ਪੁਸ਼ਕਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੁਸ਼ਕਰ (ਤੀਰਥ): ਇਕ ਪ੍ਰਸਿੱਧ ਹਿੰਦੂ ਤੀਰਥ ਜੋ ਰਾਜਸਥਾਨ ਪ੍ਰਦੇਸ਼ ਵਿਚ ਅਜਮੇਰ ਨਗਰ ਤੋਂ ਲਗਭਗ 13 ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਇਸ ਦੇ ਨਾਂ ਬਾਰੇ ਪੌਰਾਣਿਕ ਕਥਾ ਹੈ ਕਿ ਇਕ ਵਾਰ ਬ੍ਰਹਮਾ ਨੇ ਯੱਗ ਕਰਨ ਦਾ ਸੰਕਲਪ ਕੀਤਾ, ਪਰ ਉਸ ਨੂੰ ਧਰਤੀ ਉਤੇ ਯੱਗ ਕਰਨ ਲਈ ਕੋਈ ਸ਼ੁਭ ਥਾਂ ਨਜ਼ਰ ਨ ਆਈ। ਫਿਰ ਉਸ ਨੇ ਇਕ ਪੁਸ਼ਪ (ਫੁਲ) ਧਰਤੀ ਉਤੇ ਸੁਟਿਆ। ਇਹ ਫੁਲ ਖਿੰਡ ਕੇ ਤਿੰਨ ਥਾਂਵਾਂ ਉਤੇ ਡਿਗਿਆ। ਉਨ੍ਹਾਂ ਤਿੰਨ ਥਾਂਵਾਂ’ਤੇ ਨਿਰਮਲ ਜਲ ਦੇ ਸਰੋਤ ਫੁਟ ਪਏ। ਬ੍ਰਹਮਾ ਨੇ ਇਨ੍ਹਾਂ ਜਲ ਸਰੋਤਾਂ ਵਾਲੀ ਥਾਂ ਉਤੇ ਯੱਗ ਕੀਤਾ ਜਿਸ ਵਿਚ ਅਨੇਕ ਦੇਵੀ ਦੇਵਤੇ ਸ਼ਾਮਲ ਹੋਏ। ‘ਪੁਸ਼ਪ’ ਨਾਲ ਸੰਬੰਧਿਤ ਹੋਣ ਕਰਕੇ ਇਸ ਤੀਰਥ ਦਾ ਨਾਂ ‘ਪੁਸ਼ਕਰ’ ਪ੍ਰਚਲਿਤ ਹੋ ਗਿਆ। ਉਨ੍ਹਾਂ ਜਲ-ਸਰੋਤਾਂ ਨਾਲ ਜੋ ਝੀਲ ਬਣੀ ਉਸ ਨੂੰ ‘ਪੁਸ਼ਕਰ ਝੀਲ’ ਕਿਹਾ ਜਾਣ ਲਗਿਆ। ਇਸ ਝੀਲ ਦੇ ਕੰਢੇ 52 ਘਾਟ ਬਣੇ ਹੋਏ ਹਨ, ਜਿਨ੍ਹਾਂ ਦਾ ਸੰਬੰਧ ਕਿਸੇ ਦੇਵੀ ਦੇਵਤਾ , ਰਿਆਸਤ ਜਾਂ ਦੈਵੀ ਪੁਰਸ਼ ਨਾਲ ਹੈ। ਪੁਸ਼ਕਰ ਵਿਚ ਲਗਭਗ 400 ਨਿੱਕੇ ਵੱਡੇ ਦੇਵੀ ਦੇਵਤਿਆਂ ਦੇ ਮੰਦਿਰ ਹਨ। ਬ੍ਰਹਮਾ ਦਾ ਮੰਦਿਰ ਝੀਲ ਤੋਂ ਥੋੜਾ ਹਟਵਾਂ ਤ੍ਰਿਪੋਲੀਆ ਦਰਵਾਜ਼ੇ ਦੇ ਨੇੜੇ ਹੈ। ਬ੍ਰਹਮਾ ਦਾ ਵਿਸ਼ਵ ਭਰ ਵਿਚ ਇਕੋ ਇਕ ਮੰਦਿਰ ਹੈ, ਜਿਥੇ ਅਕਸਰ ਬਹੁਤ ਰੌਣਕ ਰਹਿੰਦੀ ਹੈ।

ਸਿੱਖ ਇਤਿਹਾਸ ਅਨੁਸਾਰ ਦੱਖਣ ਦੀ ਉਦਾਸੀ ਤੋਂ ਪਰਤਦੇ ਹੋਇਆਂ ਗੁਰੂ ਨਾਨਕ ਦੇਵ ਜੀ ਨੇ ਇਥੇ ਚਰਣ ਪਾਏ ਸਨ ਅਤੇ ਉਥੇ ਮੌਜੂਦ ਸਾਧਾਂ ਨਾਲ ਗੋਸਟਿ ਵੀ ਕੀਤੀ ਸੀ। ਝੀਲ ਦੀ ਜਿਸ ਘਾਟ ਉਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ, ਉਸ ਥਾਂ ਉਤੇ ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਵੀ ਬੈਠੇ ਸਨ ਅਤੇ ਇਸ਼ਨਾਨ ਕਰਨ ਤੋਂ ਬਾਦ ਉਥੋਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਦੇ ਸਰੂਪ ਬਾਰੇ ਦਸਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਉਥੇ ਪਧਾਰਨ ਕਰਕੇ ਉਸ ਘਾਟ ਦਾ ਨਾਂ ‘ਗੋਬਿੰਦ ਘਾਟ’ ਰਖ ਦਿੱਤਾ ਗਿਆ। ਬਾਦ ਵਿਚ ਇਸ ਦੇ ਕਈ ਨਾਂ ਬਦਲੇ ਗਏ, ਅਜ-ਕਲ ਇਸ ਦਾ ਨਾਂ ‘ਗਊ (ਗੋ) ਘਾਟ’ ਪ੍ਰਚਲਿਤ ਹੈ। ਉਂਜ ਇਸ ਘਾਟ ਉਤੇ ਬਣੇ ਇਕ ਪੁਰਾਣੇ ਮੰਦਿਰ ਦੀ ਦੀਵਾਰ ਵਿਚ ਲਗੇ ਇਕ ਪੱਥਰ ਉਤੇ ਚਾਰ ਲਿਪੀਆਂ (ਗੁਰਮੁਖੀ, ਦੇਵਨਾਗਰੀ , ਫ਼ਾਰਸੀ ਅਤੇ ਰੋਮਨ ਵਿਚ) ‘ਗੋਬਿੰਦ ਘਾਟ’ ਉਕਰਿਆ ਹੋਇਆ ਹੈ। ਉਦੋਂ ਪੰਡਿਤ ਚੇਤਨ ਦਾਸ ਨੇ ਨਾਲ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਥੋਂ ਦੇ ਮੁੱਖ ਮੁੱਖ ਤੀਰਥ ਵਿਖਾਏ। ਉਸ ਦੀ ਛੇਵੀਂ ਪੀੜ੍ਹੀ ਦਾ ਪੰਡਿਤ ਮਦਨ ਸਿੰਘ ਅਤੇ ਉਸ ਦਾ ਪੁੱਤਰ ਜਸਵੰਤ ਸਿੰਘ ਸਿੱਖ ਯਾਤ੍ਰੀਆਂ ਨੂੰ ਗੁਰੂ ਸਾਹਿਬਾਨ ਦੇ ਉਥੇ ਆਗਮਨ ਸੰਬੰਧੀ ਬ੍ਰਿੱਤਾਂਤ ਸੁਣਾ ਕੇ ਦਖਣਾ ਲੈਂਦੇ ਹਨ। ਉਨ੍ਹਾਂ ਕੋਲ ਭੋਜ-ਪੱਤਰ ਉਤੇ ਲਿਖਿਆ ਦਸਮ ਗੁਰੂ ਜੀ ਦਾ ਇਕ ਹੁਕਮਨਾਮਾ ਵੀ ਹੈ ਜਿਸ ਦੀ ਵਸਤੂ , ਭਾਸ਼ਾ-ਸ਼ੈਲੀ ਅਤੇ ਲਿਖਣ-ਵਿਧੀ ਪ੍ਰਮਾਣਿਕ ਹੁਕਮਨਾਮਿਆਂ ਨਾਲ ਮੇਲ ਨਹੀਂ ਖਾਂਦੀ। ਲਗਦਾ ਹੈ ਪੰਡਿਆਂ ਨੇ ਸਿੱਖ ਸ਼ਰਧਾਲੂਆਂ ਤੋਂ ਪੂਜਾ ਲੈਣ ਦਾ ਜੁਗਾੜ ਕੀਤਾ ਹੋਇਆ ਹੈ। ਗਿਆਨੀ ਜ਼ੈਲ ਸਿੰਘ ਨੇ ਆਪਣੇ ਰਾਸ਼ਟਰਪਤੀ ਕਾਲ ਵਿਚ ਇਥੇ ਆਉਣ ਵੇਲੇ ਰਾਜਸਥਾਨ ਦੇ ਪ੍ਰਸ਼ਾਸਕੀ ਢਾਂਚੇ ਤੋਂ ਸੋਨੇ ਦੀ ਝਾਲ ਵਾਲੇ ਫਰੇਮ ਵਿਚ ਇਸ ਹੁਕਮਨਾਮੇ ਨੂੰ ਜੜਵਾਇਆ ਸੀ। ਇਸ ਤੋਂ ਇਲਾਵਾ ਸੰਮਤ 1762 ਬਿ. ਦੀ ਲਿਖੀ ਹੋਈ ਇਕ ਹੱਥ-ਲਿਖਿਤ ਬੀੜ ਵੀ ਸੰਭਾਲੀ ਹੋਈ ਹੈ।

