ਯੀਟਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੀਟਸ (1865–1939) : ਆਇਰਿਸ਼ ਕਵੀ ਅਤੇ ਨਾਟਕਕਾਰ ਯੀਟਸ ਨੂੰ ਵੀਹਵੀਂ ਸਦੀ ਦੇ ਮਹਾਨ ਸਾਹਿਤਕਾਰਾਂ ਵਿੱਚ ਗਿਣਿਆ ਜਾਂਦਾ ਹੈ। ਇਸ ਮਹਾਨ ਕਵੀ ਅਤੇ ਨਾਟਕਕਾਰ ਨੂੰ ਸਾਹਿਤ ਦੇ ਖੇਤਰ ਵਿੱਚ ਉਸ ਦੇ ਪਾਏ ਯੋਗਦਾਨ ਦੇ ਸਤਿਕਾਰ ਵਜੋਂ 1923 ਵਿੱਚ ਨੋਬੇਲ ਪੁਰਸਕਾਰ ਦਿੱਤਾ ਗਿਆ। ਯੀਟਸ ਨੂੰ ਆਇਰਿਸ਼ ਸਾਹਿਤਿਕ ਪੁਨਰ-ਜਾਗ੍ਰਿਤੀ ਦਾ ਆਗੂ ਕਿਹਾ ਜਾਂਦਾ ਹੈ।

     ਵਿਲੀਅਮ ਬਟਲਰ ਯੀਟਸ ਇੱਕ ਪਾਸੇ ਰੁਮਾਂਟਿਕ ਅਤੇ ਦੂਜੇ ਪਾਸੇ ਪਤਨਸ਼ੀਲ ਅਤੇ ਨਿਰਾਸ਼ਾਵਾਦੀ ਕਵਿਤਾ ਵਿਚਕਾਰ ਪੁਲ ਸਮਝਿਆ ਜਾਂਦਾ ਹੈ। ਨਵੀਂ ਕਵਿਤਾ ਦੀ ਸਖ਼ਤ, ਸਪਸ਼ਟ ਅਤੇ ਯਥਾਰਥਵਾਦੀ ਭਾਸ਼ਾ ਦੇ ਝਲਕਾਰੇ ਉਸ ਦੀ ਉਨ੍ਹੀਵੀਂ ਸਦੀ ਦੇ ਅੰਤ ਦੇ ਨੇੜੇ-ਤੇੜੇ ਲਿਖੀ ਕਵਿਤਾ ਵਿੱਚੋਂ ਦਿਖਾਈ ਦੇਣ ਲੱਗ ਪਏ ਸਨ। ਯੀਟਸ ਦੀ ਅਗਵਾਈ ਅਧੀਨ ਡਬਲਿਨ ਦੀ ਐਬੀ ਥੀਏਟਰ ਕੰਪਨੀ ਨੇ ਕਈ ਵਿਸ਼ਵ ਪ੍ਰਸਿੱਧ ਨਾਟਕਕਾਰ ਉਪਜਾਏ।

     ਯੀਟਸ ਦਾ ਜਨਮ ਡਬਲਿਨ ਵਿੱਚ 13 ਜੂਨ 1865 ਨੂੰ ਹੋਇਆ। ਯੀਟਸ ਆਪਣੇ ਸਮੇਂ ਦੇ ਪ੍ਰਸਿੱਧ ਚਿੱਤਰਕਾਰ ਜਾਨ ਬਟਲਰ ਯੀਟਸ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ। ਪਿਤਾ ਨੇ ਯੀਟਸ ਦੀ ਸਕੂਲ ਦੀ ਪੜ੍ਹਾਈ ਨੂੰ ਵਧੇਰੇ ਮੁਲਵਾਨ ਬਣਾਉਣ ਲਈ ਯੀਟਸ ਨੂੰ ਘਰ ਵਿੱਚ ਆਪ ਵੀ ਪੜ੍ਹਾਇਆ ਅਤੇ ਆਪਣੇ ਇਸ ਪੁੱਤਰ ਨੂੰ ਬਚਪਨ ਵਿੱਚ ਹੀ ਕਲਾਸੀਕਲ ਰਚਨਾਵਾਂ ਦੇ ਲੜ ਲਾ ਦਿੱਤਾ। ਬਚਪਨ ਦੇ ਇਹ ਪ੍ਰਭਾਵ ਮਗਰੋਂ ਉਸ ਦੀ ਪ੍ਰਤਿਭਾ ਉਭਾਰਨ ਅਤੇ ਨਿਖਾਰਨ ਵਿੱਚ ਬੜੇ ਸਹਾਇਕ ਸਿੱਧ ਹੋਏ। ਪਿਤਾ ਦੇ ਆਪਣੇ ਸੰਕਲਪਾਂ, ਨੈਤਿਕ ਨੇਮਾਂ, ਕਲਾਤਮਿਕ ਪ੍ਰਵਿਰਤੀਆਂ ਸੁਹਜਾਤਮਿਕ ਪ੍ਰਗਟਾਵਿਆਂ ਦਾ ਪ੍ਰਭਾਵ ਵਿਸ਼ੇਸ਼ ਤੌਰ ਤੇ ਯੀਟਸ ਦੀਆਂ ਅੰਤਲੀਆਂ ਰਚਨਾਵਾਂ ਵਿੱਚ ਵੇਖਿਆ ਜਾ ਸਕਦਾ ਹੈ। ਸਕੂਲ ਤੋਂ ਛੁੱਟੀਆਂ ਦੌਰਾਨ ਆਇਰਲੈਂਡ ਦੇ ਜੰਗਲਾਂ, ਬੇਲਿਆਂ ਅਤੇ ਪਹਾੜਾਂ ਵਿੱਚ ਘੁੰਮਣ ਦਾ ਅਨੁਭਵ ਯੀਟਸ ਦੀ ਕਵਿਤਾ ਨੂੰ ਵਿਸ਼ਾਲ, ਡੂੰਘੀ ਅਤੇ ਗੰਭੀਰ ਬਣਾਉਣ ਵਿੱਚ ਸਹਾਈ ਹੋਇਆ ਹੈ। ਇੱਕ ਚਿੱਤਰਕਾਰ ਬਣਨ ਦੇ ਉਦੇਸ਼ ਨਾਲ ਉੱਨੀਂ ਸਾਲ ਦੀ ਉਮਰ ਵਿੱਚ ਯੀਟਸ ਨੇ ਡਬਲਿਨ ਦੇ ਮੈਟਰੋ ਪੋਲੀਟਨ ਆਰਟ ਸਕੂਲ ਵਿੱਚ ਦਾਖ਼ਲਾ ਲਿਆ। ਇੱਥੇ ਉਸ ਦੀ ਜਾਣ-ਪਛਾਣ ਜਾਰਜ ਰੱਸਲ ਨਾਲ ਹੋਈ ਜਿਹੜੀ ਜੀਵਨ ਭਰ ਦੀ ਦੋਸਤੀ ਹੋ ਨਿਬੜੀ। ਇਹਨਾਂ ਦੋਹਾਂ ਨੇ ਰਲ ਕੇ ਡਬਲਿਨ ਹਰਮੈਟਿਕ ਸੁਸਾਇਟੀ ਦਾ ਨਿਰਮਾਣ ਕੀਤਾ। 1887 ਵਿੱਚ ਯੀਟਸ ਲੰਦਨ ਦੀ ਥਿਊਸਾਫੀਕਲ ਸੁਸਾਇਟੀ ਦਾ ਮੈਂਬਰ ਬਣਿਆ ਅਤੇ ਨਾਲ ਹੀ ਦੋ ਅਮਰੀਕੀ ਅਖ਼ਬਾਰਾਂ ਦਾ ਪੱਤਰ-ਪ੍ਰੇਰਕ ਬਣ ਗਿਆ। ਇਸ ਸਮੇਂ ਤੱਕ ਉਸ ਦੇ ਪਿਤਾ ਦੇ ਸਾਰੇ ਪ੍ਰਸਿੱਧ ਦੋਸਤ ਉਸ ਦੀ ਜਾਣ-ਪਛਾਣ ਦੇ ਘੇਰੇ ਵਿੱਚ ਆ ਚੁੱਕੇ ਸਨ। 1889 ਵਿੱਚ ਯੀਟਸ ਦੀ ਜਾਣ-ਪਛਾਣ ਮਾਡਗਾਨ ਨਾਲ ਹੋਈ ਜਿਹੜੀ ਉਸ ਦੀ ਜ਼ਿੰਦਗੀ ਜਿੰਨਾ ਲੰਮਾ ਇਸ਼ਕ ਬਣ ਗਈ। ਇਸ ਇਸਤਰੀ ਨੇ ਯੀਟਸ ਦੇ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕੀਤਾ। ਮਾਡਗਾਨ ਆਪ ਆਇਰਲੈਂਡ ਦੀ ਅਜ਼ਾਦੀ ਦੇ ਸੰਗ੍ਰਾਮ ਵਿੱਚ ਜਨੂੰਨ ਦੀ ਹੱਦ ਤੱਕ ਕਾਰਜਸ਼ੀਲ ਸੀ। ਮਾਡਗਾਨ ਯੀਟਸ ਦੀ ਕਵਿਤਾ ਦੀ ਪ੍ਰਸੰਸਕ ਸੀ ਪਰ ਉਸ ਨੇ ਯੀਟਸ ਦੀ ਵਿਆਹ ਕਰਨ ਦੀ ਤਜਵੀਜ਼ ਨੂੰ ਸਵੀਕਾਰ ਨਾ ਕੀਤਾ ਸਗੋਂ ਮੇਜਰ ਜਾਨ ਮੈਕਬਰਾਈਡ ਨਾਲ ਵਿਆਹ ਕੀਤਾ, ਜਿਸ ਨੂੰ ਮਗਰੋਂ ਅੰਗਰੇਜ਼ੀ ਸਰਕਾਰ ਨੇ ਇੱਕ ਵਿਦਰੋਹ ਵਿੱਚ ਭਾਗ ਲੈਣ ਕਰ ਕੇ ਫ਼ਾਂਸੀ ਲਾ ਦਿੱਤਾ ਸੀ। ਯੀਟਸ ਲਈ ਮਾਡਗਾਨ ਇਸਤਰੀਤਵ ਦਾ ਸਰਬੋਤਮ ਨਮੂਨਾ ਸੀ ਜਿਹੜੀ ਯੀਟਸ ਦੀਆਂ ਅਨੇਕਾਂ ਕਵਿਤਾਵਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਪੇਸ਼ ਹੋਈ ਹੈ। ਯੀਟਸ ਨੂੰ ਇਸ ਗੱਲ ਦਾ ਝੋਰਾ ਸੀ ਕਿ ਮਾਡਗਾਨ ਆਪਣੀ ਸੁੰਦਰਤਾ ਦਾ ਆਪ ਹੀ ਯੋਗ ਮੁੱਲ ਨਹੀਂ ਸੀ ਪਾ ਰਹੀ ਅਤੇ ਉਹ ਨਿਰਾਰਥਕ ਰਾਜਨੀਤਿਕ ਅੰਦੋਲਨ ਵਿੱਚ ਭਾਗ ਲੈ ਕੇ ਆਪਣਾ ਜੀਵਨ ਵਿਅਰਥ ਗੁਆ ਰਹੀ ਸੀ।

