ਮਾਨਹਾਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Defamation_ਮਾਨਹਾਨੀ: ਕਿਸੇ ਵਿਅਕਤੀ ਬਾਰੇ ਕਾਨੂੰਨਪੂਰਣ ਉਚਿਤਤਾ ਤੋਂ ਬਿਨਾਂ ਕੋਈ ਅਜਿਹ ਝੂਠਾ ਬਿਆਨ ਪ੍ਰਕਾਸ਼ਤ ਕਰਨਾ ਜੋ ਆਮ ਕਰਕੇ ਸਹੀ ਸੋਚ ਵਾਲੇ ਵਿਅਕਤੀਆਂ ਦੇ ਮਨ ਵਿਚ ਉਸ ਬਾਰੇ ਅਜਿਹੀ ਨਫ਼ਰਤ, ਹਕਾਰਤ ਜਾਂ ਅਪਮਾਨ ਪੈਦਾ ਕਰੇ ਕਿ ਉਹ ਉਨ੍ਹਾਂ ਦੀਆਂ ਨਜ਼ਰਾਂ ਵਿਚ ਡਿਗ ਜਾਵੇ ਅਤੇ ਉਹ ਉਸ ਤੋਂ ਦੂਰ ਜਾਂ ਬਚ ਕੇ ਰਹਿਣ ਲਗ ਪੈਣ।

       ਮਾਨ-ਹਾਨੀ ਦਾ ਅਪਰਾਧ ਭਾਰਤੀ ਦੰਡ ਸੰਘਤਾ ਦੀ ਧਾਰ 499 ਵਿਚ ਪਰਿਭਾਸ਼ਤ ਕੀਤਾ ਗਿਆ ਹੈ। ਉਸ ਪਰਿਭਾਸ਼ਾ ਦੀ ਵਜ਼ਾਹਤ ਲਈ ਉਸ ਨਾਲ ਚਾਰ ਵਿਆਖਿਆਵਾਂ ਜੋੜੀਆਂ ਗਈਆਂ ਹਨ। ਇਸ ਪਰਿਭਾਸ਼ਾ ਦੇ ਦਾਇਰੇ ਨੂੰ ਸੀਮਤ ਕਰਨ ਵਾਲੇ ਦਸ ਅਪਵਾਦ ਕੀਤੇ ਗਏ ਜਿਨ੍ਹਾਂ ਅਧੀਨ ਆਉਣ ਵਾਲੇ ਵਿਅਕਤੀ ਨੂੰ ਮਾਨ-ਹਾਨੀ ਦੇ ਅਪਰਾਧ ਦਾ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।

       ਮਾਨਹਾਨੀ ਇਕ ਦੁਸ਼ਕਰਮ (ਟਾਰਟ) ਵੀ ਹੈ ਜਿਸ ਲਈ ਹਰਜਾਨੇ ਦਾ ਦੀਵਾਨੀ ਦਾਵਾ ਲਿਆਂਦਾ ਜਾ ਸਕਦਾ ਹੈ। ਇਸ ਕਾਰਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਅਧਿਆਏ ਭਾਰਤੀ ਦੰਡ ਸੰਘਤਾ ਵਿਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਲੇਕਿਨ ਭਾਰਤ ਦੇ ਕਾਨੂੰਨ ਕਮਿਸ਼ਨ ਦੀ ਬਤਾਲੀਵੀਂ ਰਿਪੋਰਟ ਵਿਚ ਰਾਏ ਹੈ ਕਿ ਇਹ ਅਧਿਆਏ ਭਾਰਤੀ ਦੰਡ ਸੰਘਤਾ ਵਿਚੋਂ ਨਹੀਂ ਕੱਢਣਾ ਚਾਹੀਦਾ ਕਿਉਂਕਿ ਹਰਜਾਨੇ ਦੇ ਦਾਵੇ ਦੁਆਰਾ ਪ੍ਰਾਪਤ ਕੀਤੀ ਗਈ ਦਾਦਰਸੀ ਕੇਵਲ ਮਹਿੰਗੀ ਹੀ ਨਹੀਂ ਕਈ ਸੂਰਤਾਂ ਵਿਚ ਬੇਫ਼ਾਇਦਾ ਸਾਬਤ ਹੁੰਦੀ ਹੈ।

       ਭਾਰਤ ਦੇ ਸੰਵਿਧਾਨ ਦੇ ਅਨੁਛੇਦ 19(1) ੳ ਦੁਆਰਾ ਜਿਥੇ ਬੋਲਣ ਅਤੇ ਪ੍ਰਗਟਾਉ ਦੀ ਸੁੰਤਤਰਤਾ ਦਿੱਤੀ ਗਈ ਹੈ ਉਥੇ ਮਾਨਹਾਨੀ ਨਾਲ ਸਬੰਧਤ ਕਾਨੂੰਨ ਨੂੰ ਵੀ ਸੰਵਿਧਾਨਕ ਪਰਵਾਨਗੀ ਪ੍ਰਾਪਤ ਕਰਵਾਈ ਗਈ ਹੈ ਜੋ ਉਸ ਆਜ਼ਾਦੀ ਨੂੰ ਵਿਨਿਯਮਤ ਕਰਦੀ ਹੈ।

ਅੰਗਰੇਜ਼ੀ ਕਾਨੂੰਨ_ਅੰਗਰੇਜ਼ੀ ਕਾਨੂੰਨ ਵਿਚ ਮਾਨਹਾਨੀ ਨੂੰ ਦੋ ਵਰਗਾਂ ਵਿਚ -ਲਿਖਤੀ- ਮਾਨ ਹਾਨੀ (Libel) ਅਤੇ ਜ਼ਬਾਨੀ ਮਾਨਹਾਨੀ (Slander) -ਵੰਡਿਆ ਗਿਆ ਹੈ। ਜ਼ਬਾਨੀ ਮਾਨਹਾਨੀ ਨੂੰ ਕੁਝ ਸੂਰਤਾਂ ਵਿਚ ਛੱਡ ਕੇ, ਦੁਸ਼ਕਰਮ ਅਥਵਾ ਟਾਰਟ ਕਿਹਾ ਗਿਆ ਹੈ, ਜਦ ਕਿ ਲਿਖਤੀ ਮਾਨਹਾਨੀ ਅਪਰਾਧ ਹੈ, ਕਿਉਂਕਿ ਉਸ ਅਪਰਾਧ ਕਾਰਨ ਹਿੰਸਾ ਦੇ ਫਲਸਰੂਪ ਸ਼ਾਂਤੀ ਭੰਗ ਹੋ ਸਕਦੀ ਹੈ। ਭਾਰਤ ਵਿਚ ਲਿਖਤੀ ਅਤੇ ਜ਼ਬਾਨੀ ਮਾਨਹਾਨੀ ਵਿਚ ਫ਼ਰਕ ਨਹੀਂ ਕੀਤਾ ਗਿਆ ਅਤੇ ਨ ਹੀ ਮਾਨਹਾਨੀ ਨੂੰ ਅਪਰਾਧ ਬਣਾਏ ਜਾਣ ਦਾ ਕਾਰਨ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਨੂੰ ਮੰਨਿਆ ਗਿਆ ਹੈ। ਭਾਰਤ ਵਿਚ ਮਾਨਹਾਨੀ ਨੂੰ ਅਪਰਾਧ ਬਣਾਇਆ ਗਿਆ ਹੈ ਕਿਉਂਕਿ ਉਸ ਨਾਲ ਜਿਸ ਵਿਅਕਤੀ ਦੀ ਮਾਨਹਾਨੀ ਕੀਤੀ ਗਈ ਹੋਵੇ ਉਸ ਨੂੰ ਮਾਨਸਿਕ ਦੁਖ ਪਹੁੰਚਦਾ ਹੈ।

