ਮਨੁਸਿਮਰਿਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਨੁਸਿਮਰਿਤੀ : ਲੋਕਾਂ ਨੂੰ ਸਮਾਜ ਵਿੱਚ ਰਹਿੰਦੇ ਹੋਏ ਕਿਸ ਤਰ੍ਹਾਂ ਦਾ ਆਚਾਰ-ਵਿਹਾਰ ਕਰਨਾ ਚਾਹੀਦਾ ਹੈ, ਇਸ ਬਾਰੇ ਸਿੱਖਿਆ ਦੇਣ ਵਾਲੇ ਗ੍ਰੰਥਾਂ ਨੂੰ ਧਰਮ ਸ਼ਾਸਤਰ ਜਾਂ ਸਿਮਰਿਤੀ ਗ੍ਰੰਥ ਆਖਿਆ ਜਾਂਦਾ ਹੈ। ਇਹ ਸਿਮਰਿਤੀ ਗ੍ਰੰਥ ਸ਼ਰੁਤੀ, ਸਿਮਰਿਤੀ ਪਰੰਪਰਾ ਨਾਲ ਆਪਣੇ ਵਰਤਮਾਨ ਰੂਪਾਂ ਤੱਕ ਪਹੁੰਚੇ ਹਨ। ਇਹਨਾਂ ਸਿਮਰਿਤੀ ਗ੍ਰੰਥਾਂ ਵਿੱਚ ਮਨੁਸਿਮਰਿਤੀ ਸਭ ਤੋਂ ਵਧੇਰੇ ਚਰਚਿਤ ਧਰਮ ਸ਼ਾਸਤਰ ਹੈ। ਭਾਰਤ ਵਿੱਚ ਮਨੁਸਿਮਰਿਤੀ ਦਾ ਸਥਾਨ ਸਮਾਜ ਦੀ ਵਿਵਸਥਾ ਨੂੰ ਠੀਕ ਢੰਗ ਨਾਲ ਚਲਾਉਣ ਲਈ ਬਣਾਏ ਗਏ ਸੰਵਿਧਾਨ ਦੀ ਤਰ੍ਹਾਂ ਹੈ। ਮਨੁਸਿਮਰਿਤੀ ਵਿੱਚ ਵੇਦਾਂ ਨੂੰ ਆਧਾਰ ਬਣਾ ਕੇ ਵਿਅਕਤੀ ਅਤੇ ਸਮਾਜ ਲਈ ਹਿਤਕਾਰੀ ਕਰਤੱਵਾਂ ਦਾ ਵਰਨ-ਧਰਮ ਅਤੇ ਆਸ਼੍ਰਮ-ਧਰਮ ਦੇ ਰੂਪ ਵਿੱਚ ਵਿਧਾਨ ਕੀਤਾ ਗਿਆ ਹੈ।

     ਮਨੁਸਿਮਰਿਤੀ ਦਾ ਕਰਤਾ ਕੌਣ ਹੈ, ਇਹ ਇੱਕ ਸੋਚ ਵਿਚਾਰ ਦਾ ਵਿਸ਼ਾ ਹੈ। ਮਨੁਸਿਮਰਿਤੀ ਦੇ ਸ਼ੁਰੂ ਦੇ ਸਲੋਕਾਂ ਦੇ ਅਨੁਸਾਰ ਮਹਾਨ ਰਿਸ਼ੀਆਂ ਨੇ ਧਿਆਨ ਵਿੱਚ ਲੀਨ ਬੈਠੇ ਹੋਏ ਮਨੂ ਦੀ ਸੇਵਾ ਵਿਖੇ ਉਪਸਥਿਤ ਹੋ ਕੇ ਉਹਨਾਂ ਦੀ ਪੂਜਾ ਅਰਚਨਾ ਕਰ ਕੇ ਉਹਨਾਂ ਨੂੰ ਸਾਰੇ ਵਰਨਾਂ ਅਤੇ ਆਸ਼੍ਰਮਾਂ ਦੇ ਧਰਮਾਂ ਅਤੇ ਕਰਤੱਵਾਂ ਨੂੰ ਦੱਸਣ ਲਈ ਪ੍ਰਾਰਥਨਾ ਕੀਤੀ। ਉਹ ਮਨੂ ਦੀ ਸੇਵਾ ਵਿਖੇ ਸਾਰੇ ਵਰਗਾਂ ਦੇ ਲੋਕਾਂ ਲਈ ਆਚਰਨ ਦੇ ਯੋਗ ਨਿਯਮਾਂ ਦੀ, ਕਰਨ ਯੋਗ ਅਤੇ ਨਾ ਕਰਨ ਯੋਗ ਕਾਰਜਾਂ ਦੀ ਅਤੇ ਯੱਗ ਆਦਿ ਕਰਨ ਦੇ ਉਚਿਤ ਸਮੇਂ ਆਦਿ ਦੀ ਪੂਰੀ ਜਾਣਕਾਰੀ ਦੇਣ ਲਈ ਪ੍ਰਾਰਥਨਾ ਕਰਦੇ ਹਨ। ਉਹਨਾਂ ਦੀ ਪ੍ਰਾਰਥਨਾ ਤੇ ਤੇਜਸਵੀ ਮਨੂ ਨੇ ਉਹਨਾਂ ਰਿਸ਼ੀਆਂ ਦਾ ਅਭਿਨੰਦਨ ਕਰਨ ਤੋਂ ਬਾਅਦ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਮਨੁਸਿਮਰਿਤੀ ਦੇ ਸ਼ੁਰੂ ਦੇ ਸਲੋਕਾਂ ਨੂੰ ਪੜ੍ਹ ਕੇ ਇਹ ਨਹੀਂ ਜਾਪਦਾ ਕਿ ਮਨੂ ਨੇ ਖ਼ੁਦ ਮਨੁਸਿਮਰਿਤੀ ਦੀ ਰਚਨਾ ਕੀਤੀ ਹੋਵੇ। ਇਹ ਜਾਪਦਾ ਹੈ ਕਿ ਮਨੂ ਨੇ ਸਮਾਜ ਦੇ ਲੋਕਾਂ ਦੇ ਕਰਤੱਵਾਂ ਅਤੇ ਅਕਰਤੱਵਾਂ ਆਦਿ ਬਾਰੇ ਰਿਸ਼ੀਆਂ ਨੂੰ ਪ੍ਰਵਚਨ ਦਿੱਤੇ ਸਨ। ਮਨੂ ਦੇ ਮੂੰਹ ਤੋਂ ਨਿਕਲੇ ਹੋਏ ਉਹਨਾਂ ਪ੍ਰਵਚਨਾਂ ਨੂੰ ਪੁਸਤਕ ਦੇ ਰੂਪ ਵਿੱਚ ਸਧਾਰਨ ਜਨਤਾ ਤੱਕ ਪਹੁੰਚਾਉਣ ਦਾ ਕੰਮ ਉਹਨਾਂ ਦੇ ਚੇਲਿਆਂ ਦਾ ਰਿਹਾ ਹੈ। ਮਨੁਸਿਮਰਿਤੀ ਦੇ ਪਹਿਲੇ ਅਧਿਆਇ ਦੇ 62ਵੇਂ ਸਲੋਕ ਵਿੱਚ ਮਨੂ ਵੱਲੋਂ ਕਿਹਾ ਗਿਆ ਹੈ ਕਿ ਮਰੀਚੀ ਆਦਿ ਰਿਸ਼ੀਆਂ ਵਿੱਚੋਂ ਇੱਕ ਮਹਾਨ ਰਿਸ਼ੀ ਭਰਿਗੂ ਨੇ ਮੇਰੇ ਕੋਲੋਂ ਇਸ ਸ਼ਾਸਤਰ ਦਾ ਗਿਆਨ ਪ੍ਰਾਪਤ ਕੀਤਾ ਅਤੇ ਭਰਿਗੂ ਰਿਸ਼ੀ ਇਹ ਸਾਰਾ ਸ਼ਾਸਤਰ ਆਪ ਮਹਾਨ ਰਿਸ਼ੀਆਂ ਨੂੰ ਸੁਣਾਉਣਗੇ। ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਮਨੁਸਿਮਰਿਤੀ ਵਿੱਚ ਵਰਣਿਤ ਮਾਨਵ ਧਰਮ ਸ਼ਾਸਤਰ ਦਾ ਮੂਲ ਪ੍ਰਵਕਤਾ ਤਾਂ ਮਨੂ ਹੀ ਸੀ ਅਤੇ ਉਸ ਦੇ ਭਰਿਗੂ ਆਦਿ ਚੇਲਿਆਂ ਨੇ ਸ਼ਰੁਤੀ ਅਤੇ ਸਿਮਰਿਤੀ ਪਰੰਪਰਾ ਨਾਲ ਮਨੂ ਦੇ ਪ੍ਰਵਚਨਾਂ ਨੂੰ ਮਨੁਸਿਮਰਿਤੀ ਦੇ ਵਰਤਮਾਨ ਰੂਪ ਤੱਕ ਪਹੁੰਚਾਇਆ। ਇਸ ਲਈ ਇਸ ਨੂੰ ਸਿਮਰਿਤੀ ਗ੍ਰੰਥ ਆਖਿਆ ਜਾਂਦਾ ਹੈ ਅਤੇ ਇਸੀ ਲਈ ਬਾਅਦ ਦੇ ਸਮੇਂ ਵਿੱਚ ਮਨੂ ਦੇ ਮੂਲ ਪ੍ਰਵਚਨਾਂ ਵਿੱਚ ਅਨੇਕ ਥਾਂਵਾਂ ਤੇ ਅਨੇਕ ਲੋਕਾਂ ਨੇ ਆਪਣੇ ਕੋਲੋਂ ਵੀ ਵਧੇਰੇ ਕੁਝ ਜੋੜ ਦਿੱਤਾ ਹੋਵੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

