ਭਗਵਤਗੀਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਗਵਤਗੀਤਾ: ਗੀਤਾ ਭਗਵਤਗੀਤਾ ਦਾ ਸੰਖੇਪ ਨਾਂ ਹੈ। ‘ਭਗਵਦ’ ਦਾ ਅਰਥ ਹੁੰਦਾ ਹੈ-‘ਭਗਵਾਨ’ ਅਤੇ ‘ਗੀਤਾ’ ਦਾ ਅਰਥ ਹੁੰਦਾ ਹੈ ‘ਗਾਇਆ’ ਹੋਇਆ।ਇਸ ਪ੍ਰਕਾਰ ਇਸ ਦਾ ਅਰਥ ਹੋਇਆ-ਜਿਸ ਨੂੰ ਭਗਵਾਨ ਨੇ ਗਾਇਆ ਹੋਵੇ ਜਾਂ ਸੁਣਾਇਆ ਹੋਵੇ। ਮਹਾਂਭਾਰਤ ਦਾ ਇੱਕ ਅੰਸ਼ ‘ਗੀਤਾ’ ਹੈ। ਮਹਾਂਭਾਰਤ ਦੇ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਰਜੁਨ ਨੇ ਦੇਖਿਆ ਉਸ ਦੇ ਪਿਤਾਮਾ ਭੀਸ਼ਮ, ਗੁਰੂ ਦਰੋਣਾਚਾਰੀਆ ਅਤੇ ਹੋਰ ਕਈ ਸੰਬੰਧੀ ਪਾਂਡਵਾਂ ਦੇ ਵਿਰੁੱਧ ਲੜਣ ਲਈ ਆਏ ਹੋਏ ਸਨ। ਯੁੱਧ ਜਿੱਤਣ ਦਾ ਮਤਲਬ ਸੀ ਇਹਨਾਂ ਸਾਰੇ ਆਪਣੇ ਹੀ ਲੋਕਾਂ ਨੂੰ ਮਾਰ ਦੇਣਾ। ਅਰਜੁਨ ਇਸ ਗੱਲ ਤੋਂ ਡਰ ਗਿਆ ਉਸ ਨੇ ਕਿਹਾ ਕਿ ਉਹ ਯੁੱਧ ਨਹੀਂ ਕਰੇਗਾ। ਇਸ `ਤੇ   ਕ੍ਰਿਸ਼ਨ ਜੋ ਉਸ ਸਮੇਂ ਉਸ ਦਾ ਰਥ ਚਲਾ ਰਹੇ ਸਨ, ਨੇ ਅਰਜੁਨ ਨੂੰ ਸਮਝਾਇਆ। ਕ੍ਰਿਸ਼ਨ ਦੀ ਇਹ ਹੀ ਸਿੱਖਿਆ ਤੇ ਯੁੱਧ ਨੂੰ ਕਰਤੱਵ ਮੰਨ ਕੇ ਉਸ ਵਿੱਚ ਸ਼ਾਮਲ ਹੋਣ ਲਈ ਦਿੱਤੇ ਗਏ ਤਰਕ ਗੀਤਾ ਦਾ ਮੁੱਖ ਵਿਸ਼ਾ ਹਨ।

 

     ਗੀਤਾ ਦੀ ਰਚਨਾ 500 ਈ. ਪੂਰਵ ਵਿੱਚ ਹੋਈ ਸੀ। ਗੀਤਾ ਦਾ ਮਹੱਤਵ ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਸ਼ੰਕਰਾਚਾਰੀਆ, ਰਾਮਾਨੁਜ, ਨਿੰਵਾਰਕ, ਮਧਵ ਅਤੇ ਬੱਲਭ ਜਿਹੇ ਸਾਰੇ ਮੰਨੇ ਹੋਏ ਅਚਾਰੀਆਂ ਨੇ ਇਸ ਤੇ ਟੀਕਾਵਾਂ ਲਿਖੀਆਂ ਹਨ। ਇਸ ਵਿੱਚ 18 ਅੰਕ ਹਨ ਅਤੇ 18 ਅੰਕਾਂ ਵਿੱਚ 700 ਸਲੋਕ ਹਨ। ਇਸ ਵਿੱਚ ਇੱਕ ਸਲੋਕ ਵਿੱਚ ਧ੍ਰਿਤਰਾਸ਼ਟਰ ਦਾ, 40 ਸਲੋਕਾਂ ਵਿੱਚ ਸੰਜੇ ਦਾ, 80 ਸਲੋਕਾਂ ਵਿੱਚ ਅਰਜੁਨ ਦਾ ਅਤੇ 579 ਸਲੋਕਾਂ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਕਥਨ ਹੈ।

     ਗੀਤਾ ਵਿੱਚ ਭਗਤੀ, ਗਿਆਨ ਅਤੇ ਕਰਮ ਵਿੱਚ ਭਗਤੀ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ‘ਯੋਗ’ ਦਾ ਅਰਥ ਨਾ ਤਾਂ ਸਰੀਰਕ ਕਸਰਤ ਮੰਨਿਆ ਗਿਆ ਹੈ ਅਤੇ ਨਾ ਸੰਸਾਰ ਤੋਂ ਭੱਜ ਕੇ ਇਕਾਂਤ ਵਿੱਚ ਰਹਿਣਾ ਅਤੇ ਈਸ਼ਵਰ ਦੀ ਪ੍ਰਾਪਤੀ। ਉੱਥੇ ਯੋਗ ਦਾ ਮਤਲਬ ਹੈ ‘ਸਥਿਤ ਪ੍ਰਗਯ’ (ਸਥਿਤੀ ਅਨੁਸਾਰ ਢਲਣਾ) ਹੋਣਾ। ‘ਸਥਿਤ ਪ੍ਰਗਯ’ ਹੋਣ ਦਾ ਮਤਲਬ ਹੈ ਸੁੱਖ-ਦੁੱਖ, ਲਾਭ-ਹਾਨੀ, ਹਾਰ ਜਿੱਤ ਦੋਨਾਂ ਹੀ ਸਥਿਤੀਆਂ ਵਿੱਚ ਮਨ ਨੂੰ ਟਿਕਾ ਕੇ ਅਤੇ ਇੱਕ ਸਮਾਨ ਰੱਖਣਾ। ਇਸ ਸਮਤਾ ਦੇ ਭਾਵ ਨੂੰ ਹੀ ਯੋਗ ਕਿਹਾ ਗਿਆ ਹੈ।

     ਗੀਤਾ ਵਿੱਚ ਕਰਮਯੋਗ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਗਿਆ ਹੈ। ਕ੍ਰਿਸ਼ਨ ਨੇ ਅਰਜੁਨ ਨੂੰ ਸਮਝਾਇਆ ਹੈ ਕਿ ਮਨੁੱਖ ਨੂੰ ਆਪਣਾ ਕਰਮ ਕਰਦੇ ਜਾਣਾ ਚਾਹੀਦਾ ਹੈ। ਉਸ ਨੂੰ ਫਲ ਸਮਾਂ ਆਉਣ ਤੇ ਹੀ ਮਿਲੇਗਾ। ਫਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਕੰਮ ਕਰਦੇ ਸਮੇਂ ਕਰਤਾਪਨ ਦਾ ਹੰਕਾਰ ਵੀ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ। ਕਰਾਉਣ ਵਾਲੀ ਪਰਮ ਸ਼ਕਤੀ ਹੈ। ਮਨੁੱਖ ਤਾਂ ਕੇਵਲ ਬਹਾਨਾ ਹੀ ਹੁੰਦਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਬਹਾਨਾ ਮੰਨ ਕੇ ਕੋਈ ਕੰਮ ਕਰੇਗਾ ਤਾਂ ਨਾ ਉਸ ਨੂੰ ਸੁੱਖ ਹੋਵੇਗਾ ਅਤੇ ਨਾ ਦੁੱਖ।

     ਗੀਤਾ ਵਿੱਚ ਚੰਗੇ ਗੁਣਾਂ ਨੂੰ ‘ਦੇਵੀ ਖ਼ਜ਼ਾਨਾ’ ਕਿਹਾ ਗਿਆ ਹੈ। ਨਿਡਰ ਹੋਣਾ, ਚੇਤਨਾ ਨੂੰ ਸ਼ੁੱਧ ਰੱਖਣਾ, ਗਿਆਨ ਯੋਗ ਲਈ ਤਿਆਰ ਰਹਿਣਾ, ਦਾਨ ਕਰਨ ਵਾਲਾ ਅਤੇ ਲਾਲਚੀ ਨਾ ਹੋਣਾ, ਸੱਚ ਬੋਲਣਾ, ਅਹਿੰਸਾ ਦਾ ਪਾਲਣ ਕਰਨਾ, ਗੁੱਸਾ ਨਾ ਕਰਨਾ, ਚੁਗ਼ਲੀ ਨਾ ਕਰਨਾ, ਸੰਸਾਰਿਕ ਇੱਛਾਵਾਂ ਨੂੰ ਤਿਆਗ ਦੇਣਾ, ਸਾਰੇ ਪ੍ਰਾਣੀਆਂ ਤੇ ਦਇਆ ਕਰਨਾ, ਮਨ ਤੋਂ ਕੋਮਲ ਹੋਣਾ, ਮਾਫ਼ ਕਰਨ ਵਾਲਾ ਹੋਣਾ, ਵੈਰ ਨੂੰ ਨਾ ਪਾਲਣਾ, ਝਗੜੇ ਤੋਂ ਦੂਰ ਰਹਿਣਾ, ਹੌਸਲੇ ਵਾਲਾ ਹੋਣਾ ਅਤੇ ਸਰੀਰ ਨੂੰ ਸ਼ੁੱਧ ਰੱਖਣਾ, ਅਜਿਹੇ ਹੀ ਚੰਗੇ ਗੁਣ ਮੰਨੇ ਗਏ ਹਨ। ਇਹਨਾਂ ਦਾ ਵਰਣਨ ਸੋਲਵੇਂ ਅੰਕ ਵਿੱਚ ਕੀਤਾ ਗਿਆ ਹੈ।

     ਇਸ ਦੇ ਉਲਟ ‘ਅਸੁਰੀ ਸੰਪਦਾ’ ਵਿੱਚ ਜਿਨ੍ਹਾਂ ਔਗੁਣਾਂ ਨੂੰ ਗਿਣਾਇਆ ਗਿਆ ਹੈ ਉਹ ਹਨ-ਦੇਹ, ਅਹੰਕਾਰ, ਅਭਿਮਾਨ, ਗੁੱਸਾ, ਮਨ ਦੀ ਕਠੋਰਤਾ, ਅਗਿਆਨ ਅਤੇ ਅਵਿਵੇਕ। ਇਹ ਮੰਨਿਆ ਗਿਆ ਹੈ ਕਿ ‘ਦੇਵੀ ਸੰਪਦਾ’ ਤੋਂ ਮੁਕਤੀ ਮਿਲਦੀ ਹੈ ਅਤੇ ਅਸੁਰੀ ਸੰਪਦਾ ਤੋਂ ਮਨੁੱਖੀ ਬੰਧਨਾਂ ਵਿੱਚ ਪੈਣਾ ਪੈਂਦਾ ਹੈ। ਕਾਮ, ਗੁੱਸਾ ਅਤੇ ਲਾਲਚ ਨੂੰ ਨਰਕ ਦਾ ਦੁਆਰ ਜਾਂ ਦਰਵਾਜ਼ਾ ਮੰਨਿਆ ਗਿਆ ਹੈ। ਜੋ ਇਹਨਾਂ ਤਿੰਨਾਂ ਤੋਂ ਬਚ ਜਾਂਦਾ ਹੈ ਉਹ ਪਰਮਗਤੀ ਨੂੰ ਪ੍ਰਾਪਤ ਕਰਦਾ ਹੈ।

