜ਼ਮੀਨ ’ਤੇ ਖਲੋਤੇ ਹੁੰਦੇ ਹਨ, ਪਰ ਇਧਰ-ਉਧਰ ਨੱਸਦੇ- ਭੱਜਦੇ ਅਤੇ ਪੁਤਲੀਆਂ ਨਚਾਉਂਦੇ ਨਜ਼ਰ ਨਹੀਂ ਆਉਂਦੇ। ਪੁਤਲੀਆਂ ਕਾਨਿਆਂ ਉੱਤੇ ਟੰਗੀਆਂ ਹੁੰਦੀਆਂ ਹਨ ਅਤੇ ਮੰਚ ਜ਼ਮੀਨ ਤੋਂ ਕਾਫ਼ੀ ਉੱਚਾ ਬਣਾਇਆ ਜਾਂਦਾ ਹੈ, ਜਿੱਥੋਂ ਕੁਝ ਦੂਰੀ ’ਤੇ ਬੈਠੇ ਦਰਸ਼ਕ ਇਹ ਰੋਚਕ ਪੁਤਲੀ ਤਮਾਸ਼ਾ ਵੇਖਦੇ ਹਨ। ਇਸ ਛਾਇਆ ਨਾਟ ਦੇ ਵੀ ਸੰਵਾਦ ਚੁਸਤ ਅਤੇ ਵਾਰਤਾਲਾਪ ਬੜਾ ਗੁੰਦਵਾਂ ਹੁੰਦਾ ਹੈ। ਪ੍ਰਕਾਸ਼ ਦੂਰ ਨੇੜੇ ਕਰ ਕੇ ਪੁਤਲਿਕਾ ਦਾ ਆਕਾਰ ਵੱਡਾ ਛੋਟਾ ਵੀ ਕੀਤਾ ਜਾ ਸਕਦਾ ਹੈ। ਪੁਤਲਿਕਾ ਕਿਰਦਾਰਾਂ ਦਾ ਤਮਾਸ਼ੇ ਦੇ ਰੂਪ ਵਿੱਚ, ਸਨੇਹ, ਗੁੱਸਾ, ਲੜਾਈ, ਝਗੜਾ, ਪਿਆਰ, ਕਰੁਣਾ ਅਤੇ ਹਾਸ-ਰਸ ਆਦਿ ਸੂਤਰਧਾਰ ਆਪਣੀ ਸ਼ੈਲੀ ਦੁਆਰਾ ਹੀ ਪੇਸ਼ ਕਰਦੇ ਹਨ, ਜਿਨ੍ਹਾਂ ਦੀ ਪ੍ਰਸਤੁਤੀ ਪੁਤਲੀਆਂ ਦੁਆਰਾ ਕੀਤੀ ਜਾਂਦੀ ਹੈ।

     4. ਛੱਤਰੀ ਪੁਤਲੀ/ਤੀਲ੍ਹਿਆਂ ਨਾਲ ਨਚਾਈਆਂ ਜਾਣ ਵਾਲੀਆਂ ਪੁਤਲੀਆਂ: ਡੋਰੀ ਵਾਲੀਆਂ ਪੁਤਲੀਆਂ ਉੱਤੋਂ ਹੇਠਾਂ ਨੂੰ ਲਮਕਾਈਆਂ ਜਾਂਦੀਆਂ ਹਨ, ਜਦ ਕਿ ਤੀਲ੍ਹਿਆਂ ਵਾਲੀਆਂ ਪੁਤਲੀਆਂ ਹੇਠੋਂ ਉਪਰ ਨੂੰ ਚੁੱਕੀਆਂ ਜਾਂਦੀਆਂ ਹਨ। ਅਜਿਹੀਆਂ ਪੁਤਲੀਆਂ ਦੁਆਰਾ ਤਮਾਸ਼ਾ ਕਰਨ ਵਾਲੇ ਕਲਾਕਾਰ ਮੰਚ ਤੋਂ ਨੀਵੀਂ ਥਾਂ ਬੈਠਦੇ ਹਨ। ਤੀਲ੍ਹਿਆਂ ਨਾਲ ਨਚਾਈਆਂ ਜਾਣ ਵਾਲੀਆਂ ਪੁਤਲੀਆਂ ਚੀਨ ਅਤੇ ਜਪਾਨ ਦੇਸ਼ਾਂ ਵਿੱਚ ਅਧਿਕ ਮਿਲਦੀਆਂ ਹਨ।