     ਮਨੁਸਿਮਰਿਤੀ ਦੇ ਉਪਲਬਧ ਵਰਤਮਾਨ ਰੂਪ ਵਿੱਚ ਸਵਾਯੰਭੁਵ ਮਨੂ ਦੇ ਵੰਸ਼ ਦੇ ਸਵਾਰੋਚਿਸ਼, ਔਤੱਮ, ਤਾਮਸ, ਰੈਵਤ, ਚਾਕਸ਼ੁਸ਼ ਅਤੇ ਵੈਵਸਵਤ ਇਹਨਾਂ ਛੇ ਹੋਰਨਾਂ ਮਨੂਆਂ ਦੇ ਹੋਣ ਦਾ ਵਰਣਨ ਹੈ (1/64-66)। ਵਿਦਵਾਨਾਂ ਲਈ ਇਹ ਇੱਕ ਵਿਵਾਦ ਦਾ ਵਿਸ਼ਾ ਰਿਹਾ ਹੈ ਕਿ ਇਸ ਸਿਮਰਿਤੀ ਗ੍ਰੰਥ ਦੇ ਪ੍ਰਵਕਤਾ ਸਵਾਯੰਭੁਵ ਮਨੂ ਸੀ ਜਾਂ ਵੈਵਸਵਤ ਮਨੂ ਸੀ। ਕੁਝ ਵਿਦਵਾਨ ਅਖੀਰਲੇ ਵੈਵਸਵਤ ਮਨੂ ਨੂੰ ਮੂਲ ਪ੍ਰਵਕਤਾ ਮੰਨਦੇ ਹਨ। ਇਸ ਗੱਲ ਨੂੰ ਤਕਰੀਬਨ ਸਾਰੇ ਮੰਨਦੇ ਹਨ ਕਿ ਇਸ ਗ੍ਰੰਥ ਦੀ ਰਚਨਾ ਸਿਮਰਿਤੀ ਪਰੰਪਰਾ ਵਿੱਚ ਹੋਈ ਹੈ। ਇਸ ਲਈ ਅਨੇਕ ਵਿਦਵਾਨਾਂ ਦਾ ਦ੍ਰਿੜ੍ਹ ਮੱਤ ਹੈ ਕਿ ਮਨੁਸਿਮਰਿਤੀ ਦਾ ਮੂਲ ਪ੍ਰਵਕਤਾ ਸਵਾਯੰਭੁਵ ਮਨੂ ਹੀ ਸੀ। ਜਿਨ੍ਹਾਂ ਲੋਕਾਂ ਨੇ ਬਾਅਦ ਦੇ ਸਮੇਂ ਵਿੱਚ ਆਪਣੇ ਵੱਲੋਂ ਸਲੋਕ ਜੋੜ ਦਿੱਤੇ, ਉਹਨਾਂ ਨੂੰ ਮੂਲ ਪ੍ਰਵਕਤਾ ਤਾਂ ਮੰਨਿਆ ਹੀ ਨਹੀਂ ਜਾ ਸਕਦਾ, ਸਗੋਂ ਉਹ ਤਾਂ ਮੂਲ ਗ੍ਰੰਥ ਦੀ ਸ਼ਕਲ ਤਬਦੀਲ ਕਰਨ ਦੇ ਦੋਸ਼ੀ ਹਨ। ਯਾਸਕ ਦੇ ਨਿਰੁਕਤ ਵਿੱਚ ਇੱਕ ਸਲੋਕ ਮਿਲਦਾ ਹੈ :

ਅਵਿਸ਼ੇਸ਼ੇਣ ਪੁੱਤਰਾਣਾਂ ਦਾਯੋ ਭਵਤਿ ਧਰਮਤ :।

ਮਿਥੂਨਾਨਾਂ ਵਿਸਰਗਾਦੌ ਮਨੁ: ਸਵਾਯੰਭੁਵੋਬਰਵੀਤ।

     ਇਸ ਦਾ ਅਰਥ ਹੈ ਕਿ ਦਾਯ ਭਾਗ ਵਿੱਚ (ਮਾਤਾ- ਪਿਤਾ ਤੋਂ ਉੱਤਰਾਧਿਕਾਰ ਵਿੱਚ ਪ੍ਰਾਪਤ ਸੰਪਤੀ ਵਿੱਚ) ਪੁੱਤਰ ਤੇ ਪੁੱਤਰੀ ਦੋਨਾਂ ਦਾ ਬਰਾਬਰ ਦਾ ਹੱਕ ਹੁੰਦਾ ਹੈ। ਇਹ ਗੱਲ ਸ੍ਰਿਸ਼ਟੀ ਦੇ ਅਰੰਭ ਵਿੱਚ ਸਵਾਯੰਭੁਵ ਮਨੂ ਨੇ ਆਖੀ ਹੈ। ਇਸ ਸਲੋਕ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਮਨੁਸਿਮਰਿਤੀ ਦਾ ਮੂਲ ਪ੍ਰਵਕਤਾ ਸਵਾਯੰਭੁਵ ਮਨੂ ਹੀ ਸੀ।