       ਇਸ ਅਪਰਾਧ ਦੇ ਘਟਕ-ਇਹ ਅਪਰਾਧ ਗਠਤ ਕਰਨ ਲਈ ਨਿਮਨ-ਤਿੰਨ ਘਟਕਾਂ ਦਾ ਹੋਣਾ ਜ਼ਰੂਰੀ ਹੈ:-

(i)    ਕਿਸੇ ਵਿਅਕਤੀ ਸਬੰਧੀ ਕੋਈ ਊਜ ਲਾਉਣਾ ਜਾਂ ਪ੍ਰਕਾਸ਼ਤ ਕਰਨਾ।

(ii)    (ੳ) ਉਹ ਉਜ ਬੋਲੇ ਗਏ ਜਾਂ ਪੜ੍ਹੇ ਜਾਣ ਲਈ ਚਿਤਵੇ ਸ਼ਬਦਾਂ ਦੁਆਰਾ, ਜਾਂ

       (ਅ) ਸੈਨਤਾਂ ਦੁਆਰਾ, ਜਾਂ

       (ੲ) ਦ੍ਰਿਸ਼ਟ-ਮਾਨ ਰੂਪਣਾਂ ਦੁਆਰਾ ਲਾਈ ਗਈ ਹੋਵੇ।

(iii)   ਉਹ ਊਜ ਉਸ ਵਿਅਕਤੀ ਦੀ ਸ਼ੁਹਰਤ ਨੂੰ ਹਾਨ ਪਹੁੰਚਾਉਣ ਦੇ ਇਰਾਦੇ ਨਾਲ, ਜਾਂ ਇਹ ਜਾਣਦੇ ਹੋਏ ਜਾਂ ਇਹ ਵਿਸ਼ਵਾਸ ਕਰਨ ਦਾ ਕਾਰਨ ਰਖਦੇ ਹੋਏ ਲਾਈ ਗਈ ਹੋਵੇ ਕਿ ਅਜਿਹੀ ਊਜ ਨਾਲ ਉਸ ਵਿਅਕਤੀ ਦੀ ਸ਼ੁਹਰਤ ਨੂੰ ਹਾਨ ਪਹੁੰਚੇਗਾ।

ਊਜ ਕੀ ਹੈ:- ਊਜ ਅੰਗਰੇਜ਼ੀ ਰੂਪ ਵਿਚ ਆਏ ਸ਼ਬਦ ‘‘ਇੰਪਿਊਟੇਸ਼ਨ’’ ਦੇ ਪੰਜਾਬੀ ਸਮਾਨਾਰਥਕ ਵਜੋਂ ਵਰਤਿਆ ਗਿਆ ਹੈ। ਸਰਲਾ ਬਨਾਮ ਦੁਰਗਾ ਪ੍ਰਸਾਦ ਸ਼ਾਸਤਰੀ (ਆਈ ਐਲ ਆਰ (1973)1 ਕਲਕੱਤਾ 456) ਵਿਚ ਕਲਕੱਤਾ ਉੱਚ ਅਦਾਲਤ ਅਨੁਸਾਰ ਊਜ ਦਾ ਮਤਲਬ ਕਿਸੇ ਮਾੜੇ ਅਰਥਾਂ ਵਾਲੇ ਸ਼ਬਦ ਤੋਂ ਹੈ ਅਤੇ ਕਿਸੇ ਵਿਅਕਤੀ ਨਾਲ ਮਾੜੀ ਗੱਲ ਮਨਸੂਬ ਕਰਨਾ, ਇਲਜ਼ਾਮ ਲਾਉਣਾ, ਕੋਈ ਗੱਲ ਵਿਅੰਗ ਨਾਲ ਕਹਿਣਾ ਇਸ ਵਿਚ ਸ਼ਾਮਲ ਹੈ। ਇਸ ਤਰ੍ਹਾਂ ਊਜ ਲਾਉਣ ਦਾ ਮਤਲਬ ਕਿਸੇ ਵਿਅਕਤੀ ਉਤੇ ਕੋਈ ਇਲਜ਼ਾਮ ਲਾਉਣਾ (ਕਾਨੂੰਨੀ ਅਰਥਾਂ ਵਿਚ ਯਥਾਰੀਤੀ ਨਹੀਂ) ਕੋਈ ਦੂਸ਼ਣ ਲਾਉਣਾ ਜਾਂ ਉਸ ਨੂੰ ਬਦਨਾਮ ਕਰਨਾ ਹੈ। ਇਲਜ਼ਾਮ ਲਾਉਣ ਦੀ ਕਿਰਿਆ ਕਾਨੂੰਨੀ ਰੀਤੀ ਅਨੁਸਾਰ ਤੋਂ ਕੁਝ ਹੇਠਾਂ ਦੇ ਦਰਜੇ ਦੀ ਅਤੇ ਸ਼ੱਕ ਪੈਦਾ ਕਰਨ ਤੋਂ ਕੁਝ ਉਪਰਲੇ ਦਰਜੇ ਦੀ ਹੁੰਦੀ ਹੈ। ਵਖ ਵਖ ਕੇਸਾਂ ਵਿਚ ਕਿਸੇ ਨੂੰ ਸ਼ਰਾਬੀ ਕਹਿਣਾ, ਬਲੈਕਮਾਰਕੀਟੀਆ ਜਾਂ ਨਾਜਾਇਜ਼ ਔਲਾਦ ਕਹਿਣਾ ਊਜ ਲਾਉਣਾ ਕਰਾਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀਆਂ ਊਜਾਂ ਵਖ ਵਖ ਢੰਗਾਂ ਨਾਲ ਜਿਵੇਂ ਕਿ ਹੈਰਾਨੀਜਨਕ ਜਾਂ ਅਨੁਮਾਨਕ ਸ਼ਬਦਾਂ ਵਿਚ, ਸਵਾਲੀਆਂ ਤਰੀਕੇ ਨਾਲ ਜਾਂ ਵਿਅੰਗ-ਭਰੇ ਸ਼ਬਦਾਂ ਵਿਚ ਲਾਈਆਂ ਜਾ ਸਕਦੀਆਂ ਹਨ।