     ਗੀਤਾ ਵਿੱਚ ਜੋ ਆਤਮਾ ਦੀ ਅਜਰਤਾ-ਅਮਰਤਾ ਦਾ ਉਪਦੇਸ਼ ਦਿੱਤਾ ਗਿਆ ਹੈ ਉਸ ਨੂੰ ਪੂਰੇ ਸੰਸਾਰ ਵਿੱਚ ਬਹੁਤ ਹੀ ਆਦਰ ਮਿਲਿਆ ਹੈ। ਦੁੱਖੀ ਮਨੁੱਖਾਂ ਦੇ ਮਨ ਨੂੰ ਇਸ ਗ੍ਰੰਥ ਤਂੋ ਅਰਾਮ ਮਿਲਦਾ ਹੈ। ਸੁੱਖੀ ਮਨੁੱਖ ਇਸ ਦੁਆਰਾ ਹੰਕਾਰ ਤੋਂ ਬਚਦਾ ਹੈ। ਕਰਮ ਤੋਂ ਭੱਜਣ ਵਾਲੇ ਨੂੰ ਇਸ ਤੋਂ ਕਰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸੰਸਾਰਿਕ ਮਨੁੱਖ ਨੂੰ ਇਸ ਤੋਂ ਚੰਗਾ ਵਿਅਕਤੀ ਬਣਨ ਦਾ ਸੁਧਾਰਕ ਮਿਲਦਾ ਹੈ। ਇਸ ਵਿੱਚ ਭਗਵਾਨ ਸੰਬੰਧੀ ਦਰਸ਼ਨ ਵੀ ਹੈ ਅਤੇ ਸਮਾਜਿਕ ਦਰਸ਼ਨ ਵੀ। ਵਿਅਕਤੀ ਨੂੰ ਸ਼ੇਖੀ ਦਾ ਰਸਤਾ ਵੀ ਇਸ ਵਿੱਚ ਦੱਸਿਆ ਗਿਆ ਹੈ ਤੇ ਮੁਕਤੀ ਦਾ ਮਾਰਗ ਵੀ। ਸੰਸਾਰ ਵਿੱਚ ਜਿਨ੍ਹਾਂ ਗੱਲਾਂ ਨੇ ਭਾਰਤ ਦਾ ਸਿਰ ਉੱਚਾ ਕੀਤਾ ਹੈ ਉਹਨਾਂ ਵਿੱਚ ਗੀਤਾ ਦਾ ਸਥਾਨ ਬਹੁਤ ਉੱਚਾ ਹੈ। 18 ਭਾਗਾਂ ਵਾਲੀ ਗੀਤਾ ਦੇ ਪਹਿਲੇ ਭਾਗ ਦਾ ਨਾਂ ਅਰਜੁਨ ਵਿਸ਼ਾਦਯੋਗ ਹੈ। ਇਸ ਵਿੱਚ ਪਾਂਡਵ ਅਤੇ ਕੌਰਵਾਂ ਦੀਆਂ ਸੈਨਾਵਾਂ ਦਾ ਯੁੱਧ ਵਾਸਤੇ ਕੁਰਕਸ਼ੇਤਰ ਵਿੱਚ ਇਕੱਠੇ ਹੋਣ ਦਾ ਵਰਣਨ ਹੈ। ਦੋਵੇਂ ਸੈਨਾਵਾਂ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ-ਆਪਣੇ ਸੰਖ ਵਜਾਉਂਦੀਆਂ ਹਨ। ਅਰਜੁਨ ਕ੍ਰਿਸ਼ਨ ਨੂੰ ਕਹਿੰਦਾ ਹੈ ਕਿ ਮੇਰਾ ਰਥ ਦੋਵੇਂ ਸੈਨਾਵਾਂ ਦੇ ਵਿੱਚ ਖੜਾ ਕਰੋ। ਇਸ ਤਰ੍ਹਾਂ ਹੋ ਜਾਣ ਤੇ ਉਹ ਵੇਖਦਾ ਹੈ ਕਿ ਉਸ ਦੇ ਨਾਲ ਯੁੱਧ ਕਰਨ ਵਾਸਤੇ ਉਹ ਸਾਰੇ ਰਿਸ਼ਤੇਦਾਰ ਆਏ ਹੋਏ ਹਨ ਜਿਨ੍ਹਾਂ ਨੂੰ ਮਾਰ ਕੇ ਉਹ ਵੀ ਜਿੰਦਾ ਨਹੀਂ ਰਹਿਣਾ ਚਾਹੁੰਦੇ। ਇਸ ਲਈ ਉਸ ਨੇ ਘਬਰਾ ਕੇ ਯੁੱਧ ਨਾ ਕਰਨ ਦੀ ਇੱਛਾ ਭਗਵਾਨ ਕ੍ਰਿਸ਼ਨ ਨੂੰ ਦੱਸੀ ਅਤੇ ਆਪਣਾ ਧਨੁੱਸ਼ ਰਥ ਤੇ ਰੱਖ ਦਿੱਤਾ। ਦੂਜੇ ਭਾਗ ਵਿੱਚ ਕ੍ਰਿਸ਼ਨ ਨੇ ਅਰਜੁਨ ਨੂੰ ਸਮਝਾਇਆ ਕਿ ਉਹ ਕੇਵਲ ਕਰਮ ਕਰਦਾ ਜਾਏ। ਫਲ ਦੀ ਚਿੰਤਾ ਛੱਡ ਦੇਵੇ। ਇਸ ਸਮੇਂ ਸ਼ਾਸਤਰ ਅਨੁਸਾਰ ਯੁੱਧ ਕਰਨਾ ਹੀ ਉਸ ਦਾ ਧਰਮ ਹੈ। ਉਹ ਸੁੱਖ-ਦੁੱਖ ਤੋਂ ਹੱਟ ਕੇ ਅਨਿਆਏ ਦੇ ਵਿਰੁੱਧ ਯੁੱਧ ਕਰੇ। ਇਸ ਭਾਗ ਦਾ ਨਾਂ ਸਾਂਖਿਅਯੋਗ ਹੈ।

     ਤੀਸਰੇ ਭਾਗ ਦਾ ਨਾਂ ਕਰਮ ਯੋਗ ਹੈ। ਇਸ ਵਿੱਚ ਕਰਮ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਕਲਹ- ਕਲੇਸ਼ ਤੋਂ ਬਚਣ ਅਤੇ ਨਿਸ਼ਕਾਮ ਕਰਮ ਕਰਨ ਦਾ ਉਪਦੇਸ਼ ਅਰਜੁਨ ਨੂੰ ਦਿੱਤਾ ਗਿਆ ਹੈ। ਚੌਥੇ ਭਾਗ ਵਿੱਚ ਜਿਸ ਦਾ ਨਾਂ ਸੰਨਿਆਸ ਯੋਗ ਹੈ, ਗਿਆਨ ਦਾ ਮਹੱਤਵ ਦੱਸਿਆ ਗਿਆ ਹੈ। ਪੰਜਵੇਂ ਭਾਗ ਵਿੱਚ ਕਰਮ, ਗਿਆਨ ਅਤੇ ਭਗਤੀ ਤੇ ਵਿਚਾਰ ਕੀਤਾ ਗਿਆ ਹੈ। ਇਸ ਭਾਗ ਦਾ ਨਾਂ ਕਰਮ ਸੰਨਿਆਸ ਯੋਗ ਹੈ। ਛੇਵੇਂ ਭਾਗ ਦਾ ਨਾਂ ਧਿਆਨ ਯੋਗ ਹੈ। ਇਸ ਵਿੱਚ ਕਰਮ ਯੋਗੀ ਦੇ ਲੱਛਣ ਦੱਸੇ ਗਏ ਹਨ ਅਤੇ ਸਮਝਾਇਆ ਗਿਆ ਹੈ ਕਿ ਧਿਆਨ ਦੇ ਰਾਹੀਂ ਮਨ ਦੀ ਚੰਚਲਤਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਗਿਆਨ ਵਿਗਿਆਨ ਯੋਗ ਨਾਮਕ ਸੱਤਵੇਂ ਭਾਗ ਵਿੱਚ ਦੁਰਗੁਣਾਂ ਦੀ ਨਿੰਦਿਆ ਕੀਤੀ ਗਈ ਹੈ ਅਤੇ ਦੁਰਗੁਣਾਂ ਨੂੰ ਸਮਝਾਇਆ ਗਿਆ ਹੈ। ਇਸ ਵਿੱਚ ਵਿਗਿਆਨ ਉਪਰ ਜ਼ੋਰ ਦਿੱਤਾ ਗਿਆ ਹੈ। ਵਿਗਿਆਨ ਤੋਂ ਭਾਵ ਉਸ ਗਿਆਨ ਤੋਂ ਹੈ ਜੋ ਬ੍ਰਹਮ ਵਿਸ਼ਅਕ ਹਨ, ਜਿਸ ਵਿੱਚ ਸੰਸਾਰ ਦੀ ਰਚਨਾ ਹੋਈ ਹੈ। ਅੱਠਵੇਂ ਭਾਗ ਨੂੰ ਅਖਸ਼ਰ ਬ੍ਰਹਮਯੋਗ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸਗੁਣ, ਉਪਾਸਨਾ ਅਤੇ ਨਿਰਗੁਣ ਉਪਾਸਨਾ ਦੇ ਮਾਰਗਾਂ ਨੂੰ ਸਮਝਾਇਆ ਗਿਆ ਹੈ। ਇਸ ਵਿੱਚ ਅਰਜੁਨ ਦੇ ਬ੍ਰਹਮ ਸੰਬੰਧੀ ਸੱਤ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ। ਨੌਂਵੇਂ ਭਾਗ ਦਾ ਨਾਂ ਰਾਜ- ਵਿਦਿਆ ਰਾਜ ਗੁਹਆ ਯੋਗ ਹੈ। ਇਸ ਵਿੱਚ ਜਗਤ ਦੀ ਉਤਪਤੀ ਦੇ ਨਾਲ ਨਿਸ਼ਕਾਮ ਭਗਤੀ ਦੇ ਮਹੱਤਵ ਦੀ ਚਰਚਾ ਕੀਤੀ ਗਈ ਹੈ। ਦਸਵਾਂ ਭਾਗ ਵਿਭੂਤੀ ਯੋਗ ਹੈ। ਇਸ ਵਿੱਚ ਭਗਵਾਨ ਦੇ ਸਰੂਪ ਅਰਥਾਤ ਵਿਭੂਤੀ ਦਾ ਵਰਣਨ ਹੈ ਅਤੇ ਭਗਤੀ ਦਾ ਪ੍ਰਤਿਪਾਦਨ ਕੀਤਾ ਗਿਆ ਹੈ। ਵਿਸ਼ਵਰੂਪਦਿਵਯ ਯੋਗ ਨਾਮੀ ਗਿਆਰ੍ਹਵੇਂ ਭਾਗ ਵਿੱਚ ਭਗਵਾਨ ਨੇ ਅਰਜੁਨ ਨੂੰ ਆਪਣਾ ਵਿਰਾਟ ਰੂਪ ਵਿਖਾਇਆ ਜਿਸ ਨਾਲ ਉਸ ਨੂੰ ਕ੍ਰਿਸ਼ਨ ਦੀ ਵਿਭੁਤਾ ਤੇ ਵਿਸ਼ਵਾਸ ਹੋ ਜਾਏ। ਇਸ ਵਿਰਾਟ ਰੂਪ ਨੂੰ ਵੇਖ ਕੇ ਅਰਜੁਨ ਸਹਿਮ ਗਿਆ। ਫੇਰ ਭਗਵਾਨ ਨੇ ਉਸ ਨੂੰ ਚਤੁਰਭੁਜ ਰੂਪ ਵਿਖਾ ਕੇ ਸ਼ਾਂਤ ਕੀਤਾ। ਅਰਜੁਨ ਭਗਵਾਨ ਦੇ ਉਪਦੇਸ਼ ਨਾਲ ਸ਼ਾਂਤ ਹੋ ਗਿਆ। ਬਾਰਵਾਂ ਭਾਗ ਭਗਤੀਯੋਗ ਹੈ। ਇਸ ਭਾਗ ਵਿੱਚ ਦੱਸਿਆ ਗਿਆ ਹੈ ਨਿਰੰਕਾਰ ਦੀ ਉਪਾਸ਼ਨਾ ਕਠਨ ਹੁੰਦੀ ਹੈ ਅਤੇ ਸਾਕਾਰ ਦੀ ਉਪਾਸਨਾ ਅਸਾਨ। ਲਕਸ਼ ਦੋਨਾਂ ਦਾ ਇੱਕੋ ਹੀ ਹੈ। ਇਸ ਵਿੱਚ ਭਗਤਾਂ ਦੇ ਲੱਛਣ ਵੀ ਦੱਸੇ ਗਏ ਹਨ। ਤੇਰ੍ਹਵੇਂ ਖੇਤਰ ਖੇਤਰਫਲ ਵਿਭਾਗ ਯੋਗ ਨਾਮਕ ਭਾਗ ਵਿੱਚ ਖੇਤਰ (ਸਰੀਰ) ਅਤੇ ਖੇਤਰਯਗ (ਆਤਮਾ) ਵਿੱਚ ਅਤੇ ਗਿਆਨ ਤੇ ਗੇਯ ਵਿੱਚ ਅੰਤਰ ਦੱਸਿਆ ਗਿਆ ਹੈ। ਚੌਦ੍ਹਵੇਂ ਗੁਣਤੇਰਯ ਵਿਭਾਗ ਯੋਗ ਨਾਮਕ ਭਾਗ ਵਿੱਚ ਉੱਤਮ ਗਿਆਨ ਦੀ ਚਰਚਾ ਕੀਤੀ ਗਈ ਹੈ। ਉੱਤਮ ਗਿਆਨ ਉਹ ਹੁੰਦਾ ਹੈ, ਜੋ ਮਨੁੱਖ ਨੂੰ ਮੁਕਤੀ ਦਿੰਦਾ ਹੈ। ਸਤੋ ਗੁਣ, ਰਜੋਗੁਣ ਅਤੇ ਤਮੋਗੁਣ ਵਾਲੇ ਮਨੁੱਖਾਂ ਦੇ ਸੁਭਾਅ ਦਾ ਵੀ ਵਰਣਨ ਇੱਥੇ ਹੀ ਕੀਤਾ ਗਿਆ ਹੈ। ਪੰਦਰ੍ਹਵੇਂ ਭਾਗ ਦਾ ਨਾਂ ਹੈ ਪੁਰਸ਼ੋਤਮ ਯੋਗ। ਇਸ ਵਿੱਚ ਜੀਵਾਤਮਾ ਅਤੇ ਪਰਮਾਤਮਾ (ਪੁਰਸ਼ੋਤਮ) ਨੂੰ ਮੰਨਿਆ ਗਿਆ ਹੈ। ਸੋਲ੍ਹਵੇਂ ਭਾਗ ਦਾ ਨਾਂ ਦੇਵਾਸੁਰ ਸੰਪਦ ਵਿਭਾਗ ਯੋਗ ਹੈ। ਇਸ ਵਿੱਚ ਦੈਵੀ ਸੰਪਦਾ (ਸੱਦਗੁਣ) ਅਤੇ ਆਸੁਰੀ ਸੰਪਦਾ (ਦੁਰਗੁਣ) ਦੀ ਚਰਚਾ ਕੀਤੀ ਗਈ ਹੈ। ਇਸ ਭਾਗ ਵਿੱਚ ਮਨੁੱਖਾਂ ਨੂੰ ਚੰਗੇ ਆਚਰਨ ਦੀ ਸਲਾਹ ਦਿੱਤੀ ਗਈ ਹੈ। ਸਤਾਰ੍ਹਵੇਂ ਭਾਗ ਦਾ ਨਾਂ ਸ਼ਰਧਾ-ਜਯ-ਵਿਭਾਗ ਯੋਗ ਹੈ। ਇਸ ਵਿੱਚ ਸਾਤਵਿਕੀ, ਰਾਜਸੀ ਅਤੇ ਤਾਮਸੀ ਤਿੰਨ ਪ੍ਰਕਾਰ ਦੀ ਸ਼ਰਧਾ ਦੱਸੀ ਗਈ ਹੈ। ਸਾਤਵਿਕੀ ਨੂੰ ਉੱਤਮ ਮੰਨਿਆ ਗਿਆ ਹੈ। ਸ਼ਾਸਤਰ ਵਿਰੁੱਧ ਤਪ ਨੂੰ ਉੱਚਿਤ ਨਹੀਂ ਮੰਨਿਆ ਗਿਆ। ਉੱਚ ਦਾਨ ਦੀ ਵੀ ਚਰਚਾ ਕੀਤੀ ਗਈ ਹੈ। ਆਖ਼ਰੀ ਅਤੇ ਅਠਾਰਵੇਂ ਭਾਗ ਵਿੱਚ ਤਿਆਗ, ਕਰਮ, ਹੌਸਲਾ, ਸੁੱਖ ਆਦਿ ਤੇ ਵਿਚਾਰ ਕੀਤਾ ਗਿਆ ਹੈ। ਇਸ ਪ੍ਰਕਾਰ ਗੀਤਾ ਮਨੁੱਖ ਨੂੰ ਕਰਮਯੋਗੀ, ਉੱਚ ਭਗਤ, ਸਦਾਚਾਰੀ ਮਨੁੱਖ ਅਤੇ ਗਿਆਨੀ ਬਣਨ ਦਾ ਮਾਰਗ ਵਿਖਾਉਂਦੀ ਹੈ।


ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.