ਯਸ਼ਪਾਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਸ਼ਪਾਲ (1903–1976) : ਯਸ਼ਪਾਲ ਇੱਕੋ ਵੇਲੇ ਕ੍ਰਾਂਤੀਕਾਰੀ ਵੀ ਸੀ ਅਤੇ ਸਾਹਿਤਕਾਰ ਵੀ। ਆਪਣੇ ਅਤਿ ਸੰਘਰਸ਼ ਅਤੇ ਦੁਬਿਧਾ ਵਾਲੇ ਜੀਵਨ ਵਿੱਚ ਯਸ਼ਪਾਲ ਜਿਹੜੇ ਅਨੁਭਵ ਇਕੱਤਰ ਕਰ ਸਕਿਆ, ਉਹਨਾਂ ਨੂੰ ਵੀ ਉਸ ਨੇ ਆਪਣੇ ਸਾਹਿਤ ਦਾ ਆਧਾਰ ਬਣਾਇਆ। ਯਸ਼ਪਾਲ ਨੇ ਹਿੰਦੀ ਵਾਰਤਕ ਦੀ ਲਗਪਗ ਹਰ ਇੱਕ ਸ਼ੈਲੀ ਵਿੱਚ ਲਿਖਿਆ। ਉਹ ਜਨਮ ਤੋਂ ਪੰਜਾਬੀ, ਵਿਅਕਤਿਤਵ ਤੋਂ ਅਜ਼ਾਦ ਵਿਚਾਰਾਂ ਅਤੇ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਹਸਮੁਖ ਨਾਗਰਿਕ ਅਤੇ ਸੋਚ ਤੋਂ ਜਰਮਨ ਫ਼ਿਲਾਸਫ਼ਰ ਕਾਰਲ ਮਾਰਕਸ ਦਾ ਅਨੁਕਰਨ ਕਰਨ ਵਾਲਾ ਵਿਗਿਆਨਿਕ ਸਮਾਜਵਾਦੀ ਸੀ।

     ਯਸ਼ਪਾਲ ਦਾ ਜਨਮ 3 ਦਸੰਬਰ 1903 ਨੂੰ ਫਿਰੋਜ਼ਪੁਰ ਵਿਖੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਉਸ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਕਾਂਗੜਾ ਦੇ ਰਹਿਣ ਵਾਲੇ ਸਨ ਪਰੰਤੂ ਉਸ ਦੀ ਮਾਤਾ ਪ੍ਰੇਮ ਦੇਵੀ ਫਿਰੋਜ਼ਪੁਰ ਦੇ ਯਤੀਮਖ਼ਾਨੇ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ। ਇਸ ਲਈ ਉਸ ਦਾ ਜਨਮ ਅਤੇ ਪਾਲਨ-ਪੋਸ਼ਣ ਫਿਰੋਜ਼ਪੁਰ ਛਾਉਣੀ ਵਿੱਚ ਹੀ ਹੋਇਆ। ਪਿਤਾ ਹੀਰਾ ਲਾਲ ਕਾਂਗੜਾ ਵਿੱਚ ਹੀ ਛੋਟਾ ਜਿਹਾ ਕਾਰੋਬਾਰ ਕਰਦਾ ਸੀ। ਛੁੱਟੀਆਂ ਦੇ ਦਿਨਾਂ ਵਿੱਚ ਹੀ ਯਸ਼ਪਾਲ ਨੂੰ ਕਾਂਗੜਾ ਜਾਣ ਦਾ ਅਤੇ ਉੱਥੇ ਪ੍ਰਕਿਰਤੀ ਦੇ ਲੁਭਾਣੇ ਨਜ਼ਾਰੇ ਵੇਖਣ ਦਾ ਮੌਕਾ ਮਿਲਦਾ ਸੀ। ਯਸ਼ਪਾਲ ਦੀ ਮਾਤਾ ਬੜੀ ਮਿਹਨਤੀ, ਸੁਲਝੀ ਹੋਈ ਤੇ ਸੰਘਰਸ਼ਸ਼ੀਲ ਸੀ। ਪਿਤਾ ਦੀ ਮੌਤ ਦੇ ਬਾਅਦ ਉਸ ਨੇ ਬੜੀ ਮਿਹਨਤ ਨਾਲ ਯਸ਼ਪਾਲ ਅਤੇ ਉਸ ਦੇ ਛੋਟੇ ਭਰਾ ਨੂੰ ਪਾਲਿਆ। ਮਾਤਾ ਦੀ ਵਿਚਾਰਧਾਰਾ ਵੈਦਿਕ ਧਰਮ ਤੋਂ ਪ੍ਰਭਾਵਿਤ ਸੀ, ਇਸ ਲਈ ਆਪਣੇ ਸ਼ੁਰੂਆਤੀ ਜੀਵਨ ਵਿੱਚ ਯਸ਼ਪਾਲ ਸੰਧਿਆ-ਬੰਦਨ ਕਰਦਾ ਅਤੇ ਆਰੀਆ ਸਮਾਜੀ ਸੰਸਕਾਰਾਂ ਵਿੱਚ ਵਿਚਰਦਾ ਸੀ। ਬਾਅਦ ਵਿੱਚ ਤਾਂ ਉਸ ਨੇ ਆਪਣੀ ਰਚਨਾ ਵਿੱਚ ਗੁਰੂਕੁਲ ਸਿੱਖਿਆ ਪ੍ਰਨਾਲੀ ਤੇ ਵਿਅੰਗ ਵੀ ਕੀਤੇ ਹਨ। 1925 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਯਸ਼ਪਾਲ ਨੇ ਬੀ.ਏ. ਪਾਸ ਕੀਤੀ। ਉੱਥੇ ਕਾਲਜ ਦੇ ਇੱਕ ਪ੍ਰੋਫ਼ੈਸਰ ਜੈ ਚੰਦਰ ਵਿਦਿਆਲੰਕਾਰ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਯਸ਼ਪਾਲ ਨੇ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਹੋਣਾ ਠੀਕ ਸਮਝਿਆ। ਭਗਤ ਸਿੰਘ ਉਸ ਦੇ ਹੀ ਕਾਲਜ ਵਿੱਚ ਸੀ ਅਤੇ ਉਸ ਨਾਲ ਉਸ ਦੀ ਗਹਿਰੀ ਮਿੱਤਰਤਾ ਸੀ। ਇਸ ਲਈ ਯਸ਼ਪਾਲ ਨੇ ਭੀ ਸਾਥੀਆਂ ਨਾਲ ਰਲ ਕੇ ਅਗਨੀ-ਪੱਥ ਤੇ ਚੱਲਣਾ ਕਬੂਲਿਆ। ਪਰ ਯਸ਼ਪਾਲ ਮਾਰ-ਧਾੜ ਵਿੱਚ ਖੁੱਲ੍ਹ ਕੇ ਹਿੱਸਾ ਨਹੀਂ ਲੈ ਸਕਿਆ। ਕਲਮ ਤੇ ਪੂਰਨ ਵਿਸ਼ਵਾਸ ਨਾਲ ਹਮੇਸ਼ਾਂ ਕ੍ਰਾਂਤੀ ਦਲ ਦਾ ਸਾਥ ਦਿੰਦਾ ਰਿਹਾ। ਕ੍ਰਾਂਤੀਕਾਰੀਆਂ ਦੇ ਵਿਉਂਤਦਲ ਦਾ ਇਹ ਮੁੱਖ ਮੈਂਬਰ ਰਿਹਾ। ਉਸ ਨੇ ਉਸ ਯੁੱਗ ਦੇ ਆਪਣੇ ਅਨੁਭਵਾਂ ਨੂੰ ਸਿੰਹਾਵਲੋਕਨ ਦੇ ਤਿੰਨ ਖੰਡਾਂ ਵਿੱਚ ਕਲਮਬੰਦ ਕੀਤਾ ਹੈ। ਯਸ਼ਪਾਲ ਦੀ ਇਹ ਰਚਨਾ ਯੁੱਗ ਦਾ ਸਮੁੱਚਾ ਇਤਿਹਾਸ ਪੇਸ਼ ਕਰਦੀ ਹੈ। ਕ੍ਰਾਂਤੀਦਲ ਦੀ ਇੱਕ ਇਸਤਰੀ ਮੈਂਬਰ ਪ੍ਰਕਾਸ਼ਵਤੀ ਦੇ ਪ੍ਰਤਿ ਯਸ਼ਪਾਲ ਦੇ ਪਿਆਰ ਸੰਬੰਧ ਕਾਫ਼ੀ ਗਹਿਰੇ ਸਨ ਪਰ ਜਦੋਂ 1932 ਵਿੱਚ ਯਸ਼ਪਾਲ ਨੂੰ 14 ਸਾਲ ਵਾਸਤੇ ਕੈਦ ਦੀ ਸਜ਼ਾ ਹੋਈ ਤਾਂ ਉਸ ਨੇ ਈਮਾਨਦਾਰੀ ਨਾਲ ਪ੍ਰਕਾਸ਼ਵਤੀ ਨੂੰ ਕਿਸੇ ਹੋਰ ਨਾਲ ਵਿਆਹ ਰਚਾਉਣ ਦੀ ਸਲਾਹ ਦਿੱਤੀ। ਪਰ ਪ੍ਰਕਾਸ਼ਵਤੀ ਇਸ ਸੰਬੰਧ ਨੂੰ ਤੋੜਨ ਲਈ ਤਿਆਰ ਨਹੀਂ ਹੋਈ ਅਤੇ ਉਸ ਨੇ ਜੇਲ੍ਹ ਵਿੱਚ ਹੀ ਯਸ਼ਪਾਲ ਨਾਲ ਵਿਆਹ ਰਚਾ ਲਿਆ।

     ਯਸ਼ਪਾਲ 1938 ਵਿੱਚ ਹੀ ਜੇਲ੍ਹ ਤੋਂ ਛੁੱਟ ਗਿਆ। ਇਸ ਦੌਰਾਨ ਉਸ ਨੇ ਕਈ ਪੱਤਰ-ਪੱਤ੍ਰਿਕਾਵਾਂ ਦੇ ਦਫ਼ਤਰਾਂ ਵਿੱਚ ਕੰਮ ਕੀਤਾ। ਆਪਣਾ ਪੱਤਰ ਵਿਪਲਵ ਵੀ ਚਲਾਇਆ ਪਰ ਬਹੁਤੀ ਕਾਮਯਾਬੀ ਨਹੀਂ ਮਿਲੀ। ਪ੍ਰਕਾਸ਼ਵਤੀ ਪਾਲ ਆਪਣਾ ਵਿਪਲਵ ਪ੍ਰੈਸ ਚਲਾਉਣ ਵਿੱਚ ਸਫਲ ਹੋਈ। ਯਸ਼ਪਾਲ ਅਜ਼ਾਦ ਲੇਖਕ ਵਜੋਂ ਜੋ ਕਹਾਣੀਆਂ, ਨਾਵਲ, ਵਾਰਤਕ ਜਾਂ ਨਾਟਕ ਲਿਖਦਾ ਸੀ, ਉਹ ਵਿਪਲਵ ਦੇ ਮਾਧਿਅਮ ਰਾਹੀਂ ਪਾਠਕਾਂ ਤੱਕ ਪਹੁੰਚਦੇ ਸਨ।

