ਪ੍ਰਭਾਵਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਭਾਵਵਾਦ: ਪ੍ਰਭਾਵਵਾਦ (Impressionism) ਉਹ ਕਲਾਤਮਿਕ ਲਹਿਰ ਹੈ, ਜਿਸ ਦਾ ਅਰੰਭ ਪੈਰਿਸ ਦੇ ਕਲਾਕਾਰਾਂ ਦੀ ਇੱਕ ਪ੍ਰਾਈਵੇਟ ਸੰਸਥਾ ਦੁਆਰਾ 1874 ਵਿੱਚ ਇੱਕ ਪ੍ਰਦਰਸ਼ਨੀ ਨਾਲ ਹੋਇਆ। ਇਸ ਦੇ ਬਾਗੀ ਮੋਢੀਆਂ ਨੇ ਆਪਣੇ ਸਮੇਂ ਦੀਆਂ ਕਲਾ ਸੰਸਥਾਵਾਂ ਜਾਂ ਅਕਾਦਮੀਆਂ ਦੁਆਰਾ ਸਥਾਪਿਤ ਨਿਯਮਾਂ ਦੀ ਉਲੰਘਣਾ ਕੀਤੀ। ਓਦੋਂ ਤੱਕ ਚਿੱਤਰਕਲਾ ਦੇ ਖੇਤਰ ਵਿੱਚ ਇਤਿਹਾਸ ਇੱਕ ਪ੍ਰਵਾਨਿਤ ਵਿਸ਼ਾ-ਵਸਤੂ ਸੀ। ਪ੍ਰਭਾਵਵਾਦ ਨੇ ਇਸ ਦੇ ਉਲਟ ਸਮਕਾਲਤਾ, ਸ੍ਵੈਪ੍ਰੇਰਨਾ ਨੂੰ ਤਰਜੀਹ ਦਿੱਤੀ ਅਤੇ ਆਪਣੇ ਸਮਕਾਲੀ ਚੁਗਿਰਦੇ ਦੇ ਵਰਤਾਰਿਆਂ ਵੱਲ ਧਿਆਨ ਕੇਂਦਰਿਤ ਕੀਤਾ ਜਾਂ ਇਤਿਹਾਸਿਕ ਵਿਸ਼ਿਆਂ ਨੂੰ ਨਵੇਂ ਆਯਾਮ ਦਿੱਤੇ। ਅਜਿਹਾ ਕਰਦਿਆਂ ਉਹਨਾਂ ਨੇ ਆਦਰਸ਼ ਸੁੰਦਰਤਾ ਦੇ ਸਨਾਤਨੀ ਉਦੇਸ਼ ਨੂੰ ਤਿਆਗਦਿਆਂ ਕੁਦਰਤੀ ਸੁੰਦਰਤਾ ਅਤੇ ਤੇਜ਼ੀ ਨਾਲ ਗੁਜ਼ਰਦੇ ਪਲਾਂ ਨੂੰ ਆਪਣੀ ਕਲਾ ਦਾ ਵਿਸ਼ਾ-ਵਸਤੂ ਬਣਾਇਆ। ਉਹਨਾਂ ਨੇ ਇਹਨਾਂ ਨੂੰ ਉਹ ਤਾਜ਼ਗੀ ਅਤੇ ਮੌਲਿਕਤਾ ਪ੍ਰਦਾਨ ਕੀਤੀ, ਜਿਹੜੀ ਪਰੰਪਰਾਗਤ ਦ੍ਰਿਸ਼ਟੀ ਤੋਂ ਅਜੀਬ ਜਾਂ ਅਧੂਰੀ ਲੱਗ ਸਕਦੀ ਸੀ। ਜਿੱਥੇ ਪਹਿਲਾਂ ਸਟੂਡੀਓ ਵਿੱਚ ਚਿੱਤਰਕਾਰੀ ਕਰਨ ਦਾ ਰਿਵਾਜ ਸੀ, ਉਹਨਾਂ ਨੇ ਕੁਦਰਤੀ ਖੁੱਲ੍ਹੇ ਮਾਹੌਲ ਵਿੱਚ ਜਾ ਕੇ ਕਲਾ ਸਿਰਜਣਾ ਕੀਤੀ। ਇਹਨਾਂ ਚਿੱਤਰਕਾਰਾਂ ਨੇ ਕੁਦਰਤੀ ਜਾਂ ਬਾਹਰੀ ਯਥਾਰਥ ਨੂੰ ਨੇੜੇ ਹੋ ਕੇ ਦੇਖਿਆ ਅਤੇ ਇਹਨਾਂ ਬਦਲਦੇ ਸੰਸਾਰ ਦੇ ਥੋੜ੍ਹ-ਚਿਰੇ ਵਰਤਾਰਿਆਂ/ਛਿਣਾਂ ਨੂੰ ਆਪਣੀ ਕਲਾ ਵਿੱਚ ਸਮੋਣ ਦਾ ਯਤਨ ਕੀਤਾ। ਸਨਾਤਨੀ ਪ੍ਰਭਾਵਵਾਦੀ ਚਿੱਤਰਕਾਰੀ ਨੇ ਇਹਨਾਂ ਵਰਤਾਰਿਆਂ/ਛਿਣਾਂ ਨੂੰ ਸ਼ੁੱਧ, ਅਣਮਿਸ਼ਰਿਤ ਰੰਗਾਂ ਵਿੱਚ ਸ੍ਵੈਪ੍ਰੇਰਿਤ ਢੰਗ ਨਾਲ ਪੇਸ਼ ਕੀਤਾ। ਇਹ ਰਚਨਾਵਾਂ ਸਿੱਧ-ਪੱਧਰੀਆਂ ਪਰ ਈਜ਼ਾਦਕਾਰੀ ਹਨ ਅਤੇ ਇਹਨਾਂ ਵਿੱਚ ਵਿਸਤਾਰ ਵਰਣਨ ਦੇ ਉਲਟ ਬਾਹਰੀ ਯਥਾਰਥ ਦਾ ਆਪਣਾ ਪ੍ਰਭਾਵ ਦੇਣ `ਤੇ ਬਲ ਦਿੱਤਾ ਗਿਆ। ਇਹਨਾਂ ਕਲਾਕ੍ਰਿਤਾਂ ਵਿੱਚ ਬਾਹਰੀ ਯਥਾਰਥ ਦਾ ਚਿਤਰਨ ਅਜਿਹੇ ਢੰਗ ਨਾਲ ਕੀਤਾ ਗਿਆ ਹੈ, ਜਿਵੇਂ ਇਹ ਕਿਸੇ ਛਿਣ ਵਿੱਚ ਮਨੁੱਖੀ ਅੱਖ ਨੂੰ ਉਪਲਬਧ ਹੁੰਦਾ ਹੈ। ਇਸ ਲਹਿਰ ਦਾ ਅਰੰਭ ਉਹਨਾਂ ਕਲਾਕਾਰਾਂ ਨੇ ਕੀਤਾ, ਜਿਨ੍ਹਾਂ ਦੀਆਂ ਕ੍ਰਿਤਾਂ ਨੂੰ ਰਾਜ ਦੁਆਰਾ ਆਯੋਜਿਤ ਸੈਲੋਨਾਂ ਵਿੱਚ ਉਹਨਾਂ ਦੇ ਪਰੰਪਰਾ ਵਿਰੋਧੀ ਕਿਰਦਾਰ ਕਰ ਕੇ ਸ਼ਾਮਲ ਨਹੀਂ ਕੀਤਾ ਜਾਂਦਾ ਸੀ।

     ਉਨ੍ਹੀਵੀਂ ਸਦੀ ਦੇ ਫ਼੍ਰਾਂਸ ਵਿੱਚ ਕਲਾਤਮ ਉਤਪਾਦਨ ਅਕੈਡਮੀ ਆਫ਼ ਫਾਈਨ ਆਰਟਸ ਦੇ ਗਲਬੇ ਹੇਠ ਸੀ। ਇਸ ਕਲਾ ਦੇ ਪੈਮਾਨੇ ਅਕੈਡਮੀ ਦੁਆਰਾ ਘੜੇ ਜਾਂਦੇ ਸਨ ਅਤੇ ਕਿਸੇ ਕਲਾ ਕ੍ਰਿਤ ਨੂੰ ਸੈਲੋਨ ਵਿੱਚ ਸ਼ਾਮਲ ਕਰਨ ਲਈ ਜਿਊਰੀ ਦੀ ਪ੍ਰਵਾਨਗੀ ਜ਼ਰੂਰੀ ਸੀ। 1863 ਵਿੱਚ ਜਿਊਰੀ ਐਡਅਰਡ ਨੇ ਮੋਨੇ ਦੀ ਕ੍ਰਿਤ ਨੂੰ ਸੈਲੋਨ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਸ ਵਿੱਚ ਇੱਕ ਨੰਗੀ ਔਰਤ ਨੂੰ ਦੋ ਆਦਮੀਆਂ ਨਾਲ ਪੇਸ਼ ਕੀਤਾ ਗਿਆ ਸੀ। ਜਿਊਰੀ ਅਨੁਸਾਰ ਇਤਿਹਾਸਿਕ ਚਿੱਤਰਕਾਰੀ ਵਿੱਚ ਨੰਗੇਜ਼ ਦੀ ਪੇਸ਼ਕਾਰੀ ਮੁਨਾਸਬ ਹੈ ਪਰ ਰੋਜ਼ਮਰ੍ਹਾ ਜੀਵਨ ਵਿੱਚ ਇਸ ਦੀ ਪੇਸ਼ਕਾਰੀ `ਤੇ ਰੋਕ ਹੋਣੀ ਚਾਹੀਦੀ ਹੈ। ਸਿੱਟੇ ਵਜੋਂ ਮੋਨੇ ਨੂੰ ਬਹੁਤ ਜ਼ਲੀਲ ਹੋਣਾ ਪਿਆ ਅਤੇ ਕਲਾਕਾਰਾਂ ਵਿੱਚ ਵੀ ਤਹਿਲਕਾ ਮੱਚ ਗਿਆ। ਇਸ ਦੇ ਪ੍ਰਤਿਕਰਮ ਵਜੋਂ ਕਲਾਕਾਰਾਂ ਦੇ ਇੱਕ ਗਰੁੱਪ ਨੇ ਇੱਕ ਅਜ਼ਾਦ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਜਿਸ ਦੀ ਪ੍ਰਵਾਨਗੀ ਨੇਪੋਲੀਅਨ ਤੀਜੇ ਨੇ ਦੇ ਦਿੱਤੀ ਸੀ। ਇਸ ਪ੍ਰਦਰਸ਼ਨੀ ਦਾ ਨਾਂ ‘ਸੈਲੋਨ ਆਫ਼ ਦਾ ਰਿਫਊਜ਼ਡ` ਰੱਖਿਆ ਗਿਆ। ਇਸ ਪ੍ਰਦਰਸ਼ਨੀ ਦੀ ਕਾਫ਼ੀ ਆਲੋਚਨਾ ਹੋਈ। 1874 ਵਿੱਚ ਲੂਈ ਲਿਰੌਏ ਨੇ ਇਸ ਪ੍ਰਦਰਸ਼ਨੀ ਬਾਰੇ ਇੱਕ ਆਲੋਚਨਾਤਮਿਕ ਰੀਵਿਊ ‘ਪ੍ਰਭਾਵਵਾਦੀਆਂ ਦੀ ਪ੍ਰਦਰਸ਼ਨੀ` ਦੇ ਸਿਰਲੇਖ ਹੇਠ ਲਿਖਿਆ। ਇਹ ਰੀਵਿਊ ਇੱਕ ਅਣਜਾਣੇ ਕਲਾਕਾਰ ਦੀ ਪੇਂਟਿੰਗ ‘ਇੰਪਰੈਸ਼ਨ ਸਨਰਾਈਜ਼’ ਬਾਰੇ ਸੀ। ਇਹ ਅਣਜਾਣਿਆ ਕਲਾਕਾਰ ਕਲੌਡ ਮੋਨੇ ਸੀ। ਥੋੜ੍ਹੇ ਸਮੇਂ ਵਿੱਚ ਹੀ ਪ੍ਰਭਾਵਵਾਦ ਇੱਕ ਸਨਮਾਨਯੋਗ ਲਹਿਰ ਦਾ ਰੂਪ ਧਾਰਨ ਕਰ ਗਈ। ਭਾਵੇਂ ਇਸ ਲਹਿਰ ਦੇ ਕੋਈ ਸਪਸ਼ਟ ਉਦੇਸ਼ ਜਾਂ ਸਾਂਝਾ ਪ੍ਰੋਗਰਾਮ ਨਹੀਂ ਸੀ ਪਰ ਵਿਸ਼ਾ- ਵਸਤੂ ਅਤੇ ਤਕਨੀਕ ਪੱਖੋਂ ਇਸ ਲਹਿਰ ਨਾਲ ਜੁੜੇ ਕਲਾਕਾਰਾਂ ਵਿੱਚ ਕੁੱਝ ਨੁਕਤਿਆਂ ਬਾਰੇ ਆਮ ਸਹਿਮਤੀ ਸੀ। ਇਸ ਕਲਾ ਦਾ ਉਦੇਸ਼ ਆਤਮਪਰਕ ਸੱਚ ਨਾਲੋਂ ਵਸਤੂਪਰਕ ਸੱਚ ਪੇਸ਼ ਕਰਨ `ਤੇ ਬਲ ਦੇਣਾ ਸੀ। ਪ੍ਰਭਾਵਵਾਦ ਦਾ ਉਦੇਸ਼ ਚਿੱਤਰਕਲਾ ਨੂੰ ਕਲਾਕਾਰ ਦੀ ਨਿੱਜੀ ਸ਼ਖ਼ਸੀਅਤ, ਜਜ਼ਬਾਤਾਂ ਅਤੇ ਤਕਨੀਕਾਂ ਤੋਂ ਵੱਖ ਕਰਨਾ ਸੀ। ਇਹ ਕਿਸੇ ਵਸਤੂ ਵਰਤਾਰੇ ਦੇ ਵਿਸਤਾਰ ਵਰਣਨ ਨਾਲੋਂ ਇਸ ਦੇ ਸਾਰ ਨੂੰ ਪਕੜਨ ਵੱਲ ਵਧੇਰੇ ਰੁਚਿਤ ਸੀ। ਭਾਵੇਂ ਪਰੰਪਰਾਗਤ ਤੌਰ `ਤੇ ਚਿੱਤਰਕਾਰੀ ਨੂੰ ਇਤਿਹਾਸਿਕ ਜਾਂ ਧਾਰਮਿਕ ਵਿਸ਼ਿਆਂ ਨੂੰ ਰਸਮੀ ਢੰਗ ਨਾਲ ਪੇਸ਼ ਕਰਨ ਦਾ ਢੰਗ ਹੀ ਸਮਝਿਆ ਗਿਆ ਹੈ ਪਰ ਕਲਾਕਾਰ ਵਿੱਚ ਹਮੇਸ਼ਾਂ ਰੋਜ਼ਾਨਾ ਜੀਵਨ ਦੀ ਪੇਸ਼ਕਾਰੀ ਦੀ ਤੀਬਰ ਇੱਛਾ ਰਹੀ ਹੈ, ਜਿਵੇਂ ਕਿ ਸਤਾਰ੍ਹਵੀਂ ਸਦੀ ਦੇ ਡੱਚ ਕਲਾਕਾਰਾਂ ਦੀਆਂ ਕ੍ਰਿਤਾਂ ਤੋਂ ਸਪਸ਼ਟ ਹੁੰਦਾ ਹੈ। ਉਨ੍ਹੀਵੀਂ ਸਦੀ ਵਿੱਚ ਪ੍ਰਭਾਵਵਾਦ ਦੇ ਉਭਾਰ ਨਾਲ ਇਸ ਰੁਚੀ ਦੀ ਜ਼ੋਰਦਾਰ ਮੁੜ ਵਾਪਸੀ ਹੋਈ। ਫੋਟੋਗ੍ਰਾਫੀ ਦੀ ਤਕਨੀਕ ਦੇ ਵਿਕਾਸ ਨੇ ਵੀ ਇਸ ਰੁਚੀ ਨੂੰ ਹੋਰ ਪ੍ਰਬਲ ਕੀਤਾ। ਪ੍ਰਭਾਵਵਾਦੀਆਂ ਦਾ ਵਿਸ਼ਵਾਸ ਸੀ ਕਿ ਮਨੁੱਖੀ ਹੱਥਾਂ ਦੀ ਛੋਹ ਜੋ ਪ੍ਰਾਪਤੀ ਕਰ ਸਕਦੀ ਹੈ, ਸ਼ਾਇਦ ਕੈਮਰੇ ਵਰਗਾ ਤਕਨੀਕੀ ਉਪਕਰਨ ਵੀ ਨਹੀਂ ਕਰ ਸਕਦਾ। ਜੇ ਪਿਕਾਸੋ ਪੇਂਡੂ ਜੀਵਨ ਦੀਆਂ ਰੋਜ਼ਾਨਾ ਜੀਵਨ ਪ੍ਰਕਿਰਿਆਵਾਂ ਨੂੰ ਚਿਤਰਦਾ ਹੈ ਤਾਂ ਮੋਨੇ ਤੇਜ਼ੀ ਨਾਲ ਉਦਯੋਗੀਕਰਨ ਕਰ ਰਹੀ ਫ਼੍ਰਾਂਸੀਸੀ ਰਾਜਧਾਨੀ ਪੈਰਿਸ ਵੱਲ ਧਿਆਨ ਕੇਂਦਰਿਤ ਕਰਦਾ ਹੈ।

     ਜਿਸ ਤਰ੍ਹਾਂ ਪ੍ਰਭਾਵਵਾਦੀਆਂ ਨੇ ਆਪਣੇ ਸਮੇਂ ਦੀ ਸਥਾਪਿਤ ਕਲਾ ਵਿਰੁੱਧ ਵਿਦਰੋਹ ਕੀਤਾ, ਠੀਕ ਉਸੇ ਤਰ੍ਹਾਂ ਉੱਤਰ-ਪ੍ਰਭਾਵਵਾਦ ਨੇ ਪ੍ਰਭਾਵਵਾਦ ਦੇ ਖਿਲਾਫ਼ ਪ੍ਰਤਿਕਰਮ ਕੀਤਾ। ਉੱਤਰ-ਪ੍ਰਭਾਵਵਾਦੀ ਫ਼੍ਰਾਂਸ ਵਿੱਚ 1880 ਅਤੇ 1905 ਦਰਮਿਆਨ ਸਰਗਰਮ ਰਹੇ। ਉਹਨਾਂ ਵਿੱਚ ਅਜਿਹੇ ਕਲਾਕਾਰ ਸ਼ਾਮਲ ਸਨ ਜਿਨ੍ਹਾਂ ਵਿੱਚ ਸ਼ੁੱਧ ਪ੍ਰਕਿਰਤੀਵਾਦ ਤੋਂ ਪਾਰ ਜਾ ਕੇ ਰੰਗਾਂ, ਜਜ਼ਬਾਤਾਂ ਅਤੇ ਕਲਪਨਾ ਨੂੰ ਵਧੇਰੇ ਮਹੱਤਵ ਦੇਣ ਦੀ ਤੀਬਰ ਇੱਛਾ ਸੀ। ਇਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਵੀਹਵੀਂ ਸਦੀ ਦੀਆਂ ਪ੍ਰਮੁਖ ਕਲਾਤਮਿਕ ਲਹਿਰਾਂ ਨੂੰ ਜਨਮ ਦਿੱਤਾ। ‘ਉੱਤਰ-ਪ੍ਰਭਾਵਵਾਦ’ ਸ਼ਬਦ ਦੀ ਵਰਤੋਂ ਰੋਜਰ ਫ਼ਰਾਈ ਬ੍ਰਿਟਿਸ਼ ਆਲੋਚਕ ਨੇ 1910 ਵਿੱਚ ਲੰਦਨ ਦੀ ਕਲਾ ਪ੍ਰਦਰਸ਼ਨੀ ਵੇਲੇ ਕੀਤੀ। ਸੈਜ਼ਾਂ ਗੋਗੁਇਨ ਅਤੇ ਵਾਂ ਗੌਗ ਉਹਨਾਂ ਪ੍ਰਮੁਖ ਕਲਾਕਾਰਾਂ ਵਿੱਚੋਂ ਸਨ ਜਿਹੜੇ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਏ। ਫ਼ਗਈ ਅਨੁਸਾਰ ਇਹ ਤਿੰਨੇ ਪ੍ਰਭਾਵਵਾਦ ਤੋਂ ਅੱਗੇ ਨਿਕਲ ਚੁੱਕੇ ਹਨ। ਇਸ ਪ੍ਰਦਰਸ਼ਨੀ ਵਿੱਚ ਨਵ-ਪ੍ਰਭਾਵਵਾਦੀ ਮਿਊਰ, ਸਿਗਨਕ, ਪਿਕਾਸੋ, ਮੈਟੀਸੀ ਰੋਊ ਅਤੇ ਮਾਰਕੁਏ ਦੀਆਂ ਕ੍ਰਿਤਾਂ ਵੀ ਸ਼ਾਮਲ ਕੀਤੀਆਂ ਗਈਆਂ। ਸੈਜ਼ਾਂ ਪ੍ਰਭਾਵਵਾਦੀਆਂ ਵਾਂਗ ਸਿੱਧੇ ਤੌਰ ਤੇ ਕੁਦਰਤ ਨੂੰ ਚਿਤਰਨਾ ਚਾਹੁੰਦਾ ਸੀ ਪਰ ਉਹ ਆਪਣੀ ਕਲਾ ਨੂੰ ਸਨਾਤਨਵਾਦੀਆਂ ਵਾਲੀ ਸ਼ਾਨ ਅਤੇ ਸੰਤੁਲਨ ਵੀ ਦੇਣਾ ਚਾਹੁੰਦਾ ਸੀ। ਵਾਂ ਗੌਗ ਨੇ ਆਪਣੀ ਪੇਂਟਿੰਗ ਵਿੱਚ ਨੀਦਰਜ਼ਲੈਂਡ ਦੇ ਗ਼ਰੀਬ ਕਿਰਸਾਣਾਂ ਦੀ ਦਸ਼ਾ `ਤੇ ਧਿਆਨ ਕੇਂਦਰਿਤ ਕੀਤਾ। ਗੋਗੁਇਨ ਨੇ ਫ਼੍ਰਾਂਸ ਦੇ ਟਾਪੂਆਂ `ਤੇ ਵਸਦੇ ਭਾਈਚਾਰਿਆਂ ਵਿੱਚ ਰਹਿ ਕੇ ਉਹਨਾਂ ਦੇ ਸਧਾਰਨ ਜੀਵਨ ਨੂੰ ਚਿੱਤਰਿਆ। ਸੈਜ਼ਾਂ, ਵਾਂ ਗੌਗ ਅਤੇ ਗੋਗੁਇਨ ਨੇ ਬਾਅਦ ਦੇ ਦੌਰ ਵਿੱਚ ਪ੍ਰਗਟਾਵਾਦ ਅਤੇ ਕਿਊਬਿਜ਼ਮ ਵਰਗੀਆਂ ਲਹਿਰਾਂ ਨੂੰ ਪ੍ਰੇਰਿਤ ਕੀਤਾ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪ੍ਰਭਾਵਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਭਾਵਵਾਦ (Impressionism) : ਪ੍ਰਭਾਵਵਾਦ ਅੰਗ੍ਰੇਜ਼ੀ ਸ਼ਬਦ ਇੰਪ੍ਰੈਸ਼ਨਿਜ਼ਮ (impressionism) ਦਾ ਪਰਿਆਇ ਹੈ, ਜਿਸ ਦਾ ਉਦਗਮ ਤੇ ਵਿਕਾਸ ਯੂਰਪ ਵਿਚ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਹੋਇਆ। ਆਧੁਨਿਕ ਯੂਰਪੀ ਚਿਤ੍ਰਕਲਾ ਦਾ ਆਰੰਭ ਪ੍ਰਭਾਵਵਾਦੀ ਆਲੋਚਨਾ ਨਾਲ ਹੀ ਬੱਝਾ ਅਤੇ ਪ੍ਰਭਾਵਵਾਦੀ ਚਿਤ੍ਰ ਇਕ ਵਿਸ਼ੇਸ਼ ਪ੍ਰਕਾਰ ਦੇ ਚਿਤ੍ਰਣ ਦਾ ਸੂਚਕ ਹੈ ਜਿਹੜਾ ਰੇਖਾ–ਬੱਧ ਅਤੇ ਛਾਇਆਕਾਰ ਚਿਤ੍ਰ ਦੇ ਮੁਕਾਬਲੇ ਰੂਪਹੀਣ ਹੁੰਦਾ ਹੈ। ਬਿੰਦੂਮੂਲਕ (pointlistic) ਚਿਤ੍ਰਣ ਪ੍ਰਭਾਵਵਾਦੀ ਚਿਤ੍ਰਣ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇਸ ਦੀ ਸਿਰਜਣਾ ਵਿਗਿਆਨਕ ਚਿਤ੍ਰਣ ਦੁਆਰਾ ਹੋਈ, ਜਿਸ ਵਿਗਿਆਨ ਨੇ ਪ੍ਰਭਾਵਵਾਦੀ ਕਲਾ ਨੂੰ ਵਿਸ਼ੇਸ਼ ਸੇਧ ਦਿੱਤੀ ਹੈ ਅਤੇ ਇਸ ਨੂੰ ਰੂੜ੍ਹੀਗਤ ਕਲਾ ਤੋਂ ਭਿੰਨ ਬਣਾ ਦਿੱਤਾ। ਹੇਮਹੋਲਜ਼ ਅਤੇ ਹੋਰ ਵਿਚਾਰਕਾਂ ਨੇ ਰੰਗ ਅਤੇ ਪ੍ਰਕਾਸ਼–ਕਿਰਣਾਂ ਦਾ ਵਿਗਿਆਨਕ ਅਧਿਐਨ ਕੀਤਾ। ਬਿਰਛਾਂ ਦੇ ਪੱਤਿਆਂ ਨੂੰ ਹਰਾ ਤੇ ਉਨ੍ਹਾਂ ਤੇ ਤਾਣਿਆਂ ਨੂੰ ਭੂਰਾ, ਆਕਾਸ਼ ਨੂੰ ਨੀਲਾ ਬਣਾਇਆ ਜਾਵੇ, ਅਰਥਾਤ ਪ੍ਰਤੱਖ ਵਸਤੂ ਦੇ ਹਰ ਰੰਗ ਨੂੰ ਉਸੇ ਰੰਗ ਦੇ ਨਾਲ ਚਿਤ੍ਰਣ ਕੀਤਾ ਜਾਵੇ, ਰੂੜ੍ਹੀਵਾਦੀ ਚਿਤ੍ਰਣ ਕਲਾ ਤੇ ਇਨ੍ਹਾਂ ਵਿਚਾਰਾਂ ਨੂੰ ਪ੍ਰਕ੍ਰਿਤੀ ਦੇ ਪ੍ਰਤੱਖ ਦ੍ਰਿਸ਼ ਤੋਂ ਮੁਕਤ ਹੋ ਕੇ ਪ੍ਰਭਾਵਵਾਦੀਆਂ ਨੇ ਜੜ੍ਹੋਂ ਉਖਾੜ ਦਿੱਤਾ। ਵਸਤੂਆਂ ਦੇ ਕੇਵਲ ਪ੍ਰਭਾਵ ਨੂੰ ਵਿਅਕਤ ਕਰਨ ਦਾ ਨਿਯਮ ਹੀ ਵਿਗਿਆਨਕ ਅਤੇ ਯਥਾਰਥਕ ਹੈ ਜਿਸ ਦੀ ਅਭਿਵਿਅੰਜਨਾ ਕਲਾਕਾਰ ਆਪਣੀ ਕਲਾ ਵਿਚ ਕਰਦਾ ਹੈ। ਪ੍ਰਭਾਵਵਾਦੀਆਂ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਰੂੜ੍ਹੀਵਾਦੀ ਚਿਤ੍ਰਕਾਰਾਂ ਦੇ ਕਲਾ–ਘਰਾਂ (studios) ਨੂੰ ਛੱਡ ਕੇ ਇਹ ਪ੍ਰਕ੍ਰਿਤੀ ਦੇ ਖੁੱਲ੍ਹੇ ਵਾਤਾਵਰਣ ਵਿਚੋਂ ਪ੍ਰਭਾਵ ਗ੍ਰਹਿਣ ਕਰਨ ਲੱਗ ਪਏ ਅਤੇ ਦ੍ਰਿਸ਼ ਦਾ ਚਿਤ੍ਰਣ ਪ੍ਰਕਾਸ਼ ਦ੍ਰਿਸ਼ ਸਥਾਨਾਂ ’ਤੇ ਹੀ ਹੋਣ ਲੱਗ ਪਿਆ। ਯੂਰਪ ਵਿਚ ਇਹ ਬੜੀ ਪ੍ਰਭਾਵਸ਼ਾਲੀ ਕ੍ਰਾਂਤੀ ਸੀ। ਦ੍ਰਿਸ਼ ਦੇ ਛਿਣ ਭਰ ਦੇ ਪ੍ਰਭਾਵ–ਵਿਸ਼ੇਸ਼ ਨੂੰ ਅੰਕਿਤ ਕਰਕੇ ਪ੍ਰਭਾਵਵਾਦੀ ਚਿਤ੍ਰਕਾਰਾਂ ਨੇ ਸਜੀਵ ਦ੍ਰਿਸ਼ ਚਿੱਤਰਾਂ ਨੂੰ ਪੇਸ਼ ਕਰਨ ਦੀ ਨਵੀਨ ਪਰੰਪਰਾ ਕਾਇਮ ਕੀਤੀ। ਸਥੂਲ ਦ੍ਰਿਸ਼ ਦੀ ਥਾਂ ਦ੍ਰਿਸ਼ ਦਰਸ਼ਨ ਤੋਂ ਉਤਪੰਨ ਤਤਕਾਲਿਕ ਪ੍ਰਭਾਵ ਨੂੰ ਅੰਕਿਤ ਕਰਨਾ ਹੀ ਇਨ੍ਹਾਂ ਦਾ ਉਦੇਸ਼ ਬਣ ਗਿਆ।

          ਪ੍ਰਭਾਵਵਾਦ ਜਾਂ ਇੰਪ੍ਰੈਸ਼ਨਿਜ਼ਮ ਸ਼ਬਦ ਦਾ ਪ੍ਰਯੋਗ 1874 ਈ. ਦੇ ਪਿੱਛੋਂ ਸ਼ੁਰੂ ਹੋਇਆ। 1874 ਈ. ਵਿਚ ਕਲਾਡ ਮੋਨੇ (Claude Monet) ਨੇ ਗਰੁੱਪ (group) ਪ੍ਰਦਰਸ਼ਨੀ ਵਿਚ ਆਪਣਾ ਚਿਤ੍ਰ ‘ਇੰਪ੍ਰੈਸ਼ਨ ਸੈਟਿੰਗ ਸਨ’ (Impression Setting Sun) ਪ੍ਰਦਰਸ਼ਿਤ ਕੀਤਾ। ਚਿਤ੍ਰ ਵਿਚ ਸੂਰਜ ਦੀ ਪ੍ਰਤਿਛਾਇਆ ਨੂੰ ਮੁਕਤ ਬੁਰਸ਼ ਛੋਹਾਂ (free brush strokes) ਨਾਲ ਪੀਲੇ ਰੰਗਾਂ ਵਿਚ ਦਿਖਾਇਆ ਗਿਆ ਸੀ, ਅੱਗੇ ਚਲ ਕੇ ਇਹੀ ਮੁਕਤ ਛੋਹਾਂ ਬਿੰਦੂਵਾਦ (Pointalism) ਦਾ ਮੂਲ ਪ੍ਰੇਰਕ ਬਣੀਆਂ। ਚਿਤ੍ਰ ਦੇ ਇਸ ਸਿਰਲੇਖ ਤੋਂ ਹੀ ਇਸ ਧਾਰਾ ਦਾ ਨਾਉਂ ਪ੍ਰਭਾਵਵਾਦ ਪੈ ਗਿਆ। ਪ੍ਰਤੀਕਾਂ ਅਤੇ ਬਿੰਬਾਂ ਨਾਲ ਕਲਾਡ ਮੋਨੇ ਦੇ ਸਮੇਂ ਤੋਂ ਹੀ ਪ੍ਰਭਾਵਵਾਦ ਦਾ ਵਿਸ਼ੇਸ਼ ਮੋਹ ਰਿਹਾ ਹੈ। 