ਫੁਲਕਾਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫੁਲਕਾਰੀ: ਫੁਲਕਾਰੀ ਦਾ ਕੋਸ਼ਗਤ ਅਰਥ ਹੈ- ਇਸਤਰੀਆਂ ਦੇ ਓਢਣ ਦਾ ਵਸਤਰ ਜਿਸ ਦੀ ਤਹਿ ਉਤੇ ਕਸੀਦਕਾਰੀ ਦੁਆਰਾ ਫੁੱਲਾਂ ਦੀ ਕਢਾਈ ਕੀਤੀ ਗਈ ਹੋਵੇ। ਫੁਲਕਾਰੀ ਦੋ ਸ਼ਬਦਾਂ ਦਾ ਸੁਜੋੜ ਹੈ-ਫੁੱਲ ਅਤੇ ਕਾਰ। ਕਾਰ ਤੋਂ ਭਾਵ ਹੈ, ਕਿਰਤ ਕਾਰਜ ਜਾਂ ਕੰਮ। ਫੁਲਕਾਰੀ ਫੁੱਲਾਂ ਰਾਹੀਂ ਸੁਹਜ ਪੈਦਾ ਕਰਨ ਵਾਲੀ ਕਿਰਤ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਲੋਕ-ਕਲਾ ਦੇ ਕਢਾਈ ਖੇਤਰ ਵਿੱਚ ਪੰਜਾਬਣ ਦੀ ਸੁਹਜ-ਕਲਾ ਨਾਲ ਜੁੜਿਆ ਹੋਇਆ ਹੈ।

     ਫੁਲਕਾਰੀ ਦੀ ਕਢਾਈ ਵਿੱਚ ਫੁੱਲਾਂ ਦੀ ਕਿਆਰੀ ਵਾਂਗ, ਫੁੱਲਾਂ ਦੀਆਂ ਲੜੀਆਂ ਨੂੰ ਸੁਹਜ ਵਿੱਚ ਸੂਤੀ ਕੱਪੜੇ ਦੀ ਤਹਿ ਉਤੇ ਰੰਗਦਾਰ ਧਾਗਿਆਂ ਨਾਲ ਅੰਕਿਤ ਕੀਤਾ ਜਾਂਦਾ ਹੈ। ਕੱਪੜੇ ਦਾ ਵਿਚਕਾਰਲਾ ਸਥਾਨ ਖ਼ਾਲੀ ਰੱਖਿਆ ਜਾਂਦਾ ਹੈ ਅਤੇ ਚੌਪਾਸੀ ਫੁੱਲਾਂ ਦੀ ਕਤਾਰ ਬਣਾਈ ਜਾਂਦੀ ਹੈ ਪਰੰਤੂ ਜੇਕਰ ਸਮੁੱਚੇ ਓਢਣ ਦੀ ਤਹਿ `ਤੇ ਫੁੱਲਾਂ ਦੀ ਕਢਾਈ ਕਰ ਦਿੱਤੀ ਜਾਵੇ ਤਾਂ ਉਹ ‘ਬਾਗ਼` ਬਣ ਜਾਂਦਾ ਹੈ। ਫੁਲਕਾਰੀ, ਫੁੱਲਾਂ ਦੀ ਲੜੀ ਜਾਂ ਕੱਪੜੇ ਦੀ ਤਹਿ ਤੇ ਵਿਰਲੀ-ਵਿਰਲੀ ਕਢਾਈ ਕੀਤੀ ਬੂਟੀ ਨੂੰ ਕਹਿੰਦੇ ਹਨ ਅਤੇ ਬਾਗ਼ ਕੱਪੜੇ ਦੀ ਤਹਿ ਤੇ ਬਿਨਾਂ ਕੋਈ ਖ਼ਾਲੀ ਥਾਂ ਛੱਡੇ ਕਢਾਈਦਾਰ ਓਢ੍ਹਣ ਨੂੰ ਕਹਿੰਦੇ ਹਨ।

     ਫੁਲਕਾਰੀ ਦੀ ਕਢਾਈ ਲਈ ਖੱਦਰ ਦੇ ਕੱਪੜੇ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਖੱਦਰ ਦੇ ਕੱਪੜੇ ਦੇ ਤਿੰਨ ਪੱਟ ਆਪਸ ਵਿੱਚ ਦੋਹਰੇ ਤੋਪੇ ਨਾਲ ਸਿਉਂ ਦਿੱਤੇ ਜਾਂਦੇ ਹਨ। ਦੋਹਰੇ ਤੋਪੇ ਤੋਂ ਭਾਵ ਉਹਨਾਂ ਵਿੱਚ ਸਿਉੂਣ ਦੀ ਸਿੱਧ-ਪੁੱਠ ਨਹੀਂ ਦਿਸਦੀ। ਉਪਰੰਤ ਉਸ ਨੂੰ ਗੁਲਾਬੀ ਰੰਗ ਨਾਲ ਰੰਗਿਆ ਜਾਂਦਾ ਹੈ। ਇਸ ਪ੍ਰਕਾਰ ਫੁਲਕਾਰੀ ਜਾਂ ਬਾਗ਼ ਦੀ ਕਢਾਈ ਕਰਨ ਲਈ ਰੰਗੀ ਹੋਈ ਭੋਂ (ਪ੍ਰਿਸ਼ਟ ਭੂਮੀ) ਵਾਲੀ ਚਾਦਰ ਤਿਆਰ ਹੋ ਜਾਂਦੀ ਹੈ ਜੋ ਕਢਾਈ ਉਪਰੰਤ ਵੱਖ-ਵੱਖ ਖ਼ੁਸ਼ੀਆਂ ਦੇ ਸਮੇਂ ਇਸਤਰੀਆਂ ਦੇ ਓਢਣ ਦੇ ਕੰਮ ਆਉਂਦੀ ਹੈ।

     ਫੁਲਕਾਰੀ ਦੀ ਕਢਾਈ ਲਈ ਸੁੱਚੇ ਪੱਟ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਫੁਲਕਾਰੀ ਲਈ ਵਰਤਿਆ ਜਾਣ ਵਾਲਾ ਧਾਗਾ ਅਕਸਰ ਮੋਤੀਆ, ਲਾਲ, ਹਰਾ, ਸੰਤਰੀ, ਗੁਲਾਬੀ, ਗੇਰੂਆ, ਭਗਵਾਂ, ਪੀਲੇ ਜਾਂ ਗੂੜ੍ਹੇ ਨੀਲੇ ਰੰਗ ਦਾ ਹੁੰਦਾ ਹੈ। ਫੁੱਲਾਂ ਵਿੱਚ ਰੰਗ ਭਰਨ ਲਈ ਹਰ ਬਾਗ਼ ਅਤੇ ਫੁਲਕਾਰੀ ਵਿੱਚ, ਇਸਤਰੀ ਆਪਣੀ ਕਲਪਨਾ, ਸਮਰੱਥਾ ਅਤੇ ਵੱਡ-ਵਡੇਰਿਆਂ ਕੋਲੋਂ ਸਿੱਖੇ ਕਢਾਈ ਸੰਬੰਧੀ ਨਮੂਨਿਆਂ ਦੇ ਆਧਾਰ ਤੇ ਰੰਗਾਂ ਦੀ ਚੋਣ ਕਰਦੀ ਹੈ। ਰੰਗਾਂ ਦੀ ਚੋਣ ਅਤੇ ਤੋਪੇ ਦੀ ਸਫ਼ਾਈ ਨਾਲ ਕੀਤੀ ਕਢਾਈ ਹੀ ਕਿਸੇ ਕੁੜੀ ਦੇ ਪ੍ਰਤਿਭਾਵਾਨ ਹੋਣ ਦੀ ਲਖਾਇਕ ਹੁੰਦੀ ਹੈ। ਉਸ ਦੀ ਨਿਪੁੰਨਤਾ ਨੂੰ ਵੱਡਾ ਗੁਣ ਸਮਝਿਆ ਜਾਂਦਾ ਹੈ।

     ਫੁਲਕਾਰੀ ਦੀ ਕਢਾਈ ਪੱਟ ਦੇ ਰੇਸ਼ਮੀ ਧਾਗੇ ਅਤੇ ਸਧਾਰਨ ਸੂਈ ਦੁਆਰਾ ਕੀਤੀ ਜਾਂਦੀ ਹੈ। ਕਢਾਈ ਤੋਂ ਪਹਿਲਾਂ (ਅਜੋਕੀ ਮਸ਼ੀਨੀ ਕਢਾਈ ਵਾਂਗ) ਕੱਪੜੇ ਦੀ ਤਹਿ ਉਪਰ ਨਿਸ਼ਾਨ ਲਗਾਉਣ ਲਈ ਛਾਪਾ ਨਹੀਂ ਲਗਾਇਆ ਜਾਂਦਾ ਸਗੋਂ ਖੱਦਰ ਦੇ ਧਾਗੇ ਗਿਣ ਕੇ ਅਤੇ ਉਸ ਦੇ ਆਧਾਰ ਹੀ ਅਕ੍ਰਿਤੀ ਬਣਾ ਕੇ ‘ਪੁੱਠੇ ਤੋਪੇ` ਨਾਲ ਕਢਾਈ ਕੀਤੀ ਜਾਂਦੀ ਹੈ। ਇਹ ਤੋਪਾ ਧਾਗੇ ਗਿਣ ਕੇ (ਅਰਿਆ) ਕੱਪੜੇ ਦੀ ਬੁਣਤੀ ਵਿੱਚੋਂ ਲੰਘਾਇਆ ਜਾਂਦਾ ਹੈ। ਇਸ ਵਿੱਚ ਖੱਦਰ ਦੇ ਅੰਦਰਲੇ ਪਾਸੇ ਕੇਵਲ ਇੱਕ ਜਾਂ ਦੋ ਧਾਗਿਆਂ ਨੂੰ ਹੀ ਦੱਬਿਆ ਜਾਂਦਾ ਹੈ ਅਤੇ ਉਪਰਲੇ ਪਾਸੇ ਫੁੱਲ ਦੇ ਨਮੂਨੇ ਅਨੁਸਾਰ ਉਸ ਦੀ ਲੰਬਾਈ ਚੌੜਾਈ ਨੂੰ ਵਧਾਇਆ ਜਾਂਦਾ ਹੈ। ਪਰ ਬਾਗ਼ ਦੀ ਕਢਾਈ ਵਿੱਚ ਕੱਪੜੇ ਦੇ ਉਲਟੇ ਰੁਖ਼ ਧਾਗਿਆਂ ਦੀ ਕੇਵਲ ਮਾਮੂਲੀ ਜਿਹੀ ਲਾਇਨ ਹੀ ਨਜ਼ਰ ਆਉਂਦੀ ਹੈ ਅਤੇ ਸਿੱਧੇ ਪਾਸੇ ਫੁੱਲਾਂ ਬੂਟਿਆਂ ਦੀ ਬਹੁਤਾਤ ਵਿੱਚ ਕੱਪੜਾ ਨਜ਼ਰ ਨਹੀਂ ਆਉਂਦਾ। ਕਢਾਈ ਕਰਦੇ ਸਮੇਂ ਦੋਹਰੇ ਤੋਪੇ ਦੀ ਕਢਾਈ ਕੀਤੀ ਜਾਂਦੀ ਹੈ ਜਿਸ ਵਿੱਚ ਖੜਵੇਂ ਅਤੇ ਲੇਟਵੇਂ ਤੋਪੇ ਨਾਲ ਅਜਿਹਾ ਪ੍ਰਭਾਵ ਪੈਦਾ ਕੀਤਾ ਜਾਂਦਾ ਹੈ ਕਿ ਪੱਟ ਦਾ ਇਕੋ ਤੋਪਾ ਦੂਹਰੀ ਲਿਸ਼ਕ ਮਾਰਦਾ ਦਿੱਸਦਾ ਹੈ।

     ਫੁਲਕਾਰੀ ਦੀ ਕਢਾਈ ਦੁਆਰਾ ਕੱਪੜੇ ਦੀ ਸਤ੍ਹਾ ਉਪਰ ਪਾਏ ਜਾਣ ਵਾਲੇ ਫੁੱਲਾਂ ਅਤੇ ਵੇਲ ਦੀ ਬਣਤਰ ਦੇ ਆਕਾਰ ਅਤੇ ਰੰਗ-ਰੂਪ ਨੂੰ ‘ਨਮੂਨਾ` ਕਿਹਾ ਜਾਂਦਾ ਹੈ। ਕਿਸੇ ਇੱਕ ਤਰਜ ਦੇ ਬਾਗ਼ ਨੂੰ ਦੇਖ ਕੇ ਬਣਾਏ ਜਾਣ ਵਾਲੇ ਉਸੇ ਤਰ੍ਹਾਂ ਦੇ ਦੂਸਰੇ ਬਾਗ਼ ਨੂੰ ਬਣਾਉਣ ਸਮੇਂ, ਨਮੂਨਾ ਲਾਹੁਣਾ ਆਖਿਆ ਜਾਂਦਾ ਹੈ। ਫੁਲਕਾਰੀ ਅਤੇ ਬਾਗ਼ ਵਿੱਚ ਪਾਏ ਗਏ ਨਮੂਨੇ ਕਿਸੇ ਨਿਸ਼ਚਿਤ ਬਣਤਰ ਜਾਂ ਦਿੱਖ ਦੇ ਨਹੀਂ ਹੁੰਦੇ ਸਗੋਂ ਇਸ ਵਿੱਚ ਫੁਲਕਾਰੀ ਦੀ ਕਢਾਈ ਕਰਨ ਵਾਲੀਆਂ ਇਸਤਰੀਆਂ ਆਪਣੇ ਹੁਨਰ, ਸੁਹਜ ਅਤੇ ਕਲਪਨਾ ਅਨੁਸਾਰ ਤਬਦੀਲੀਆਂ ਕਰਦੀਆਂ ਰਹਿੰਦੀਆਂ ਹਨ। ਹਰ ਫੁਲਕਾਰੀ ਵਿੱਚ ਵਰਤੇ ਗਏ ਨਮੂਨਿਆਂ ਦੇ ਵੱਖ-ਵੱਖ ਨਾਂ ਹੁੰਦੇ ਹਨ, ਜਿਵੇਂ ਮਿਰਚੀ ਬਾਗ਼, ਧਨੀਆ ਬਾਗ਼, ਵੇਲਣ, ਪਰੌਂਠਾ, ਗੋਭੀ ਆਦਿ ਬਾਗ਼ ਜਾਂ ਫੁਲਕਾਰੀ ਦਾ ਨਮੂਨਾ। ਇਹ ਨਮੂਨੇ ਮੋਤੀਆ, ਗੇਂਦਾ ਅਤੇ ਸੂਰਜਮੁਖੀ ਦੇ ਫੁੱਲਾਂ ਨੂੰ ਆਧਾਰ ਬਣਾ ਕੇ ਵੀ ਕੱਢੇ ਜਾਂਦੇ ਹਨ। ਕੁਝ ਨਮੂਨਿਆਂ ਵਿੱਚ ਪੰਛੀ ਵੀ ਚਿੱਤਰੇ ਜਾਂਦੇ ਹਨ। ਇਹ ਨਮੂਨੇ ਅਕਸਰ ਤਿੰਨ ਪ੍ਰਕਾਰ ਦੇ ਮਿਲਦੇ ਹਨ। ਰੋਜ਼ ਕਾਰ-ਵਿਹਾਰ ਦੀਆਂ ਵਸਤਾਂ ਦੀ ਦਿੱਖ ਵਾਲੇ, ਜਿਵੇਂ ਪਰੌਂਠਾ, ਵੇਲਣਾ, ਪੀੜ੍ਹੀ ਆਦਿ। ਬਨਸਪਤੀ ਨਾਲ ਸੰਬੰਧਿਤ, ਜਿਵੇਂ ਮਿਰਚ, ਗੋਭੀ, ਧਨੀਆ ਇਸ ਵਿੱਚ ਮੋਤੀਆ ਅਤੇ ਸੂਰਜਮੁਖੀ ਦੇ ਫੁੱਲ ਆਦਿ ਵੀ ਹੁੰਦੇ ਹਨ। ਤੀਸਰੇ, ਸਥਾਨਿਕ ਪੰਛੀਆਂ ਦੀਆਂ ਤਸਵੀਰਾਂ ਨਾਲ ਸੰਬੰਧਿਤ ਨਮੂਨੇ ਮਿਲਦੇ ਹਨ।

     ਫੁਲਕਾਰੀ ਦਾ ਤੋਪਾ ਰੇਖਕੀ (ਜਿਊਮੈਟਰੀਕਲ) ਹੁੰਦਾ ਹੈ। ਇਸ ਵਿੱਚ ਗੋਲਾਈਦਾਰ ਕਢਾਈ ਨਾਂਹ ਦੇ ਬਰਾਬਰ ਹੁੰਦੀ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਲੜੀ ਦੇ ਫੁੱਲ ਇੱਕ ਰੰਗ ਦੇ ਹੋਣ। ਜੇਕਰ ਲੜੀ ਮੋਤੀਏ ਦੀ ਹੈ ਤਾਂ ਸਿਰੇ ਤਕ ਮੋਤੀਏ ਦੀ ਹੀ ਹੋਵੇ। ਜੇਕਰ ਫੁੱਲ ਸੰਤਰੀ ਹੈ ਤਾਂ ਪੂਰਾ ਫੁੱਲ ਸੰਤਰੀ ਰੰਗ ਦਾ ਹੀ ਹੋਵੇ। ਭਾਵੇਂ ਉਸੇ ਨਮੂਨੇ ਦਾ ਅਗਲਾ ਫੁੱਲ ਗੁਲਾਬੀ ਰੰਗ ਦਾ ਹੋਵੇ ਪਰ ਹੋਵੇਗਾ, ਪੂਰੇ ਦਾ ਪੂਰਾ ਕਿਸੇ ਇੱਕ ਰੰਗ ਦਾ ਹੀ। ਧਾਗਿਆਂ ਦੇ ਰੰਗਾਂ ਨੂੰ ਫੁਲਕਾਰੀ ਦੀ ਕਢਾਈ ਕਰਦੇ ਸਮੇਂ ਆਪਸ ਵਿੱਚ ਘੱਟ ਹੀ ਮਿਸ਼ਰਿਤ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਇੱਕ ਤੋਪਾ ਨੀਲਾ, ਦੂਜਾ ਪੀਲਾ ਅਤੇ ਤੀਜਾ ਹਰੇ ਰੰਗ ਦਾ ਨਹੀਂ ਹੁੰਦਾ।

     ਕਢਾਈ ਕੀਤੇ ਹੋਏ ਬਾਗ਼ ਅਤੇ ਫੁਲਕਾਰੀਆਂ ਦੀਆਂ ਕਿਸਮਾਂ ਅਤੇ ਵੰਨਗੀਆਂ ਨੂੰ ਕਢਾਈ ਦੇ ਨਮੂਨੇ ਅਤੇ ਬਾਗ਼ ਫੁਲਕਾਰੀਆਂ ਦੀ ਸਮੇਂ ਅਨੁਸਾਰ ਵਰਤੋਂ ਨਿਰਧਾਰਿਤ ਕਰਦੀਆਂ ਹਨ। ਜਿਵੇਂ, ‘ਚੋਪ` ਦੀ ਕਢਾਈ ਵਿੱਚ ਸਿੱਧ-ਪੁੱਠ ਨਹੀਂ ਹੁੰਦੀ, ਇਹ ਦੋਵੇਂ ਪਾਸੇ ਦੇਖਣ ਤੇ ਇਕੋ ਜਿਹੀ ਲਗਦੀ ਹੈ। ਵਿਆਹੀ ਜਾਣ ਵਾਲੀ ਕੁੜੀ ਨੂੰ ਚੂੜਾ ਚਾੜ੍ਹਨ ਦੀ ਰਸਮ ਸਮੇਂ ਨਾਨਕੀ ਛੱਕ ਵਜੋਂ (ਨਾਨਕਾ ਮੇਲ) ਆਪਣੀ ਦੋਹਤੀ ਨੂੰ ਅਕਸਰ ‘ਚੋਪ` ਦੀ ਫੁਲਕਾਰੀ ਦਿੰਦਾ ਹੈ। ਨਾਨਕੀ ਛੱਕ ਵਲੋਂ ਹੀ ਆਪਣੀ ਦੋਹਤੀ ਦੇ ਵਿਆਹ ਵੇਲੇ (ਫੇਰੇ ਲੈਣ ਸਮੇਂ) ਸਿਰ `ਤੇ ਦਿੱਤੀ ਜਾਣ ਵਾਲੀ ਫੁਲਕਾਰੀ ਨੂੰ ‘ਸੁੱਭਰ` ਕਹਿੰਦੇ ਹਨ। ਇਹ ਅਕਸਰ ਚਹੁੰ ਗੁੱਠਾਂ ਦੇ ਚਾਰ ਅਤੇ ਵਿਚਕਾਰ ਪੰਜ ਫੁੱਲਾਂ ਵਾਲੀ ਫੁਲਕਾਰੀ ਹੁੰਦੀ ਹੈ। ਇਸਦਾ ਸੂਹਾ ਰੰਗ ਸ਼ਗਨਾਂ ਵਾਲਾ ਹੁੰਦਾ ਹੈ। ਵਰੀ ਵਿੱਚ ਫੁਲਕਾਰੀ ਦੇ ਨਾਲ ਬਾਗ਼ ਵੀ ਦਿੱਤਾ ਜਾਂਦਾ ਹੈ। ਮਾਝੇ ਅਤੇ ਮਾਲਵੇ ਇਲਾਕੇ ਦੇ ਬਾਗ਼ ਨੂੰ ‘ਸਰ-ਪਲੂ` ਵੀ ਕਿਹਾ ਜਾਂਦਾ ਹੈ। ਇਸ ਵਿੱਚ ਸਿਰ ਤੇ ਆਉਣ ਵਾਲੇ ਹਿੱਸੇ ਅਤੇ ਪੱਲੂ ਦੇ ਹਿੱਸਿਆਂ ਉਪਰ ਤਿਕੋਨੀ ਕਢਾਈ ਕੀਤੀ ਜਾਂਦੀ ਹੈ। ‘ਬਾਵਨ ਬਾਗ਼` ਨੂੰ ਬਾਗ਼ਾਂ ਦਾ ਸਿਰਤਾਜ ਕਿਹਾ ਜਾਂਦਾ ਹੈ, ਇਸ ਵਿੱਚ ਫੁੱਲਾਂ ਬੂਟਿਆਂ ਦੇ ਬਵੰਜਾ ਨਮੂਨੇ ਹੁੰਦੇ ਹਨ। ਇਹ ਸ਼ਾਇਦ ਸਾਲ ਦੇ ਬਵੰਜਾ ਹਫ਼ਤਿਆਂ ਦੇ ਪ੍ਰਤੀਕ ਹੋਣ। ਇਸ ਵਿੱਚ, ਕਢਾਈ ਸਮੇਂ ਬਵੰਜਾ ਖ਼ਾਨੇ ਬਣਾ ਲਏ ਜਾਂਦੇ ਹਨ ਅਤੇ ਹਰ ਖ਼ਾਨੇ ਵਿੱਚ ਵੱਖਰਾ ਨਮੂਨਾ ਕੱਢਿਆ ਜਾਂਦਾ ਹੈ। ਇਹਨਾਂ ਵੱਖ-ਵੱਖ ਬਵੰਜਾ ਨਮੂਨਿਆਂ ਕਾਰਨ ਇਸ ਨੂੰ ਬਾਵਨ ਬਾਗ਼ ਕਿਹਾ ਜਾਂਦਾ ਹੈ।