     ਯਸ਼ਪਾਲ ਕਰੁਣ ਤੇ ਕਠੋਰ, ਵਿਨੋਦੀ ਤੇ ਗੰਭੀਰ, ਮਿੱਠਬੋਲੜਾ ਤੇ ਤਿੱਖਾ, ਸਭ ਤਰ੍ਹਾਂ ਦੇ ਵਿਵਹਾਰ ਦਾ ਆਦੀ ਸੀ। ਉਸ ਦਾ ਜੀਵਨ-ਦਰਸ਼ਨ ਮਾਰਕਸਵਾਦ ਤੋਂ ਪ੍ਰਭਾਵਿਤ ਰਿਹਾ ਅਤੇ ਉਹ ਹਮੇਸ਼ਾਂ ਗ਼ਰੀਬਾਂ ਦੇ ਅਧਿਕਾਰਾਂ ਵਾਸਤੇ ਲੜਦਾ ਰਿਹਾ। ਆਪਣੀ ਇੱਕ ਵਾਰਤਕ ਦੇਖਾ ਸੋਚਾ ਸਮਝਾ ਵਿੱਚ ਉਸ ਨੇ ਸਪਸ਼ਟ ਲਿਖਿਆ ਹੈ, ‘ਮੈਂ ਕਮਿਊਨਿਜ਼ਮ ਨੂੰ ਸਧਾਰਨ ਜਨਤਾ ਦੀ ਮੁਕਤੀ ਦੀ ਵਿਗਿਆਨਿਕ ਵਿਚਾਰਧਾਰਾ ਸਮਝਦਾ ਹਾਂ।` ਯਸ਼ਪਾਲ ਨੇ ਕਾਰਲ ਮਾਰਕਸ ਦੇ ਸਿਧਾਂਤਾਂ ਨੂੰ ਹੀ ਜੀਵਨ-ਦਰਸ਼ਨ ਬਣਾਇਆ। ਉਸ ਦੇ ਨਾਵਲਾਂ ਵਿੱਚ ਆਰਥਿਕ ਸੰਤੁਲਨ, ਰਾਜਨੀਤੀ, ਸਮਾਜਵਾਦ ਆਦਿ ਦਾ ਜੋ ਸਰੂਪ ਮਿਲਦਾ ਹੈ, ਉਹ ਸੌ ਫ਼ੀਸਦੀ ਮਾਰਕਸ ਦੇ ਦ੍ਵੰਦਾਤਮਿਕ ਅਤੇ ਇਤਿਹਾਸਿਕ ਪਦਾਰਥਵਾਦ ਤੋਂ ਪ੍ਰੇਰਿਤ ਹੈ। ਜਿੱਥੇ ਵੀ ਲੇਖਕ ਨੇ ਪੂੰਜੀਵਾਦ ਦੀ ਆਲੋਚਨਾ ਕੀਤੀ ਹੈ, ਉੱਥੇ ਹੀ ਮਾਰਕਸ ਦੇ ਸਿਧਾਂਤਾਂ ਨੂੰ ਪ੍ਰੋੜ੍ਹਤਾ ਮਿਲੀ ਹੈ। ਸਮਾਜਿਕ ਮਾਨਤਾਵਾਂ ਦੀ ਸਮੀਖਿਆ ਯਸ਼ਪਾਲ ਨੇ ਆਪਣੇ ਹਰ ਨਾਵਲ ਵਿੱਚ ਕੀਤੀ ਹੈ। ਉਸ ਦਾ ਵਿਸ਼ਵਾਸ ਹੈ ਕਿ ਪਤੀ-ਪਤਨੀ ਦੇ ਜੀਵਨ ਵਿੱਚ ਵੀ ਜੇ ਪ੍ਰੇਮ ਦਾ ਕੋਈ ਸਥਾਨ ਨਾ ਰਹਿ ਗਿਆ ਹੋਵੇ ਤਾਂ ਉਹਨਾਂ ਦਾ ਅਲੱਗ ਹੋ ਜਾਣਾ ਹੀ ਠੀਕ ਹੈ। ਝੂਠ-ਸੱਚ ਨਾਵਲ ਵਿੱਚ ਯਸ਼ਪਾਲ ਨੇ ਇਸ ਭਾਵਨਾ ਨੂੰ ਹੀ ਮਜ਼ਬੂਤ ਕੀਤਾ ਹੈ। ਯਸ਼ਪਾਲ ਮੰਨਦਾ ਹੈ ਕਿ ਸਮਾਜਵਾਦੀ ਵਿਵਸਥਾ ਵਿੱਚ ਇਸਤਰੀ ਇੱਕ ਸਾਥੀ ਅਤੇ ਸਹਿਯੋਗਿਨੀ ਹੈ। ਇਸਤਰੀ-ਪੁਰਸ਼ ਵਿੱਚ ਕਾਮ ਸੰਬੰਧ ਨੂੰ ਵੀ ਯਸ਼ਪਾਲ ਨੇ ਸਹਿਜੇ ਸਵੀਕਾਰ ਕੀਤਾ ਹੈ। ਉਸ ਨੇ ਇਸ ਪ੍ਰਕਾਰ ਦੇ ਸੰਬੰਧ ਨਾਲ ਕੋਈ ਅਨੈਤਿਕ ਜਾਂ ਦੁਰਾਚਾਰ ਜਿਹਾ ਸ਼ਬਦ ਜੋੜਨਾ ਉਚਿਤ ਨਹੀਂ ਸਮਝਿਆ ਸਗੋਂ ਦੋਹਾਂ ਧਿਰਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇਣ ਦੀ ਵਕਾਲਤ ਕੀਤੀ ਹੈ। ਭਾਵ ਇਹ ਕਿ ਇਸਤਰੀ-ਪੁਰਸ਼ ਆਪਣੀ ਇੱਛਾ ਨਾਲ ਜੇ ਸੰਬੰਧ ਬਣਾਉਣ ਤਾਂ ਉਸ ਵਿੱਚ ਕੁਝ ਅਸਮਾਜਿਕ ਨਹੀਂ। ਸਾਹਿਤ ਨੂੰ ਯਸ਼ਪਾਲ ਸੱਚ ਦਾ ਖ਼ੁਲਾਸਾ ਕਰਨ ਵਾਲਾ ਹਥਿਆਰ ਮੰਨਦਾ ਹੈ ਪਰ ਉਸ ਦਾ ਮਨੁੱਖੀ ਅਤੇ ਭੌਤਿਕ ਜ਼ਰੂਰਤਾਂ ਤੋਂ ਅਲੱਗ ਰਹਿਣਾ ਉਸ ਨੂੰ ਸਵੀਕਾਰ ਨਹੀਂ। ਯਥਾਰ- ਥਿਕਤਾ ਵਿੱਚ ਕਦੇ ਲਗਨਤਾ ਜਾਂ ਕੁੜੱਤਣ ਆ ਸਕਦੀ ਹੈ ਪਰ ਇਹ ਸਥਿਤੀ ਸਾਹਿਤ ਨੂੰ ਮਜ਼ਬੂਤੀ ਦਿੰਦੀ ਹੈ, ਉਸ ਨੂੰ ਕਮਜ਼ੋਰ ਨਹੀਂ ਕਰਦੀ। ਸਹਿਜਤਾ ਸਾਹਿਤ ਦਾ ਸਭ ਤੋਂ ਵੱਡਾ ਗੁਣ ਹੈ।

     ਦਾਦਾ ਕਾਮਰੇਡ, ਦੇਸ਼ ਦ੍ਰੋਹੀ, ਦਿਵਿਆ, ਪਾਰਟੀ ਕਾਮਰੇਡ, ਮਨੁਸ਼ਅ ਕੇ ਰੂਪ, ਅਮਿਤਾ, ਝੂਠਾ ਸੱਚ, ਬਾਰਹ ਘੰਟੇ, ਅਪਸਰਾ ਕਾ ਸ਼੍ਰਾਪ, ਮੇਰੀ ਤੇਰੀ ਉਸ ਕੀ ਬਾਤ ਉਸ ਦੁਆਰਾ ਰਚਿਤ ਨਾਵਲ ਹਨ। ਗਿਆਨਦਾਨ, ਅਭਿਸ਼ਪਤ, ਤਰਕ ਕਾ ਤੁਫ਼ਾਨ, ਭਸਮਾਵ੍ਰਿਤ, ਚਿੰਗਾਰੀ, ਵੋ ਦੁਨੀਆ, ਫੂਲੋਂ ਕਾ ਕਰਤਾ, ਧਰਮ ਯੁੱਧ, ਉੱਤਰਾਧਿਕਾਰੀ, ਚਿੱਤਰ ਕਾ ਸ਼ੀਰਸ਼ਕ, ਮੈਂ ਸੁੰਦਰ ਹੂੰ ਆਦਿ ਯਸ਼ਪਾਲ ਦੇ ਕਹਾਣੀ-ਸੰਗ੍ਰਹਿ ਅਤੇ ਇਹਨਾਂ ਤੋਂ ਇਲਾਵਾ ਵਾਰਤਕ ਦੇ ਖੇਤਰ ਵਿੱਚ ਨਿਆਂਇ ਕਾ ਸੰਘਰਸ਼, ਚੱਕਰ ਕਲੱਬ, ਬਾਤ ਬਾਤ ਮੇਂ ਬਾਤ, ਦੇਖਾ ਸੋਚਾ ਸਮਝਾ, ਗਾਂਧੀਵਾਦ ਕੀ ਸ਼ਵਪਰੀਕਸ਼ਾ, ਮਾਰਕਸਵਾਦ, ਸਿੰਹਾਵਲੋਕਨ (ਤਿੰਨ ਭਾਗ) ਪ੍ਰਕਾਸ਼ਿਤ ਹੋਏ।

