ਮੁਕਤੀਬੋਧ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੁਕਤੀਬੋਧ (1917–1964) : ਹਿੰਦੀ ਦੀ ਪ੍ਰਯੋਗਵਾਦੀ ਤੇ ਨਵੀਂ ਕਵਿਤਾ ਦੇ ਚਰਚਿਤ ਕਵੀਆਂ ਵਿੱਚ ਮੁਕਤੀਬੋਧ ਦਾ ਨਾਂ ਵਿਸ਼ੇਸ਼ ਲਿਆ ਜਾਂਦਾ ਹੈ। ਲੇਖਕ ਦਾ ਪੂਰਾ ਨਾਂ ਗਜਾਨਨ ਮਾਧਵ ਮੁਕਤੀਬੋਧ ਹੈ। ਉਸ ਦਾ ਜਨਮ 1917 ਵਿੱਚ ਗਵਾਲੀਅਰ (ਮੱਧ ਪ੍ਰਦੇਸ਼) ਦੇ ਛੋਟੇ ਜਿਹੇ ਕਸਬੇ ਸ਼ਯੋਪੁਰ ਵਿੱਚ ਹੋਇਆ। ਉਸ ਨੇ ਹਲਕਰ ਇੰਦੌਰ ਤੋਂ ਬੀ.ਏ. ਕੀਤੀ। ਬੀ.ਏ. ਕਰਨ ਤੋਂ 16 ਵਰ੍ਹੇ ਬਾਅਦ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਘਰ ਨੂੰ ਚਲਾਉਣ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ। ਸਕੂਲ ਅਧਿਆਪਨ ਤੋਂ ਲੈ ਕੇ ਪੱਤਰਕਾਰਿਤਾ ਅਤੇ ਹਵਾਈ ਸੈਨਾ ਅਤੇ ਫਿਰ ਕਾਲਜ ਵਿੱਚ ਅਧਿਆਪਕ ਵਜੋਂ ਕਾਰਜ ਕੀਤਾ। ਕਮਿਊ- ਨਿਸਟ ਪਾਰਟੀ ਦੇ ਵੇਤਨਭਾਗੀ ਵਜੋਂ ਵੀ ਕਾਰਜ ਕੀਤਾ। 11 ਸਤੰਬਰ 1964 ਵਿੱਚ ਲੰਬੀ ਬਿਮਾਰੀ ਭੋਗਤ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮੁਕਤੀਬੋਧ ਦਾ ਪੂਰਾ ਜੀਵਨ ਸੰਘਰਸ਼ਸ਼ੀਲ ਰਿਹਾ। ਉਸ ਦੀ ਜ਼ਿੰਦਗੀ ਦੇ ਅਨੁਭਵ ਬਹੁਤ ਕੌੜੇ ਸਨ। ਕਾਫ਼ੀ ਤੰਗੀ ਦਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਰਿਹਾ। ਪਰ ਕਦੇ ਵੀ ਹਿੰਮਤ ਨਹੀਂ ਹਾਰੀ, ਹਮੇਸ਼ਾਂ ਲੀਕ ਤੋਂ ਹਟ ਕੇ ਸੋਚਦਾ, ਸਮਝਦਾ ਤੇ ਲਿਖਦਾ ਰਿਹਾ। ਇਹੋ ਹੀ ਇਸ ਕਵੀ ਦੇ ਜੀਵਨ ਤੇ ਸਾਹਿਤ ਦੀ ਵਿਲੱਖਣਤਾ ਹੈ।

     ਉਸ ਨੇ ਕਾਫ਼ੀ ਪਹਿਲਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਵੇਲੇ ਉਸ ਦੀਆਂ ਰਚਨਾਵਾਂ ਕਈ ਪੱਤ੍ਰਿਕਾਵਾਂ ਵਿੱਚ ਛਪਦੀਆਂ ਰਹਿੰਦੀਆਂ ਸਨ। ਮੁਕਤੀਬੋਧ ਦੀ ਖ਼ੂਬੀ ਇਹ ਹੈ ਕਿ ਉਸ ਨੇ ਅਹਿੰਦੀ ਭਾਸ਼ੀ ਹੁੰਦਿਆਂ ਵੀ ਹਿੰਦੀ ਸਾਹਿਤ ਦੀ ਅਮੁਲ ਸੇਵਾ ਕੀਤੀ, ਅਨੇਕ ਸਾਹਿਤ ਵਿਧਾਵਾਂ, ਰੂਪਾਂ ਵਿੱਚ ਲਿਖਿਆ। ਕਵਿਤਾ, ਕਹਾਣੀ, ਨਾਵਲ, ਡਾਇਰੀ ਅਤੇ ਹੋਰ ਅਨੇਕ ਰੂਪਾਂ ਵਿੱਚ ਉਸ ਨੇ ਆਪਣੀ ਲੇਖਣੀ ਚਲਾਈ। ਹਿੰਦੀ ਕਵਿਤਾ ਵਿੱਚ ਲੰਬੀ ਕਵਿਤਾ ਨੂੰ ਸਹੀ ਆਧਾਰ ਪ੍ਰਦਾਨ ਕਰਨ ਵਾਲਾ ਇਹ ਪਹਿਲਾ ਕਵੀ ਮੰਨਿਆ ਜਾਂਦਾ ਹੈ। ਇਸ ਦੀ ਕਵਿਤਾ ਸਹਿਜੇ ਨਹੀਂ ਸਮਝੀ ਜਾ ਸਕਦੀ। ਉਸ ਵਿੱਚ ਵਿਭਿੰਨ ਵਿਸ਼ਿਆਂ ਦੇ ਨਾਲ ਗੁੰਝਲ ਅਤੇ ਵਿਰੋਧਮੂਲਕ ਸਥਿਤੀਆਂ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਸ ਕਵੀ ਨੇ ਮੱਧ ਵਰਗ ਦੀ ਮਾਨਸਿਕਤਾ ਨੂੰ ਓਛੇ (ਹੋਛੇ) ਅਤੇ ਚੰਗੇ, ਦੋ ਸ਼ਬਦਾਂ ਵਿੱਚ ਪ੍ਰਸਤੁਤ ਕਰ ਕੇ ਕਵਿਤਾ ਦੀ ਜ਼ਮੀਨ ਦਾ ਵਿਸਤਾਰ ਕੀਤਾ ਹੈ। ਸਾਡੀ ਜਾਚੇ ਮੁਕਤੀਬੋਧ ਇੱਕ ਪ੍ਰਯੋਗਸ਼ੀਲ ਕਵੀ ਹੋਣ ਦੇ ਨਾਲ-ਨਾਲ ਅਨੇਕ ਵਾਰ ਮਾਰਕਸਵਾਦੀ ਹੋਣ ਦੀ ਪਛਾਣ ਵੀ ਦਿੰਦਾ ਹੈ। ਇਸ ਕਵੀ ਨੂੰ ਕਿਸੇ ਇੱਕ ਵਿਚਾਰਧਾਰਾ/ਖੇਮੇ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ। ਵਾਸਤਵ ਵਿੱਚ ਮੁਕਤੀਬੋਧ ਇੱਕ ਪ੍ਰਤਿਭਾਸ਼ੀਲ ਲੇਖਕ ਸੀ। ਉਸ ਦੀਆਂ ਕਵਿਤਾਵਾਂ ਨੂੰ ਅਨੁਭਵਸ਼ੀਲਤਾ ਤੇ ਸੰਵੇਦਨਸ਼ੀਲਤਾ ਦਾ ਸੁਮੇਲ ਮੰਨਿਆ ਜਾ ਸਕਦਾ ਹੈ। ਅੰਤਿਮ ਸਮੇਂ ਇਸ ਦਾ ਪਹਿਲਾ ਕਾਵਿ-ਸੰਗ੍ਰਹਿ ਚਾਂਦ ਕਾ ਮੂੰਹ ਟੇੜਾ ਹੈ (1964), ਭੂਰੀ-ਭੂਰੀ ਖਾਕ ਧੂਲ ਉਸ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਇਲਾਵਾ ਕਾਠ ਕਾ ਸਪਨਾ, ਸਤਹ ਸੇ ਉਠਤਾ ਆਦਮੀ ਮੁਕਤੀਬੱਧ ਦੇ ਕਹਾਣੀ-ਸੰਗ੍ਰਹਿ ਹਨ। ਵਿਪਾਤ੍ਰ ਨਾਵਲ ਅਤੇ ਕਾਮਾਯਨੀ: ਏਕ ਪੁਨਰਵਿਚਾਰ, ਨਯੇ ਸਾਹਿਤ ਕਾ ਸੌਂਦਰਯ ਸ਼ਾਸਤਰ, ਏਕ ਸਾਹਿਤਿਕ ਕੀ ਡਾਇਰੀ, ਨਯੀ ਕਵਿਤਾ ਕਾ ਆਤਮ ਸੰਘਰਸ਼ ਤਥਾ ਅਨਯ ਨਿਬੰਧ ਆਦਿ ਇਸ ਦੀਆਂ ਚਿੰਤਨ ਸੰਬੰਧੀ ਆਲੋਚਨਾਤਮਿਕ ਰਚਨਾਵਾਂ ਹਨ।