     ਧਾਰਮਿਕ ਆਸਥਾ ਅਧੀਨ ਮੰਨੀ ਜਾਣ ਵਾਲੀ ਮੰਨਤ ਵਜੋਂ ਪੁੰਨ ਅਰਥ ਚੜ੍ਹਾਏ ਜਾਣ ਵਾਲੇ ਬਾਗ਼ ਨੂੰ ‘ਦਰਸ਼ਨ ਦੁਆਰ` ਬਾਗ਼ ਕਿਹਾ ਜਾਂਦਾ ਹੈ। ਬਾਗ਼ ਦੀਆਂ ਦੋਵਾਂ ਬਾਹੀਆਂ ਉਪਰ ਵੱਡੇ-ਵੱਡੇ ਦਰਵਾਜ਼ਿਆਂ ਦੇ ਨਮੂਨੇ ਆਂਕੇ (ਕੱਢੇ) ਜਾਂਦੇ ਹਨ ਜੋ ਦੁਆਰਾਂ ਦੀ ਦਿੱਖ ਦਿੰਦੇ ਹਨ ਅਤੇ ਵਿਚਕਾਰਲੇ ਹਿੱਸੇ ਵਿੱਚ ਸਧਾਰਨ ਬਾਗ਼ ਵਾਲੇ ਨਮੂਨਿਆਂ ਨੂੰ ਹੀ ਚਿਤਰਿਆ ਜਾਂਦਾ ਹੈ। ਦਰਵਾਜ਼ਿਆਂ ਵਿੱਚ ਕਈ ਵਾਰ ‘ਦੁਆਰਪਾਲ` ਵਜੋਂ ਮਰਦ ਜਾਂ ਤੀਵੀਂ ਦੇ ਚਿੱਤਰ ਵੀ ਕੱਢੇ ਜਾਂਦੇ ਹਨ। ਦਿੱਲੀ ਅਤੇ ਅਜੋਕੇ ਹਰਿਆਣੇ ਨੂੰ ਵੀ ਇਸ ਕਲਾ ਵਿੱਚ ਸਹਿਯੋਗੀ ਹੋਣ ਦਾ ਮਾਣ ਪ੍ਰਾਪਤ ਹੈ। ਪਰ ਹਰਿਆਣਾ ਪ੍ਰਾਂਤ ਦੇ ਸੱਭਿਆਚਾਰ ਵਿੱਚ ‘ਬੋਰਲੇ` ਅਤੇ ‘ਘੱਗਰੇ` ਉਤੇ ਸ਼ੀਸ਼ੇ ਜੜੇ ਜਾਂਦੇ ਹਨ। ਇਸ ਲਈ ਹਰਿਆਣਵੀ ਫੁਲਕਾਰੀ ਵਿੱਚ ਵੀ ਸ਼ੀਸ਼ੇ ਲਗਾ ਦਿੱਤੇ ਜਾਂਦੇ ਹਨ। ਜਿਸ ਨੂੰ ‘ਸ਼ੀਸ਼ੇਦਾਰ` ਫੁਲਕਾਰੀ ਕਿਹਾ ਜਾਂਦਾ ਹੈ।

     ਫੁਲਕਾਰੀ ਨੂੰ ਰੰਗ ਦੇ ਆਧਾਰ ਉਪਰ ਵੀ ਵੱਖਰਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਨੀਲੇ ਜਾਂ ਕਾਲੇ ਰੰਗ ਵਿੱਚ ਰੰਗੇ ਹੋਏ ਖੱਦਰ `ਤੇ ਕੱਢੀ ਹੋਈ ਫੁਲਕਾਰੀ ਨੂੰ ‘ਨੀਲਕ` ਕਿਹਾ ਜਾਂਦਾ ਹੈ। ਕੁਝ ਫੁਲਕਾਰੀਆਂ ਸਧਾਰਨ ਦਿਖ ਵਾਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਹਨਾਂ ਵਿੱਚ ਬਰੀਕ ਤੋਪੇ ਵਾਲੀ ਕਢਾਈ ਬਹੁਤ ਘੱਟ ਹੁੰਦੀ ਹੈ। ਇਹਨਾਂ ਫੁਲਕਾਰੀਆਂ ਵਿੱਚ ਵਿਰਲੀ ਫੁੱਲ ਪੱਤੀ ਹੁੰਦੀ ਹੈ। ਸ਼ਾਇਦ ਇਸ ਕਾਰਨ ਹੀ ਇਸ ਦਾ ਨਾਂ ‘ਤਿਲ-ਪੱਤਰੀ ਫੁਲਕਾਰੀ` ਰੱਖਿਆ ਗਿਆ ਹੈ। ਬਠਿੰਡੇ ਦੇ ਚੁਫ਼ੇਰਲੇ ਇਲਾਕਿਆਂ ਵਿੱਚ ਕੱਢੀ ਜਾਂਦੀ ਫੁਲਕਾਰੀ ਨੂੰ ਸੈਂਚੀ ਫੁਲਕਾਰੀ ਕਿਹਾ ਜਾਂਦਾ ਹੈ। ਸੈਂਚੀ ਫੁਲਕਾਰੀ ਵਿੱਚ ਪੂਰੇ ਸੱਭਿਆਚਾਰ ਦੀ ਤਸਵੀਰ ਨਜ਼ਰ ਆਉਂਦੀ ਹੈ।

     ਫੁਲਕਾਰੀ ਵਿੱਚ ਪੰਜਾਬੀ ਲੋਕ-ਕਲਾ ਅਤੇ ਰੰਗਾਂ ਦਾ ਹੁਨਰ ਅਤੇ ਸਿਖਰ ਪੇਸ਼ ਹੁੰਦਾ ਹੈ। ਇਸ ਲਈ ਉਸ ਨੂੰ ਨਜ਼ਰ ਤੋਂ ਬਚਾਉਣ ਦੇ ਉਪਾਅ ਵਜੋਂ ਫੁਲਕਾਰੀ ਪੂਰੀ ਹੋਣ ਤੇ ਕਾਲੇ ਧਾਗੇ ਨਾਲ ‘ਨਜ਼ਰ-ਬੂਟੀ` ਕੱਢੀ ਜਾਂਦੀ ਹੈ। ਕਈ ਵਾਰ ਕੰਨੀ `ਤੇ ਕੋਈ ਫੁੱਲ ਅਣਕੱਢਿਆ ਛੱਡ ਦਿੱਤਾ ਜਾਂਦਾ ਹੈ ਜਾਂ ਕਿਸੇ ਬਦਰੰਗ ਫੁੱਲ ਨੂੰ ਓਪਰੀ ਜਿਹੀ ਦਿੱਖ ਵਾਲਾ ਬਣਾ ਦਿੱਤਾ ਜਾਂਦਾ ਹੈ। ਕਈ ਵਾਰ ਕਿਸੇ ਧਾਗੇ ਨੂੰ ਹੀ ਲਮਕਦਾ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਬੇਹੱਦ ਮਿਹਨਤ ਨਾਲ ਕੀਤੇ ਹੋਏ ਕੰਮ ਨੂੰ ਮਾੜੀ ਨਜ਼ਰ ਤੋਂ ਬਚਾਇਆ ਜਾ ਸਕੇ।

     ਅਜੋਕੇ ਸਮਿਆਂ ਵਿੱਚ ਮਸ਼ੀਨੀ ਕਢਾਈ ਦੀ ਸੌਖ ਅਤੇ ਪੇਂਡੂ ਮੁਟਿਆਰ ਕੁੜੀਆਂ ਵਿੱਚ ਪੜ੍ਹਾਈ ਦੀ ਰੁਚੀ ਕਾਰਨ ਪੈਦਾ ਹੋਈ ਸਮੇਂ ਦੀ ਘਾਟ ਨੇ ਬਾਗ਼ ਫੁਲਕਾਰੀ ਦੀ ਕਢਾਈ ਦਾ ਚਲਨ ਮੱਠਾ ਪਾ ਦਿੱਤਾ ਹੈ।


ਲੇਖਕ : ਜਸਪ੍ਰੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਫੁਲਕਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੁਲਕਾਰੀ (ਨਾਂ,ਇ) ਗੂਹੜੇ ਫੁੱਲਾਂ ਦੀ ਕਢਾਈ ਵਾਲਾ ਕੱਪੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਫੁਲਕਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੁਲਕਾਰੀ [ਨਾਂਇ] ਸਿਰ ਉੱਤੇ ਲੈਣ ਵਾਲ਼ਾ ਖੱਦਰ ਦਾ ਕੱਪੜਾ ਜਿਸ ਉੱਪਰ ਰੇਸ਼ਮ ਦੇ ਧਾਗਿਆਂ ਨਾਲ਼ ਕਢਾਈ ਕੀਤੀ ਜਾਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫੁਲਕਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁਲਕਾਰੀ. ਸੰਗ੍ਯਾ—ਗੁਲਕਾਰੀ. ਕਸ਼ੀਦੇ ਨਾਲ ਜਿਸ ਵਸਤ੍ਰ ਪੁਰ ਫੁੱਲ ਕੱਢੇ ਹੋਏ ਹੋਣ. ਫੁਲਕਾਰੀ ਖਾਸ ਕਰਕੇ ਇਸਤ੍ਰੀਆਂ ਦੇ ਓਢਣ ਦਾ ਵਸਤ੍ਰ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫੁਲਕਾਰੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਫੁਲਕਾਰੀ : ਫੁਲਕਾਰੀ ਜਿਥੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਉਥੇ ਭਾਰਤੀ ਕਲਾਕਾਰੀ ਦੀ ਵੀ ਜਿੰਦ-ਜਾਨ ਆਖਿਆ ਜਾ ਸਕਦਾ ਹੈ। ਪੁਰਾਤਨ ਸਮਿਆਂ ਵਿਚ ਵਿਦਿਆ ਨੂੰ ਇਸਤਰੀ ਦੇ ਬਹੁਤਾ ਯੋਗ ਨਹੀਂ ਸੀ ਸਮਝਿਆ ਜਾਂਦਾ ਪਰ ਉਹ ਘਰੋਗੀ ਦਸਤਕਾਰੀ ਕਤਾਈ, ਸਿਲਾਈ, ਕਸੀਦਾ, ਕਢਾਈ, ਨਾਲੇ, ਦਰੀਆਂ, ਨੁਆਰ ਤੇ ਰਸੋਈ ਆਦਿ ਦੇ ਕੰਮਾਂ ਵਿਚ ਵਧੇਰੇ ਨਿਪੁੰਨ ਪਾਈ ਜਾਂਦੀ ਸੀ। ਕੁੜੀ ਲਈ ਕਸੀਦਾ ਸਿੱਖਣਾ ਤਾਂ  ਸਭ ਕੰਮਾਂ ਨਾਲੋਂ ਜ਼ਰੂਰੀ ਸਮਝਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਵੀ ਇਕ ਸ਼ਬਦ ਵਿਚ ਫ਼ਰਮਾਉਂਦੇ ਹਨ, ''ਕਢਿ ਕਸੀਦਾ ਪਹਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ ॥'' ਇਹ ਕਲਾ ਉੱਚੇ ਘਰਾਣਿਆਂ ਤੇ ਕਿਰਤੀ ਸ਼੍ਰੇਣੀਆਂ ਦੋਵਾਂ ਵਿਚ ਬੜੀ ਹਰਮਨ ਪਿਆਰੀ ਰਹੀ ਹੈ। ਇਸ ਦਾ ਖ਼ਿਆਲ ਪ੍ਰਾਚੀਨ ਯੂਨਾਨ ਤੇ ਰੋਮ ਦੀਆਂ ਇਸਤਰੀਆਂ ਦੀ ਝਾਕੀ ਸਜੀਵ ਕਰ ਦਿੰਦਾ ਹੈ। ਮਹਾਨ ਉਲੀਸਸ ਦੀ ਪਤਨੀ ਪੈਨੀਲੋਪ ਆਪਣੀ ਖੱਡੀ ਤੇ ਕੱਪੜਾ ਬੁਣਦੀ ਸੀ, ਰੋਮਨ ਸ਼ਹਿਜ਼ਾਦੀਆਂ ਦੀਆਂ ਨੌਕਰਾਣੀਆਂ ਉਨ੍ਹਾਂ ਨਾਲ ਮਹਿਲਾਂ ਵਿਚ ਬੈਠੀਆਂ ਹੋਈਆਂ ਕਸੀਦਾ ਕੱਢਿਆ ਕਰਦੀਆਂ ਸਨ।

ਫੁਲਕਾਰੀ ਦਾ ਅਰਥ ਹੈ ਫੁੱਲ ਕੱਢਣਾ। ਇਸ ਦੇ ਹੋਂਦ ਵਿਚ ਆਉਣ ਬਾਰੇ ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ ਮਿਲਦਾ। ਖ਼ਿਆਲ ਕੀਤਾ ਜਾਂਦਾ ਹੈ ਕਿ ਕਸ਼ਮੀਰ ਵਿਚ ਆਉਣ ਵਾਲੇ  ਮੁਸਲਮਾਨ ਇਸ ਹੁਨਰ ਨੂੰ ਆਪਣੇ ਨਾਲ ਲਿਆਏ। ਈਰਾਨ ਵਿਚ ਇਸ ਕਲਾ ਨੂੰ 'ਗੁਲਕਾਰੀ' ਕਿਹਾ ਜਾਂਦਾ ਸੀ। ਗੁਲਕਾਰੀ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਫੁੱਲ ਕੱਢਣਾ। ਅਜੋਕੀ ਕਸ਼ਮੀਰੀ ਕਸ਼ੀਦਾਕਾਰੀ, ਚੀਨੀ ਤੇ ਈਰਾਨੀ ਕਸੀਦਾਕਾਰੀ ਨਾਲ ਜਾ ਜੁੜਦੀ ਹੈ। ਕੁਝ ਕੁ ਲੋਕਾਂ ਦਾ ਵਿਚਾਰ ਹੈ ਕਿ ਮੱਧ ਏਸ਼ੀਆ ਵਿਚੋਂ ਭਾਰਤ ਵਿਚ ਆਏ ਗੁੱਜਰ ਤੇ ਜੱਟ ਆਦਿ ਕੌਮਾਂ ਫੁਲਕਾਰੀ ਕਲਾ ਆਪਣੇ ਨਾਲ ਲਿਆਈਆਂ। ਇਸ ਤਰ੍ਹਾਂ ਦੇ ਇਕ ਦੂਜੇ ਕੱਪੜੇ ਨੂੰ ਬਾਗ਼ ਆਖਿਆ ਜਾਂਦਾ ਹੈ। ਫੁਲਕਾਰੀ ਤੇ ਕੱਢੇ ਵੇਲ ਬੂਟੇ ਤੇ ਫੁੱਲਾਂ ਆਦਿ ਦੇ ਚਿਤਰ ਬਾਗ਼ ਵਾਂਗ ਹੀ ਲਗਦੇ ਹਨ। ਬਾਗ਼ ਤੇ ਫੁਲਕਾਰੀ ਦੀ ਕਢਾਈ ਆਪਣੀ ਸ਼ੈਲੀ ਤੇ ਤੋਪੇ ਵਿਚ ਚੀਨੀ ਤੇ ਈਰਾਨੀ ਕਸੀਦਾਕਾਰੀ ਤੋਂ ਵੱਖਰੀ ਹੈ।

ਫੁਲਕਾਰੀ ਤੇ ਬਾਗ਼ ਦੀ ਕਢਾਈ ਲਈ ਆਮ ਤੌਰ ਤੇ ਖੱਦਰ ਦਾ ਕੱਪੜਾ ਵਰਤਿਆ ਜਾਂਦਾ ਹੈ। ਕਈ ਇਸਤਰੀਆਂ ਵਧੀਆ ਖੱਦਰ, ਖ਼ਾਸ ਕਰ ਕੇ ਹਲਵਾਨ ਉੱਤੇ ਕਸੀਦਾ ਕੱਢਦੀਆਂ ਹਨ। ਹਲਵਾਨ ਲਾਲ, ਨਰਮ ਤੇ ਸਾਫ਼ ਖੱਦਰ ਦਾ ਨਾਂ ਹੈ। ਕਸੀਦੇ ਲਈ ਲਾਲ, ਗੂੜ੍ਹੇ ਨੀਲੇ ਤੇ ਸਫੈਦ ਰੰਗ ਦੇ ਖੱਦਰ ਦੀ ਵਰਤੋਂ ਕੀਤੀ ਜਾਂਦੀ ਹੈ। ਫੁਲਕਾਰੀ ਜਾਂ ਬਾਗ਼ ਲਈ ਖੱਦਰ ਦਾ ਬਰ ਜਾਂ ਪਨ੍ਹਾ ਛੋਟਾ ਹੋਣ ਕਰ ਕੇ ਇਸ ਦੇ ਦੋ ਜਾਂ ਤਿੰਨ ਟੁਕੜਿਆਂ ਨੂੰ ਆਪਸ ਵਿਚ ਜੋੜਨਾ ਪੈਂਦਾ ਸੀ ਤੇ ਇਹ ਬਰੀਕ ਤੋਪੇ ਨਾਲ ਪੁੱਠੇ ਸਿਉਂ ਦਿੱਤੇ ਜਾਂਦੇ ਹਨ। ਸੁਚੱਜੀ ਕਢਾਈ ਸਦਕਾ ਸਿੱਧੇ ਪਾਸਿਓਂ ਇਹ ਸਿਊਣ ਨਜ਼ਰ ਨਹੀਂ ਆਉਂਦੀ।

ਫੁਲਕਾਰੀ ਦੀ ਤੋਪਾਕਾਰੀ ਬੜੀ ਸਾਧਾਰਨ ਹੈ। ਇਸ ਨੂੰ ਕਸ਼ਮੀਰੀ ਕਢਾਈ ਆਖਦੇ ਹਨ। ਇਹ ਕਢਾਈ ਕਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ ਤੇ ਕਿਸੇ ਕਿਸਮ ਦੇ ਨਮੂਨੇ ਜਾਂ ਖ਼ਾਕੇ ਦੀ ਮਦਦ ਨਹੀਂ ਲਈ ਜਾਂਦੀ। ਦੂਜੀਆਂ ਕਢਾਈਆਂ ਵਾਂਗ ਇਸ ਨੂੰ ਵੀ ਚਿਰੋਕੇ ਅਭਿਆਸ ਤੇ ਤੇਜ਼ ਨਜ਼ਰ ਦੀ ਲੋੜ ਪੈਂਦੀ ਹੈ। ਇਸ ਦੀ ਕਢਾਈ ਦੀ ਮੁਹਾਰਤ ਕਈ ਵਰ੍ਹੇ ਦੀ ਸਿਖਲਾਈ ਨਾਲ ਹਾਸਲ ਹੁੰਦੀ ਹੈ। ਪੁਰਾਣੇ ਸਮਿਆਂ ਵਿਚ ਲੜਕੀ ਨੂੰ ਅੱਠ ਨੌਂ ਵਰ੍ਹੇ ਦੀ ਉਮਰ ਵਿਚ ਹੀ ਕਸੀਦਾ ਕੱਢਣਾ ਸਿਖਾਇਆ ਜਾਂਦਾ ਸੀ। ਕਈ ਵਰ੍ਹੇ ਉਹ ਮੋਟੇ ਖੱਦਰ ਤੇ ਸਸਤੇ ਧਾਗੇ ਨਾਲ ਕਢਾਈ ਸਿਖਦੀਆਂ ਸਨ। ਇਨ੍ਹਾਂ ਵਰ੍ਹਿਆਂ ਦੀ ਘਾਲਣਾ ਨਾਲ ਉਹ ਫੁਲਕਾਰੀ ਕਲਾ ਵਿਚ ਪੂਰਨਤਾ ਹਾਸਲ ਕਰਦੀਆਂ ਅਤੇ ਹੌਲੀ ਹੌਲੀ ਉਨ੍ਹਾਂ ਨੂੰ ਬਾਗ਼ਾਂ ਅਤੇ ਫੁਲਕਾਰੀਆਂ ਦੀਆਂ ਅਨੇਕ ਪ੍ਰਕਾਰ ਦੀਆਂ ਬੂਟੀਆਂ ਕੱਢਣ ਦੀ ਜਾਚ ਆ ਜਾਂਦੀ ਸੀ। ਇਸ ਦੀ ਕਢਾਈ ਜਿਥੇ ਸੌਖੀ ਹੈ ਉਥੇ ਵਧੇਰੇ ਧਿਆਨ ਦੀ ਵੀ ਮੰਗ ਕਰਦੀ ਹੈ। ਜੇ ਇਕ ਤੋਪਾ ਵੀ ਗਲਤ ਪੈ ਜਾਵੇ ਤਾਂ ਨਮੂਨਾ ਖ਼ਰਾਬ ਹੋ ਜਾਂਦਾ ਹੈ ਤੇ ਕਢਾਈ ਦੇ ਨਮੂਨੇ ਦੀ ਬਨਾਵਟ ਵਿਚ ਇਕਸਾਰਤਾ ਵੀ ਨਹੀਂ ਰਹਿੰਦੀ।

