ਭਾਨੀਮਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਨੀਮਾਰ: ਕਿਸੇ ਅਜਿਹੇ ਵਿਅਕਤੀ ਸੰਬੰਧੀ ਪਈ ‘ਅੱਲ’ ਦਾ ਨਾਂ ਭਾਨੀਮਾਰ ਹੈ ਜਿਸ ਦਾ ਸੁਭਾਅ ਕਿਸੇ ਦੂਜੇ ਵਿਅਕਤੀ ਦੇ ਹੁੰਦੇ ਕਾਰਜ ਵਿੱਚ ਕੋਈ ਸਰਸਰੀ ਪਰ ਵਿਰੋਧ ਵਿੱਚ ਜਾਣ ਵਾਲੀ ਗੱਲ ਕਹਿ ਕੇ ਵਿਘਨ ਪਾਉਣ ਵਾਲਾ ਹੋਵੇ। ਅਜਿਹਾ ਵਿਅਕਤੀ ਨਾ ਤਾਂ ਇਹ ਨਿੰਦਾ ਯੋਗ ਕਾਰਜ ਕਿੱਤੇ ਵਜੋਂ ਕਰਦਾ ਹੈ ਅਤੇ ਨਾ ਹੀ ਆਰਥਿਕ ਲਾਭ ਦੀ ਪ੍ਰਾਪਤੀ ਵਜੋਂ। ਆਦਤ ਪੱਕ ਜਾਣ ਕਰ ਕੇ ਉਸ ਦਾ ਇਹ ਸੁਭਾਓ ਜੀਵਨ ਦਾ ਇੱਕ ਸਦੀਵੀ ਪਹਿਲੂ ਬਣ ਗਿਆ ਹੁੰਦਾ ਹੈ।

     ਇੱਕ ਧਾਰਨਾ ਅਨੁਸਾਰ ਕਿਹਾ ਜਾਂਦਾ ਹੈ ਕਿ ਅਜਿਹੇ ਵਿਅਕਤੀ ਆਪਣੇ ਜੀਵਨ ਵਿੱਚ ਅਪੂਰਨ ਰਹਿ ਜਾਣ ਕਾਰਨ, ਅੰਦਰੂਨੀ ਰੋਸ-ਭਾਵਨਾ ਦੇ ਸ਼ਿਕਾਰ ਹੋ ਗਏ ਹੁੰਦੇ ਹਨ। ਇਹ ਅਪੂਰਨਤਾ ਸਰੀਰ ਦੇ ਕਿਸੇ ਅੰਗ ਦੀ ਅਣਹੋਂਦ ਕਾਰਨ ਉਪਜੀ ਹੋ ਸਕਦੀ ਹੈ ਜਾਂ ਸਮਾਜਿਕ ਤੌਰ ਤੇ ਕਿਸੇ ਪਛੜੇਵੇਂ ਕਾਰਨ ਵੀ ਪੈਦਾ ਹੋ ਸਕਦੀ ਹੈ।

     ਕਿਸੇ ਭਾਨੀਮਾਰ (ਵਿਅਕਤੀ ਜਾਂ ਇਸਤਰੀ) ਦੀ ਕਾਬਲੀਅਤ ਇਹ ਸਮਝੀ ਜਾਂਦੀ ਹੈ ਕਿ ਉਹ ਪ੍ਰਸੰਸਾ ਕਰਦੇ ਹੋਏ ਇਸ ਢੰਗ ਨਾਲ ਨਿੰਦਾ ਕਰ ਦੇਵੇ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਉਸ ਨੇ ਕਿਹੜੇ ਵੇਲੇ ਬਣਦੇ ਕੰਮ ਵਿੱਚ ਵਿਘਨ ਪਾ ਦਿੱਤਾ ਹੈ।