ਪੁਸ਼ਕਰ ਵਿਚ ਸਿੱਖ ਆਬਾਦੀ ਨ ਹੋਣ ਕਾਰਣ ਗੁਰੂ ਸਾਹਿਬਾਂ ਦੀ ਛੋਹ ਵਾਲੇ ਸਥਾਨ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ। ਕਹਿੰਦੇ ਹਨ ਕਿ ਗੋਬਿੰਦ ਘਾਟ ਦੇ ਪ੍ਰਵੇਸ਼ ਦਵਾਰ ਦੇ ਉਪਰਲੇ ਕਮਰੇ ਵਿਚ ਕੋਈ ਨਿਰਮਲਾ ਸੰਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਹੁੰਦਾ ਸੀ, ਪਰ ਹੁਣ ਅਜਿਹੀ ਕੋਈ ਵਿਵਸਥਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਕੋਟਾ ਵਾਲੇ ਸੰਤਾਂ ਦੇ ਉਦਮ ਨਾਲ ‘ਗੁਰਦੁਆਰਾ ਗੁਰੂ ਸਿੰਘ ਸਭਾ ’ ਪੁਸ਼ਕਰ ਨਗਰ ਦੇ ਪੂਰਬ ਵਾਲੇ ਪਾਸੇ ਬਣਿਆ ਹੋਇਆ ਹੈ। ਇਮਾਰਤ ਵੀ ਕਾਫ਼ੀ ਸੁੰਦਰ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸ੍ਰੀ ਗੁਰੂ ਸਿੰਘ ਸਭਾ ਅਜਮੇਰ ਹੀ ਕਰਦੀ ਹੈ। ਇਹ ਸਿੰਘ ਸਭਾ ਪਿਛਲੇ ਕਈ ਦਹਾਕਿਆਂ ਤੋਂ ਉਦਮ ਕਰ ਰਹੀ ਹੈ ਕਿ ‘ਗੋਬਿੰਦ ਘਾਟ’ ਦੇ ਨੇੜੇ ਗੁਰੂ ਗੋਬਿੰਦ ਸਿੰਘ ਦੀ ਯਾਦਗਾਰ ਬਣਾਈ ਜਾਏ। ਇਸ ਸੰਬੰਧ ਵਿਚ ‘ਜੈਪੁਰ ਘਾਟ’ ਉਤੇ 500 ਵਰਗ ਮੀਟਰ ਜਗ੍ਹਾ ਮਿਲ ਵੀ ਗਈ ਸੀ, ਪਰ ਅਜੇ ਇਮਾਰਤ ਦੀ ਉਸਾਰੀ ਨਹੀਂ ਹੋ ਸਕੀ। ਹਾਂ, ਸ੍ਰੀ ਰੰਗ ਜੀ ਮੰਦਿਰ ਤੋਂ ਜੈਪੁਰ ਘਾਟ ਤਕ ਦੇ ਮਾਰਗ ਨੂੰ ਨਗਰ ਪਾਲਿਕਾ ਪੁਸ਼ਕਰ ਵਲੋਂ ‘ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ’ ਨਾਂ ਦਿੱਤਾ ਜਾ ਚੁਕਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.