ਫੁਲਕਾਰੀਆਂ ਤੇ ਬਾਗ਼ਾਂ ਲਈ ਹਮੇਸ਼ਾ ਕਈ ਪ੍ਰਕਾਰ ਦਾ ਲਾਲ ਜਾਂ ਗੂੜ੍ਹਾ ਨੀਲਾ ਖੱਦਰ ਵਰਤਿਆ ਜਾਂਦਾ ਹੈ। ਕਈ ਫੁਲਕਾਰੀਆਂ ਵਿਚ ਵਿਚਕਾਰਲਾ ਭਾਗ ਬਾਕੀ ਭਾਗ ਨਾਲੋਂ ਕਿਸੇ ਦੂਜੇ ਰੰਗ ਵਿਚ ਕੱਢਿਆ ਹੁੰਦਾ ਹੈ ਜਦੋਂ ਕਿ ਬਾਗ਼ ਆਮ ਤੌਰ ਤੇ ਇਕੋ ਰੰਗ ਵਿਚ ਕੱਢੇ ਜਾਂਦੇ ਹਨ ਕਿਤੇ ਕਿਤੇ ਦੂਜੇ ਰੰਗ ਵਿਚ ਤੋਪੇ ਭਰੇ ਹੋਏ ਦਿਸਦੇ ਹਨ ਪਰ ਇਹ ਢੰਗ ਕਿਸੇ ਰੰਗ ਭੇਦ ਲਈ ਨਹੀਂ ਸਗੋਂ ਬੂਟੀਆਂ ਦੇ ਇਕ ਦੂਜੇ ਨਾਲ ਮੇਲ ਲਈ ਵਰਤਿਆ ਜਾਂਦਾ ਹੈ। ਪੱਛਮੀ ਪੰਜਾਬ ਦੇ ਬਾਗ਼ਾਂ ਵਿਚ ਇਕੋ ਰੰਗ ਦੇ ਇਕ ਜਾਂ ਦੋ ਰੂਪ ਮਿਲਦੇ ਹਨ ਪਰ ਆਮ ਤੌਰ ਤੇ ਚਿੱਟੇ ਤੇ ਸੁਨਹਿਰੀ-ਸੰਤਰੀ ਤੇ ਪੀਲੇ ਸਾਵੇ ਤੇ ਗੂੜ੍ਹੇ ਲਾਲ ਰੰਗ ਵਿਚ ਕੱਢੇ ਬਾਗ਼ ਬੜੇ ਹੀ ਸੁੰਦਰ ਤੇ ਪਿਆਰੇ ਲਗਦੇ ਹਨ। ਕਈ ਵਾਰ ਜਾਨਵਰਾਂ ਦੀਆਂ ਤਸਵੀਰਾਂ ਬਣਾਉਣ ਵੇਲੇ ਉਨ੍ਹਾਂ ਦੇ ਕੁਦਰਤੀ ਰੰਗ ਦਾ ਖ਼ਿਆਲ ਰਖਿਆ ਜਾਂਦਾ ਹੈ।

ਫੁਲਕਾਰੀ ਦੀ ਸੁੰਦਰਤਾ ਕਾਫੀ ਹੱਦ ਤਕ ਉਸ ਦੇ ਕੱਪੜੇ ਦੀ ਰੰਗਾਈ ਤੇ ਨਿਰਭਰ ਕਰਦੀ ਸੀ। ਪੁਰਾਣੇ ਸਮਿਆਂ ਵਿਚ ਰਸਾਇਣਕ ਰੰਗ ਨਹੀਂ ਸਨ ਮਿਲਿਆ ਕਰਦੇ। ਇਸ ਲਈ ਔਰਤਾਂ ਕੁਝ ਖ਼ਾਸ ਕਿਸਮ ਦੇ ਬੂਟਿਆਂ ਦੇ ਪੱਤਿਆਂ, ਫੁੱਲਾਂ, ਜੜ੍ਹਾਂ ਅਤੇ ਛਿਲਕੇ ਤੋਂ ਦੇਸੀ ਰੰਗ ਤਿਆਰ ਕਰਦੀਆਂ ਸਨ।  ਇਹ ਰੰਗ, ਸਸਤੇ ਅਤੇ ਤੇਜ਼ ਹੁੰਦੇ ਸਨ। ਸਾਧਾਰਨ ਰੰਗ ਪਲਾਸ ਦੇ ਫੁੱਲਾਂ, ਕਿੱਕਰ ਤੇ ਛਿਲਕੇ ਅਤੇ ਮਜੀਠ ਦੀਆਂ ਜੜ੍ਹਾਂ ਤੋਂ ਤਿਆਰ ਕੀਤੇ ਜਾਂਦੇ ਸਨ। ਫੁਲਕਾਰੀ ਦਾ ਕੱਪੜਾ ਰੰਗਣ ਲਈ ਮਜੀਠੀ ਰੰਗ ਦੀ ਆਮ ਵਰਤੋਂ ਕੀਤੀ ਜਾਂਦੀ ਸੀ।

ਪੰਜਾਬ ਦੀ ਕਢਾਈ ਕਲਾ ਸਿਰਫ਼ ਫੁਲਕਾਰੀ ਤਕ ਹੀ ਸੀਮਿਤ ਨਹੀਂ ਸਗੋਂ ਕਈ ਸੰਗ੍ਰਹਿਆਲਿਆਂ ਵਿਚ ਬੜੀਆਂ ਸੋਹਣੀਆਂ ਤੇ ਕਲਾ ਭਰਪੂਰ ਕਢਾਈਆਂ ਵੇਖਣ ਵਿਚ ਆਉਂਦੀਆਂ ਹਨ ਜੋ ਪੁਰਾਤਨ ਸਮਿਆਂ ਵਿਚ ਫੁਲਕਾਰੀ ਵਾਂਗ ਬਹੁਤ ਪ੍ਰਚੱਲਤ ਸਨ। ਇਨ੍ਹਾਂ ਵਿਚ ਮੁੱਖ ਤੌਰ ਤੇ ਕਾਂਗੜੇ ਦਾ ਰੁਮਾਲ ਵਰਣਨ ਯੋਗ ਹੈ। ਰੇਸ਼ਮ ਜਾਂ ਟਸਰ ਦੇ ਕੱਪੜੇ ਉੱਤੇ ਮਿਥਿਹਾਸ ਵਿਚੋਂ ਵਿਸ਼ੇਸ਼ ਕਰ ਕੇ ਮਹਾਂਭਾਰਤ ਤੇ ਰਾਮਾਇਣ ਦੀਆਂ ਕਥਾਵਾਂ ਦੇ ਪ੍ਰਸਿੱਧ ਦ੍ਰਿਸ਼ ਲੈ ਕੇ ਰੁਮਾਲ ਉੱਤੇ ਕਢਾਈ ਰਾਹੀਂ ਰੂਪਮਾਨ ਕੀਤੇ ਜਾਂਦੇ ਸਨ। ਕਲਾ ਪੱਖੋਂ ਇਹ ਕਢਾਈ ਬੜੀ ਉੱਚਪਾਏ ਦੀ ਹੁੰਦੀ ਸੀ। ਕੱਪੜਾ ਸਫ਼ੈਦ ਜਾਂ ਮਲਾਈ ਰੰਗਾ ਹੁੰਦਾ ਸੀ। ਕਾਂਗੜੇ ਦਾ ਰੁਮਾਲ ਜਿਥੇ ਇਸ ਇਲਾਕੇ ਦੇ ਲੋਕਾਂ ਦੇ ਸਭਿਆਚਾਰਕ ਵਿਰਸੇ ਦੀ ਰਹਿਨੁਮਾਈ ਕਰਦਾ ਹੈ ਉਥੇ ਕਢਾਈ ਦੀ ਬੇਮਿਸਾਲ ਕਲਾਕਾਰੀ ਦਾ ਵੀ ਪ੍ਰਦਰਸ਼ਨ ਕਰਦਾ ਹੈ। ਵਿਆਹ ਸ਼ਾਦੀਆਂ ਤੇ ਕੁੜੀ ਵਾਲੇ, ਮੁੰਡੇ ਵਾਲਿਆਂ ਅਤੇ ਮੁੰਡੇ ਵਾਲੇ, ਕੁੜੀ ਵਾਲਿਆਂ ਨੂੰ ਅਜਿਹੇ ਕੁਝ ਰੁਮਾਲ ਸੁਗਾਤ ਵਜੋਂ ਦਿਆ ਕਰਦੇ ਸਨ। ਵਿਆਹ ਦੀ ਇਸ ਛੋਟੀ ਜਿਹੀ ਰਸਮ ਨੇ ਹੀ ਇਥੋਂ ਦੀ ਇਸ ਕਢਾਈ ਦੀ ਕਲਾ ਨੂੰ ਜਨਮ ਦਿੱਤਾ। ਇਸ ਤੋਂ ਬਿਨਾਂ ਇਹ ਰੁਮਾਲ ਦੇਵੀ ਦੇਵਤਿਆਂ ਦੇ ਆਸਣਾਂ ਉੱਤੇ ਵਿਛਾਉਣ ਲਈ ਵੀ ਵਰਤੇ ਜਾਂਦੇ ਸਨ। ਪਿੰਡ ਵਿਚ ਆਏ ਕਿਸੇ ਸਰਕਾਰੀ ਮਹਿਮਾਨ ਨੂੰ ਨਜ਼ਰਾਨੇ ਵਜੋਂ ਇਹ ਰੁਮਾਲ ਭੇਟਾ ਕੀਤੇ ਜਾਂਦੇ ਸਨ। ਇਸ ਪ੍ਰਕਾਰ ਕਾਂਗੜਾ ਜੋ ਉੱਤਰ-ਪੂਰਬੀ ਪੰਜਾਬ (1947 ਈ. ਤੋਂ ਪਹਿਲਾਂ ਦਾ ਪੰਜਾਬ) ਦੇ ਹਿਮਾਲਾ ਪਰਬਤ ਵਿਚ ਸੀਮਿਤ ਇਕ ਖ਼ੂਬਸੂਰਤ ਵਾਦੀ ਹੈ, ਨੇ ਕੌਮੀ ਕਢਾਈ ਵਾਲੀ ਇਸ ਕਲਾ ਨੂੰ ਹੀ ਜਨਮ ਨਹੀਂ ਦਿੱਤਾ ਸਗੋਂ ਇਥੋਂ ਦੇ ਕਲਾਕਾਰਾਂ ਨੇ ਸੂਖ਼ਮ ਚਿਤਰਕਲਾ ਦਾ ਵੀ ਵਿਕਾਸ ਕੀਤਾ ਜਿਸ ਨੇ ਕੌਮੀ ਕਲਾ ਭੰਡਾਰ ਨੂੰ ਰੱਜਵੀਂ ਸ਼ੋਭਾ ਦਿੱਤੀ।

ਕੋਇਟੇ ਅਤੇ ਲਾਸ-ਬੇਲਾ ਦੇ ਵਿਚਕਾਰਲੇ ਪਹਾੜੀ ਪ੍ਰਦੇਸ਼ਾਂ ਵਿਚ ਬਰਾਹੂਈ ਨਾਂ ਦੇ ਖ਼ਾਨਾਬਦੋਸ਼ ਲੋਕ ਰਹਿੰਦੇ ਸਨ। ਇਨ੍ਹਾਂ ਦੀਆਂ ਇਸਤਰੀਆਂ ਇਕ ਵਿਸ਼ੇਸ਼ ਢੰਗ ਦੀ ਕਢਾਈ ਦਾ ਕੰਮ ਕਰਦੀਆਂ ਸਨ। ਇਹ ਫੁਲਕਾਰੀ ਦੀ ਕਢਾਈ ਨਾਲੋਂ ਸੋਹਣੀ ਤੇ ਸੰਘਣੀ ਹੈ। ਇਸ ਦੇ ਰੰਗਾਂ ਦਾ ਮੇਲ ਫੁਲਕਾਰੀ ਵਾਂਗ ਸਜੀਵ ਤੇ ਭੜਕੀਲਾ ਹੁੰਦਾ ਹੈ ਤੇ ਇਨ੍ਹਾਂ ਦੇ ਚਿਤਰਾਂ ਵਿਚ ਵੀ ਸਮਾਨਤਾ ਹੈ।