     ਮੁਕਤੀਬੋਧ ਦੀਆਂ ਸਾਰੀਆਂ ਪ੍ਰਕਾਸ਼ਿਤ ਅਤੇ ਅਣ- ਪ੍ਰਕਾਸ਼ਿਤ ਰਚਨਾਵਾਂ ਮੁਕਤੀਬੋਧ ਰਚਨਾਵਲੀ ਦੇ ਛੇ ਖੰਡਾਂ ਵਿੱਚ ਪ੍ਰਕਾਸ਼ਿਤ ਹਨ। ਇਸ ਵਿੱਚ ਇਸ ਲੇਖਕ ਦੇ ਅਨੇਕ ਅਜਿਹੇ ਖ਼ਤ ਪ੍ਰਕਾਸ਼ਿਤ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਸ ਦੀ ਵਿਹਾਰਿਕ ਦ੍ਰਿਸ਼ਟੀ ਅਤੇ ਵਿਚਾਰਧਾਰਾ ਦੀ ਪਛਾਣ ਸਹਿਜੇ ਹੀ ਮਿਲ ਜਾਂਦੀ ਹੈ। ਮੁਕਤੀਬੋਧ ਨੂੰ ਕੁਝ ਵਿਦਵਾਨਾਂ ਨੇ ਪ੍ਰਗਤੀਵਾਦ ਦਾ ਕਵੀ ਮੰਨਿਆ ਹੈ। ਇਸ ਕਵੀ ਨੂੰ ਕਦਮ ਕਦਮ ਤੇ ਚੌਰਾਹੇ ਦਿਸਦੇ ਰਹੇ ਅਤੇ ਉਹ ਆਪਣੇ-ਆਪ ਨੂੰ ਇੱਕ ਬੁੱਧੀਜੀਵੀ ਵਾਂਗ ਪ੍ਰਸ਼ਨਾਂ ਵਿੱਚ ਘਿਰਿਆ ਮੰਨਦਾ ਹੈ। ਕਵੀ ਦੀ ਚਿੰਤਾ ਇਹ ਰਹੀ ਕਿ ਭਾਰਤਵਾਸੀ ਸ਼ੋਸ਼ਣ ਮੁਕਤ ਕਦੋਂ ਹੋਣਗੇ ਅਤੇ ਆਪਣੀ ਤੇ ਆਪਣੇ ਸਮਾਜ ਦੀ ਸਹੀ ਪਛਾਣ ਕਦੋਂ ਕਰਨਗੇ। ਇਸ ਕਰ ਕੇ ਉਸ ਨੂੰ ਬਾਗ਼ੀ, ਵਿਦਰੋਹੀ, ਕ੍ਰਾਂਤੀਕਾਰੀ ਅਤੇ ਅੰਗਾਰੀ ਚੇਤਨਾ ਦਾ ਕਵੀ ਮੰਨਿਆ ਗਿਆ। ਇਸ ਦੀ ਕਵਿਤਾ ਨੂੰ ਕੁਝ ਵਿਦਵਾਨਾਂ ਨੇ ਗੁੰਝਲ ਵਾਲੀ ਕਵਿਤਾ ਵੀ ਸਵੀਕਾਰ ਕੀਤਾ।

     ਕਾਮਾਯਨੀ : ਏਕ ਪੁਨਰਵਿਚਾਰ ਤੇਰਾਂ ਅਧਿਆਇਆਂ ਵਿੱਚ ਵੰਡੀ ਹੋਈ ਇੱਕ ਵਿਵਹਾਰਿਕ ਆਲੋਚਨਾ ਹੈ। ਕਵੀ ਨੇ ਆਪਣੇ ਇਸ ਵਿਦਵਤਾਪੂਰਨ ਵਿਸ਼ਲੇਸ਼ਣ ਅਤੇ ਵਿਵੇਚਨ ਦੁਆਰਾ ਕਾਮਾਯਨੀ ਨੂੰ ਆਧੁਨਿਕ ਯੁੱਗ ਦਾ ਇੱਕ ਪੂੰਜੀਵਾਦ ਕਾਵਿ ਸਿੱਧ ਕੀਤਾ। ਏਕ ਸਾਹਿਤਿਕ ਕੀ ਡਾਇਰੀ ਇੱਕ ਅਜਿਹੀ ਰਚਨਾ ਹੈ, ਜਿਹੜੀ ਜੀਵਨ, ਸਾਹਿਤ, ਸਮਾਜ ਅਤੇ ਸਮੇਂ ਉੱਤੇ ਮੁਕਤੀਬੋਧ ਦੇ ਸੰਪੂਰਨ ਵਿਚਾਰ ਅਤੇ ਮਹੱਤਵਪੂਰਨ ਨਤੀਜੇ ਕੱਢਦੀ ਹੈ। ਨਯੀ ਕਵਿਤਾ ਕਾ ਆਤਮ ਸੰਘਰਸ਼ ਤਥਾ ਅਨਯ ਨਿਬੰਧ ਵਿੱਚ ਮੁਕਤੀਬੋਧ ਨਵੀਂ ਕਵਿਤਾ ਦੇ ਖੇਤਰ ਵਿੱਚ ਆਪਣੇ ਪੱਖ ਦੇ ਵਿਸ਼ਲੇਸ਼ਣ ਅਤੇ ਸਮਰਥਨ ਵੱਲ ਹੀ ਵੱਧਦਾ ਜਾਪਦਾ ਹੈ। ਨਵੇਂ ਸਾਹਿਤਯ ਕਾ ਸੌਂਦਰਯ ਸ਼ਾਸਤਰ ਪੁਸਤਕ ਵਿੱਚ ਉਸ ਨੇ ਨਿਬੰਧ ਰਚਨਾ-ਪ੍ਰਕਿਰਿਆ ਦੇ ਨਾਲ ਨਵੇਂ ਸਾਹਿਤ ਵਿੱਚ ਕੇਂਦਰਿਤ ਜੀਵਨ-ਦ੍ਰਿਸ਼ਟੀ, ਜੀਵਨ-ਮੁੱਲ, ਸਮਾਜ ਅਤੇ ਸਾਹਿਤ ਆਦਿ ਸਵਾਲਾਂ ਉਪਰ ਗੰਭੀਰਤਾ ਨਾਲ ਵਿਚਾਰ ਪ੍ਰਸਤੁਤ ਕੀਤੇ ਹਨ। ਕਾਠ ਕਾ ਸਪਨਾ ਮੁਕਤੀਬੋਧ ਦਾ ਕਹਾਣੀ-ਸੰਗ੍ਰਹਿ ਹੈ। ਲੱਛਮਣਦੱਤ ਗੋਤਮ ਅਨੁਸਾਰ ‘ਇਹਨਾਂ ਕਹਾਣੀਆਂ ਵਿੱਚ ਇੱਕ ਅਚੇਤ, ਜਾਗਰੂਕ, ਸੰਵੇਦਨਸ਼ੀਲ ਭਾਰਤੀ ਆਤਮਾ ਦਾ ਸਵਰ ਹੈ।` ਵਿਪਾਤ੍ਰ, ਕਾਠ ਕਾ ਸਪਨਾ ਦੀ ਅੰਤਿਮ ਕਹਾਣੀ ਸੀ, ਜੋ ਬਾਅਦ ਵਿੱਚ ਨਾਵਲਾਂ ਦੇ ਰੂਪ ਵਿੱਚ ਸੰਗਿਆ ਪਾ ਗਈ।

     ਮੁਕਤੀਬੋਧ ਮੂਲ ਰੂਪ ਵਿੱਚ ਇੱਕ ਕਵੀ ਹੀ ਹੈ। ਉਸ ਦੀਆਂ ਬਾਕੀ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਕਵਿਤਾਵਾਂ ਦੀਆਂ ਹੀ ਪੂਰਕ ਹਨ। ਉਸ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਪ੍ਰਤੀਕ ਹਨ। ਉਸ ਦਾ ਸੰਪੂਰਨ ਸਾਹਿਤ ਉਸ ਨੂੰ ਕਿਸੇ ਇੱਕ ਵਾਦ ਨਾਲ ਨਹੀਂ ਜੋੜਦਾ ਜੋ ਕਿ ਉਸ ਦੀ ਸਮਕਾਲੀ ਸੋਚ ਦਾ ਕੇਂਦਰ-ਬਿੰਦੂ ਹੈ। ਮੁਕਤੀਬੋਧ ਨੂੰ ਜੀਵਨ ਭਰ ਵਿਰੋਧਾਂ ਦਾ ਸਾਮ੍ਹਣਾ ਕਰਨਾ ਪਿਆ। ਉਸ ਦੀ ਕਵੀ ਰੂਪ ਵਿੱਚ ਵਿਸ਼ੇਸ਼ ਪਛਾਣ ਜੀਵਨ ਲੀਲ੍ਹਾ ਖ਼ਤਮ ਹੋਣ ਦੇ ਬਾਅਦ ਪ੍ਰਾਪਤ ਹੋਈ।


ਲੇਖਕ : ਹੁਕਮ ਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.