ਬਾਜਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਜਕ (ਪਿੰਡ): ਬਠਿੰਡਾ ਜ਼ਿਲ੍ਹੇ ਦਾ ਇਕ ਪਿੰਡ ਜੋ ਜ਼ਿਲ੍ਹਾ ਨਗਰ ਤੋਂ 30 ਕਿ.ਮੀ. ਦੱਖਣ-ਪੱਛਮ ਵਲ ਹੈ। ਇਸ ਪਿੰਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦਿਆਂ ਪਧਾਰੇ ਸਨ। ਪਿੰਡ ਦੀ ਦੱਖਣ-ਪੱਛਮੀ ਬਾਹੀ ਵਲ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਬਣੇ ਸਮਾਰਕ ਨੂੰ ‘ਗੁਰਦੁਆਰਾ ਪਾਤਿਸ਼ਾਹੀ ਦਸਵੀਂ ’ ਕਿਹਾ ਜਾਂਦਾ ਹੈ। ਗੁਰੂ ਜੀ ਦੇ ਇਥੇ ਪਹੁੰਚਦਿਆਂ ਹੀ ਪਿੰਡ ਦੇ ਲੋਕੀਂ ਸੇਵਾ ਕਰਨ ਲਈ ਦੁੱਧ ਦੇ ਮਟਕੇ ਚੁਕ ਕੇ ਪਹੁੰਚ ਗਏ। ਇਥੇ ਸੁੱਖੂ ਅਤੇ ਬੁੱਧੂ ਨਾਂ ਦੇ ਦੋ ਦੀਵਾਨੇ ਸਾਧ ਵੀ ਬਦਲੇ ਦੀ ਭਾਵਨਾ ਨਾਲ ਆ ਪਹੁੰਚੇ, ਜਿਨ੍ਹਾਂ ਦੀ ਟੋਲੀ ਦੇ ਇਕ ਸਾਧ ਨੂੰ ਸਿੱਖਾਂ ਨੇ ਮਾਰ ਦਿੱਤਾ ਸੀ। ਸਥਾਨਕ ਰਵਾਇਤ ਅਨੁਸਾਰ ਜਿਉਂ ਹੀ ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਸਾਰਾ ਗੁੱਸਾ ਜਾਂਦਾ ਰਿਹਾ। ਉਨ੍ਹਾਂ ਨੇ ਗੁਰੂ ਜੀ ਦੀ ਖ਼ੂਬ ਸੇਵਾ ਕੀਤੀ ਅਤੇ ਦੋ ਸਿੰਘਾਂ ਨਾਲ ਰਲ ਕੇ ਗੁਰੂ ਜੀ ਦੇ ਪਲੰਘ ਨੂੰ ਵੀ ਕੁਝ ਦੂਰੀ ਲਈ ਚੁਕਿਆ। ਗੁਰਦੁਆਰੇ ਦੇ ਨਾਲ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਾਜਕ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਜਕ : ਇਤਿਹਾਸਕ ਮਹੱਤਤਾ ਰੱਖਣ ਵਾਲਾ ਇਹ ਪਿੰਡ ਜ਼ਿਲ੍ਹਾ ਅਤੇ ਤਹਿਸੀਲ ਬਠਿੰਡਾ ਵਿਚ, ਗਿੱਦੜਬਾਹਾ ਤੋਂ 10 ਕਿ. ਮੀ. ਦੀ ਦੂਰੀ ਤੇ ਸਥਿਤ ਹੈ। 

ਮਾਲਵੇ ਦੀ ਯਾਤਰਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਬਿਰਾਜੇ ਸਨ। ਉਦੋਂ ਇਸ ਪਿੰਡ ਵਿਚ ਸੁੱਖੂ ਅਤੇ ਬੁੱਧੂ ਨਾਂ ਦੇ ਦੋ ਦੀਵਾਨੇ ਸਾਧੂ ਰਹਿੰਦੇ ਸਨ ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ। ਇਨ੍ਹਾਂ ਨੇ ਗੁਰੂ ਜੀ ਨੂੰ ਮਾਲਵੇ ਦਾ ਇਕ ਗੀਤ ਗਾ ਕੇ ਸੁਣਾਇਆ :-

      ‘‘ਕੱਚਾ ਕੋਠਾ ਵਿਚ ਵਸਦਾ ਜਾਨੀ। 

       ਸਦਾ ਨਾ ਮਾਪੇ, ਨਿੱਤ ਨਾ ਜਵਾਨੀ, 

       ਚਲਣਾ ਅੱਗੇ ਹੋਇ, ਗੁਮਾਨੀ।’’

ਫ਼ਿਰ ਇਨ੍ਹਾਂ ਨੇ ਗੁਰੂ ਜੀ ਨੂੰ ਮਾਛੀਵਾੜੇ ਵਾਲਾ ਭੇਸ ਕਰਨ ਲਈ ਬੇਨਤੀ ਕੀਤੀ ਅਤੇ ਗੁਰੂ ਜੀ ਨੇ ਬੇਨਤੀ ਕਬੂਲ ਕਰ ਕੇ ਮਾਛੀਵਾੜੇ ਵਾਲਾ ਲਿਬਾਸ ਪਹਿਨਿਆ। ਇਨ੍ਹਾਂ ਸਾਧੂਆਂ ਨੇ ਸਿੱਖਾਂ ਨਾਲ ਮਿਲ ਕੇ ਗੁਰੂ ਜੀ ਦਾ ਪਲੰਘ ਚੁੱਕਿਆ ਅਤੇ ਉਨ੍ਹਾਂ ਨੂੰ ਜੱਸੀ ਪਹੁੰਚਾਇਆ। 

ਬਾਜਕ ਪਿੰਡ ਨਾਲ ਸਬੰਧਤ ਗੁਰੂ ਜੀ ਦੀ ਇਸ ਯਾਦ ਨੂੰ ਸਦੀਵੀ ਬਣਾਉਣ ਲਈ ਇਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। 

ਸੰਨ 1981 ਦੇ ਅੰਕੜਿਆਂ ਮੁਤਾਬਕ ਪਿੰਡ ਬਾਜਕ ਦਾ ਕੁੱਲ ਰਕਬਾ 1,091 ਹੈਕਟੇਅਰ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-01-36-34, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 850; ਤ. ਗਾ. ਗੁ. : 227; ਡਿ. ਸੈਂ. ਹੈਂ. ਬੁ-ਬਠਿੰਡਾ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.