ਸਿੰਧ ਦੀ ਕਢਾਈ ਵੀ ਸੋਹਣੀ ਤੇ ਕਲਾਮਈ ਹੈ। ਇਸ ਦੇ ਚਿੱਤਰ ਪੰਜਾਬੀ ਤੇ ਬਰਾਹੂਈ ਕਢਾਈ ਨਾਲ ਮੇਲ ਖਾਂਦੇ ਹਨ। ਸਿੰਧੀ ਕਢਾਈ ਦੀ ਇਕ ਖ਼ਾਸ ਖੂਬੀ ਇਹ ਹੈ ਕਿ ਇਸ ਵਿਚ ਨਿੱਕੇ ਨਿੱਕੇ ਸ਼ੀਸ਼ੇ ਜੜ੍ਹੇ ਜਾਂਦੇ ਹਨ ਜਿਨ੍ਹਾਂ ਸਦਕਾ ਇਹ ਬੜੀ ਪਿਆਰੀ ਤੇ ਦਿਲਖਿਚਵੀਂ ਬਣ ਜਾਂਦੀ ਹੈ। ਇਥੋਂ ਦੇ ਲੋਕਾਂ ਵੱਲੋਂ ਸਿਰਾਂ ਤੇ ਬੰਨ੍ਹੇ ਜਾਣ ਵਾਲੇ ਪਟਕਿਆਂ ਅਤੇ ਪਹਿਨੀਆਂ ਜਾਣ ਵਾਲੀਆਂ ਧੋਤੀਆਂ ਦੀ ਕਢਾਈ ਫੁਲਕਾਰੀ ਦੀ ਕਢਾਈ ਨਾਲ ਇੰਨ-ਬਿੰਨ ਮੇਲ ਖਾਂਦੀ ਹੈ। ਜਿਵੇਂ ਸਿੰਧ ਦੀ ਸਭਿਅਤਾ ਪੰਜਾਬ ਦੀ ਸਭਿਅਤਾ ਨਾਲ ਮਿਲ ਜਾਂਦੀ ਹੈ ਇਵੇਂ ਹੀ ਉਥੋਂ ਦੀ ਇਹ ਕਲਾ ਅਤੇ ਦਸਤਕਾਰੀ ਪੰਜਾਬੀ ਕਲਾ ਨਾਲ ਮਿਲਦੀ ਜੁਲਦੀ ਹੈ।

ਕਿਸੇ ਘਰ ਦੇ ਵਿਹੜੇ ਜਾਂ ਕਿਸੇ ਰੁੱਖ ਦੀ ਸੰਘਣੀ ਛਾਂ ਵਿਚ ਇਕੱਠੀਆਂ ਬੈਠੀਆਂ ਮੁਟਿਆਰਾਂ ਤੇ ਅੱਧਖੜ ਔਰਤਾਂ ਉਦੋਂ ਇਕ ਮਨੋਹਰ ਦ੍ਰਿਸ਼ ਪੇਸ਼ ਕਰਦੀਆਂ ਹਨ ਜਦੋਂ ਇਸ ਇਕੱਠ ਦੀਆਂ ਕੁਝ ਔਰਤਾਂ ਕੱਤ ਰਹੀਆਂ ਹੁੰਦੀਆਂ ਹਨ, ਇਕ ਦੋ ਫੁਲਕਾਰੀ ਕੱਢ ਰਹੀਆਂ ਹੁੰਦੀਆਂ ਹਨ, ਕੋਈ ਦਰੀ ਲਈ ਸੂਤ ਦੇ ਲੱਛੇ ਸੁਕਾ ਰਹੀ ਹੁੰਦੀ ਹੈ। ਇਸ ਸਮੇਂ ਔਰਤਾਂ ਕੰਮ ਮੁੱਕਣ ਤੇ ਕੋਈ ਗੀਤ ਵੀ ਗਾਉਂਦੀਆਂ ਹਨ। ਕੁੜੀਆਂ ਕੇਵਲ ਫੁਲਕਾਰੀ ਕੱਢਣ ਲਈ ਜਦੋਂ ਰਲ ਕੇ ਬਹਿੰਦੀਆਂ ਹਨ ਤਾਂ ਉਹ ਫੁਲਕਾਰੀ ਨਾਲ ਸਬੰਧਤ ਗੀਤ ਗਾਉਂਦੀਆਂ ਹਨ। ਜੇ ਫੁਲਕਾਰੀ ਵਿਆਹੀ ਜਾਣ ਵਾਲੀ ਕੁੜੀ ਲਈ ਰਾਖਵੀਂ ਹੈ ਤਾਂ ਸੁਹਾਗ ਦੇ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਵਿਚ ਲੜਕੀ ਦੇ ਭਵਿੱਖ, ਉਸ ਦੇ ਨਵੇਂ ਸਾਕ-ਸਬੰਧੀਆਂ ਦੀਆਂ ਝਾਕੀਆਂ ਹੁੰਦੀਆਂ ਹਨ। ਗੀਤ ਵਿਚ ਕੁੜੀਆਂ ਆਪਣੀ ਸਹੇਲੀ ਨੂੰ ਸ਼ੁਭ ਇਛਾਵਾਂ ਤੇ ਅਸੀਸਾਂ ਦਿੰਦੀਆਂ ਹਨ। ਜੇ ਫੁਲਕਾਰੀ ਨੀਂਗਰ (ਲੜਕੇ) ਦੇ ਪਰਿਵਾਰ ਲਈ ਹੁੰਦੀ ਤਾਂ ਇਸ ਵਿਚ ਘੋੜੀਆਂ ਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਫੁਲਕਾਰੀ ਨੇ ਲੋਕ ਗੀਤਾਂ ਵਿਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ। ਤ੍ਰਿੰਜਣਾਂ ਵਿਚ ਘੁੰਮਰ ਪੈ ਜਾਂਦੇ ਹਨ। ਗੀਤਾਂ ਦੀ ਤੁਰਦੀ ਫਿਰਦੀ ਆਵਾਜ਼ ਚਰਖੇ ਦੀ ਘੂੰ ਘੂੰ ਨਾਲ ਬਹਿਸ਼ਤਾਂ ਨੂੰ ਮਾਤ ਪਾਉਂਦੀ ਹੈ। ਅਜਿਹੇ ਸੁਖਦ ਅਤੇ ਰੋਮਾਂਟਕ ਵਾਤਾਵਰਣ ਵਿਚ ਫੁਲਕਾਰੀ ਦੀ ਕਢਾਈ ਵਿਚ ਭਰੇ ਜਾ ਰਹੇ ਇਕ ਇਕ ਤੋਪੇ ਵਿਚ ਜ਼ਿੰਦਗੀ ਦੀਆਂ ਸੱਧਰਾਂ ਭਰੀਆਂ ਜਾਂਦੀਆਂ ਹਨ ਤੇ ਇਨ੍ਹਾਂ ਤੋਪਿਆਂ ਦੀ ਇਕਸੁਰਤਾ ਤੇ ਭਵਿੱਖ ਦੀਆਂ ਸੱਧਰਾਂ ਦੇ ਸੁਮੇਲ ਸਦਕਾ ਗੀਤ ਆਪਣੇ ਆਪ ਉਮੜ ਪੈਂਦੇ ਹਨ:

          ''ਫੁਲਕਾਰੀ ਮੇਰੀ ਰੇਸ਼ਮੀ, ਰੰਗ ਨਾ ਆਇਆ ਠੀਕ,

          ਛੇਤੀ ਦਰਸ਼ਨ ਦੇਵਣੇ, ਮੈਂ ਰਸਤਾ ਰਹੀ ਉਡੀਕ।

          ਮੈਡੇ ਸਿਰ ਫੁਲਕਾਰੀ ਆ,

          ਤੁਸੀਂ ਗਏ ਪਰਦੇਸ ਜੋਬਨ ਕਿਸ ਕਾਰੀ ਆ ?

– – – – – – – – – – – – – – – –

ਫੁਲਕਾਰੀ ਸਾਡੀ ਰੇਸ਼ਮੀ, ਉੱਤੇ ਚਮਕਣ ਮੋਰ,

ਗੱਲਾਂ ਤੁਹਾਡੀਆਂ ਮਿੱਠੀਆਂ, ਅੰਦਰੋਂ ਦਿਲ ਨੇ ਹੋਰ।

– – – – – – – – – – – – – – – –

ਹੁਸਨ ਗੋਰੀ ਦਾ ਚੋ ਚੋ ਪੈਂਦਾ, ਜਿਓਂ ਮਾਖਿਓਂ ਮਖਿਆਰੀ ਦਾ,

ਨੈਣ ਗੋਰੀ ਦੇ ਕੱਜਲਾ ਪਾਇਆ, ਡਾਢਾ ਰੰਗ ਫੁਲਕਾਰੀ ਦਾ।

ਮਨੁੱਖ ਦੇ ਵੱਖ-ਵੱਖ ਸੁਭਾਅ ਵਾਂਗ ਫੁਲਕਾਰੀ ਵੀ ਕਈ ਕਿਸਮਾਂ ਦੀ ਪਾਈ ਜਾਂਦੀ ਹੈ। ਇਨ੍ਹਾਂ ਉੱਤੇ  ਕੱਢੇ ਗਏ ਫੁੱਲਾਂ, ਵੇਲ ਬੂਟਿਆਂ ਦੇ ਚਿਤਰ ਵੱਖ-ਵੱਖ ਇਲਾਕਿਆਂ ਵਿਚ ਵੱਖਰੀ-ਵੱਖਰੀ ਕਿਸਮ ਦੇ ਹੁੰਦੇ ਹਨ। ਬਾਗ਼, ਚੋਪ ਜਾਂ ਸੁੱਭਰ, ਤਿਲ-ਪੱਤਰਾ, ਨੀਲਕ, ਘੁੰਗਟ ਬਾਗ਼ ਤੇ ਛੱਮਾਸ ਆਦਿ ਫੁਲਕਾਰੀ ਦੀਆਂ ਪ੍ਰਸਿੱਧ ਕਿਸਮਾਂ ਹਨ।

ਬਾਗ਼ – ਇਸ ਵਿਚ ਅਤੇ ਆਮ ਫੁਲਕਾਰੀ ਵਿਚ ਇਹ ਫਰਕ ਹੁੰਦਾ ਹੈ ਕਿ ਬਾਗ਼ ਦੀ ਕਢਾਈ ਵਿਚ ਕੱਪੜੇ ਦੀ ਕੋਈ ਵੀ ਥਾਂ ਖਾਲੀ ਨਹੀਂ ਰਹਿਣ ਦਿੱਤੀ ਜਾਂਦੀ। ਫੁਲਕਾਰੀ ਵਾਂਗ ਬਾਗ਼ਾਂ ਵਿਚ ਵੱਖਰੇ-ਵੱਖਰੇ ਪੱਲੇ ਨਹੀਂ ਜੋੜੇ ਜਾਂਦੇ, ਸਗੋਂ ਬਾਗ਼ ਦੀ ਮੁੱਖ ਜ਼ਮੀਨ ਦੀਆਂ ਬੂਟੀਆਂ ਤੇ ਸ਼ਕਲਾਂ ਕੱਢੀਆਂ ਹੀ ਵੱਖਰੀ ਤਰਤੀਬ ਵਿਚ ਜਾਂਦੀਆਂ ਹਨ। ਕਈਆਂ ਦੇ ਪੱਲਿਆਂ ਤੇ ਬੜੀਆਂ ਖ਼ੂਬਸੂਰਤ ਸ਼ਕਲਾਂ ਬਣਾਈਆਂ ਜਾਂਦੀਆਂ ਹਨ। ਜਿਨ੍ਹਾਂ ਬਾਗ਼ਾਂ ਵਿਚ ਪੱਲਾ ਉੱਕਾ ਹੀ ਨਹੀਂ ਹੁੰਦਾ ਉਨ੍ਹਾਂ ਦੇ ਸਿਰਿਆਂ ਉੱਤੇ ਕਿਨਾਰੀਨੁਮਾ ਬਾਰੀਕ ਤੋਪੇ ਭਰੇ ਜਾਂਦੇ ਹਨ। ਬਾਗ਼ਾਂ ਉੱਤੇ ਕਈ ਪ੍ਰਕਾਰ ਦੀਆਂ ਬੂਟੀਆਂ ਤੇ ਕੋਣਦਾਰ ਜਾਂ ਗੋਲਾਕਾਰੀ ਨਮੂਨੇ ਕੱਢੇ ਜਾਂਦੇ ਹਨ।