       ਇਸ ਧਾਰਾ ਅਧੀਨ ਅਪਰਾਧ ਗਠਤ ਲਈ ਊਜ ਦੋਸ਼ੀ ਇਰਾਦੇ ਨਾਲ ਅਤੇ ਧਾਰਾ ਵਿਚ ਦਸੇ ਗਏ ਢੰਗ ਅਥਵਾ ਸਾਧਨ ਨਾਲ ਲਾਈ ਗਈ ਹੋਣੀ ਜ਼ਰੂਰੀ ਹੈ। ਦੋਸ਼ੀ ਇਰਾਦਾ ਕਿਸੇ ਵਿਅਕਤੀ ਦੀ ਸ਼ੁਹਰਤ ਨੂੰ ਹਾਨ ਪਹੁੰਚਾਉਣਾ ਹੁੰਦਾ ਹੈ ਅਤੇ ਸਾਧਨਾਂ ਵਿਚ ਮੂੰਹੋਂ ਬੋਲੇ ਜਾਂ ਲਿਖੇ ਗਏ ਸ਼ਬਦਾਂ ਦੀ, ਸਰੀਰ ਦੇ ਕਿਸੇ ਅੰਗ ਨਾਲ ਸੈਨਤਾਂ ਜਾਂ ਦ੍ਰਿਸ਼ਟਮਾਨ ਰੂਪਣਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਿਸੇ ਵਿਅਕਤੀ ਦੀ ਸ਼ੁਹਰਤ ਨੂੰ ਹਾਨ ਪਹੁੰਚਾਉਣ ਜਾਂ ਦੋਸ਼ੀ ਇਰਾਦੇ ਦੀ ਹੋਂਦ ਜ਼ਰੂਰੀ ਹੈ ਜਾਂ ਊਜ ਇਹ ਵਿਸ਼ਵਾਸ ਕਰਨ ਦਾ ਕਾਰਨ ਰਖਦੇ ਹੋਏ ਲਾਈ ਗਈ ਹੋਣੀ ਜ਼ਰੂਰੀ ਹੁੰਦੀ ਹੈ ਕਿ ਉਸ ਨਾਲ ਉਸ ਵਿਅਕਤੀ ਦੀ ਸ਼ੁਹਰਤ ਨੂੰ ਹਾਨ ਪਹੁੰਚੇਗਾ।

       ਕਿਸੇ ਵਿਅਕਤੀ ਸਬੰਧੀ ਕੋਈ ਊਜ ਲਾਉਂਦਾ ਜਾਂ ਪ੍ਰਕਾਸ਼ਤ ਕਰਦਾ ਹੈ_ਕਿਸੇ ਵਿਅਕਤੀ ਸਬੰਧੀ ਊਜ ਲਾਉਂਦਾ ਜਾਂ ਪ੍ਰਕਾਸ਼ਤ ਕਰਦਾ ਹੈ ਅੰਗਰੇਜ਼ੀ ਰੂਪ ਵਿਚ ਆਉਂਦੇ ਵਾਕੰਸ਼ makes or publishes any imputation concerning any person ਦਾ ਪੰਜਾਬੀ ਅਨੁਵਾਦ ਹੈ। ਕਲਕੱਤਾ ਉੱਚ ਅਦਾਲਤ ਨੇ ਅੰਗੇਰਜ਼ੀ ਰੂਪ ਦਾ ਅਰਥ-ਨਿਰਨਾ ਕਰਦਿਆਂ ਸੁਨੀਲਾਖਿਆ ਚੌਧਰੀ ਬਨਮਾ ਐਚ. ਐਸ. ਜਾਦਵੇਤ (ਏ ਆਈ ਆਰ 1968 ਕਲਕੱਤਾ 266) ਵਿਚ ਕਿਹਾ ਹੈ ਕਿ ‘‘ਲਾਉਂਦਾ ਜਾਂ ਪ੍ਰਕਾਸ਼ਤ ਕਰਦਾ ਹੈ’’ ਸ਼ਬਦ ਇਕ ਦੂਜੇ ਦੇ ਅਨੁਪੂਰਕ ਹਨ। ਜੇ ਕੋਈ ਵਿਅਕਤੀ ਮਾਨਹਾਨੀ ਕਰਨ ਵਾਲੇ ਲਫ਼ਜ਼ ਕੇਵਲ ਲਿਖਦਾ ਹੈ ਅਤੇ ਪ੍ਰਕਾਸ਼ਤ ਨਹੀਂ ਕਰਦਾ ਤਾਂ ਉਹ ਮਾਨ-ਹਾਨੀ ਦੀ ਕੋਟੀ ਵਿਚ ਨਹੀਂ ਆਉਂਦਾ। ਜੇ ‘ੳ’ ਆਪਣੇ ਦੋਸਤ ‘ਅ’ਨੂੰ ਮਾਨਹਾਨੀ ਕਰਨ ਵਾਲਾ ਕੋਈ ਮਵਾਦ ਮੂੰਹੋਂ ਬੋਲ ਕੇ ਲਿਖਵਾਉਂਦਾ ਹੈ ਅਤੇ ਤੀਜਾ ਉਨ੍ਹਾਂ ਨੂੰ ਪਰਵਾਨ ਕਰਦਾ ਹੈ ਤਾਂ ਤਿੰਨੇ ਕਸੂਰਵਾਰ ਹੋਣਗੇ।

       ਮਾਨਹਾਨੀ ਦਾ ਅਪਰਾਧ ਗਠਤ ਕਰਨ ਲਈ ਮਾਨਹਾਨੀ ਕਰਨ ਵਾਲੇ ਮੈਟਰ ਅਥਵਾ ਮਵਾਦ ਦਾ ਪ੍ਰਕਾਸ਼ਨ ਅਪਰਾਧ ਦਾ ਇਕ ਲਾਜ਼ਮੀ ਘਟਕ ਹੈ। ਪ੍ਰਕਾਸ਼ਨ ਦਾ ਮਤਲਬ ਹੈ ਮਾਨਹਾਨੀ ਕਰਨ ਵਾਲੇ ਮੈਟਰ ਦਾ ਕਿਸੇ ਹੋਰ ਵਿਅਕਤੀ ਅਰਥਾਤ ਜਿਸ ਵਿਅਕਤੀ ਦੀ ਮਾਨਹਾਨੀ ਕਰਨ ਦਾ ਇਰਾਦਾ ਹੈ, ਉਸ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਸੰਸੂਚਿਤ ਕੀਤਾ ਜਾਣਾ।

       ਵਿਸ਼ੇਸ਼ ਅਧਿਕਾਰ ਪ੍ਰਾਪਤ ਸੰਸੂਚਨਾ ਨਾਲ ਪ੍ਰਕਾਸ਼ਨ ਦਾ ਤੱਤ ਗਠਨ ਨਹੀਂ ਹੁੰਦਾ। ਇਕ ਐਡਵੋਕੇਟ ਅਤੇ ਉਸ ਦੇ ਮੁਵੱਕਲ ਵਿਚਕਾਰ ਜਾਂ ਕਿਸੇ ਅਫ਼ਸਰ ਅਤੇ ਉਸ ਦੇ ਗੁਪਤ ਸਕੱਤਰ ਵਿਚਕਾਰ ਸੰਸੂਚਨਾ ਦੇ ਲੈਣ ਦੇਣ ਨਾਲ ਪ੍ਰਕਾਸ਼ਨ ਦਾ ਤੱਤ ਗਠਤ ਨਹੀਂ ਹੁੰਦਾ। ਸਰਕਾਰ ਦੁਆਰਾ ਮੁਕਰਰ ਪ੍ਰਣਾਲੀ ਅਨੁਸਾਰ ਕਿਸੇ ਕਰਮਚਾਰੀ ਨੂੰ ਉਸ ਦੀ ਗੁਪਤ ਰਿਪੋਟ ਵਿਚ ਕੀਤੇ ਗਏ ਪ੍ਰਤੀਕੂਲ ਕਥਨਾਂ ਦੇ ਸੰਸੂਚਿਤ ਕੀਤੇ ਜਾਣ ਨਾਲ ਪ੍ਰਤੀਕੂਲ ਕਥਨਾਂ ਦਾ ਪ੍ਰਕਾਸ਼ਨ ਨਹੀਂ ਹੁੰਦਾ। ਕਿਸੇ ਐਡਵੋਕੇਟ ਦੁਆਰਾ ਆਪਣੇ ਮੁਵੱਕਲ ਦੇ ਨਮਿਤ ਕਿਸੇ ਨੂੰ ਭੇਜਿਆ ਨੋਟਿਸ ਵੀ ਵਿਸ਼ੇਸ਼ ਅਧਿਕਾਰ ਪ੍ਰਾਪਤ ਸੰਸੂਚਨਾ ਹੋਣ ਕਾਰਨ ਪ੍ਰਕਾਸ਼ਨ ਗਠਤ ਨਹੀਂ ਕਰਦਾ। ਲੇਕਿਨ ਪ੍ਰਕਾਸ਼ਨ ਦੇ ਸਬੰਧ ਵਿਚ ਇਕ ਵਚਿੱਤਰ ਗੱਲ ਇਹ ਹੈ ਕਿ ਮਾਨਹਾਨੀ ਕਾਰਕ ਮੈਟਰ ਨੂੰ ਜਿਤਨੀ ਵਾਰੀ ਵਖ ਵਖ ਵਿਅਕਤੀਆਂ ਦੁਆਰਾ ਦੁਹਰਾਇਆ ਜਾਂਦਾ ਹੈ ਉਤਨੀ ਵਾਰੀ ਪ੍ਰਕਾਸ਼ਨ ਦਾ ਤੱਤ ਹੋਂਦ ਵਿਚ ਆਉਂਦਾ ਹੈ, ਕਿਉਂਕਿ ਫ਼ੌਜਦਾਰੀ ਕਾਨੂੰਨ ਵਿਚ ਇਕ ਪ੍ਰਕਾਸ਼ਨ ਵਿਚ ਹੋਰ ਪ੍ਰਕਾਸ਼ਨਾਵਾਂ ਦੇ ਸਮੋਏ ਜਾਣ ਦਾ ਸਿਧਾਂਤ ਮੌਜੂਦ ਨਹੀਂ ਹੈ।

ਕਿਸੇ ਵਿਅਕਤੀ ਸਬੰਧੀ_ਇਸ ਪਦ ਦਾ ਮਤਲਬ ਹੈ ਕਿ ਕੋਈ ਵਿਅਕਤੀ ਜਿਸ ਦੀ ਸ਼ਨਾਖ਼ਤ ਸਾਬਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦਾ ਵਿਅਕਤੀ ਵੀ ਇਕੱਲਾ ਹੋ ਸਕਦਾ ਹੈ। ਆਸ਼ਾ ਪਾਰੇਖ ਬਨਾਮ ਬਿਹਾਰ ਰਾਜ [1977 ਕ੍ਰਲਿਜ ਦਾ 21 ਪਟਨਾ] ਵਿਚ ਕਥਨ ਕੀਤਾ ਗਿਆ ਸੀ ਕਿ ਉਸ ਦੀ ਫ਼ਿਲਮ ਵਿਚ ਵਕੀਲਾਂ ਦੀ ਮਾਨਹਾਨੀ ਕੀਤੀ ਗਈ ਸੀ। ਉਸ ਵਿਚ ਸੈਂਟਰਲ ਬੋਰਡ ਆਫ਼ ਸੈਨਸਰ ਤੋਂ ਇਲਾਵਾ ਫ਼ਿਲਮ ਦੇ ਪ੍ਰੋਡਿਊਸਰ ਅਤੇ ਕਲਾਕਾਰਾਂ ਉਤੇ ਮਾਨਹਾਨੀ ਦਾ ਅਰੋਪ ਲਾਇਆ ਗਿਆ ਸੀ। ਉਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਭਾਰਤੀ ਦੰਡ ਸੰਘਤਾ ਦੀ ਧਾਰ 499 ਅਤੇ ਉਸ ਦੇ ਨਾਲ ਵਿਆਖਿਆ-2 ਅਨੁਸਾਰ ਮਾਨਹਾਨੀ ਦਾ ਅਪਰਾਧ ਕੰਪਨੀ ਜਾਂ ਵਿਅਕਤੀਆਂ ਦੇ ਸਮੂਹ ਸਬੰਧੀ ਕੀਤਾ ਜਾ ਸਕਦਾ ਹੈ, ਪਰ ਇਹ ਵਿਖਾਉਣਾ ਜ਼ਰੂਰੀ ਹੈ ਕਿ ਵਿਅਕਤੀਆਂ ਦਾ ਉਹ ਸਮੂਹ ਛੋਟਾ ਜਿਹਾ ਅਤੇ ਕਾਬਲੇ ਸ਼ਨਾਖ਼ਤ ਹੈ। ਇਸ ਤਰ੍ਹਾਂ ਇਕ ਵਰਗ ਦੇ ਤੌਰ ਤੇ ਐਡਵੋਕੇਟਾਂ ਦੀ ਮਾਨਹਾਨੀ ਨਹੀਂ ਕੀਤੀ ਜਾ ਸਕਦੀ।

       ਹਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਂ ਇਹ ਜਾਣਦੇ ਹੋਏ ਜਾਂ ਵਿਸ਼ਵਾਸ ਕਰਨ ਦਾ ਕਾਰਨ ਰਖਦੇ ਹੋਏ ਕਿ ਉਹ ਊਜ ਹਾਨ ਪਹੁੰਚਾਵੇਗੀ-ਇਹ ਅਪਰਾਧ ਗਠਤ ਕਰਨ ਲਈ ਊਜ ਲਾਉਣ ਵਾਲੇ ਦਾ ਜਾਂ ਉਸ ਨੂੰ ਪ੍ਰਕਾਸ਼ਤ ਕਰਨ ਵਾਲੇ ਦਾ ਇਰਾਦਾ ਇਹ ਹੋਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਉਤੇ ਊਜ ਲਾਈ ਗਈ ਹੈ ਉਸ ਦੀ ਸ਼ੁਹਰਤ ਨੂੰ ਹਾਨ ਪਹੁੰਚਾਇਆ ਜਾਵੇ ਜਾਂ ਉਹ ਇਹ ਜਾਣਦਾ ਹੋਵੇ ਜਾਂ ਇਹ ਵਿਸ਼ਵਾਸ ਕਰਨ ਦਾ ਕਾਰਨ ਰਖਦਾ ਹੋਵੇ ਕਿ ਉਸ ਤਰ੍ਹਾਂ ਕਰਨ ਨਾਲ ਉਹ ਸ਼ਿਕਾਇਤਕਾਰ ਦੀ ਸ਼ੁਹਰਤ ਨੂੰ ਹਾਨ ਪਹੁੰਚੇਗਾ। ਲੇਕਿਨ ਟੀ. ਜੀ. ਗੋਸਮਵਾਮੀ (ਏ ਆਈ ਆਰ 1952 ਪੈਪਸੂ 165) ਵਿਚ ਪੈਪਸੂ ਉੱਚ ਅਦਾਲਤ ਅਨੁਸਾਰ ਇਹ ਅਪਰਾਧ ਗਠਤ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਸ਼ਿਕਾਇਤਕਾਰ ਨੂੰ ਵਾਸਤਵ ਵਿਚ ਹਾਨ ਪਹੁੰਚਾਇਆ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਮਾਨਹਾਨੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮਾਨਹਾਨੀ :

ਚਰਿੱਤਰ ਇੱਕ ਰੁੱਖ ਦੀ ਤਰ੍ਹਾਂ ਹੈ ਅਤੇ

ਪ੍ਰਤਿਸ਼ਠਾ ਉਸਦੀ ਛਾਂ।

ਛਾਂ ਹੈ ਸਾਡੀ ਸੋਚ ਮੁਤਾਬਕ,

ਅਸਲੀ ਚੀਜ਼ ਹੈ ਰੁੱਖ।

                                                                                      (ਅਬਰਾਹਿਮ ਲਿੰਕਨ)

ਚਰਿੱਤਰ ਤੋਂ ਭਾਵ ਹੈ ਇਨਸਾਨ ਦੀ ਨੈਤਿਕ ਬਣਤਰ, ਫ਼ਿਤਰਤ ਅਤੇ ਸੁਭਾਅ; ਸ਼ਕਤੀ, ਸਬਰ ਅਤੇ ਜਤ-ਸਤ; ਅਤੇ ਸਾਹਸ, ਸਹਿਨ-ਸ਼ਕਤੀ ਅਤੇ ਹਿੰਮਤ ਅਰਥਾਤ ਬੰਦੇ ਦੀ ਅਸਲੀਅਤ ਉਸਦਾ ਚਰਿੱਤਰ ਹੈ। ਪ੍ਰਤਿਸ਼ਠਾ ਤੋਂ ਭਾਵ ਹੈ ਇਨਸਾਨ ਦੇ ਸਨੇਹੀਆਂ, ਨੇੜਲੇ, ਆਂਢੀਆਂ-ਗੁਆਂਢੀਆਂ ਅਤੇ ਆਮ ਲੋਕਾਂ ਦੀ ਉਸ ਬਾਰੇ ਸੋਚ, ਖ਼ਿਆਲ, ਤਸੱਵਰ ਅਤੇ ਰਾਇ। ਚਰਿੱਤਰ,  ਇੱਜ਼ਤ-ਮਾਣ, ਰੁਤਬਾ, ਪ੍ਰਤਿਸ਼ਠਾ; ਨੇਕਨਾਮੀ, ਵਕਾਰ ਅਤੇ ਜਸ ਆਦਿ ਆਦਮੀ ਦੀਆਂ ਮੁੱਖ ਕਮਾਈਆਂ ਹਨ, ਜਿਨ੍ਹਾਂ ਨੂੰ ਬਣਾਉਣ ਅਤੇ ਬਰਕਰਾਰ ਰੱਖਣ ਲਈ ਉਸਨੂੰ ਸਾਰੀ ਉਮਰ ਕਰੜੀ ਘਾਲਣਾ ਘਾਲਣੀ ਪੈਂਦੀ ਹੈ। ਇਸ ਵਾਸਤੇ ਉਸਦਾ ਸਾਰਾ ਖ਼ਾਨਦਾਨ, ਭੈਣ-ਭਰਾ, ਸਨੇਹੀ, ਅਧਿਆਪਕ ਅਤੇ ਆਲਾ-ਦੁਆਲਾ ਬਣਦਾ ਯੋਗਦਾਨ ਪਾਉਂਦਾ ਹੈ ਪਰ ਇਸ ਵਿੱਚ ਸਭ ਤੋਂ ਵਧੇਰੇ ਮਹੱਤਵਪੂਰਨ ਭੂਮਿਕਾ ਆਦਮੀ ਦੀ ਆਪਣੀ ਹੈ। ਸੋ, ਮਾਣ ਆਦਮੀ ਦੀ ਬਹੁਮੁੱਲੀ ਸੰਪੱਤੀ ਹੈ ਅਤੇ ਮਾਣ ਨਾਲ ਜ਼ਿੰਦਗੀ ਬਤੀਤ ਕਰਨਾ ਉਸਦਾ ਮਾਨਵ ਅਧਿਕਾਰ ਹੈ। ਇਸ ਅਧਿਕਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੰਤਰਰਾਸ਼ਟਰੀ ਭਾਈਚਾਰਾ, ਰਾਸ਼ਟਰੀ ਸੰਵਿਧਾਨ, ਕਨੂੰਨ ਸਰਕਾਰ ਅਤੇ ਲੋਕ ਭਲਾਈ ਸੰਗਠਨ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।

ਵਿਅਕਤੀ ਦੇ ਮਾਣ ਅਤੇ ਪ੍ਰਤਿਸ਼ਠਾ ਨੂੰ ਘਟਾਉਣ ਅਤੇ ਨੁਕਸਾਨ ਜਾਂ ਠੇਸ ਪਹੁੰਚਾਉਣ ਵਾਲੀ ਕਾਰਵਾਈ ਨੂੰ ਮਾਨਹਾਨੀ ਕਿਹਾ ਜਾਂਦਾ ਹੈ। ਇਹ ਵਰਣਨਯੋਗ ਹੈ ਕਿ ਮਾਣ ਅਤੇ ਮਾਨਹਾਨੀ ਵਿੱਚ ਲਛਮਣ ਰੇਖਾ ਖਿੱਚਣਾ ਕੋਈ ਅਸਾਨ ਕੰਮ ਨਹੀਂ ਹੈ। ਭਾਰਤੀ ਦੰਡ ਸੰਘਤਾ 1860 ਦੇ ਜਨਮਦਾਤਾ ਜੋ ਉਸ ਸਮੇਂ ਦੇ ਮੰਨੇ-ਪ੍ਰਮੰਨੇ ਕਨੂੰਨਦਾਨ ਅਤੇ ਮਾਹਰ ਕਨੂੰਨੀ ਖਰੜਾਕਾਰ ਸਨ, ਨੇ ਮਾਨਹਾਨੀ ਵਿਰੋਧੀ ਕਨੂੰਨ ਨੂੰ ਧਾਰਾ 499 ਤੋਂ 502 ਵਿੱਚ ਸੂਤਰਬੱਧ ਕਰਨ ਦੀ ਜ਼ੁੰਮੇਵਾਰੀ ਨਿਭਾਈ। ਇਸ ਕਨੂੰਨ ਦੀ ਰੂਪ-ਰੇਖਾ ਤਰਾਸ਼ਣ ਲਈ ਉਹਨਾਂ ਨੂੰ ਕਈ ਢੰਗ ਤਰੀਕੇ ਵਰਤਣੇ ਪਏ ਕਿਉਂਕਿ ਇਸਨੂੰ ਸਿੱਧੇ-ਸਿੱਧੇ ਪਰਿਭਾਸ਼ਤ ਕਰਨਾ ਸੌਖਾ ਕੰਮ ਨਹੀਂ ਸੀ। ਇਸ ਕਨੂੰਨ ਦੀ ਮੁੱਖ ਧਾਰਾ 499 ਵਿੱਚ ਮਾਨਹਾਨੀ ਦੀ ਪਰਿਭਾਸ਼ਾ ਦੇ ਘੇਰੇ ਨੂੰ ਸਪਸ਼ਟ ਕਰਨ ਲਈ ਇਸ ਦੀ ਪਰਿਭਾਸ਼ਾ ਤੋਂ ਇਲਾਵਾ ਇਸਦੀਆਂ ਛੇ ਵਿਆਖਿਆਵਾਂ, ਦਸ ਛੋਟਾਂ (ਉਹ 10 ਤਰ੍ਹਾਂ ਦੇ ਹਾਲਾਤ ਜਿਹੜੇ ਇਸ ਅਪਰਾਧ ਦੇ ਘੇਰੇ ਤੋਂ ਬਾਹਰ ਜਾਂ ਮੁਕਤ ਹਨ) ਅਤੇ 15 ਉਦਾਹਰਨਾਂ ਦੀ ਲੰਬੀ ਲਿਸਟ ਦਾ ਸਹਾਰਾ ਲੈਣਾ ਪਿਆ। ਇਸ ਸਭ ਕੁਝ ਦੇ ਬਾਵਜੂਦ ਅੱਜ ਤੱਕ ਇਸ ਅਪਰਾਧ ਦੀ ਸਾਫ਼-ਸਾਫ਼ ਤਸਵੀਰ ਉੱਭਰ ਕੇ ਸਾਮ੍ਹਣੇ ਨਹੀਂ ਆਈ ਅਤੇ ਵਾਦ-ਵਿਵਾਦ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਇਹ ਦੱਸਣਾ ਉੱਚਿਤ ਹੈ ਕਿ ਮਾਨਹਾਨੀ, ਦੀਵਾਨੀ ਅਤੇ ਫ਼ੌਜਦਾਰੀ, ਦੋਨੋਂ ਤਰ੍ਹਾਂ ਦਾ ਅਪਰਾਧ ਮੰਨਿਆ ਜਾਂਦਾ ਹੈ। ਦੀਵਾਨੀ ਕੇਸ ਵਿੱਚ ਸ਼ਿਕਾਇਤ ਕਰਤਾ ਨੂੰ ਹੋਏ ਨੁਕਸਾਨ ਜਾਂ ਹਾਨੀ ਲਈ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਅਤੇ ਫ਼ੌਜਦਾਰੀ ਕੇਸ ਵਿੱਚ ਭਾਰਤੀ ਦੰਡ ਸੰਘਤਾ ਅਧੀਨ ਅਪਰਾਧੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।