     ਯੀਟਸ ਮੁੱਢ ਤੋਂ ਹੀ ਆਪਣੇ ਸਮੇਂ ਦੇ ਕਵੀਆਂ, ਚਿੱਤਰਕਾਰਾਂ, ਲੇਖਕਾਂ ਅਤੇ ਕਲਾਕਾਰਾਂ ਵਿੱਚ ਵਿਚਰਨ ਲੱਗ ਪਿਆ ਸੀ। ਸੋ ਆਪਣੇ ਸਮੇਂ ਦੇ ਪ੍ਰਸਿੱਧ ਵਿਅਕਤੀ ਉਸ ਦੇ ਬੜੇ ਨੇੜੇ ਸਨ। ਤਿੰਨ ਇਸਤਰੀਆਂ ਨੇ ਯੀਟਸ ਨੂੰ ਅਤਿਅੰਤ ਨੇੜਿਉਂ ਪ੍ਰਭਾਵਿਤ ਕੀਤਾ ਹੈ। ਉਸ ਸਮੇਂ ਦਾ ਪ੍ਰਸਿੱਧ ਕਵੀ ਐਜ਼ਰਾ ਪਾਊਂਡ 1909 ਵਿੱਚ ਵਿਸ਼ੇਸ਼ ਤੌਰ ਤੇ ਯੀਟਸ ਨੂੰ ਮਿਲਣ ਲਈ ਲੰਦਨ ਆਇਆ। ਪਾਊਂਡ ਨੇ ਯੀਟਸ ਦੀ ਜਾਣੂ ਦੋਸਤ ਇਸਤਰੀ ਮਿਸਜ਼ ਸ਼ੇਕਸਪੀਅਰ ਦੀ ਧੀ ਨਾਲ ਵਿਆਹ ਕਰਵਾਇਆ ਅਤੇ 1912 ਤੋਂ 1916 ਤੱਕ ਪਾਊਂਡ ਲੋੜ ਪੈਣ ਉੱਤੇ ਯੀਟਸ ਦੇ ਸਕੱਤਰ ਵਜੋਂ ਕਾਰਜ ਕਰਦਾ ਰਿਹਾ ਸੀ। ਪਾਊਂਡ ਨੇ ਯੀਟਸ ਦੀ ਜਪਾਨੀ ਨਾਟ ਪਰੰਪਰਾ ਨਾਲ ਜਾਣ-ਪਛਾਣ ਕਰਵਾਈ, ਜਿਸ ਨਾਲ ਯੀਟਸ ਦੀਆਂ ਲਿਖਤਾਂ ਵਿੱਚ ਅਨੁਸ਼ਾਸਨ, ਨਿੱਖਰਵਾਂਪਣ ਅਤੇ ਚਿੰਨ੍ਹਵਾਦ ਜਿਹੇ ਗੁਣ ਪ੍ਰਗਟ ਹੋਏ। ਇਹਨਾਂ ਪ੍ਰਭਾਵਾਂ ਕਾਰਨ ਯੀਟਸ ਦੀਆਂ ਇਸ ਸਮੇਂ ਦੀਆਂ ਕਵਿਤਾਵਾਂ ਸੰਖੇਪ ਅਤੇ ਸ਼ਕਤੀਸ਼ਾਲੀ ਹਨ।

     ਮਾਡਗਾਨ ਦੇ ਪਤੀ ਦੀ ਮੌਤ ਨਾਲ ਯੀਟਸ ਨੇ ਸੋਚਿਆ ਕਿ ਉਹ ਸ਼ਾਇਦ ਹੁਣ ਉਸ ਨਾਲ ਵਿਆਹ ਕਰਵਾਉਣਾ ਮੰਨ ਜਾਵੇ। 1917 ਵਿੱਚ ਅੰਤਿਮ ਨਾਂਹ ਉਪਰੰਤ ਯੀਟਸ ਨੇ ਉਸ ਦੀ ਧੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਜਿਹੜੀ ਪ੍ਰਵਾਨ ਨਾ ਹੋਈ। ਇਸ ਅਪ੍ਰਵਾਨਗੀ ਉਪਰੰਤ ਯੀਟਸ ਨੇ ਇੱਕ ਸ਼ਾਹੀ ਘਰਾਣੇ ਦੀ ਇਸਤਰੀ ਮਿਸ ਜਾਰਜ ਹਾਈਡ ਲੀਜ਼ ਨਾਲ ਵਿਆਹ ਕਰਵਾਇਆ। ਵਿਆਹ ਉਪਰੰਤ ਯੀਟਸ ਦੀ ਪਤਨੀ ਸੁੱਤੀ-ਸੁੱਤੀ ਅਜੀਬ ਕਾਵਿਕ ਪ੍ਰਵਾਹ ਵਾਲੇ ਵਾਕ ਉਚਾਰਨ ਲੱਗ ਪਈ, ਜਿਨ੍ਹਾਂ ਨੂੰ ਯੀਟਸ ਨੋਟ ਕਰ ਕੇ ਆਪਣੀਆਂ ਰਚਨਾਵਾਂ ਵਿੱਚ ਵਰਤਣ ਲੱਗ ਪਿਆ। ਇਹ ਉਚਾਰਨ ਯੀਟਸ ਦੀ ਪੁਸਤਕ ਏ ਵਿਜ਼ਿਨ (1925) ਵਿੱਚ ਉਪਲਬਧ ਹਨ।

     ਯੀਟਸ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ 1889 ਵਿੱਚ ਛਪਿਆ, ਜਿਸ ਵਿੱਚ ਯੀਟਸ ਨੇ ਪੁਰਾਤਨ ਆਇਰਿਸ਼ ਨਾਇਕਾ ਦਾ ਜੱਸ ਗਾਇਆ ਹੈ। ਇਹ ਰੁਚੀ ਫੇਅਰੀ ਐਂਡ ਫੋਕ ਟੇਲਜ਼ (1888) ਵਿੱਚ ਵੀ ਜਾਰੀ ਰਹੀ। ਆਪਣੇ ਨਾਟਕ ਦਾ ਕਾਊਂਟੇਸ ਕੈਥਲੀਨ (1892) ਵਿੱਚ ਉਸ ਨੇ ਪ੍ਰਾਚੀਨ ਸੰਕਲਪਾਂ ਨੂੰ ਸਮਕਾਲੀ ਇਤਿਹਾਸ ਨਾਲ ਜੋੜ ਕੇ ਪੇਸ਼ ਕੀਤਾ ਹੈ। ਦਾ ਸੇਲਟਿਕ ਟਵਾਈਲਾਈਟ ਵਿੱਚ ਯੀਟਸ ਨੇ ਰੁਮਾਂਟਿਕ ਬਿਰਤਾਂਤ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਲੇਡੀ ਮਰੈਗਰੀ ਦੀ ਉਸ ਦੀ ਕਾਵਿ-ਕਲਾ ਵਿੱਚ ਦਿਲਚਸਪੀ ਜਾਗੀ। ਦਾ ਸੀਕਰਟ ਰੋਜ਼ (1897) ਯੀਟਸ ਦੀਆਂ ਨਿੱਜੀ ਕਵਿਤਾਵਾਂ ਦਾ ਸੰਗ੍ਰਹਿ ਹੈ। 1899 ਵਿੱਚ ਛਪੇ ਉਸ ਦੇ ਕਾਵਿ-ਸੰਗ੍ਰਹਿ ਦਾ ਵਿੰਡ ਅਮੰਗ ਦਾ ਰੀਡਸ ਨੂੰ ਰਾਇਲ ਅਕੈਡਮੀ ਪੁਰਸਕਾਰ ਮਿਲਿਆ।