     ਯਸ਼ਪਾਲ ਨੇ ਨਾਵਲਾਂ ਦੀਆਂ ਕਥਾਵਾਂ ਦੀ ਚੋਣ ਸਮਾਜਿਕ, ਰਾਜਨੀਤਿਕ ਅਤੇ ਇਤਿਹਾਸਿਕ ਖੇਤਰਾਂ ਵਿੱਚੋਂ ਕੀਤੀ ਹੈ। ਉਸ ਦੀ ਗਲਪ ਰਚਨਾ ਬੜੀ ਰੋਚਕ ਅਤੇ ਪ੍ਰਭਾਵੀ ਹੈ। ਕਥਾ ਦੇ ਸੰਗਠਨ ਸੂਤਰ ਬੜੇ ਮਹੀਨ, ਬੁੱਧੀਸ਼ੀਲ, ਤਰਕਸ਼ੀਲ ਅਤੇ ਨਾਵਲ-ਲੇਖਨ ਦੀ ਯੋਗਤਾ ਤੇ ਆਸ਼ਰਿਤ ਹਨ।ਰਾਜਨੀਤਿਕ ਨਾਵਲਾਂ ਵਿੱਚ ਮਾਰਕਸ- ਵਾਦੀ ਜੀਵਨ-ਦਰਸ਼ਨ, ਸਮਾਜਿਕ ਨਾਵਲਾਂ ਵਿੱਚ ਘਟਨਾਵਾਂ ਅਤੇ ਇਤਿਹਾਸਿਕ ਨਾਵਲਾਂ ਵਿੱਚ ਵਾਤਾਵਰਨ ਪ੍ਰਮੁਖ ਹੁੰਦਾ ਹੈ। ਵਾਤਾਵਰਨ ਦੇ ਸ਼ਬਦ ਚਿੱਤਰ ਪੇਸ਼ ਕਰਨ ਵਿੱਚ ਲੇਖਕ ਮਾਹਿਰ ਹੈ। ਦੇਸ਼-ਦ੍ਰੋਹੀ ਵਿੱਚ ਵਜੀਰਸਤਾਨ, ਝੂਠਾ ਸਚ ਵਿੱਚ ਭੋਲੇ ਪਾਂਧੀ ਦੀ ਗਲੀ ਅਤੇ ਦਿਵਿਆ ਵਿੱਚ ਮੁਕਾਬਲੇ ਦੇ ਮੰਚ ਦੇ ਚਿੱਤਰ ਤਾਂ ਕੈਮਰਾ-ਕਾਪੀਆਂ ਜਾਪਦੇ ਹਨ। ਯਸ਼ਪਾਲ ਨੇ ਆਪਣੇ ਨਾਰੀ ਪਾਤਰਾਂ ਤੇ ਕੋਈ ਬੰਦਸ਼ ਨਹੀਂ ਰਖੀ। ਕਿਰਿਆ ਅਤੇ ਸੋਚ ਦੀ ਧਰਤੀ ਤੇ ਨਾਰੀ ਪਾਤਰ ਅਜ਼ਾਦ ਹਨ। ਉਸ ਦੇ ਨਾਵਲਾਂ ਦੀ ਭਾਸ਼ਾ ਅਤੇ ਸ਼ੈਲੀ ਵੀ ਮੌਲਿਕ ਹੈ। ਨਾਵਲਾਂ ਵਿੱਚ ਦਕਿਆਨੂਸੀ ਵਿਚਾਰਾਂ ਅਤੇ ਰੂੜ੍ਹੀਆਂ ਦਾ ਬੁੱਧੀਵਾਦੀ ਸ਼ੈਲੀ ਵਿੱਚ ਖ਼ੁਲਾਸਾ ਕੀਤਾ ਹੈ।


ਲੇਖਕ : ਮਨਮੋਹਨ ਸਹਿਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ


charanjiv, ( 2018/05/25 10:2511)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.