     ਇੱਕ ਧਾਰਨਾ ਹੈ ਕਿ ਅਜਿਹੇ ਭਾਨੀਮਾਰਾਂ ਦੀ ਗਿਣਤੀ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਵਧੇਰੇ ਹੈ। ਇਸ ਦਾ ਇੱਕ ਕਾਰਨ ਕਿਸੇ ਵੀ ਟੱਬਰ ਜਾਂ ਵਿਅਕਤੀ ਵਿਸ਼ੇਸ਼ ਬਾਰੇ ਜਾਣਨ ਲਈ ਜਾਣਕਾਰੀ ਮੌਖਿਕ ਰੂਪ ਵਿੱਚ ਲਈ ਜਾਂਦੀ ਹੈ। ਪਿੰਡ ਦੀ ਵੱਸੋਂ ਸੀਮਿਤ ਦਾਇਰੇ ਵਿੱਚ ਹੋਣ ਕਾਰਨ ਕਿਸੇ ਜਾਤੀ ਨੁਕਸ ਨੂੰ ਲੁਕਾਅ ਕੇ ਰੱਖਣਾ ਸੰਭਵ ਨਹੀਂ ਹੁੰਦਾ। ਸਮਾਂ ਆਉਣ ’ਤੇ ਕੋਈ ਵੀ ਭਾਨੀਮਾਰ ਇਸ ਦਾ ਫ਼ਾਇਦਾ ਉਠਾਉਣੋਂ ਸੰਕੋਚ ਨਹੀਂ ਕਰਦਾ।

     ਉਦਾਹਰਨ ਲਈ, ਇੱਕ ਵਾਰ ਪਿੰਡ ਦੀ ਇੱਕ ਭਾਨੀਮਾਰ ਬਜ਼ੁਰਗ ਔਰਤ ਨੇ ਕਿਸੇ ਲੜਕੇ ਦੀ ਹੋ ਰਹੀ ਕੁੜਮਾਈ ਸਮੇਂ ਸ਼ਗਨ ਪਾਉਂਦੇ ਹੋਏ ਅਸੀਸ ਦਿੱਤੀ “ਚਲ ਚੰਗਾ ਹੋਇਆ ਭਾਈ, ਜਿਵੇਂ ਕੁੜਮਾਈ ਹੋਈ ਐ ਓਵੇਂ ਮਿਰਗੀ ਵੀ ਹਟ ਜਾਊ,” ਮੁੰਡੇ ਨੂੰ ਮਿਰਗੀ ਦੀ ਬਿਮਾਰੀ ਹੋਣ ਦਾ ਪਤਾ ਲੱਗਣ ’ਤੇ ਰਿਸ਼ਤਾ ਟੁੱਟ ਗਿਆ।

     ਇਵੇਂ ਹੀ ਇੱਕ ਭਾਨੀਮਾਰ ਨੇ ਰਿਸ਼ਤਾ ਕਰਨ ਆਏ ਬੰਦਿਆਂ ਕੋਲ ਮੁੰਡੇ ਦੀ ਰੱਜ ਕੇ ਸਿਫ਼ਤ ਕਰਦਿਆਂ ਕਿਹਾ, “ਮੁੰਡੇ ਵਿੱਚ ਕੋਈ ਐਬ ਨਹੀਂ ਬੱਸ ਇੱਕ ਗੰਢਾ ਖਾਣ ਦਾ ਐਬ ਹੈ।” ਰਿਸ਼ਤਾ ਕਰਨ ਆਏ ਬੰਦਿਆਂ ਨੇ ਕਿਹਾ, “ਇਹ ਤਾਂ ਕੋਈ ਐਬ ਨਹੀਂ।” ਭਾਨੀਮਾਰ ਨੇ ਕਿਹਾ, “ਬਿਲਕੁਲ ਕੋਈ ਐਬ ਨਹੀਂ, ਨਾਲੇ ਮੁੰਡਾ ਕਿਹੜਾ ਰੋਜ਼ ਗੰਢਾ ਖਾਂਦੈ, ਸਿਰਫ਼ ਓਸ ਦਿਨ ਖਾਂਦੈ, ਜਿਸ ਦਿਨ ਮਾਸ ਖਾਣਾ ਜਾਂ ਸ਼ਰਾਬ ਪੀਣੀ ਹੋਵੇ, ਸ਼ਰਾਬ ਵੀ ਰੋਜ਼ ਨਹੀਂ ਪੀਂਦਾ, ਜਿਸ ਦਿਨ ਜੂਏ ਵਿੱਚ ਵੱਡੀ ਰਕਮ ਹਾਰ ਜਾਵੇ ਉਸ ਦਿਨ ਪੀਂਦਾ ਹੈ। ਜੂਆ ਵੀ ਰੋਜ਼ ਨਹੀਂ ਖੇਡਦਾ, ਉਸ ਦਿਨ ਖੇਡਦਾ ਹੈ ਜਿਸ ਦਿਨ ਜ਼ਮੀਨ ਗਹਿਣੇ ਪਾਈ ਹੋਵੇ। ਸੋ ਮੁੰਡੇ ਵਿੱਚ ਪੱਕੀ ਆਦਤ ਵਰਗਾ ਕੋਈ ਐਬ ਨਹੀਂ।"