ਚੋਪ – ਇਹ ਵਿਆਹ ਦੀ ਫੁਲਕਾਰੀ ਹੈ। ਚੋਪ ਲੜਕੀ ਨੂੰ ਚੂੜਾ ਚੜ੍ਹਾਉਣ ਵੇਲੇ ਨਾਨੀ ਦਿੰਦੀ ਹੈ। ਇਹ ਸਾਧਾਰਨ ਫੁਲਕਾਰੀ ਤੋਂ ਵੱਡੀ ਹੁੰਦੀ ਹੈ ਤੇ ਇਸ ਦੀ ਕਢਾਈ ਵੀ ਇਕ ਖਾਸ ਗੁੰਝਲਦਾਰ ਤੋਪੇ ਦੁਆਰਾ ਕੀਤੀ ਜਾਂਦੀ ਹੈ। ਇਹ ਬੜੇ ਵਧੀਆ ਸੂਹੇ ਲਾਲ ਖੱਦਰ ਤੇ ਸੁਨਹਿਰੀ ਪੀਲੇ ਧਾਗੇ ਨਾਲ ਕੱਢੀ ਜਾਂਦੀ ਹੈ। ਇਸ ਦੀ ਕਢਾਈ ਕੇਵਲ ਪੱਲਿਆਂ ਤੇ ਪਾਸਿਆਂ ਉੱਤੇ ਹੀ ਕੀਤੀ ਜਾਂਦੀ ਹੈ ਜਦੋਂ ਕਿ ਵਿਚਕਾਰਲੀ ਭੋਇੰ ਬਿਨਾਂ ਕਢਾਈ ਦੇ ਹੁੰਦੀ ਹੈ। ਇਸ ਦੀ ਕਢਾਈ ਦਾ ਤੋਪਾ ਬੜਾ ਛੋਟਾ ਹੁੰਦਾ ਹੈ ਤੇ ਕਢਾਈ ਦੇ ਤੋਪਿਆਂ ਨਾਲ ਕੱਪੜੇ ਤੇ ਚੌਰਸ ਜਾਂ ਗੋਲ ਫੇਰਾਂ ਵਿਚ ਬੂਟੇ ਪਾਏ ਜਾਂਦੇ ਹਨ। ਇਹ ਕੁੜੀ ਦੇ ਦਾਜ ਦੀ ਇਕ ਖ਼ਾਸ ਚੀਜ਼ ਮੰਨੀ ਜਾਂਦੀ ਸੀ।

ਨਾਨੀ ਤੇ ਮਾਂ ਚੋਪ ਕੱਢਣ ਦੇ ਕੰਮ ਵਿਚ ਬੜਾ ਮਾਣ ਮਹਿਸੂਸ ਕਰਦੀਆਂ ਸਨ ਕਿਉਂਕਿ ਇਹ ਸ਼ਗਨਾਂ ਦਾ ਕਾਰਜ ਹੁੰਦਾ ਸੀ। ਇਸ ਲਈ ਇਸ ਕੰਮ ਲਈ ਸ਼ੁਭ ਦਿਨ ਲੱਭਿਆ ਜਾਂਦਾ ਸੀ। ਕੰਮ ਆਰੰਭਣ ਵੇਲੇ ਕੁੜੀ ਦੀਆਂ ਆਂਢ-ਗੁਆਂਢ ਦੀਆਂ ਸਹੇਲੀਆਂ ਨੂੰ ਸੱਦਾ ਦਿੱਤਾ ਜਾਂਦਾ ਸੀ। ਘਰ ਲਿਪਿਆ ਪੋਚਿਆ ਜਾਂਦਾ ਸੀ, ਸਾਰੀਆਂ ਸਖੀਆਂ ਸਹੇਲੀਆਂ ਵਿਚ ਗੁੜ ਤੇ ਖੋਪਾ ਵੰਡਿਆ ਜਾਂਦਾ ਤੇ ਸਾਰੀਆਂ ਕੁੜੀਆਂ ਦੇ ਸੱਜੇ ਹੱਥ ਤੇ ਮੌਲੀ ਦਾ ਧਾਗਾ ਬੰਨ੍ਹਿਆ ਜਾਂਦਾ ਸੀ। ਢੋਲਕੀ ਦੀ ਤਾਲ ਤੇ ਕੁੜੀਆਂ ਸੁਹਾਗ ਦੇ ਗੀਤ ਗਾਉਂਦੀਆਂ ਸਨ ਤੇ ਨਾਨੀ ਚੋਪ ਤੇ ਪਹਿਲਾ ਤੋਪਾ ਭਰਦੀ ਸੀ। ਇਸ ਤੇ ਸਭ ਔਰਤਾਂ ਨਾਨੀ ਤੇ ਦੋਹਤੀ ਨੂੰ ਸ਼ੁਭ ਇਛਾਵਾਂ ਦੇਂਦੀਆਂ ਸਨ। ਬਾਗ਼ ਜਾਂ ਫੁਲਕਾਰੀ ਸੁੰਦਰ ਕਲਾ ਕਿਰਤ ਹੀ ਨਹੀਂ ਸਗੋਂ ਮਾਂ ਦੀ ਮਮਤਾ ਅਤੇ ਸ਼ਰਧਾ ਦਾ ਇਕ ਪਿਆਰ ਭਰਿਆ ਚਿੰਨ੍ਹ ਹੈ। ਚੋਪ ਪੰਜਾਬੀ ਲੋਕ-ਜੀਵਨ ਦੀਆਂ ਸਾਂਝੀਆਂ ਪ੍ਰੀਤਾਂ ਦੇ ਕੁੰਭ ਦਾ ਫ਼ਲ ਹੈ।

ਅੱਜਕੱਲ੍ਹ ਰਿਵਾਜ ਨਾ ਹੋਣ ਕਰ ਕੇ ਇਹ ਬੜੀ ਮੁਸ਼ਕਿਲ ਮਿਲਦੀ ਹੈ ਤੇ ਅਜੋਕੇ ਸਮੇਂ ਵਿਚ ਵਿਰਸੇ ਦੀ ਇਕ ਦੁਰਲੱਭ ਵਸਤੂ ਬਣ ਕੇ ਰਹਿ ਗਈ ਹੈ। ਸਾਡੀ ਸਭਿਆਚਾਰਕ ਵਿਰਾਸਤ ਦੀ ਇਕ ਵੱਡਮੁੱਲੀ ਚੀਜ਼ ਹੋਣ ਕਰ ਕੇ ਜਿਥੇ ਕਿਤੇ ਵੀ ਇਹ ਉਪਲੱਬਧ ਹੈ, ਬੜੀ ਸੰਭਾਲ ਕੇ ਰਖੀ ਜਾਂਦੀ ਹੈ।

ਸੁੱਭਰ – ਇਹ ਇਕ ਲਾਲ ਰੰਗ ਦਾ ਸ਼ਗਨਾਂ ਭਰਿਆ ਕਪੜਾ ਹੈ ਜੋ ਕੁੜੀ ਅਕਸਰ ਲਾਵਾਂ ਵੇਲੇ ਸਿਰ ਤੇ ਲੈਂਦੀ ਹੈ। ਇਹ ਗੂੜ੍ਹੇ ਲਾਲ ਖੱਦਰ ਦਾ ਹੁੰਦਾ ਹੈ। ਇਸ ਦੇ ਕੇਵਲ ਕੋਨਿਆਂ ਤੇ ਅਤੇ ਵਿਚਕਾਰ ਆਮ ਤੌਰ ਤੇ ਪੰਜ ਪੰਜ ਬੂਟੀਆਂ ਕੱਢੀਆਂ ਹੁੰਦੀਆਂ ਹਨ। ਇਸ ਦਾ ਬਾਕੀ ਹਿੱਸਾ ਬਿਲਕੁਲ ਸਾਫ਼ ਹੁੰਦਾ ਹੈ।

ਤਿਲ-ਪੱਤਰਾ – ਇਸ ਕਿਸਮ ਦੀਆਂ ਫੁਲਕਾਰੀਆਂ ਹਲਕੀ ਕਿਸਮ ਦੇ ਖੱਦਰ ਉੱਤੇ ਮਿਹਨਤਾਨਾ ਦੇ ਕੇ ਬਣਵਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਭੋਇੰ ਅਤੇ ਪੱਲੇ ਉੱਤੇ ਇਧਰ ਉਧਰ ਕੁਝ ਤੋਪੇ ਭਰੇ ਹੁੰਦੇ ਹਨ। ਇਹ ਵਿਆਹ ਵੇਲੇ ਨੌਕਰਾਂ ਚਾਕਰਾਂ ਤੇ ਲਾਗੀਆਂ ਆਦਿ ਨੂੰ ਨਕਦੀ ਨਾਲ ਸੁਗਾਤ ਵਜੋਂ ਦਿਤੀਆਂ ਜਾਂਦੀਆਂ ਹਨ। ਇਸ ਕਰ ਕੇ ਮਾਂ, ਚਾਚੀਆਂ, ਤਾਈਆਂ ਤੇ ਪਰਿਵਾਰ ਦੀਆਂ ਹੋਰ ਔਰਤਾਂ ਵਿਆਹ ਤੋਂ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਨੂੰ ਕੱਢਿਆ ਕਰਦੀਆਂ ਸਨ। ਬਾਅਦ ਵਿਚ ਸਮੇਂ ਦੀ ਬਚਤ ਲਈ ਇਹ ਬਜ਼ਾਰੋਂ ਪੈਸੇ ਦੇ ਕੇ ਕਢਵਾਉਣ ਦਾ ਰਿਵਾਜ ਪੈ ਗਿਆ।

ਨੀਲਕ– ਕਾਲੇ ਜਾਂ ਨੀਲੇ ਖੱਦਰ ਤੇ ਪੀਲੇ, ਗੂੜ੍ਹੇ ਲਾਲ ਰੇਸ਼ਮ ਨਾਲ ਕੱਢੀ ਨੀਲਕ ਫੁਲਕਾਰੀ ਕਿਸਾਨ ਔਰਤਾਂ ਵਿਚ ਬੜੀ ਹਰਮਨ-ਪਿਆਰੀ ਰਹੀ ਹੈ। ਇਹ ਬੜੀ ਸੋਹਣੀ ਤੇ ਮਨ-ਭਾਉਂਦੀ ਫੁਲਕਾਰੀ ਹੈ। ਗੂੜ੍ਹੇ ਨੀਲੇ ਰੰਗ ਨੂੰ ਸਿਆਹੀ-ਮਾਇਲ ਬਣਾਉਣ ਲਈ ਇਸ ਵਿਚ ਕੁਝ ਲੋਹਾ ਮਿਲਾ ਕੇ ਇਸ ਦਾ ਰੰਗ ਤਿਆਰ ਕੀਤਾ ਜਾਂਦਾ ਸੀ।

