ਭਾਵਾਂਸ਼-ਵਿਗਿਆਨ/ਰੂਪ-ਵਿਗਿਆਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਵਾਂਸ਼-ਵਿਗਿਆਨ/ਰੂਪ-ਵਿਗਿਆਨ: ਭਾਸ਼ਾ-ਵਿਗਿਆਨ ਦੀ ਇੱਕ ਮਹੱਤਵਪੂਰਨ ਸ਼ਾਖਾ ਭਾਵਾਂਸ਼- ਵਿਗਿਆਨ/ਰੂਪ-ਵਿਗਿਆਨ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਲਈ ਪ੍ਰਚਲਿਤ ਸ਼ਬਦ Morphology ਹੈ। ਇਹ ਪਰਿਭਾਸ਼ਿਕ ਸ਼ਬਦ ਜੀਵ-ਵਿਗਿਆਨ ਅਤੇ ਬਨਸਪਤੀ- ਵਿਗਿਆਨ ਦਾ ਸ਼ਬਦ ਹੈ ਜਿਸ ਵਿੱਚ ਜੀਵ ਜੰਤੂਆਂ ਅਤੇ ਬਨਸਪਤੀ ਦੀ ਆਕ੍ਰਿਤੀ ਦਾ ਅਧਿਐਨ ਕੀਤਾ ਜਾਂਦਾ ਹੈ। ਭਾਸ਼ਾ ਦੇ ਖੇਤਰ ਵਿੱਚ ਸ਼ਬਦਾਂ ਦੀ ਆਕ੍ਰਿਤੀ ਅਰਥਾਤ ‘ਰੂਪਾਂ’ ਦਾ ਅਧਿਐਨ ਕਰਨ ਵਾਲੀ ਸ਼ਾਖਾ ਨੂੰ ਭਾਵਾਂਸ਼- ਵਿਗਿਆਨ ਜਾਂ ਰੂਪ-ਵਿਗਿਆਨ ਆਖਿਆ ਜਾਂਦਾ ਹੈ। ਇਸ ਤਰ੍ਹਾਂ ਇਸ ਸ਼ਾਖਾ ਵਿੱਚ ਭਾਸ਼ਾ ਦੇ ਸ਼ਬਦ ਨਿਰਮਾਣ ਦੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਦੇ ਅੰਤਰਗਤ ਸ਼ਬਦਾਂ ਦਾ ਰੂਪਾਂਤਰਨ, ਸ਼ਬਦਾਂ ਦੀ ਵਿਉਂਤਪਤੀ ਅਤੇ ਸਮਾਸੀਕਰਨ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਧੁਨੀ-ਵਿਗਿਆਨ, ਭਾਸ਼ਾ-ਵਿਗਿਆਨ ਦੀ ਪਹਿਲੀ ਸ਼ਾਖਾ ਹੈ। ‘ਧੁਨੀਆਂ’ ਅਰਥ ਰਹਿਤ ਹੁੰਦੀਆਂ ਹਨ। ਧੁਨੀਆਂ ਦੇ ਮੇਲ ਤੋਂ ਹੀ ਅਰਥਪੂਰਨ ਇਕਾਈਆਂ ਦੀ ਸਿਰਜਣਾ ਹੁੰਦੀ ਹੈ। ਉਹਨਾਂ ਅਰਥਪੂਰਨ ਇਕਾਈਆਂ ਦਾ ਅਧਿਐਨ ਭਾਵਾਂਸ਼-ਵਿਗਿਆਨ ਅਰਥਾਤ ਰੂਪ- ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਸੋ ਇਸ ਸ਼ਾਖਾ ਦਾ ਸੰਬੰਧ ‘ਸ਼ਬਦ’ ਅਤੇ ‘ਅਰਥ’ ਦੋਹਾਂ ਨਾਲ ਜੁੜਦਾ ਹੈ। ਸ਼ਬਦਾਂ ਦੇ ਹੋਰ ਛੋਟੇ ਭਾਵਪੂਰਤ ਅੰਸ਼ਾਂ ਦਾ ਅਧਿਐਨ ਇਸ ਸ਼ਾਖਾ ਵਿੱਚ ਸਮੇਟਿਆ ਜਾਂਦਾ ਹੈ। ਅਰਥ ਜਾਂ ਭਾਵਪੂਰਤ ਅੰਸ਼ਾਂ ਦੀ ਸ਼ਮੂਲੀਅਤ ਕਾਰਨ ਹੀ ਇਸ  ਸ਼ਾਖਾ ਨੂੰ ਭਾਵਾਂਸ਼-ਵਿਗਿਆਨ ਕਿਹਾ ਜਾਣ ਲੱਗਾ ਹੈ। ਵਿਆਕਰਨ ਦੇ ਖੇਤਰ ਵਿੱਚ ਇਸ ਸ਼ਾਖਾ ਦਾ ਬਹੁਤ ਮਹੱਤਵ ਹੈ। ਇਹ ਸ਼ਾਖਾ ਧੁਨੀ-ਵਿਗਿਆਨ ਅਤੇ ਵਾਕ- ਵਿਗਿਆਨ ਨੂੰ ਆਪਸ ਵਿੱਚ ਜੋੜਦੀ ਹੈ। ਧੁਨੀਆਂ ਤੋਂ ਹੀ ਭਾਵਪੂਰਤ ਅੰਸ਼ ਬਣਦੇ ਹਨ। ਭਾਵਪੂਰਤ ਅੰਸ਼ ਤੋਂ ਸ਼ਬਦ ਅਤੇ ਸ਼ਬਦਾਂ ਦੇ ਮੇਲ ਤੋਂ ਹੀ ਵਾਕ ਬਣਦੇ ਹਨ। ਇਸ ਸ਼ਾਖਾ ਨੂੰ ਸ਼ਬਦ-ਵਿਗਿਆਨ ਦੀ ਨੀਂਹ ਵੀ ਕਿਹਾ ਜਾਂਦਾ ਹੈ। ਸ਼ਬਦ-ਵਿਗਿਆਨ ਵਿੱਚ ਸ਼ਬਦ ਕੀ ਹੈ ਤੋਂ ਲੈ ਕੇ ਸ਼ਬਦਾਂ ਦੇ ਨਿਰਮਾਣ ਦੀਆਂ ਵਿਧੀਆਂ, ਸ਼ਬਦਾਂ ਦਾ ਪਰਿਵਰਤਨ, ਸ਼ਬਦਾਵਲੀ, ਉਧਾਰੀ ਸ਼ਬਦਾਵਲੀ, ਸਮਾਨਾਰਥਕਤਾ, ਅਨੇਕਅਰਥਕਤਾ, ਬਹੁਅਰਥਕਤਾ, ਵਿਰੋਧਅਰਥਕਤਾ ਆਦਿ ਅਨੇਕ ਸੰਕਲਪਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਨ੍ਹਾਂ ਸਾਰਿਆਂ ਦੇ ਅਧਿਐਨ ਲਈ ਭਾਵਾਂਸ਼-ਵਿਗਿਆਨ ਇੱਕ ਮੁਢਲਾ ਕਾਰਜ ਅਦਾ ਕਰਦਾ ਹੈ।

     ਵਿਗਿਆਨਿਕ ਨਿਯਮ ਵੀ ਭਾਵਾਂਸ਼-ਵਿਗਿਆਨ ਰਾਹੀਂ ਅਸਾਨੀ ਨਾਲ ਸਮਝੇ ਜਾ ਸਕਦੇ ਹਨ। ਦੂਸਰੀਆਂ ਭਾਸ਼ਾਵਾਂ ਸਿੱਖਣ ਲਈ ਵੀ ਭਾਵਾਂਸ਼-ਵਿਗਿਆਨ ਦਾ ਗਿਆਨ ਜ਼ਰੂਰੀ ਹੈ। ਮਾਤ-ਭਾਸ਼ਾ ਦੇ ਭਾਵਾਂਸ਼ਾਂ ਦੀ ਤੁਲਨਾ ਦੂਸਰੀ ਭਾਸ਼ਾ ਦੇ ਭਾਵਾਂਸ਼ਾਂ ਨਾਲ ਕਰ ਕੇ, ਦੂਸਰੀ ਭਾਸ਼ਾ ਵਧੇਰੇ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸ ਲਈ ਅਧਿਆਪਕਾਂ ਨੂੰ ਦੂਸਰੀ ਭਾਸ਼ਾ ਦੀ ਭਾਵਾਂਸ਼-ਵਿਉਂਤ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਸ਼ਾ ਸਰਵੇਖਣ, ਮੁੱਖ ਭਾਸ਼ਾ ਤੋਂ ਉਪਭਾਸ਼ਾ ਨੂੰ ਵੱਖ ਕਰਨ ਲਈ, ਭਾਸ਼ਾਵਾਂ ਦੇ ਪਰਿਵਾਰ ਨਿਸ਼ਚਿਤ ਕਰਨ ਲਈ ਵੀ ਭਾਵਾਂਸ਼- ਵਿਗਿਆਨ ਦੀ ਜਾਣਕਾਰੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਤੁਲਨਾਤਮਿਕ ਅਤੇ ਇਤਿਹਾਸਿਕ ਭਾਸ਼ਾ-ਵਿਗਿਆਨ ਦੇ ਖੇਤਰ ਵਿੱਚ ਵੀ ਭਾਵਾਂਸ਼- ਵਿਗਿਆਨ ਦਾ ਬੜਾ ਮਹੱਤਵ ਹੈ। ਸ਼ਬਦਾਂ ਦਾ ਇਤਿਹਾਸ ਦੱਸਣ ਲਈ ਸ਼ਬਦ ਨਿਰੁਕਤੀ ਦੀ ਜ਼ਰੂਰਤ ਪੈਂਦੀ ਹੈ। ਪਰ ਨਿਰੁਕਤੀ ਵਿੱਚ ਕੇਵਲ ਧੁਨੀ ਦੀ ਸਮਾਨਤਾ ਹੀ ਨਹੀਂ ਵੇਖੀ ਜਾਂਦੀ ਸਗੋਂ ਅਰਥ ਸਮਾਨਤਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਅਰਥ ਦਾ ਨਿਸਚੇ ਭਾਵਾਂਸ਼ਾਂ ਦੀ ਪਛਾਣ ਰਾਹੀਂ ਹੀ ਹੁੰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਭਾਵਾਂਸ਼-ਵਿਗਿਆਨ, ਭਾਸ਼ਾ-ਵਿਗਿਆਨ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ ਜਿਸ ਦੇ ਅਧਿਐਨ ਨੇ ਭਾਸ਼ਾ ਅਧਿਐਨ ਦੇ ਕਈ ਪਸਾਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਨਿਭਾ ਰਹੀ ਹੈ। ਇਹ ਇੱਕ ਵਿਸਤ੍ਰਿਤ ਖੇਤਰ ਹੈ ਜਿਸ ਵਿੱਚ ਭਾਵਾਂਸ਼ ਕੀ ਹੈ ਤੋਂ ਲੈ ਕੇ ਭਾਵਾਂਸ਼ਾਂ ਦੀ ਪ੍ਰਕਿਰਤੀ, ਉਹਨਾਂ ਦੀ ਪ੍ਰਕਾਰ ਵੰਡ, ਨਿਰਮਾਣ ਦੀਆਂ ਵਿਧੀਆਂ, ਭਾਵਾਂਸ਼ ਪਛਾਣਨ ਦੀਆਂ ਵਿਧੀਆਂ, ਜ਼ੀਰੋ ਭਾਵਾਂਸ਼, ਸਹਿ ਭਾਵਾਂਸ਼, ਸਮਧੁਨੀ ਭਾਵਾਂਸ਼ ਆਦਿ ਸੰਕਲਪਾਂ ਨੂੰ ਵਿਚਾਰਿਆ ਜਾਂਦਾ ਹੈ ਅਤੇ ਭਾਸ਼ਾ ਅਧਿਐਨ ਨੂੰ ਇੱਕ ਵਿਗਿਆਨਿਕ ਸੇਧ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸ਼ਾਖਾ ਵਿਚਲੀ ਅਧਿਐਨ ਸਮਗਰੀ ਦੇ ਆਧਾਰ ਤੇ ਹੀ ਭਾਸ਼ਾ-ਵਿਗਿਆਨੀਆਂ ਵੱਲੋਂ ਇਸ ਦੇ ਚਾਰ ਖੇਤਰ - ਵਰਣਨਾਤਮਿਕ, ਇਤਿਹਾਸਿਕ, ਤੁਲਨਾਤਮਿਕ ਅਤੇ ਸੰਰਚਨਾਤਮਿਕ ਨਿਰਧਾਰਿਤ ਕੀਤੇ ਗਏ ਹਨ।


ਲੇਖਕ : ਕਵਲਜੀਤ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.