ਬੁੱਲ੍ਹ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬੁੱਲ੍ਹ: ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਨੂੰ ਉਨ੍ਹਾਂ ਦੀ ਉਚਾਰਨ ਪਰਕਿਰਿਆ ਦੇ ਅਧਾਰ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ ਸਥਾਨ। ਜਿਹੜੇ ਉੇਚਾਰਨ ਅੰਗ ਆਪਣੇ ਨਿਸ਼ਚਤ ਸਥਾਨ ਤੋਂ ਹਿਲ ਕੇ ਦੂਜੇ ਉਚਾਰਨ ਅੰਗ ਨਾਲ ਸੰਪਰਕ ਕਰਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ ਇਸ ਤੋਂ ਉਲਟ ਜਿਹੜੇ ਉਚਾਰਨ ਅੰਗ ਧੁਨੀਆਂ ਦੇ ਉਚਾਰਨ ਵੇਲੇ ਨਿਸ਼ਚਤ ਸਥਾਨ ’ਤੇ ਟਿਕੇ ਰਹਿੰਦੇ ਹਨ ਉਨ੍ਹਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਆਮ ਤੌਰ ਤੇ ਮੂੰਹ ਦਾ ਉਪਰਲਾ ਹਿੱਸਾ ਉਚਾਰਨ ਸਥਾਨ ਵਜੋਂ ਕਾਰਜ ਕਰਦਾ ਹੈ ਅਤੇ ਜੀਭ ਸਮੇਤ ਮੂੰਹ ਦਾ ਹੇਠਲਾ ਹਿੱਸਾ ਉਚਾਰਕਾਂ ਵਜੋਂ ਕਾਰਜ ਕਰਦਾ ਹੈ। ਬੁੱਲ੍ਹਾਂ ਨੂੰ ਉਚਾਰਕਾਂ ਅਤੇ ਉਚਾਰਨ ਸਥਾਨ ਦੋਹਾਂ ਸੂਚੀਆਂ ਵਿਚ ਰੱਖਿਆ ਜਾਂਦਾ ਹੈ। ਪੰਜਾਬੀ ਵਿਚ ਦੋ ਹੋਂਠੀ ਧੁਨੀਆਂ (ਪ, ਫ, ਬ, ਮ, ਤੇ ਵ) ਦੇ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਪਰਲੇ ਬੁੱਲ੍ਹ ਦੇ ਸੰਪਰਕ ਵਿਚ ਆਉਂਦਾ ਹੈ ਇਸ ਲਈ ਹੇਠਲਾ ਬੁੱਲ੍ਹ ਉਚਾਰਕ ਹੈ ਅਤੇ ਉਪਰਲਾ ਬੁੱਲ੍ਹ ਉਚਾਰਨ ਸਥਾਨ ਹੈ। ਦੋ ਹੋਂਠੀ ਧੁਨੀਆਂ, ਉਚਾਰਨ-ਵਿਧੀ ਅਨੁਸਾਰ ਦੋ ਪਰਕਾਰ ਦੀਆਂ ਹੁੰਦੀਆਂ ਹਨ : ਡੱਕਵੀਆਂ (ਪ, ਫ, ਬ) ਅਤੇ ਨਾਸਕੀ (ਮ) ਬੁੱਲ੍ਹਾਂ ਦੇ ਨਾਲ ਧੁਨੀਆਂ ਦਾ ਇਕ ਹੋਰ ਵਰਗ ਜੁੜਿਆ ਹੋਇਆ ਹੈ। ਇਸ ਵਰਗ ਨੂੰ ਦੰਤ-ਹੋਂਠੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਪਰਲੇ ਦੰਦਾਂ ਦੇ ਸੰਪਰਕ ਵਿਚ ਆਉਂਦਾ ਹੈ। ਪੰਜਾਬੀ ਵਿਚ ਇਸ ਵਰਗ ਦੀ ਕੋਈ ਵੀ ਧੁਨੀ ਉਚਾਰੀ ਨਹੀਂ ਜਾਂਦੀ। ਅੰਗਰੇਜ਼ੀ ਧੁਨੀ-ਵਿਉਂਤ ਵਿਚ (F, V) ਇਸ ਵਰਗ ਦੀਆਂ ਧੁਨੀਆਂ ਹਨ। ਵਿਅੰਜਨ ਧੁਨੀਆਂ ਦੇ ਨਾਲ ਨਾਲ ਸਵਰ ਧੁਨੀਆਂ ਦੇ ਉਚਾਰਨ ਵੇਲੇ ਵੀ ਬੁੱਲ੍ਹ ਕਾਰਜਸ਼ੀਲ ਹੁੰਦੇ ਹਨ। ਪੰਜਾਬੀ ਵਿਚ ਧੁਨੀਆਂ ਦੇ ਉਚਾਰਨ ਦਾ ਇਕ ਲੱਛਣ ਹੈ : ਬੁੱਲ੍ਹਾਂ ਦੀ ਗੁਲਾਈ। ਗੁਲਾਈ ਦੇ ਅਧਾਰ ’ਤੇ ਪੰਜਾਬੀ ਸਵਰ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਗੁਲਾਈਦਾਰ ਸਵਰ ਅਤੇ (ii) ਗੁਲਾਈ ਰਹਿਤ ਸਵਰ। ਗੁਲਾਈਦਾਰ ਸਵਰਾਂ ਦੇ ਉਚਾਰਨ ਵੇਲੇ ਬੁੱਲ੍ਹਾਂ ਦੀ ਸਥਿਤੀ ਗੋਲ ਹੁੰਦੀ ਹੈ ਜਦੋਂ ਕਿ ਗੁਲਾਈ ਰਹਿਤ ਸਵਰਾਂ ਦੇ ਉਚਾਰਨ ਵੇਲੇ ਬੁੱਲ੍ਹਾਂ ਦੀ ਸਥਿਤੀ ਗੋਲ ਨਹੀਂ ਹੁੰਦੀ। ਪੰਜਾਬੀ ਵਿਚ ਪਿਛਲੇਰੇ ਅਤੇ ਵਿਚਕਾਰਲੇ ਸਵਰ (ਊ, ਉ, ਓ ਤੇ ਔ) ਉਚਾਰਨ ਵੇਲੇ ਬੁੱਲ੍ਹਾਂ ਦੀ ਸ਼ਕਲ ਗੁਲਾਈਦਾਰ ਹੁੰਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਬੁੱਲ੍ਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਲ੍ਹ (ਨਾਂ,ਪੁ) ਚਿਹਰੇ ਉੱਤੇ ਮੂੰਹ ਦੇ ਬਾਹਰ ਹੇਠ ਉੱਤੇ ਦੇ ਦੋ ਹੋਠ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੁੱਲ੍ਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਲ੍ਹ [ਨਾਂਪੁ] ਹੋਂਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.