ਮਾਨਹਾਨੀ ਦਾ ਅਪਰਾਧ ਲਿਖਤੀ, ਮੌਖਿਕ, ਪ੍ਰਤੱਖ ਪੇਸ਼ਕਾਰੀ, ਸਿੱਧੀ ਅਤੇ ਅਸਿੱਧੀ, ਸੰਕੇਤਕ, ਗੋਲਮੋਲ ਜਾਂ ਗੁੱਝੇ ਰੂਪ ਵਿੱਚ ਲਾਈ ਤੁਹਮਤ ਰਾਹੀਂ ਹੋ ਸਕਦਾ ਹੈ। ਇੰਗਲਿਸ਼ ਲਾਅ ਵਿੱਚ ਕੇਵਲ ਲਿਖਤੀ ਅਪਮਾਨ ਅਪਰਾਧ ਹੈ। ਭਾਰਤੀ ਦੰਡ ਸੰਘਤਾ ਵਿੱਚ ਲਿਖਤੀ ਅਤੇ ਮੌਖਿਕ ਅਪਰਾਧ ਵਿੱਚ ਅੰਤਰ ਨਹੀਂ ਕੀਤਾ ਗਿਆ। ਇਸ ਲਈ ਭਾਰਤ ਵਿੱਚ ਹਰ ਤਰ੍ਹਾਂ ਨਾਲ ਲਾਈ ਹੋਈ ਤੁਹਮਤ ਮਾਨਹਾਨੀ ਹੋ ਸਕਦੀ ਹੈ। ਲਿਖਤੀ ਮਾਨਹਾਨੀ ਨੂੰ ਇਸਦਾ ਸਥਾਈ ਰੂਪ ਕਿਹਾ ਜਾਂਦਾ ਹੈ। ਇਸ ਵਿੱਚ ਲਿਖਤ, ਪੇਂਟਿੰਗ, ਤਸਵੀਰ, ਬੁੱਤ, ਪੁਤਲਾ, ਡਰਾਇੰਗ, ਨੁਮਾਇਸ਼, ਰੇਖਾ-ਚਿੱਤਰ ਆਦਿ ਸ਼ਾਮਲ ਹਨ। ਮੌਖਿਕ ਮਾਨਹਾਨੀ ਨੂੰ ਇਸਦਾ ਅਸਥਾਈ ਰੂਪ ਕਿਹਾ ਜਾਂਦਾ ਹੈ। ਇਸ ਵਿੱਚ ਬੋਲੇ ਸ਼ਬਦ, ਹਾਲ-ਦੁਹਾਈ, ਉੱਚੀ ਅਵਾਜ਼ ਵਿੱਚ ਦੋਸ਼ਣਾ, ਵਿਅੰਗ, ਹੂਟਿੰਗ, ਹਾਵ-ਭਾਵ, ਇਸ਼ਾਰੇ, ਸਾਂਗ ਜਾਂ ਨਕਲ ਆਦਿ ਸ਼ਾਮਲ ਹਨ। ਲਿਖਤੀ ਅਤੇ ਮੌਖਿਕ ਮਾਨਹਾਨੀ ਨੂੰ ਕ੍ਰਮਵਾਰ ਅੱਖਾਂ ਰਾਹੀਂ ਦੇਖਣ ਅਤੇ ਕੰਨਾਂ ਰਾਹੀਂ ਸੁਣਨ ਦੇ ਮਾਧਿਅਮ ਰਾਹੀਂ ਕੀਤੀ ਮਾਨਹਾਨੀ ਕਿਹਾ ਜਾ ਸਕਦਾ ਹੈ। ਜੇ ਉਪਰੋਕਤ ਮਾਧਿਅਮ ਰਾਹੀਂ ਲਾਈ ਤੁਹਮਤ ਕਿਸੇ ਨੂੰ ਨਿਰਾਦਰੀ, ਜ਼ਲਾਲਤ, ਹੇਠੀ, ਘਿਰਨਾ, ਹਾਸੋਹੀਣੇ ਜਾਂ ਤੌਹੀਨ ਭਰੇ ਰੂਪ ਵਿੱਚ ਪ੍ਰਦਰਸ਼ਿਤ ਕਰੇ ਤਾਂ ਉਹ ਮਾਨਹਾਨੀ ਅਖਵਾਉਂਦੀ ਹੈ। ਤੁਹਮਤ, ਕਿਸੇ ਵਿਅਕਤੀ ਦੀ ਮਾਨਹਾਨੀ ਕਰਨ ਦੇ ਇਰਾਦੇ ਨਾਲ ਲਾਈ ਹੋਣੀ ਚਾਹੀਦੀ ਹੈ। ਇਹ ਤੁਹਮਤ ਲੋਕਾਂ ਵਿੱਚ ਉਸਦਾ ਨੈਤਿਕ/ਬੌਧਿਕ ਚਰਿੱਤਰ ਘਟਾਉਣ, ਸਨਮਾਨ ਘਟਾਉਣ, ਕਾਰੋਬਾਰ ਘਟਾਉਣ, ਸਾਖ ਘਟਾਉਣ, ਲੋਕਾਂ ਨੂੰ ਉਸਤੋਂ ਪਿੱਛੇ ਹਟਾਉਣ, ਕਤਰਾਉਣ, ਮੂੰਹ ਨਾ ਲਾਉਣ, ਪਰਹੇਜ਼ ਕਰਨ ਵਾਲੀ ਪ੍ਰਵਿਰਤੀ ਵਾਲੀ ਹੋਣੀ ਚਾਹੀਦੀ ਹੈ। ਕੋਈ ਤੁਹਮਤ ਮਾਨਹਾਨੀਜਨਕ ਹੈ ਕਿ ਨਹੀਂ, ਇਹ ਗੱਲ ਅਸੀਂ ਸਮਾਜ ਦੇ ਔਸਤਨ ਬੁੱਧੀਮਾਨਤਾ ਵਾਲੇ ਸ਼ਹਿਰੀਆਂ ਦੀ ਨਜ਼ਰ ਤੋਂ ਦੇਖਦੇ ਹਾਂ ਨਾ ਕਿ ਵਿਸ਼ੇਸ਼ ਜਮਾਤ ਦੀ ਨਜ਼ਰ ਤੋਂ।