     ਭਾਰਤ ਵਿੱਚ ਅਜੋਕੇ ਸਮੇਂ ਵੀ ਰਾਜਸਥਾਨ ਦੇ ਕਲਾਕਾਰ ਪਿੰਡਾਂ ਸ਼ਹਿਰਾਂ ਵਿੱਚ ਪੁਤਲੀ ਤਮਾਸ਼ਾ ਕਰਦੇ ਮਿਲਦੇ ਹਨ। ਪੁਤਲੀ ਤਮਾਸ਼ੇ ਨਾਲ ਸੰਬੰਧਿਤ ਨਾਟਕ ਇਤਿਹਾਸਿਕ, ਸਮਾਜਿਕ ਅਤੇ ਮਜ਼ਾਹੀਆ (ਹਾਸ-ਰਸ) ਕਿਸਮ ਦੇ ਖੇਡੇ ਜਾਂਦੇ ਹਨ, ਜਿਨ੍ਹਾਂ ਦੀ ਪ੍ਰਤਿਲਿਪੀ ਲਿਖਤੀ ਨਾ ਹੋ ਕੇ ਮੌਖਿਕ ਹੁੰਦੀ ਹੈ, ਜੋ ਅਕਸਰ ਗਾਇਨ ਅਤੇ ਸੰਗੀਤ ਨਾਲ ਸੰਜੋਈ ਹੁੰਦੀ ਹੈ।

     ਪੰਜਾਬ ਵਿੱਚ ਖੇਡੇ ਜਾਣ ਵਾਲਾ ਪੁਤਲੀ-ਨਾਟ ਵਧੇਰੇ ਕਰ ਕੇ ‘ਡੋਰ ਪੁਤਲੀ’ ਹੈ, ਜੋ ਰਾਜਸਥਾਨ ਦੇ ਕਲਾਕਾਰ ਪੰਜਾਬ ਵਿੱਚ ਆ ਕੇ ਕਰਦੇ ਰਹੇ ਹਨ। ਇਹ ਲੋਕ-ਨਾਟ ਰੂਪ ਪੰਜਾਬ ਦੀ ਲੋਕਧਾਰਾ ਦਾ ਉਸ ਰੂਪ ਵਿੱਚ ਹਿੱਸਾ ਨਹੀਂ ਬਣਿਆ, ਜਿਵੇਂ ਰਾਮਲੀਲ੍ਹਾ, ਸਵਾਂਗ, ਰਾਸਲੀਲ੍ਹਾ ਆਦਿ ਬਣੇ। ਪੰਜਾਬ ਦੀ ਧਰਤੀ ਤੇ ਖੇਡੇ ਜਾਣ ਕਰ ਕੇ ਹੀ ਜ਼ਿਆਦਾਤਰ ਇਹਨਾਂ ਨੂੰ ‘ਪੰਜਾਬ ਦੀ ਨਾਟ-ਪਰੰਪਰਾ’ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਹਾਂ, ਕੁਝ ਕੁ ਤਬਦੀਲੀਆਂ ਨਾਲ ਇਹਨਾਂ ਦੇ ਕਲਾਕਾਰ ਪੰਜਾਬ ਦੀਆਂ ਲੋੜਾਂ ਦੇ ਮੁਤਾਬਕ ਆਪਣੇ ਪ੍ਰਦਰਸ਼ਨ ਵਿੱਚ ਕਰ ਲੈਂਦੇ ਹਨ।

     ਇਸ ਪ੍ਰਦਰਸ਼ਨ ਵਿੱਚ ਸਾਰੇ ਪਾਤਰ ਪੁਤਲੀਆਂ ਹੀ ਹੁੰਦੇ ਹਨ। ਸਿਰਫ ਸੂਤਰਧਾਰ ਅਤੇ ਇਸ ਦੇ ਸਹਾਇਕ ਪਾਤਰ ਹੀ ‘ਵਿਅਕਤੀ ਰੂਪ ਵਿੱਚ’ ਕਾਰਜਸ਼ੀਲ ਹੁੰਦੇ ਹਨ। ਪਰਦੇ ਪਿੱਛੋਂ ਬਰੀਕ ਡੋਰਾਂ ਨਾਲ ਬੰਨ੍ਹੀਆਂ ਪੁਤਲੀਆਂ ਨੂੰ ਸੂਤਰਧਾਰ ਬੜੀ ਮੁਹਾਰਤ ਨਾਲ ਸੰਚਾਲਿਤ ਕਰਦਾ ਹੈ। ਇਸ ਦੇ ਨਾਲ-ਨਾਲ ਸਾਜ਼ੀਆਂ ਦਾ ਸੰਗੀਤ ਚੱਲਦਾ ਰਹਿੰਦਾ ਹੈ। ਗੀਤ ਦੇ ਰੂਪ ਵਿੱਚ ਇਸ ਵਿੱਚ ਰਾਜਸਥਾਨੀ ਵੀਰ ਪੁਰਸ਼ਾਂ ਦੀਆਂ ਗਾਥਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਉਂਞ ਇਹ ਲੋਕ ਕਈ ਵਾਰੀ ਸਥਾਨਿਕ ਲੋਕ ਗਾਥਾਵਾਂ ਨੂੰ ਵੀ ਆਪਣੇ ਪ੍ਰਦਰਸ਼ਨ ਵਿੱਚ ਸ਼ਾਮਲ ਕਰ ਲੈਂਦੇ ਹਨ।

     ਪੰਜਾਬ ਵਿੱਚ ਇਹਨਾਂ ਦਾ ਪ੍ਰਚਲਨ ਆਮ ਨਹੀਂ ਸੀ ਹੁੰਦਾ। ਸਾਲ ਵਿੱਚ ਕੁਝ ਕੁ ਸਮਾਂ ਰਾਜਸਥਾਨ ਤੋਂ ਪੁਤਲੀ ਕਲਾਕਾਰ ਆਪਣੇ ਜਥੇ ਸਮੇਤ ਪੰਜਾਬ ਦਾ ਦੌਰਾ ਕਰਦੇ ਸਨ। ਪੰਜਾਬ ਵਾਸੀ ਇਹਨਾਂ ਦੇ ਪ੍ਰਬੰਧਕ ਹੁੰਦੇ ਸਨ। ਕੁਝ ਸਮਾਂ ਇਧਰ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਲੋਕ ਕਲਾਕਾਰ ਵਾਪਸ ਆਪਣੇ ਘਰੀਂ ਪਰਤ ਜਾਂਦੇ ਸਨ। ਪੁਤਲੀਆਂ ਤੇ ਤਮਾਸ਼ਿਆਂ ਨੇ ਸਾਨੂੰ ‘ਪਾਟੇ ਖ਼ਾਂ’ ਨਾਂ ਦਾ ਇੱਕ ਲੋਕ ਨਾਇਕ ਦਿੱਤਾ ਹੈ। ਅੱਜ ਵੀ ਬਹੁਤਾ ਬੋਲਣ ਵਾਲੇ ਨੂੰ ‘ਪਾਟੇ ਖ਼ਾਂ’ ਕਹਿ ਦਿੱਤਾ ਜਾਂਦਾ ਹੈ।

     ‘ਪੁਤਲੀ-ਨਾਟ’ ਦੀ ਮਿਸਾਲ ਦੇਣੀ ਮੁਸ਼ਕਲ ਹੈ, ਕਿਉਂਕਿ ‘ਪੁਤਲੀ-ਨਾਟ’ ਮਾਧਿਅਮ ਹੈ, ਕਿਸੇ ਵੀ ਕਥਾ-ਵਸਤੂ ਦੇ ਪ੍ਰਗਟਾਵੇ ਦਾ ‘ਪੁਤਲੀ-ਨਾਟ’ ਵਿੱਚ ਅਦਾਕਾਰ ਬੇਜਾਨ ਪੁਤਲੀਆਂ ਹੁੰਦੇ ਹਨ, ਜਿਨ੍ਹਾਂ ਦੇ ਚਿਹਰੇ ਦੇ ਕੋਈ ਭਾਵ ਨਹੀਂ ਹੁੰਦੇ। ਲਿਹਾਜ਼ਾ ਪੁਤਲੀਆਂ ਨੂੰ ਕੰਟਰੋਲ ਕਰਨ ਵਾਲੇ ‘ਮੰਚ ਪਿਛੋਕੜ’ ਕਲਾਕਾਰ ਦੀ ਅਵਾਜ਼ (ਬਿਰਤਾਂਤ) ਦੇ ਉਤਰਾ-ਖੜਾਅ ਨਾਲ ਹੀ ਭਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇੱਕ ‘ਵਿਧੀ’ ਵਜੋਂ ਪੁਤਲੀ- ਨਾਟ ਦੀਆਂ ਭਾਰਤ ਵਿੱਚ ਵੱਖ-ਵੱਖ ਕਿਸਮਾਂ ਪ੍ਰਚਲਿਤ ਹਨ। ਜਿਵੇਂ: ਰਾਜਸਥਾਨ-ਕਠਪੁਤਲੀ, ਉੜੀਸਾ-ਸਖੀ ਕੁੰਡੇਈ, ਕਰਨਾਟਕ-ਗੋਮਬੇਆਟਾ, ਤਾਮਿਲਨਾਡੂ-ਬੋਮਾਲਾਟਮ, ਮਹਾਂਰਾਸ਼ਟਰ-ਪਿੰਗੁਲੀ-ਬਾਹਲੁਆਂ, ਤ੍ਰਿਪੁਰਾ ਤੇ ਪੱਛਮੀ ਬੰਗਾਲ-ਪੂਟਲ ਨਾਚ, ਆਸਾਮ- ਪੁਤਲ ਨਾਟਕ, ਮਨੀਪੁਰ-ਲੈਫੀਬੀ ਜਾਗੋਈ ਡੋਰੀ, ਬਿਹਾਰ-ਯਮਪੁਰੀ, ਕੇਰਲਾ-ਦਸਤਾਨਾ ਪੁਤਲੀ।

          ਵਿਸ਼ੇਸ਼ ਪ੍ਰਬੀਨ ਕਲਾਕਾਰ ਹੀ ਪੁਤਲੀ-ਤਮਾਸ਼ਾ ਕਰ ਸਕਣ ਦੇ ਸਮਰੱਥ ਹੁੰਦੇ ਹਨ, ਇਸ ਲਈ ਇਹ ਕਲਾ ਪਰੰਪਰਾਗਤ ਅਤੇ ਵਿਰਸੇ ਵਿੱਚੋਂ ਗ੍ਰਹਿਣ ਕਰਨ ਵਾਲੀ ਸਮਝੀ ਗਈ ਹੈ। ਪੁਤਲੀਆਂ ਅਤੇ ਉਹਨਾਂ ਦੇ ਪਹਿਰਾਵੇ ਦਾ ਨਿਰਮਾਣ ਕਰਨ ਵਾਲੇ ਵਿਸ਼ੇਸ਼ ਕਾਰੀਗਰ ਹਨ, ਜੋ ਪੁਤਲਿਕਾ ਦੀ ਜੋੜ ਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਤਲੀਆਂ ਦਾ ਨਿਰਮਾਣ ਕਰਦੇ ਹਨ।


ਲੇਖਕ : ਕਿਰਪਾਲ ਕਜ਼ਾਕ, ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.