     ਭਾਨੀਮਾਰ ਆਪਣੀ ਕਾਬਲੀਅਤ ਵਧੇਰੇ ਕਰ ਕੇ ਵਿਆਹ ਸ਼ਾਦੀਆਂ ਸੰਬੰਧੀ ਹੋਣ ਵਾਲੇ ਰਿਸ਼ਤੇ ਨਾਤਿਆਂ ਬਾਰੇ ਵਿਘਨ ਪਾ ਕੇ ਦਿਖਾਉਂਦੇ ਹਨ। ਪਿੰਡਾਂ ਵਿੱਚ ਕਵੀਸ਼ਰਾਂ ਨੇ ਇਹਨਾਂ ਦੀ ਮਸ਼ਹੂਰੀ ਵੱਜੋਂ ਵਿਘਨ ਪਾਉਣ ਵਾਲੀਆਂ ਜੁਗਤਾਂ ਦੇ ਕਈ ਤਰ੍ਹਾਂ ਦੇ ਛੰਦ ਵੀ ਜੋੜ ਰੱਖੇ ਹਨ। ਉਦਾਹਰਨ ਲਈ ਇੱਕ ਵਿਅਕਤੀ ਨੇ ਰਿਸ਼ਤਾ ਪੱਕਾ ਕਰਨ ਸਮੇਂ ਕਿਸੇ ਭਾਨੀਮਾਰ ਨੂੰ ਮੁੰਡੇ ਬਾਰੇ ਪੁੱਛ ਲਿਆ ਤਾਂ ਭਾਨੀਮਾਰ ਨੇ ਸਿਫ਼ਤ ਕਰਦੇ ਕਿਹਾ :

ਵਿੱਚ ਸਭ ਕੁਝ ਹੈ ਘਰ ਦੇ

ਸਾਕ ਜਲਦੀ ਤੂੰ ਕਰ ਦੇ

ਉਂਞ ਤਾਂ ਚੂਹੇ ਭੁੱਖੇ ਮਰਦੇ

ਘਰ ਵਿੱਚ ਬੱਸ ਆਟੇ ਦਾ ਤੋਟਾ ਹੈ

ਉਂਞ ਤਾਂ ਮੁੰਡੇ ਦਾ ਕੰਮ ਕਾਫ਼ੀ ਮੋਟਾ ਹੈ।

ਘਰ ’ਚ ਪੰਜ ਭਰਾ ਨੇ ਛੜੇ

ਚਾਰ ਤਾਂ ਜੇਲ੍ਹ ’ਚ ਰਹਿੰਦੇ ਅੜੇ

ਇਹ ਚੋਹਾਂ ਤੋਂ ਛੋਟਾ ਹੈ

          ਉਂਞ ਤਾਂ ਮੁੰਡੇ ਦਾ ਕੰਮ ਕਾਫ਼ੀ ਮੋਟਾ ਹੈ।

     ਭਾਨੀਮਾਰਾਂ ਨੂੰ ਹੀਰ ਦੇ ਚਾਚੇ ਕੈਦੋ ਨਾਲ ਤੁਲਨਾ ਕੇ, ਇਹਨਾਂ ਨੂੰ ਦੋਖੀ ਭਾਵਨਾ ਵਾਲੇ ਬੰਦੇ ਸਿੱਧ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਆਦਤ ਬਣਦੇ ਕੰਮ ਵਿੱਚ ਬਿਨਾਂ ਕਿਸੇ ਸੁਆਰਥ ਵਿਘਨ ਪਾਉਣ ਵਾਲੀ ਹੁੰਦੀ ਹੈ।


ਲੇਖਕ : ਪ੍ਰੀਤ ਮਹਿੰਦਰ ਸੇਖੋਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਭਾਨੀਮਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਨੀਮਾਰ [ਵਿਸ਼ੇ] ਬਣੇ-ਬਣਾਏ ਕੰਮ ਵਿੱਚ ਵਿਘਨ ਪਾਉਣ ਵਾਲ਼ਾ , ਭਾਨੀ ਮਾਰਨ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.