1860–1880 ਈ. ਦੇ ਦਰਮਿਆਨ ਫ਼੍ਰਾਂਸ ਵਿਚ ਪ੍ਰਭਾਵਵਾਦੀਆਂ ਦਾ ਬਹੁਤ ਜ਼ੋਰ ਰਿਹਾ। ਪ੍ਰਭਾਵਵਾਦੀ ਕਲਾਕਾਰਾਂ ਨੇ ਚਿਤ੍ਰਣ–ਕਲਾ ਅਤੇ ਸਾਹਿੱਤ ਉੱਤੇ ਡੂੰਘਾ ਪ੍ਰਭਾਵ ਪਾਇਆ। ਮੋਨੇ, ਰੇਨੂਆ, ਪਿਸਰੋ ਅਤੇ ਬੇਜ਼ੀਲ ਨੇ ਕਿਸ਼ੋਰ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਸੇਜਾਂ ਗੋਗਾਂ, ਵਾਨਗਫ਼ ਅਤੇ ਸਿਊਰਟ ਆਦਿ ਜਗਤ ਪ੍ਰਸਿੱਧ ਕਲਾਕਾਰ ਪ੍ਰਭਾਵਵਾਦੀ ਨੇਤਾਵਾਂ ਤੋਂ ਹੀ ਪ੍ਰਭਾਵਿਤ ਹੋਏ ਸਨ। ਇਨ੍ਹਾਂ ਕਲਾਕਾਰਾਂ ਨੇ ਕਲਾ ਦੇ ਸੀਮਿਤ ਬੰਧਨ ਤੋੜ ਕੇ ਆਜ਼ਾਦ ਹੋਣ ਦੀ ਚੇਸ਼ਟਾ ਕੀਤੀ। ਕਲਾ ਨੂੰ ਬੰਦ ਮਹਿਲਾਂ ’ਚੋਂ ਕੱਢ ਕੇ ਸੁਤੰਤਰ ਵਾਤਾਵਰਣ ਵਿਚ ਲੈ ਆਂਦਾ।

          ਚਿਤ੍ਰ–ਕਲਾ ਦੇ ਖੇਤਰ ਵਿਚ ਪ੍ਰਭਾਵਵਾਦ ਉਨ੍ਹੀਵੀਂ ਸਦੀ ਈ. ਤਕ ਹੀ ਸੀਮਿਤ ਰਿਹਾ ਪਰੰਤੂ ਸਾਹਿੱਤ ਵਿਚ ਵੀਹਵੀਂ ਸਦੀ ਈ. ਦੇ ਸ਼ੁਰੂ ਵਿਚ ਇਸ ਦਾ ਪ੍ਰਭਾਵ ਅਨੁਭਵ ਕੀਤਾ ਗਿਆ। ਕਮਿੰਗਜ਼ (Cummings) ਅਤੇ ਲੋਵੈਲੱ (Lowell) ਆਦਿ ਅਮਰੀਕਨ ਕਵੀਆਂ ਨੇ ਪ੍ਰਭਾਵਵਾਦੀ ਰਚਨਾਵਾਂ ਲਿਖੀਆਂ। ਜਿਸ ਤਰ੍ਹਾਂ ਚਿਤ੍ਰਕਾਰ ਛਿਣ ਭਰ ਪ੍ਰਭਾਵ ਅੰਕਿਤ ਕਰਦੇ ਹਨ ਉਸੇ ਤਰ੍ਹਾਂ ਕਵੀ ਛੰਦਾਂ, ਸ਼ਬਦਾਂ ਅਤੇ ਅੱਖਰਾਂ ਦੇ ਵਿਸ਼ਿਸ਼ਟ ਸੰਗਠਨ ਦੁਆਰਾ ਪ੍ਰਭਾਵ ਵਿਅਕਤ ਕਰਦੇ ਹਨ। ਸਥਾਈ ਅਤੇ ਵਾਸਤਵਿਕ ਤੱਥਾਂ ਦੀ ਛਾਂ ਅਸਥਾਈ ਅਤੇ ਛਿਣ–ਵਿਸ਼ੇਸ਼ ਦੇ ਪ੍ਰਭਾਵ ਨੂੰ ਅੰਕਿਤ ਕਰਨਾ ਪ੍ਰਭਾਵਵਾਦੀ ਕਵੀਆਂ ਦਾ ਉਦੇਸ਼ ਰਿਹਾ ਹੈ। ਪਰੰਤੂ ਪ੍ਰਭਾਵਵਾਦੀ ਧਾਰਾ ਨੂੰ ਪ੍ਰਯੋਗਵਾਦ ਨੇ ਕਰਾਰੀਆਂ ਸੱਟਾਂ ਮਾਰੀਆਂ ਹਨ ਅਤੇ ਹੁਣ ਇਸ ਦਾ ਕੋਈ ਪ੍ਰਭਾਵ ਨਹੀਂ ਰਿਹਾ। ਪ੍ਰਭਾਵਵਾਦੀ ਆਲੋਚਨਾ ਵਿਚ ਆਲੋਚਕ ਆਪਣੇ ਮਨ ’ਤੇ ਪਏ ਪ੍ਰਭਾਵਾਂ ਅਨੁਸਾਰ ਕਿਸੇ ਕਿਰਤ ਦਾ ਮੁਲਾਂਕਣ ਕਰਦਾ ਹੈ।


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.