ਮਾਨਹਾਨੀ ਕੇਸਾਂ ਵਿੱਚ ਕਿਸੇ ਤੇ ਲਾਈ ਤੁਹਮਤ ਵਾਲੀ ਹੱਤਕਕਾਰੀ ਸਮੱਗਰੀ ਬਣਾ ਕੇ, ਉਸਦਾ ਪ੍ਰਕਾਸ਼ਨ ਇੱਕ ਜ਼ਰੂਰੀ ਤੱਤ ਹੈ। ਇਸ ਅਪਰਾਧ ਵਿੱਚ ਪ੍ਰਕਾਸ਼ਨ ਤੋਂ ਭਾਵ ਹੈ, ਹੱਤਕਕਾਰੀ ਸਮੱਗਰੀ ਦੀ ਸ਼ਿਕਾਇਤ-ਕਰਤਾ ਤੋਂ ਇਲਾਵਾ ਕਿਸੇ ਤੀਸਰੇ ਆਦਮੀ ਨੂੰ ਜਾਣਕਾਰੀ ਦੇਣਾ; ਅਰਥਾਤ ਸੰਬੰਧਿਤ ਵਿਅਕਤੀਆਂ ਤੋਂ ਇਲਾਵਾ ਆਮ ਆਦਮੀਆਂ ਵਿੱਚ ਉਸ ਨੂੰ ਸੰਸੂਚਿਤ ਕਰਨਾ। ਇਸ ਲਈ ਇਸ ਸਮੱਗਰੀ ਦੀ ਸੰਸੂਚਨਾ ਕੇਵਲ ਸ਼ਿਕਾਇਤ ਕਰਤਾ ਨੂੰ ਹੋਣਾ ਹੀ ਕਾਫ਼ੀ ਨਹੀਂ। ਸੋ ਜ਼ਰੂਰੀ ਹੈ ਇਸ ਸਮੱਗਰੀ ਦਾ ਪ੍ਰਕਾਸ਼ਨ ਛਾਪਣਾ, ਵੇਚਣਾ ਅਤੇ ਉਸ ਰਾਹੀਂ ਨੁਕਸਾਨ ਪਹੁੰਚਾਉਣ ਦਾ ਮੰਦ-ਇਰਾਦਾ ਪਰ ਇਸ ਅਪਰਾਧ ਵਿੱਚ ਅਸਲੀ ਨੁਕਸਾਨ ਸਾਬਤ ਕਰਨਾ ਜ਼ਰੂਰੀ ਨਹੀਂ। ਕੁਝ ਸੰਚਾਰਨ ਅਜਿਹੇ ਹਨ ਜੋ ਨੇੜਲੇ ਅਤੇ ਗੁਪਤ ਸੰਬੰਧਾਂ ਕਰਕੇ ਆਮ ਤੌਰ ਤੇ ਪ੍ਰਕਾਸ਼ਨ ਨਹੀਂ ਮੰਨੇ ਜਾਂਦੇ ਜਿਵੇਂ ਕਿ ਪਤੀ ਅਤੇ ਪਤਨੀ, ਪਿਤਾ ਅਤੇ ਧੀ ਜਾਂ ਪੁੱਤਰ, ਸਰਪ੍ਰਸਤ ਅਤੇ ਵਾਰਡ, ਵਕੀਲ ਅਤੇ ਮੁਵੱਕਲ, ਮਾਲਕ ਅਤੇ ਨੌਕਰ ਆਦਿ। ਮਾਨਹਾਨੀ ਅਪਰਾਧ ਲਈ ਮੰਦੇ ਇਰਾਦੇ ਨਾਲ ਬਣਾਈ ਅਤੇ ਪ੍ਰਕਾਸ਼ਿਤ ਕੀਤੀ ਤੁਹਮਤ ਸ਼ਿਕਾਇਤ-ਕਰਤਾ ਦੇ ਸੰਬੰਧ ਵਿੱਚ ਹੋਣੀ ਚਾਹੀਦੀ ਹੈ। ਜੇ ਤੁਹਮਤ ਸਮੂਹ ਨਾਲ ਸੰਬੰਧਤ ਹੋਵੇ ਤਾਂ ਸ਼ਿਕਾਇਤ ਕਰਤਾ ਨੂੰ ਉਸ ਤੁਹਮਤ ਦਾ ਆਪਣੇ ਨਾਲ ਸੰਬੰਧ ਸਾਬਤ ਕਰਨ ਤੇ ਹੀ ਕਾਮਯਾਬੀ ਮਿਲ ਸਕਦੀ ਹੈ। ਇਸ ਅਪਰਾਧ ਦੇ ਘੇਰੇ ਵਿੱਚ ਮਰੇ ਹੋਏ ਆਦਮੀ ਅਤੇ ਕਾਰਪੋਰੇਸ਼ਨਾਂ ਨਾਲ ਸੰਬੰਧਿਤ ਤੁਹਮਤ ਵੀ ਆਉਂਦੀ ਹੈ।

