ਬਾਹਰ-ਕੇਂਦਰਤ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬਾਹਰ-ਕੇਂਦਰਤ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਵਿਸ਼ਲੇਸ਼ਣ ਲਈ ਕੀਤੀ ਜਾਂਦੀ ਹੈ। ਵਾਕਾਤਮਕ ਬਣਤਰਾਂ ਦੇ ਸਰੂਪ ਅਤੇ ਕਾਰਜ ਨੂੰ ਅਧਾਰ ਬਣਾ ਕੇ ਇਕ ਸੰਗਠਨ ਵਿਚ ਵਿਚਰਨ ਵਾਲੀਆਂ ਇਕਾਈਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਬਣਤਰਾਂ ਦਾ ਸੰਕਲਪ ਸੀ. ਐਫ. ਹਾਕੇਟ ਨੇ ਪੇਸ਼ ਕੀਤਾ। ਇਹ ਦੋਵੇਂ ਪਰਕਾਰ ਦੀਆਂ ਬਣਤਰਾਂ ਇਸ ਪਰਕਾਰ ਹਨ : (i) ਅੰਦਰ-ਕੇਂਦਰਤ ਬਣਤਰਾਂ ਅਤੇ (ii) ਬਾਹਰ-ਕੇਂਦਰਤ ਬਣਤਰਾਂ। ਅੰਦਰ-ਕੇਂਦਰਤ ਬਣਤਰ ਦੇ ਅੰਤਰਗਤ ਉਨ੍ਹਾਂ ਵਾਕਾਤਮਕ ਬਣਤਰਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਬਣਤਰ ਵਿਚ ਇਕ ਤੱਤ ਸਮੁੱਚੀ ਬਣਤਰ ਅਨੁਸਾਰ ਕਾਰਜ ਕਰ ਸਕਣ ਦੀ ਸਮਰੱਥਾ ਰੱਖਦਾ ਹੈ, ਜਿਵੇਂ : ‘ਇਕ ਬਹੁਤ ਹੀ ਪਿਆਰਾ ਆਦਮੀ’ ਬਣਤਰ ਵਿਚ ‘ਆਦਮੀ’ ਸਮੁੱਚੀ ਬਣਤਰ ਦੀ ਥਾਂ ਕਾਰਜ ਕਰ ਸਕਦਾ ਹੈ। ਇਸ ਪਰਕਾਰ ਦੀਆਂ ਬਣਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਸਮਾਨ ਬਣਤਰਾਂ ਅਤੇ (ii) ਵਿਸ਼ੇਸ਼ਣੀ ਬਣਤਰਾਂ। ਦੂਜੇ ਪਾਸੇ ਜਦੋਂ ਕੋਈ ਇਕਾਈ ਸਮੁੱਚੀ ਬਣਤਰ ਦੀ ਥਾਂ ਕਾਰਜ ਕਰ ਸਕਣ ਦੀ ਸਮਰੱਥਾ ਨਹੀਂ ਰੱਖਦੀ ਉਸ ਭਾਂਤ ਦੀ ਇਕਾਈ ਨੂੰ ‘ਬਾਹਰ ਕੇਂਦਰਤ’ ਆਖਿਆ ਜਾਂਦਾ ਹੈ। ਹਾਕਟ ਨੇ ਬਾਹਰ ਕੇਂਦਰਤ ਬਣਤਰਾਂ ਨੂੰ ਤਿੰਨ ਵੰਨਗੀਆਂ ਵਿਚ ਰੱਖਿਆ ਹੈ, ਜਿਵੇਂ : (i) ਨਿਰਦੇਸ਼ਕੀ (Directive), (ii) ਵਿਧੇਈ (Predicative) ਅਤੇ (iii) ਸੰਯੋਜਕੀ (Conjunction)। ਨਿਰਦੇਸ਼ਕੀ ਬਣਤਰਾਂ ਵਿਚ ਦੋ ਪਰਕਾਰ ਦੇ ਤੱਤ ਵਿਚਰਦੇ ਹਨ। ਇਕ ਤੱਤ ਨੂੰ ਕੇਂਦਰ (Axis) ਅਤੇ ਦੂਜੇ ਤੱਤ ਨੂੰ ਨਿਰਦੇਸ਼ਕ ਆਖਿਆ ਜਾਂਦਾ ਹੈ, ਜਿਵੇਂ : ‘ਘਰ ਵਿਚ’ ਵਿਚ ‘ਘਰ’ ਕੇਂਦਰ ਵਜੋਂ ਅਤੇ ‘ਵਿਚ’ ਨਿਰਦੇਸ਼ਕ ਵਜੋਂ ਕਾਰਜ ਕਰਦਾ ਹੈ। ਇਸ ਭਾਂਤ ਦੀਆਂ ਬਣਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਸਬੰਧਕੀ ਬਣਤਰਾਂ ਅਤੇ (ii) ਸੰਯੋਜੀ (Conjunctive)। ਸਬੰਧਕੀ ਬਣਤਰਾਂ ਵਿਚ ਕਿਰਿਆ ਵਿਸ਼ੇਸ਼ਣੀ ਬਣਤਰਾਂ ਨੂੰ ਰੱਖਿਆ ਜਾਂਦਾ ਹੈ। ਇਸ ਪਰਕਾਰ ਦੀ ਬਣਤਰ ਵਿਚ ਸਬੰਧਕ ਸ਼ਰੇਣੀ ਦੇ ਸ਼ਬਦ ਨਿਰਦੇਸ਼ਨ ਕਰਦੇ ਹਨ। ਇਨ੍ਹਾਂ ਬਣਤਰਾਂ ਦੇ ਇਕ ਰੂਪ ਦੀ ਵਰਤੋਂ ਸਮੁੱਚੀ ਬਣਤਰ ਲਈ ਨਹੀਂ ਕੀਤੀ ਜਾ ਸਕਦੀ, ਜਿਵੇਂ : ‘ਰਾਜੇ ਮਹਿਲਾਂ ਵਿਚ ਰਹਿੰਦੇ ਹਨ’ ਵਿਚ ‘ਮਹਿਲਾਂ ਵਿਚ’ ਸਬੰਧਕੀ ਕਿਰਿਆ ਵਿਸ਼ੇਸ਼ਣੀ ਵਾਕੰਸ਼ ਹੈ। ਇਸ ਪਰਕਾਰ ਦੀਆਂ ਬਣਤਰਾਂ ਸਬੰਧਕ ਅਧਾਰਤ ਹੁੰਦੀਆਂ ਹਨ ਪਰ ਸਬੰਧਕ ਸਮੁੱਚੀ ਬਣਤਰ ਦੀ ਥਾਂ ਨਹੀਂ ਲੈ ਸਕਦਾ, ਜਿਵੇਂ : ‘ਰਾਜੇ...ਵਿਚ ਰਹਿੰਦੇ ਹਨ, ਰਾਜੇ ਮਹਿਲਾਂ ਵਿਚ ਰਹਿੰਦੇ ਹਨ।’ ਦੂਜੇ ਪਾਸੇ ਸੰਯੋਜਕੀ ਬਣਤਰਾਂ, ਵਾਕੰਸ਼ ਤੋਂ ਵੱਡੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਸਿਰਜਨਾ ਸੰਯੋਜਕ (ਜੇ, ਜੋ, ਜਿਵੇਂ, ਭਾਵੇਂ, ਕਿਉਂਕਿ, ਸਗੋਂ, ਜਿਥੇ, ਕਿ) ’ਤੇ ਅਧਾਰਤ ਹੁੰਦੀ ਹੈ, ਜਿਵੇਂ : ਜੇ ਉਹ ਮਿਹਨਤ ਕਰਦੇ, ਜੇ ਉਹ ਸਕੂਲ ਜਾਂਦਾ। ਵਾਕ ਦੀ ਬਣਤਰ ਵਿਚਲੇ ਕਾਰਜੀ ਤੱਤਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ਉਦੇਸ਼ ਅਤੇ ਵਿਧੇ। ਵਿਧੇ ਦੀ ਬਣਤਰ ਵਿਚ ਮੁੱਖ ਤੱਤ ਕਿਰਿਆ ਵਾਕੰਸ਼ ਹੁੰਦਾ ਹੈ। ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਰੂਪ ਆਪਣੀ ਵਿਆਕਰਨਕ ਵਿਸ਼ੇਸ਼ਤਾ ਕਰਕੇ ਵਾਕੰਸ਼ ਦਾ ਹਿੱਸਾ ਹੁੰਦੇ ਹਨ। ਇਨ੍ਹਾਂ ਦੀ ਬਣਤਰ ਵਿਚੋਂ ਕੋਈ ਇਕ ਤੱਤ ਸਮੁੱਚੇ ਵਾਕੰਸ਼ ਦਾ ਸਥਾਨ ਨਹੀਂ ਲੈ ਸਕਦਾ, ਜਿਵੇਂ : ‘ਪੰਜਵੀਂ ਸ਼ਰੇਣੀ ਦੇ ਬਾਅਦ ਬੱਚੇ ਸਕੂਲ ਨੂੰ ਛੱਡ ਦਿੰਦੇ ਰਹੇ ਹਨ’ ਹਨ ਵਿਚ ‘ਛੱਡ ਦਿੰਦੇ ਰਹੇ ਹਨ’ ਵਿਧੇਈ ਹੈ ਅਤੇ ਇਸ ਬਣਤਰ ਵਿਚ ‘ਛੱਡ’ ਮੁੱਖ ਕਿਰਿਆ ਹੈ ਪਰ ਇਸ ਦੀ ਬਣਤਰ ਵਿਚ ਕੋਈ ਇਕ ਰੂਪ ਸਮੁੱਚੇ ਵਾਕੰਸ਼ ਦਾ ਸਥਾਨ ਨਹੀਂ ਲੈ ਸਕਦੀ । ਯੋਜਨੀ ਬਣਤਰਾਂ ਵਿਚ ਸਬੰਧ ਜੋੜੂ ਕਿਰਿਆ ਦੋ ਇਕਾਈਆਂ ਨੂੰ ਜੋੜਦੀ ਹੈ, ਜਿਵੇਂ ‘ਉਹ ਪਾਗਲ ਹੈ, ਉਹ ਗਰੀਬ ਹੈ।’ ਇਨ੍ਹਾਂ ਬਣਤਰਾਂ ਵਿਚ ਵਿਚਰਨ ਵਾਲੀਆਂ ਇਕਾਈਆਂ ਨੂੰ ਸੰਯੋਜਕੀ ਸਬੰਧ ਜੋੜੂ ਕਿਰਿਆਵਾਂ (Coupler) ਰਾਹੀਂ ਜੋੜਿਆ ਜਾਂਦਾ ਹੈ। ਇਸ ਲਈ ਵਾਕਾਤਮਕ ਬਣਤਰਾਂ ਵਿਚ ਸਮੁੱਚੀ ਬਣਤਰ ਨੂੰ ਇਕ ਸ਼ਬਦ (ਮੁਖ) ਰਾਹੀਂ ਸਕਾਰ ਹੋਣ ਵਾਲੀਆਂ ਬਣਤਰਾਂ ਨੂੰ ਅੰਦਰ-ਕੇਂਦਰਤ ਅਤੇ ਬਾਕੀ ਸਾਰੀਆਂ ਬਣਤਰਾਂ ਨੂੰ ਬਾਹਰ-ਕੇਂਦਰਤ ਆਖਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.