     1902 ਵਿੱਚ ਯੀਟਸ ਨੇ ਹੋਰਾਂ ਨਾਲ ਰਲ ਕੇ ਆਇਰਿਸ਼ ਨੈਸ਼ਨਲ ਥੀਏਟਰ ਸੁਸਾਇਟੀ ਦਾ ਨਿਰਮਾਣ ਕੀਤਾ, ਜਿਸ ਨੇ ਨਾਟਕ ਅਤੇ ਰੰਗ-ਮੰਚ ਦੇ ਖੇਤਰ ਵਿੱਚ ਇਤਿਹਾਸਿਕ ਰੋਲ ਅਦਾ ਕੀਤਾ ਹੈ। ਰੰਗ-ਮੰਚ ਨਾਲ ਨੇੜਤਾ ਕਾਰਨ ਯੀਟਸ ਦੀਆਂ ਕਵਿਤਾਵਾਂ ਦਾ ਰੰਗ-ਰੂਪ ਬਦਲਿਆ ਵੀ ਅਤੇ ਨਿਖਰਿਆ ਵੀ। ਭਾਵੇਂ ਯੀਟਸ ਪੁਰਾਤਨ ਆਇਰਲੈਂਡ ਦੇ ਨਾਇਕਾਂ ਅਤੇ ਵੇਰਵਿਆਂ ਨੂੰ ਪੇਸ਼ ਕਰਦਾ ਰਿਹਾ ਪਰ ਉਸ ਦੀ ਕਵਿਤਾ ਵਿੱਚ ਇੱਕ ਵਿਲੱਖਣਤਾ ਸੀ। 1918 ਤੋਂ 1923 ਤੱਕ ਯੀਟਸ ਅਤੇ ਉਸ ਦੀ ਪਤਨੀ ਇੱਕ ਸਤੰਭਨੁਮਾ ਇਮਾਰਤ ਵਿੱਚ ਰਹੇ ਅਤੇ ਇਹ ਸਤੰਭ ਉਸ ਦੀ ਕਵਿਤਾ ਵਿੱਚ ਮੁੜ-ਮੁੜ ਉੱਭਰਨ ਵਾਲਾ ਚਿੰਨ੍ਹ ਬਣ ਗਿਆ ਅਤੇ 1928 ਵਿੱਚ ਸਤੰਭ ਨੂੰ ਪੇਸ਼ ਕਰਨ ਵਾਲਾ ਉਸ ਦਾ ਕਾਵਿ-ਸੰਗ੍ਰਹਿ ਦਾ ਟਾਵਰ ਵੀ ਛਪ ਗਿਆ ਸੀ।

     ਯੀਟਸ ਨੂੰ ਆਇਰਲੈਂਡ ਵਿੱਚ ਭਰਪੂਰ ਮਾਨਤਾ ਪ੍ਰਾਪਤ ਹੋਈ। 1922 ਵਿੱਚ ਉਸ ਨੂੰ ਆਇਰਲੈਂਡ ਦੀ ਸੈਨੇਟ ਦਾ ਮੈਂਬਰ ਬਣਾਇਆ ਗਿਆ ਅਤੇ 1923 ਵਿੱਚ ਉਸ ਨੂੰ ਨੋਬੇਲ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਗਈ। ਜਦੋਂ 1922 ਵਿੱਚ ਆਇਰਲੈਂਡ ਵਿੱਚ ਖ਼ਾਨਾ ਜੰਗੀ ਅਰੰਭ ਹੋ ਗਈ ਤਾਂ ਯੀਟਸ ਨੇ ਕਿਹਾ ਕਿ ਕਵੀ ਨੂੰ ਆਪਣੀ ਕਲਮ ਨਾਲ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਯੀਟਸ ਆਪਣੇ ਨਿੱਜੀ ਭਾਵਾਂ ਨੂੰ ਓਹਲਾ ਪਾ ਕੇ ਪ੍ਰਗਟਾਉਂਦਾ ਸੀ ਤਾਂ ਕਿ ਉਹ ਵਿਰਲਾਪ ਜਾਂ ਸ੍ਵੈ-ਤਰਸ ਦੀ ਭਾਵਨਾ ਤੋਂ ਮੁਕਤ ਹੋ ਸਕੇ। ਆਪਣੇ ਅਨੁਭਵ ਨੂੰ ਪ੍ਰਗਟਾਉਣ ਲਈ ਉਹ ਆਪਣਾ ਸੰਪੂਰਨ ਬਦਲ ਉਸਾਰ ਕੇ ਭਾਵਨਾਵਾਂ ਦੇ ਸੰਘਣੇ ਦੁਵੱਲੇਪਣ ਨੂੰ ਪੇਸ਼ ਕਰਦਾ ਸੀ। ਉਸ ਦੀ ਇਹ ਤਕਨੀਕ ਸੇਲਿੰਗ ਟੂ ਬਾਈਜੈਂਟੀਅਮ ਵਿੱਚ ਦੇਖੀ ਜਾ ਸਕਦੀ ਹੈ, ਜਿਸ ਵਿੱਚ ਵਿਰੋਧਾਂ ਵਿੱਚੋਂ ਸੰਪੂਰਨਤਾ ਉਪਜਾਈ ਗਈ ਹੈ।

     ਆਪਣੇ ਜੀਵਨ ਦੇ ਅੰਤਲੇ ਦੌਰ ਵਿੱਚ ਯੀਟਸ ਦਾ ਝੁਕਾਓ ਜੰਤਰ-ਮੰਤਰ ਵੱਲ ਹੋ ਗਿਆ। ਉਹ ਧਰਮ ਵੱਲ ਵੀ ਝੁਕਿਆ ਅਤੇ ਬੁੱਧ ਧਰਮ ਦਾ ਪ੍ਰਭਾਵ ਵੀ ਕਬੂਲਿਆ। ਉਸ ਨੇ ਯਹੂਦੀ ਅਤੇ ਈਸਾਈ ਧਰਮ ਦੇ ਰਹੱਸਾਂ ਵਿੱਚ ਵੀ ਪ੍ਰਵੇਸ਼ ਕੀਤਾ। ਉਸ ਲਈ ਸੂਰਜ, ਚੰਨ, ਮੌਸਮ, ਦਿਨ-ਰਾਤ ਵਿਰੋਧਾਂ ਵਿੱਚ ਉਪਜਣ ਵਾਲੇ ਚਿੰਨ੍ਹ ਬਣ ਗਏ। ਚੰਨ ਦੇ 28 ਵਿਭਿੰਨ ਪੱਖਾਂ ਨੂੰ ਉਸ ਨੇ ਵੱਖਰੇ-ਵੱਖਰੇ ਅਰਥ ਪ੍ਰਦਾਨ ਕਰ ਕੇ ਚਿੰਨ੍ਹਾਂ ਵਜੋਂ ਵਰਤਿਆ ਹੈ। ਯੀਟਸ ਦਾ ਯਕੀਨ ਸੀ ਕਿ ਇਤਿਹਾਸ ਦਾ ਪਹੀਆ ਹਰੇਕ ਦੋ ਹਜ਼ਾਰ ਸਾਲ ਮਗਰੋਂ ਨਵਾਂ ਚੱਕਰ ਅਰੰਭ ਕਰਦਾ ਹੈ। ਦਾ ਸੈਕਿੰਡ ਕਮਿੰਗ ਨਾਂ ਦੀ ਕਵਿਤਾ ਵਿੱਚ ਉਸ ਨੇ ਈਸਾ ਨਾਲ ਅਰੰਭ ਹੋਣ ਵਾਲੇ ਚੱਕਰ ਦੀ ਗੱਲ ਕੀਤੀ ਹੈ। 1939 ਵਿੱਚ ਯੀਟਸ ਜਦੋਂ ਕਾਲ-ਵੱਸ ਹੋਇਆ ਤਾਂ ਸਾਰੇ ਸੰਸਾਰ ਨੇ ਉਸ ਦੀ ਮੌਤ ਦਾ ਸੋਗ ਕੀਤਾ।


ਲੇਖਕ : ਰਣਜੀਤ ਕੌਰ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.