ਮਾਨਹਾਨੀ ਸੰਬੰਧੀ ਕਨੂੰਨ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਕੁਝ ਇਸ ਤਰ੍ਹਾਂ ਦੇ ਕਥਨ ਆਮ ਤੌਰ ਤੇ ਮਾਨਹਾਨੀਜਨਕ ਮੰਨੇ ਜਾਂਦੇ ਹਨ ਜਿਵੇਂ ਕਿ ਮ੍ਰਿਤਕ ਏਡਜ਼ ਤੋਂ ਪੀੜਤ ਸੀ; ਅਣਵਿਆਹੀ ਜਾਂ ਵਿਧਵਾ ਔਰਤ ਬਾਰੇ ਕਿ ਉਹ ਗਰਭਵਤੀ ਹੈ ਜਾਂ ਉਸਨੇ ਗਰਭਪਾਤ ਕਰਵਾਇਆ ਹੈ ਜਾਂ ਉਸਨੇ ਬੱਚੇ ਨੂੰ ਜਨਮ ਦਿੱਤਾ ਹੈ; ਕੁਆਰੀ ਕੁੜੀ ਬਾਰੇ ਕਿ ਉਹ ਕਿਸੇ ਦੀ ਰਖ਼ੈਲ ਹੈ; ਅਤੇ ਪਤੀ ਦੁਆਰਾ ਪਤਨੀ ਦੇ ਵਿਰੁੱਧ ਲਾਈ ਵਿਭਚਾਰੀ ਤੁਹਮਤ ਕਿ ਵਿਆਹ ਸਮੇਂ ਉਹ ਕੱਚ-ਕੁਆਰੀ ਨਹੀਂ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਆਮ ਤੌਰ ਤੇ ਅਖ਼ਬਾਰਾਂ ਅਤੇ ਰਸਾਲਿਆਂ ਆਦਿ ਦੀਆਂ ਸੁਰਖ਼ੀਆਂ ਬਣਦੀਆਂ ਹਨ। ਮਾਨਹਾਨੀ ਦੇ ਅਪਰਾਧ ਲਈ ਅਖ਼ਬਾਰ ਅਤੇ ਆਮ ਆਦਮੀ ਬਰਾਬਰ ਦਾ ਦਰਜਾ ਰੱਖਦੇ ਹਨ। ਅਖ਼ਬਾਰ ਦੀ ਹਰ ਖ਼ਬਰ ਲਈ ਮੁੱਖ ਜ਼ੁੰਮੇਵਾਰੀ ਐਡੀਟਰ ਦੀ ਹੈ ਕਿਉਂਕਿ ਸੱਚੀ ਖ਼ਬਰ ਹਾਸਲ ਕਰਨਾ ਉਸਦਾ ਕਨੂੰਨੀ ਅਧਿਕਾਰ ਨਹੀਂ ਹੈ। ਲੋਕਤੰਤਰ ਦੀਆਂ ਪਰੰਪਰਾਵਾਂ, ਪ੍ਰਸ਼ਾਸਨ ਦੀਆਂ ਮਜਬੂਰੀਆਂ, ਕਨੂੰਨ ਦੀਆਂ ਬਰੀਕੀਆਂ, ਨਾਗਰਿਕਾਂ ਦਾ ਬੋਲਣ ਅਤੇ ਪ੍ਰਗਟਾਅ ਦਾ ਅਧਿਕਾਰ ਅਤੇ ਲੋਕਨੀਤੀ ਦੇ ਮੱਦੇਨਜ਼ਰ ਕੁਝ ਤੁਹਮਤਾਂ ਨੂੰ ਮਾਨਹਾਨੀ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ ਜਿਵੇਂ ਕਿ, ਪਾਰਲੀਮੈਂਟਰੀ ਪ੍ਰੋਸੀਡਿੰਗਜ਼, ਸਦਨ ਦੀ ਇਜਾਜ਼ਤ ਨਾਲ ਪ੍ਰਕਾਸ਼ਿਤ ਹੋਈ ਰਿਪੋਰਟ, ਪੇਪਰ ਜਾਂ ਪ੍ਰੋਸੀਡਿੰਗ ਆਦਿ; ਪ੍ਰਸ਼ਾਸਨਿਕ ਸੰਚਾਰਨ ਜਿਵੇਂ ਡਿਊਟੀ ਨਾਲ ਸੰਬੰਧਿਤ ਲੋਕ ਸੇਵਕਾਂ ਦਾ ਆਪਸ ਵਿੱਚ, ਲੋਕ ਸੇਵਕਾਂ ਅਤੇ ਮੰਤਰੀਆਂ ਵਿੱਚ, ਮੰਤਰੀਆਂ ਦਾ ਆਪਸ ਵਿੱਚ, ਮੰਤਰੀਆਂ ਦਾ ਗਵਰਨਰ ਜਾਂ ਰਾਸ਼ਟਰਪਤੀ ਨਾਲ ਸੰਚਾਰ; ਕੋਰਟ ਪ੍ਰੋਸੀਡਿੰਗ; ਸੱਚੀ ਅਤੇ ਲੋਕ ਭਲਾਈ ਲਈ ਕੀਤਾ ਪ੍ਰਕਾਸ਼ਨ; ਲੋਕ ਪ੍ਰਸ਼ਨ ਤੇ ਨੇਕ-ਨੀਤੀ ਨਾਲ ਕੀਤੀ ਉੱਚਿਤ ਟੀਕਾ ਟਿੱਪਣੀ ਜਿਵੇਂ, ਪ੍ਰਸ਼ਾਸਨ, ਅਦਾਲਤਾਂ, ਪਬਲਿਕ ਸੰਸਥਾਵਾਂ, ਲੋਕ ਮਨੋਰੰਜਨ ਅਤੇ ਮਾਸ ਕਮਿਊਨੀਕੇਸ਼ਨ ਦੀ ਕਾਰਗੁਜ਼ਾਰੀ ਤੇ ਕੀਤੀ ਟੀਕਾ ਟਿੱਪਣੀ; ਇਖ਼ਤਿਆਰਤ ਵਿਅਕਤੀ ਨੂੰ ਨੇਕਨੀਤੀ ਨਾਲ ਲਾਇਆ ਦੋਸ਼ ਜਿਵੇਂ, ਕਿਸੇ ਦੇ ਵਿਰੁੱਧ ਮੈਜਿਸਟਰੇਟ ਨੂੰ, ਨੌਕਰ ਦੇ ਵਿਰੁੱਧ ਮਾਲਕ ਨੂੰ, ਬੱਚੇ ਦੇ ਵਿਰੁੱਧ ਉਸਦੇ ਪਿਤਾ ਨੂੰ ਲਾਇਆ ਦੋਸ਼ ਆਦਿ; ਆਪਣੇ ਹਿਤਾਂ ਜਾਂ ਲੋਕ ਭਲਾਈ ਲਈ ਨੇਕ-ਨੇਤੀ ਨਾਲ ਲਾਇਆ ਦੋਸ਼ ਅਤੇ ਨੇਕ-ਨੀਤੀ ਜਾਂ ਲੋਕ ਭਲਾਈ ਲਈ ਕੀਤੀ ਫਿੱਟ ਲਾਹਨਤ ਜਾਂ ਚਿਤਾਵਨੀ ਆਦਿ ਤੁਹਮਤਾਂ ਨੂੰ ਮਾਨਹਾਨੀ ਨਹੀਂ ਮੰਨਿਆ ਜਾਂਦਾ।

ਮਾਨਹਾਨੀ, ਪੁਲਿਸ ਦੁਆਰਾ ਹੱਥ-ਪਾਉਣ ਯੋਗ ਅਪਰਾਧ ਨਹੀਂ ਹੈ। ਇਸ ਵਿੱਚ ਅਦਾਲਤੀ ਕਾਰਵਾਈ, ਪੀੜ੍ਹਤ ਦੀ ਸ਼ਿਕਾਇਤ ਤੇ ਹੀ ਹੋ ਸਕਦੀ ਹੈ। ਇਸ ਅਪਰਾਧ ਲਈ ਸਜ਼ਾ ਦੋ ਸਾਲ ਤੱਕ ਕੈਦ ਜਾਂ ਜੁਰਮਾਨਾ ਜਾਂ ਦੋਨੋਂ, ਹੋ ਸਕਦੇ ਹਨ। ਇਹ ਅਪਰਾਧ ਜ਼ਮਾਨਤ ਯੋਗ ਹੈ। ਇਸ ਕੇਸ ਵਿੱਚ ਅਦਾਲਤ ਦੀ ਇਜ਼ਾਜਤ ਨਾਲ ਸੁਲ੍ਹਾ ਹੋ ਸਕਦੀ ਹੈ।


ਲੇਖਕ : ਬਲਦੇਵ ਸਿੰਘ ਮਲ੍ਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-31-04-00-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.