ਘੁੰਗਟ ਬਾਗ਼– ਇਹ ਇਕ ਪ੍ਰਸਿੱਧ ਬਾਗ਼ ਹੈ ਜੋ ਰਾਵਲਪਿੰਡੀ (ਪਾਕਿਸਤਾਨ) ਦੇ ਇਲਾਕੇ ਦੀ ਪਿਆਰੀ ਵਸਤੂ ਹੈ। ਇਸ ਦੇ ਸਿਰ ਉਤਲੇ ਹਿੱਸੇ ਵਿਚ ਤਿਕੋਨੀ ਕਢਾਈ ਕੀਤੀ ਹੁੰਦੀ ਹੈ। ਤਿਕੋਨ ਦਾ ਆਧਾਰ ਮੱਥੇ ਦੀ ਪੂਰੀ ਗੋਲਾਈ ਉੱਤੇ ਅਤੇ ਸਿਖਰ ਗਰਦਨ ਦੇ ਪਿਛਲੇ ਹਿੱਸੇ ਤੇ ਪੈਂਦਾ ਹੈ। ਘੁੰਗਟ ਬਾਗ਼ਾਂ ਵਿਚ ਆਮ ਤੌਰ ਤੇ ਦੋ ਵੱਡੇ ਤਿਕੋਨੇ ਬੂਟੇ ਕੱਢੇ ਹੁੰਦੇ ਹਨ ਅਤੇ ਸਜਾਵਟ ਵਜੋਂ ਰਿਬਨ ਵਾਂਗ ਗੋਟਾ ਲਾਇਆ ਜਾਂਦਾ ਹੈ।

ਛੱਮਾਸ– ਪੁਰਾਣੇ ਪੰਜਾਬ ਦੇ ਦੱਖਣ-ਪੂਰਬੀ ਭਾਗ, ਖ਼ਾਸ ਕਰ ਕੇ ਰੋਹਤਕ, ਗੁੜਗਾਵਾਂ, ਹਿਸਾਰ ਅਤੇ ਦਿੱਲੀ ਦੇ ਪ੍ਰਦੇਸ਼ ਵਿਚ ਸ਼ੀਸ਼ੇ ਦੇ ਕੰਮ ਵਾਲੀ ਫੁਲਕਾਰੀ ਦਾ ਰਿਵਾਜ ਆਮ ਰਿਹਾ ਹੈ। ਸ਼ੀਸ਼ੇ ਦੇ ਗੋਲ ਟੁਕੜੇ ਪੀਲੇ ਜਾਂ ਸਲੇਟੀ ਨੀਲੇ ਧਾਗੇ ਨਾਲ ਲਾਲ ਜਾਂ ਸਲੇਟੀ ਕੱਪੜੇ ਉੱਤੇ ਜੜ੍ਹ ਦਿੱਤੇ ਜਾਂਦੇ ਸਨ। ਭਾਰੀ ਅਤੇ ਸ਼ੋਭਾ ਭਰਪੂਰ ਇਹ ਫੁਲਕਾਰੀ ਆਪਣੀ ਕਿਸਮ ਦੀ ਅਨੋਖੀ ਚੀਜ਼ ਹੈ। ਸ਼ੀਸ਼ੇ ਦੇ ਇਹ ਗੋਲ ਚਮਕਦਾਰ ਟੁਕੜੇ ਕਸੀਦੇ ਦੇ ਕੰਮ ਦੀ ਸ਼ੋਭਾ ਪੂਰੀ ਤਰ੍ਹਾਂ ਪ੍ਰਗਟਾਉਂਦੇ ਹਨ।

ਦੱਖਣੀ ਤੇ ਦੱਖਣ-ਪੱਛਮੀ ਪੰਜਾਬ ਦੀਆਂ ਫੁਲਕਾਰੀਆਂ ਵਿਚ ਬੂਟੀਆਂ ਦੀ ਬਨਾਵਟ ਅਤੇ ਤੋਪੇ ਦੇ ਲਿਹਾਜ਼ ਨਾਲ ਕੁਝ ਵੱਖਰਾਪਣ ਹੈ। ਇਨ੍ਹਾਂ ਦੇ ਪੱਲੇ ਚੌੜੇ ਹੁੰਦੇ ਹਨ ਜਿਨ੍ਹਾਂ ਉੱਤੇ ਬੜੇ ਪਿਆਰੇ ਨਮੂਨੇ ਕੱਢੇ ਹੁੰਦੇ ਹਨ। ਕਢਾਈ ਦਸੂਤੀ ਤੋਪੇ ਅਤੇ ਇਕ ਖਾਸ ਕਿਸਮ ਦੇ ਸਾਟਨ-ਤੋਪੇ ਨਾਲ ਕੀਤੀ ਹੁੰਦੀ ਹੈ। ਚੋਪ ਤੇ ਕੀਤੇ ਕੰਮ ਵਾਂਗ ਇਨ੍ਹਾਂ ਦੇ ਪੱਲੇ ਵੀ ਦੋਹੀਂ ਪਾਸੀਂ ਕੱਢੇ ਹੁੰਦੇ ਹਨ। ਇਨ੍ਹਾਂ ਉੱਤੇ ਪਸ਼ੂ ਪੰਛੀਆਂ ਦੇ ਚਿਤਰ ਵੀ ਆਮ ਕੱਢੇ ਹੁੰਦੇ ਹਨ। ਪੱਛਮੀ ਤੇ ਪੂਰਬੀ ਪੰਜਾਬ ਦੀਆਂ ਫੁਲਕਾਰੀਆਂ ਅਤੇ ਬਾਗ਼ਾਂ ਦੇ ਉਲਟੇ ਪਾਸੇ ਮੱਧਮ ਜਿਹੀਆਂ ਨੁਕਤੇਦਾਰ ਲਕੀਰਾਂ ਤੋਂ ਛੁਟ ਹੋਰ ਕੁਝ ਨਹੀਂ ਹੁੰਦਾ ਪਰ ਦੱਖਣ ਤੇ ਦੱਖਣ ਪੱਛਮੀ ਪੰਜਾਬ ਵਿਚ ਰੇਸ਼ਮ ਦੀ ਥਾਂ ਜ਼ਿਆਦਾਤਰ ਘਰ ਕੱਤਿਆ ਸੂਤੀ ਧਾਗਾ ਹੀ ਵਰਤਿਆ ਜਾਂਦਾ ਹੈ ਜਿਸ ਕਰ ਕੇ ਇਨ੍ਹਾਂ ਇਲਾਕਿਆਂ ਦੀ ਕਢਾਈ ਹਲਕੀ ਕਿਸਮ ਦੀ ਮੰਨੀ ਜਾਂਦੀ ਹੈ। ਕਈ ਵਾਰੀ ਫੁਲਕਾਰੀ ਦੇ ਕੋਨੇ ਵਿਚ ਸਾਧਾਰਨ ਗਹਿਣੇ–ਪਹੁੰਚੀ, ਕੰਗਣ, ਮੁਰਕੀਆਂ, ਮੁੰਦਰੀਆਂ ਤੇ ਹਾਰ ਆਦਿ ਵੀ ਕੱਢੇ ਮਿਲਦੇ ਹਨ। ਇਸ ਕਿਸਮ ਦੀਆਂ ਫੁਲਕਾਰੀਆਂ ਸੈਂਚੀ ਨਾਂ ਨਾਲ ਪ੍ਰਸਿੱਧ ਹਨ।

ਉੱਨੀਵੀਂ ਸਦੀ ਦੇ ਅੰਤਿਮ ਅੱਧ ਨੂੰ ਬੜੀਆਂ ਤੇਜ਼ ਤਬਦੀਲੀਆਂ ਵਿਚੋਂ ਗੁਜ਼ਰਨਾ ਪਿਆ। ਸੱਨਅਤੀ ਸਭਿਆਚਾਰ ਨੇ ਸਮਾਜਕ ਜੀਵਨ ਵਿਚ ਇਕ ਇਨਕਲਾਬ ਜਿਹਾ ਲੈ ਆਂਦਾ। ਇਸ ਤਬਦੀਲੀ ਨਾਲ ਪੁਰਾਣੇ ਰਸਮਾਂ ਰਿਵਾਜਾਂ ਅਤੇ ਰਵਾਇਤਾਂ ਨੂੰ ਕਾਫ਼ੀ ਸੱਟ ਵੱਜੀ, ਲੋਕਾਂ ਵਿਚੋਂ ਪੁਰਾਣੇ ਸਭਿਆਚਾਰ ਪ੍ਰਤੀ ਮੋਹ ਵੀ ਜਾਂਦਾ ਰਿਹਾ। ਅਜੋਕੇ ਰੁਝੇਵੇਂ ਭਰੇ ਜੀਵਨ ਵਿਚ ਲੋਕਾਂ ਕੋਲ ਇੰਨਾ ਵਾਧੂ ਸਮਾਂ ਵੀ ਨਾ ਰਿਹਾ ਕਿ ਉਹ ਮਹੀਨਿਆਂ ਬੱਧੀ ਸਮਾਂ ਫੁਲਕਾਰੀ ਦੀ ਕਢਾਈ ਆਦਿ ਲਈ ਕੱਢ ਸਕਣ। ਸਸਤੇ ਸੂਤੀ, ਰੇਸ਼ਮੀ, ਊਨੀ ਕੱਪੜੇ ਨੇ ਪਹਿਰਾਵੇ ਵਿਚ ਤੇਜ਼ ਤਬਦੀਲੀ ਲਿਆਂਦੀ ਜਿਸ ਕਰ ਕੇ ਫੁਲਕਾਰੀ ਲਗਭਗ ਜੀਵਨ ਵਿਚੋਂ ਲੋਪ ਹੀ ਹੋ ਗਈ।

ਦੇਸ਼ ਦੀ ਵੰਡ ਦਾ ਵੀ ਫੁਲਕਾਰੀ ਦੀ ਵਿਰਾਸਤ ਤੇ ਚੌਖਾ ਪ੍ਰਭਾਵ ਪਿਆ। ਪਿੰਡਾਂ ਦੇ ਲੋਕਾਂ ਦੇ ਮੁੜ ਵਸੇਬੇ ਨੇ ਇਸ ਸ਼ੌਕ ਤੇ ਕਰਾਰੀ ਸੱਟ ਮਾਰੀ ਕਿਉਂਕਿ ਇਸ ਸਮੇਂ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸਥਾਪਤ ਕੀਤੇ ਜਾਣ ਵਾਲੇ ਰੈਣ-ਬਸੇਰੇ ਦੀ ਚਿੰਤਾ ਸੀ। ਹੁਣ ਕਿਸੇ ਵਿਰਲੇ ਘਰ ਵਿਚ ਕੋਈ ਫੁਲਕਾਰੀ ਵੇਖੀ ਜਾ ਸਕਦੀ ਹੈ ਜੋ ਕੇਵਲ ਸਭਿਆਚਾਰਕ ਵਿਰਸੇ ਦੀ ਸੰਭਾਲ ਲਈ ਰੱਖੀ ਗਈ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-03-21-48, ਹਵਾਲੇ/ਟਿੱਪਣੀਆਂ: ਹ. ਪੁ.-ਪੰ. -ਰੰਧਾਵਾ:36-57 ; ਪੰ. ਟ੍ਰਿ–2 ਜੂਨ, 1991

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.