     ਨਿਰੁਕਤ ਵਿੱਚ ਮਨੁਸਿਮਰਿਤੀ ਦਾ ਇਹ ਉਲੇਖ ਇਸ ਗ੍ਰੰਥ ਦੇ ਰਚਨਾ ਕਾਲ ਤੇ ਵੀ ਰੋਸ਼ਨੀ ਪਾਉਂਦਾ ਹੈ। ਮਹਾਂਭਾਰਤ ਦਾ ਵਰਤਮਾਨ ਰੂਪ ਯਾਸਕ ਦੇ ਬਾਅਦ ਦੇ ਸਮੇਂ ਦੀ ਰਚਨਾ ਹੈ। ਮਹਾਂਭਾਰਤ ਦੇ ਸ਼ਾਂਤੀ ਪਰਵ ਵਿੱਚ (ਅਧਿਆਇ 342 ਸਲੋਕ 72-73) ਯਾਸਕ ਅਤੇ ਨਿਰੁਕਤ ਦਾ ਉਲੇਖ ਸਪਸ਼ਟ ਰੂਪ ਵਿੱਚ ਮਿਲਦਾ ਹੈ। ਅਚਾਰੀਆ ਬਲਦੇਵ ਉਪਾਧਿਆਇ ਨੇ ਯਾਸਕ ਦਾ ਸਮਾਂ ਵਿਕਰਮ ਸੰਮਤ ਤੋਂ ਸੱਤ ਅੱਠ ਸੌ ਸਾਲ ਪਹਿਲਾਂ ਮੰਨਿਆ ਹੈ। ਇਹ ਵੀ ਸਪਸ਼ਟ ਹੈ ਕਿ ਨਿਰੁਕਤ ਦੀ ਰਚਨਾ ਦੇ ਸਮੇਂ ਮਨੁਸਿਮਰਿਤੀ ਨੂੰ ਪੂਰੀ ਮਾਨਤਾ ਪ੍ਰਾਪਤ ਹੋ ਚੁੱਕੀ ਸੀ। ਬਾਲਮੀਕੀ ਰਾਮਾਇਣ ਦੇ ਆਯੋਧਿਆ ਕਾਂਡ ਦੇ 107/12 ਅਤੇ ਕਿਸ਼ਕਿੰਧਾ ਕਾਂਡ ਦੇ 18/30-32 ਸਲੋਕ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਬਾਲਮੀਕੀ ਰਾਮਾਇਣ ਦੀ ਰਚਨਾ ਦੇ ਸਮੇਂ ਘੱਟੋ-ਘੱਟ ਸਿਮਰਿਤੀ ਰੂਪ ਵਿੱਚ ਤਾਂ ਮਨੂ ਦੇ ਪ੍ਰਵਚਨ ਆਪਣਾ ਮਹੱਤਵ ਬਣਾ ਚੁੱਕੇ ਸਨ। ਅਨੇਕ ਵੈਦਿਕ ਸੂਤਰ ਗ੍ਰੰਥਾਂ ਵਿੱਚ ਵੀ ਮਨੂ ਦੇ ਨਾਂ ਦਾ ਅਤੇ ਉਸ ਦੇ ਮੱਤ ਦਾ ਉਲੇਖ ਮਿਲਦਾ ਹੈ ਜਿਸ ਤੋਂ ਇਹ ਗੱਲ ਉੱਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਮਨੁਸਿਮਰਿਤੀ ਸੂਤਰ ਕਾਲ ਵਿੱਚ ਰਚੇ ਹੋਏ ਵੈਦਿਕ ਸਾਹਿਤ ਤੋਂ ਵੀ ਪ੍ਰਾਚੀਨ ਹੈ।

     ਮਨੁਸਿਮਰਿਤੀ ਦੇ ਬਾਰਾਂ ਅਧਿਆਇ ਹਨ। ਇਸ ਦੇ ਪਹਿਲੇ ਅਧਿਆਇ ਵਿੱਚ ਜਗਤ ਦੀ ਉਤਪਤੀ ਦਾ ਵਰਣਨ ਹੈ। ਮਨੂ ਨੇ ਦੱਸਿਆ ਹੈ ਕਿ ਪਹਿਲਾਂ ਹਨੇਰਾ ਹੀ ਹਨੇਰਾ ਸੀ, ਜੀਵਨ ਦਾ ਕੋਈ ਵੀ ਚਿੰਨ੍ਹ ਨਹੀਂ ਸੀ। ਇਸ ਤਰ੍ਹਾਂ ਦੇ ਪਰਲੋ ਦੇ ਸਮੇਂ ਦੀ ਸਮਾਪਤੀ ਤਦੋਂ ਹੋਈ ਜਦੋਂ ਅਵਿਅਕਤ (ਅਕਾਲ ਮੂਰਤਿ) ਸਵਯੰਭੂ (ਸੈਭੰ) ਪਰਮਾਤਮਾ ਨੇ ਅਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ ਨੂੰ ਪ੍ਰਕਾਸ਼ਿਤ ਕਰਨ ਦੇ ਰੂਪ ਵਿੱਚ ਸਵਯੰ ਨੂੰ ਪ੍ਰਗਟ ਕੀਤਾ। ਮਨੂ ਦੇ ਅਨੁਸਾਰ ਇੰਦਰੀਆਂ ਜਿਸ ਨੂੰ ਗ੍ਰਹਿਣ ਨਹੀਂ ਕਰ ਸਕਦੀਆਂ, ਇਸ ਤਰ੍ਹਾਂ ਦੇ ਵਧੇਰੇ ਸੂਖਮ ਅਤੇ ਪ੍ਰਾਣੀਮਾਤਰ ਵਿੱਚ ਸਦਾ ਰਹਿਣ ਵਾਲੇ ਉਸ ਪਰਮਾਤਮਾ ਦਾ ਪ੍ਰਗਟ ਹੋਣਾ ਹੀ ਸ੍ਰਿਸ਼ਟੀ ਦੀ ਰਚਨਾ ਹੈ। ਇਸ ਤਰ੍ਹਾਂ ਉਹ ਪਰਮਾਤਮਾ ਹੀ ਇਹ ਸ੍ਰਿਸ਼ਟੀ ਹੈ ਜਾਂ ਇਉਂ ਕਹਿ ਸਕਦੇ ਹਾਂ ਕਿ ਇਹ ਸ੍ਰਿਸ਼ਟੀ ਪਰਮਾਤਮਾ ਸਵਯੰ ਹੀ ਹੈ। ਸ੍ਰਿਸ਼ਟੀ ਦੀ ਉਤਪਤੀ ਦਾ ਵਰਣਨ ਕਰਨ ਦੇ ਨਾਲ ਹੀ ਮਨੂ ਨੇ ਕਾਲ ਦੀ ਵੰਡ ਦਾ ਵਿਸਤ੍ਰਿਤ ਵਰਣਨ ਕੀਤਾ ਹੈ। ਮਨੂ ਨੇ ਦੱਸਿਆ ਹੈ ਕਿ ਮਨੁੱਖਾਂ ਦਾ ਇੱਕ ਮਹੀਨਾ ਪਿਤਰਾਂ ਦਾ ਇੱਕ ਦਿਨ ਹੁੰਦਾ ਹੈ ਅਤੇ ਮਨੁੱਖਾਂ ਦਾ ਇੱਕ ਸਾਲ ਦੇਵਤਿਆਂ ਦਾ ਇੱਕ ਦਿਨ ਹੁੰਦਾ ਹੈ। ਮਨੂ ਦੀ ਕਾਲ ਦੀ ਵੰਡ ਨੂੰ ਪੜ੍ਹਦੇ ਹੋਏ ਇਉਂ ਜਾਪਦਾ ਹੈ ਜਿਵੇਂ ਮਨੂ ਵੱਖ-ਵੱਖ ਸੌਰ ਗ੍ਰਹਿਆਂ ਉੱਤੇ ਵਰਤਣ ਵਾਲੇ ਦਿਨ-ਰਾਤ ਦੇ ਹਿਸਾਬ ਬਾਰੇ ਜਾਣਦਾ ਸੀ। ਸ੍ਰਿਸ਼ਟੀ ਦੀ ਉਤਪਤੀ ਦੇ ਵਰਣਨ ਕ੍ਰਮ ਵਿੱਚ ਮਨੁੱਖੀ ਸੱਭਿਅਤਾ ਦੇ ਵਿਕਾਸ ਬਾਰੇ ਮਨੂ ਨੇ ਜੋ ਆਖਿਆ ਉਹ ਮੂਲ ਰੂਪ ਵਿੱਚ ਹੇਠਾਂ ਦਿੱਤਾ ਜਾ ਰਿਹਾ ਹੈ :

          ਜਨਮਨਾ ਜਾਯਤੇ ਸ਼ੂਦਰ : ਸੰਸਕਾਰੇਣ ਦਵਿਜ ਉਚਯਤੇ। (1/110)

          ਅੇਵਮਾਚਾਰਤੋ ਦਰਿਸ਼ਟਵਾ ਧਰਮਸਯ ਮੂਨਯੋ ਗਤਿੰ।

          ਸਰਵਸਯ ਤਪਸੋ ਮੂਲੰ ਆਚਾਰੰ ਜੰਗਰਿਹੂ ਪਰੰ॥ (1/111)

     ਇਸ ਦਾ ਅਰਥ ਹੈ ਕਿ ਹਰੇਕ ਵਿਅਕਤੀ ਜਨਮ ਤੋਂ ਸ਼ੂਦਰ ਹੁੰਦਾ ਹੈ ਕਿਉਂਕਿ ਉਹ ਗਿਆਨ ਅਤੇ ਸਿੱਖਿਆ ਤੋਂ ਰਹਿਤ ਹੁੰਦਾ ਹੈ। ਜਦੋਂ ਉਹ ਪੜ੍ਹਨ ਲਈ ਗੁਰੂਕੁਲ ਵਿੱਚ ਪ੍ਰਵੇਸ਼ ਲੈਂਦਾ ਹੈ ਤਾਂ ਗੁਰੂ ਉਸ ਦਾ ਉਪਨਯਨ (ਜਨੇਊ) ਸੰਸਕਾਰ ਕਰਦਾ ਹੈ। ਇਸ ਸੰਸਕਾਰ ਦਾ ਅਰਥ ਇਹ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਨੇ ਅਧਿਐਨ ਸ਼ੁਰੂ ਕਰ ਦਿੱਤਾ ਹੈ। ਇਹ ਸੰਸਕਾਰ ਉਸ ਦੀ ਸਿੱਖਿਆ ਦੀ ਸ਼ੁਰੂਆਤ ਹੋਣ ਕਾਰਨ ਉਸ ਦਾ ਦੂਜਾ ਜਨਮ ਮੰਨਿਆ ਜਾਂਦਾ ਹੈ, ਇਸ ਲਈ ਉਸ ਤੋਂ ਬਾਅਦ ਉਸ ਨੂੰ ਦਵਿਜ ਆਖਣ ਲੱਗ ਜਾਂਦੇ ਹਨ। ਮਨੂ ਨੇ ਉੱਚੇ ਆਚਰਨ ਨੂੰ ਸਭ ਤੋਂ ਉਪਰ ਮੰਨਿਆ ਹੈ। ਉਸ ਦਾ ਕਹਿਣਾ ਹੈ ਕਿ ਰਿਸ਼ੀਆਂ ਨੇ ਆਚਰਨ ਤੇ ਧਰਮ ਦੀ ਗਤੀ ਨੂੰ ਵੇਖ ਕੇ ਸਾਰੀ ਤਪੱਸਿਆ ਦੀ ਜੜ੍ਹ ਉੱਚੇ ਸਤਰ ਦੇ ਆਚਰਨ ਨੂੰ ਗ੍ਰਹਿਣ ਕੀਤਾ ਹੈ।

     ਦੂਸਰੇ ਅਧਿਆਇ ਵਿੱਚ ਗਰਭਾਧਾਨ, ਜਾਤ-ਕਰਮ, ਨਾਮਕਰਨ ਆਦਿ ਸੰਸਕਾਰਾਂ ਦੇ ਬਾਰੇ ਦੱਸਿਆ ਗਿਆ ਹੈ। ਵਿਦਿਆਰਥੀ ਜੀਵਨ ਵਿੱਚ ਪਾਲਣ ਕੀਤੇ ਜਾਣ ਵਾਲੇ ਨਿਯਮਾਂ ਦਾ ਅਤੇ ਵਿੱਦਿਆ ਅਧਿਐਨ ਸਮਾਪਤ ਹੋਣ ਤੇ ਕੀਤੇ ਜਾਣ ਵਾਲੇ ਕਰਤੱਵਾਂ ਦਾ ਵਰਣਨ ਹੈ। ਤੀਜੇ ਅਧਿਆਇ ਵਿੱਚ ਵਿਆਹਾਂ ਦਾ, ਯੱਗਾਂ ਅਤੇ ਸ਼ਰਾਧਾਂ ਦੀ ਵਿਧੀ ਦਾ ਵਰਣਨ ਹੈ। ਵਿਆਹਾਂ ਬਾਰੇ ਮਨੂ ਉਦਾਰਵਾਦੀ ਹਨ। ਉਹਨਾਂ ਨੇ ਬ੍ਰਹਮ, ਦੈਵ, ਆਰਸ਼, ਪ੍ਰਾਜਾਪੱਤਯ, ਆਸੂਰ, ਗਾਂਧਰਵ, ਰਾਕਸ਼ਸ ਅਤੇ ਪੈਸ਼ਾਚ ਇਹਨਾਂ ਅੱਠ ਤਰ੍ਹਾਂ ਦੇ ਵਿਆਹਾਂ ਦਾ ਵਰਣਨ ਕੀਤਾ ਹੈ। ਇਹਨਾਂ ਵਿੱਚ ਰਾਕਸ਼ਸ ਅਤੇ ਪੈਸ਼ਾਚ ਵਿਆਹਾਂ ਦੀ ਨਿੰਦਾ ਕੀਤੀ ਗਈ ਹੈ। ਮਨੂ ਨੇ ਕੰਨਿਆ ਪੱਖ ਵਾਲਿਆਂ ਦੁਆਰਾ ਵਰ ਪੱਖ ਵਾਲਿਆਂ ਤੋਂ ਕਿਸੇ ਵੀ ਰੂਪ ਵਿੱਚ ਘੱਟ ਤੋਂ ਘੱਟ ਵੀ ਧਨ ਲੈਣ ਦੀ ਨਿੰਦਾ ਕੀਤੀ ਹੈ। ਅੰਤਰਜਾਤੀ ਵਿਆਹਾਂ ਦੀ ਵੀ ਵਿਵਸਥਾ ਹੈ। ਮਨੂ ਨੇ ਨਾਰੀ ਦੀ ਸੁਰੱਖਿਆ ਅਤੇ ਉਸ ਦੇ ਆਦਰ ਬਾਰੇ ਬਹੁਤ ਸੁਚੇਤ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਉਸ ਨੇ ਇਸਤਰੀ ਧਨ ਦੀ ਪਰਿਭਾਸ਼ਾ ਕਰਦੇ ਹੋਏ ਉਸ ਉੱਤੇ ਸੰਬੰਧਿਤ ਇਸਤਰੀ ਦੇ ਹੀ ਏਕਾਧਿਕਾਰ ਦੀ ਗੱਲ ਕਹੀ ਹੈ। ਵਿਆਹਾਂ ਵਿੱਚ ਇਸਤਰੀ ਨੂੰ ਮਿਲੀ ਹੋਈ ਧਨ ਸੰਪੰਤੀ, ਵਾਹਨ, ਕਪੜੇ, ਗਹਿਣੇ ਆਦਿ ਇਸਤਰੀ ਧਨ ਕਹਾਉਂਦਾ ਹੈ। ਜੇਕਰ ਪਤੀ ਛੱਡ ਦੇਵੇ ਜਾਂ ਪਤੀ ਦੀ ਮੌਤ ਹੋ ਜਾਵੇ ਤਾਂ ਕਿਸੇ ਵੀ ਰਿਸ਼ਤੇਦਾਰ ਨੂੰ ਸੰਬੰਧਿਤ ਇਸਤਰੀ ਦੇ ਇਸਤਰੀ ਧਨ ਉੱਤੇ ਹੱਕ ਜਤਾਉਣ ਤੋਂ ਮਨ੍ਹਾਂ ਕੀਤਾ ਹੈ। ਮਨੂ ਦਾ ਕਥਨ ਹੈ ਕਿ ਜਿਸ ਘਰ ਵਿੱਚ ਇਸਤਰੀਆਂ ਨੂੰ ਪੂਰਾ ਆਦਰ ਸਨਮਾਨ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉੱਥੇ ਸਭ ਪ੍ਰਕਾਰ ਦੀ ਸੁੱਖ-ਸ਼ਾਂਤੀ ਰਹਿੰਦੀ ਹੈ। ਜਿੱਥੇ ਇਸ ਤਰ੍ਹਾਂ ਨਹੀਂ ਹੁੰਦਾ ਉੱਥੇ ਕੋਈ ਵੀ ਕੰਮ ਸਫਲ ਨਹੀਂ ਹੁੰਦਾ। ਚੌਥੇ ਅਧਿਆਇ ਵਿੱਚ ਵਪਾਰ, ਸੇਵਾ ਆਦਿ ਰੁਜ਼ਗਾਰਾਂ ਦਾ ਅਤੇ ਵਿੱਦਿਆ ਪੂਰੀ ਕਰਨ ਤੋਂ ਬਾਅਦ ਰੁਜ਼ਗਾਰ ਵਿੱਚ ਲੱਗੇ ਗ੍ਰਹਿਸਥੀਆਂ ਦੇ ਵਰਤਾਂ (ਫ਼ਰਜ਼ਾਂ) ਦਾ ਵਰਣਨ ਹੈ। ਪੰਜਵੇਂ ਅਧਿਆਇ ਵਿੱਚ ਖਾਣ ਯੋਗ ਅਤੇ ਨਾ ਖਾਣ ਯੋਗ ਪਦਾਰਥਾਂ ਦਾ, ਤਨ, ਮਨ ਅਤੇ ਬੁੱਧੀ ਦੀ ਸ਼ੁੱਧੀ ਦਾ ਅਤੇ ਇਸਤਰੀਆਂ ਦੇ ਆਚਰਨ ਲਈ ਧਾਰਮਿਕ ਕਰਤੱਵਾਂ ਦਾ ਵਰਣਨ ਹੈ। ਛੇਵੇਂ ਅਧਿਆਇ ਵਿੱਚ ਤਪਸਵੀਆਂ ਦੁਆਰਾ ਪਾਲਣ ਕੀਤੇ ਜਾਣ ਵਾਲੇ ਨਿਯਮਾਂ ਦਾ ਅਤੇ ਮੋਕਸ਼ ਪ੍ਰਾਪਤ ਕਰਨ ਦੇ ਸਾਧਨਾਂ ਦਾ ਵਰਣਨ ਹੈ। ਸੱਤਵੇਂ ਅਧਿਆਇ ਵਿੱਚ ਰਾਜਾ ਦੇ ਕਰਤੱਵਾਂ ਦਾ ਵਰਣਨ ਕਰ ਕੇ ਉਸ ਦੇ ਸਾਮ੍ਹਣੇ ਆਉਣ ਵਾਲੇ ਮੁਕੱਦਮਿਆਂ ਦੇ ਫ਼ੈਸਲੇ ਕਰਨ ਦੇ ਤਰੀਕੇ ਦੱਸੇ ਗਏ ਹਨ। ਅੱਠਵੇਂ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਗਵਾਹਾਂ ਤੋਂ ਸਵਾਲ ਕਿਸ ਤਰ੍ਹਾਂ ਪੁੱਛੇ ਜਾਣ ਅਤੇ ਸਹੀ ਫ਼ੈਸਲਾ ਕਿਵੇਂ ਕੀਤਾ ਜਾਵੇ। ਨੌਂਵੇਂ ਅਧਿਆਇ ਵਿੱਚ ਇਸਤਰੀ ਤੇ ਪੁਰਸ਼ਾਂ ਦੇ ਕੰਮਾਂ ਦੀ ਵੰਡ, ਅਪਰਾਧਾਂ ਨੂੰ ਰੋਕਣ ਦੇ ਤਰੀਕੇ ਅਤੇ ਦੂਜੀਆਂ ਜਾਤਾਂ ਦੇ ਲੋਕਾਂ ਦੇ ਕਰਤੱਵਾ ਦਾ ਵਰਣਨ ਹੈ। ਦਸਵੇਂ ਅਧਿਆਇ ਵਿੱਚ ਵੱਖ-ਵੱਖ ਜਾਤਾਂ ਦੇ ਇਸਤਰੀ ਪੁਰਸ਼ਾਂ ਤੋਂ ਉਤਪੰਨ ਸੰਤਾਨ ਦੇ ਬਾਰੇ ਵਿਵਸਥਾ ਦਿੱਤੀ ਗਈ ਹੈ। ਗਿਆਰ੍ਹਵੇਂ ਅਧਿਆਇ ਵਿੱਚ ਜਾਣੇ-ਅਣਜਾਣੇ ਕੀਤੇ ਗਏ ਪਾਪਾਂ ਦੇ ਪ੍ਰਾਸਚਿਤਾਂ ਦਾ ਵਰਣਨ ਹੈ। ਬਾਰ੍ਹਵੇਂ ਅਧਿਆਇ ਵਿੱਚ ਮੌਤ ਤੋਂ ਬਾਅਦ ਚੰਗੀ ਮਾੜੀ ਗਤੀ ਦੇ ਕਾਰਨ ਚੰਗੇ ਮਾੜੇ ਕਰਮਾਂ ਦਾ ਅਤੇ ਮੋਕਸ਼ ਦੇਣ ਵਾਲੇ ਆਤਮ ਗਿਆਨ ਦਾ ਵਰਣਨ ਹੈ।

     ਭਾਰਤੀ ਸੰਸਕ੍ਰਿਤੀ ਵਿੱਚ ਮਨੁਸਿਮਰਿਤੀ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਜਿਸ ਤਰ੍ਹਾਂ ਦਾ ਮਹੱਤਵ ਅੱਜ ਭਾਰਤ ਦੇ ਸੰਵਿਧਾਨ ਦਾ ਹੈ, ਕਿਸੇ ਜ਼ਮਾਨੇ ਵਿੱਚ ਇਹੋ ਜਿਹਾ ਹੀ ਮਹੱਤਵ ਮਨੁਸਿਮਰਿਤੀ ਦਾ ਰਿਹਾ ਹੈ। ਮਨੁ ਸਿਮਰਿਤੀ ਦਾ ਪ੍ਰਭਾਵ ਭਾਰਤੀ ਸਮਾਜ ਉੱਤੇ ਏਨਾ ਜ਼ਿਆਦਾ ਰਿਹਾ ਹੈ ਕਿ ਹਜ਼ਾਰਾਂ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਸਕਿਆ। ਵਕਤ ਦੀ ਬਦਲਦੀ ਰਫ਼ਤਾਰ ਦੇ ਨਾਲ ਸਮਾਜ ਦੀਆਂ ਕਦਰਾਂ-ਕੀਮਤਾਂ ਬਦਲੀਆਂ ਹਨ। ਇਸ ਲਈ ਮਨੁਸਿਮਰਿਤੀ ਦੀਆਂ ਸਾਰੀਆਂ ਗੱਲਾਂ ਅੱਜ ਦੇ ਯੁੱਗ ਵਿੱਚ ਬੇਸ਼ਕ ਖਰੀਆਂ ਨਹੀਂ ਉੱਤਰਦੀਆਂ ਪਰੰਤੂ ਅੱਜ ਵੀ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਦੇ ਕਾਰਨ ਮਨੁਸਿਮਰਿਤੀ ਨਾ ਕੇਵਲ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਭਾਰਤੀ ਸੰਸਕ੍ਰਿਤੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਗ੍ਰੰਥ ਦੇ ਰੂਪ ਵਿੱਚ ਸਵੀਕਾਰ ਕੀਤੀ ਜਾਂਦੀ ਹੈ।


ਲੇਖਕ : ਮਹੇਸ਼ ਗੌਤਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.