ਫਰਵਾਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਵਾਹੀ. ਸੰਗ੍ਯਾ—ਦੋ ਆਦਮੀ ਫੜਕੇ ਜਿਸ ਨੂੰ ਵਾਹੁੰਦੇ ਹਨ, ਐਸੀ ਆਰੀ । ੨ ਰਿਆਸਤ ਪਟਿਆਲਾ , ਨਜਾਮਤ ਤਸੀਲ ਬਰਨਾਲਾ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਬਰਨਾਲੇ ਤੋਂ ਤਿੰਨ ਮੀਲ ਦੱਖਣ ਹੈ. ਇਸ ਪਿੰਡ ਤੋਂ ਦੱਖਣ ਪੂਰਵ ਪਾਸ ਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇੱਕ ਰਾਤ ਇੱਥੇ ਵਿਰਾਜੇ ਸਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਰਿਆਸਤ ਪਟਿਆਲੇ ਵੱਲੋਂ ੩੫ ਘੁਮਾਉਂ ਜ਼ਮੀਨ ਅਤੇ ੮੪ ਰੁਪਯੇ ਨਕਦ ਜਾਗੀਰ ਹੈ. ਪੁਜਾਰੀ ਸਿੰਘ ਹੈ. ਹੁਣ ਇੱਥੋਂ ਦੀ ਸੰਗਤਿ ਵਡਾ ਦਰਬਾਰ ਬਣਾਉਣ ਦੇ ਆਹਰ ਵਿੱਚ ਹੈ.

     ਫਰਵਾਹੀ ਵਿੱਚ ਭਾਈ ਥੰਮਨ ਸਿੰਘ ਪ੍ਰਤਾਪੀ ਸਿੱਖ ਹੋਇਆ ਹੈ ਉਸ ਦਾ ਮੰਦਿਰ ਭੀ ਮਾਲਵੇ ਵਿੱਚ ਯਾਤ੍ਰਾ ਦਾ ਅਸਥਾਨ ਮੰਨਿਆ ਗਿਆ ਹੈ. ਦੇਖੋ, ਥੰਮਨ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਰਵਾਹੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਫਰਵਾਹੀ (ਪਿੰਡ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਰਨਾਲਾ ਨਗਰ ਤੋਂ ਦੱਖਣ ਪੂਰਬ ਵਲ 5 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਪਿੰਡ , ਜਿਥੇ ਗੁਰੂ ਤੇਗ ਬਹਾਦਰ ਜੀ ਸੰਨ 1665 ਈ. ਵਿਚ ਕੱਟੂ ਪਿੰਡ ਤੋਂ ਆਏ ਸਨ ਅਤੇ ਇਕ ਰਾਤ ਰਹੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਮੀ ’ ਬਣਾਇਆ ਗਿਆ। ਗੁਰੂ ਜੀ ਦਾ ਪ੍ਰਵਚਨ ਸੁਣ ਕੇ ਜਿਗਿਆਸੂਆਂ ਨੇ ਕਿਹਾ ਕਿ ਸਾਨੂੰ ਨਿੱਤ ਉਪਦੇਸ਼ ਦੇਣ ਲਈ ਕਿਸੇ ਗੁਰਸਿੱਖ ਨੂੰ ਇਥੇ ਠਹਿਰਾਇਆ ਜਾਏ। ਗੁਰੂ ਜੀ ਨੇ ਫ਼ਰਮਾਇਆ ਕਿ ਪਿੰਡ ਵਿਚੋਂ ਹੀ ਅਜਿਹਾ ਗੁਰਮੁਖ ਪੈਦਾ ਹੋ ਕੇ ਸਭ ਨੂੰ ਨਿਹਾਲ ਕਰੇਗਾ। ਆਖ਼ਿਰ ਭਾਈ ਸੋਭਾ ਸਿੰਘ ਨੇ ਪਿੰਡ ਵਿਚ ਗੁਰਦੁਆਰਾ ਸਥਾਪਿਤ ਕੀਤਾ ਅਤੇ ਸਾਰੀ ਉਮਰ ਉਸ ਦੀ ਦੇਖ-ਭਾਲ ਵਿਚ ਬਤੀਤ ਕਰ ਦਿੱਤੀ। ਉਸ ਤੋਂ ਬਾਦ ਬਾਬਾ ਥੰਮਨ ਸਿੰਘ ਉਸ ਦਾ ਉਤਰਾਧਿਕਾਰੀ ਬਣਿਆ। ਬੜੀ ਨਿਸ਼ਠਾ ਵਾਲੇ ਇਸ ਸਿੰਘ ਦੀ ਸਿੱਖ ਰਿਆਸਤਾਂ ਦੇ ਰੂਸੀਆਂ ਵਲੋਂ ਵਿਨਾਸ਼ ਕੀਤੇ ਜਾਣ ਦੀ ਭਵਿਸ਼ਬਾਣੀ ਤੋਂ ਪਟਿਆਲਾ -ਪਤਿ ਮਹਾਰਾਜਾ ਕਰਮ ਸਿੰਘ ਇਸ ਉਤੇ ਬਹੁਤ ਨਾਰਾਜ਼ ਹੋਏ ਅਤੇ ਇਸ ਦੀ ਜ਼ਬਾਨ ਕਟਵਾ ਦਿੱਤੀ ਅਤੇ ਰਿਆਸਤ ਵਿਚ ਵੜਨ ਉਤੇ ਪਾਬੰਦੀ ਲਗਾ ਦਿੱਤੀ। ਉਸ ਦੀ ਯਾਦ ਵਿਚ ਫਰਵਾਹੀ ਵਿਚ ਇਕ ਡੇਰਾ ਕਾਇਮ ਕੀਤਾ ਗਿਆ ਜੋ ਹੁਣ ਵੀ ਮੌਜੂਦ ਹੈ। ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਮੀ’ ਦੀ ਹੁਣ ਨਵੀਂ ਇਮਾਰਤ ਬਣਵਾਈ ਗਈ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਫਰਵਾਹੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਫਰਵਾਹੀ : ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿਚ ਬਰਨਾਲੇ ਤੋਂ 10 ਕਿ.ਮੀ. ਦੀ ਦੂਰੀ ਤੇ ਸਥਿਤ ਹੈ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਰਟਨ ਸਮੇਂ ਇਥੇ ਪਧਾਰੇ ਸਨ ਅਤੇ ਇਕ ਰਾਤ ਠਹਿਰੇ ਸਨ। ਦੱਖਣ-ਪੂਰਬ ਵੱਲ ਪਿੰਡ ਦੇ ਨਜ਼ਦੀਕ ਹੀ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।

ਪਿੰਡ ਫਰਵਾਹੀ ਦਾ ਰਹਿਣ ਵਾਲਾ ਥੰਮਣ ਸਿੰਘ ਇਕ ਪ੍ਰਤਾਪੀ ਸਿੱਖ ਹੋਇਆ ਹੈ। ਉਸ ਦੀ ਯਾਦ ਵਿਚ ਵੀ ਇਕ ਅਸਥਾਨ ਬਣਿਆ ਹੋਇਆ ਹੈ ਜੋ ਮਾਲਵੇ ਵਿਚ ਯਾਤਰਾ ਸਥਾਨ ਮੰਨਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-11-27-59, ਹਵਾਲੇ/ਟਿੱਪਣੀਆਂ: ਹ. ਪੁ. ਮ. ਕੋ. : ਗੁ. ਪ੍ਰ. ਸੂ. ਗ੍ਰੰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.