ਰਸਖਾਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਸਖਾਨ : ਆਪਣੇ ਸਹਿਜ ਤੇ ਸੁਹਜ ਭਰੇ ਕਾਵਿ ਲਈ ਮਸ਼ਹੂਰ ਅਤੇ ਇਸੇ ਕਾਰਨ ਰਸਖਾਨ (ਰਸ ਦੀ ਖ਼ਾਨ) ਨਾਂ ਨਾਲ ਪੁਕਾਰਿਆ ਜਾਣ ਵਾਲਾ ਇਹ ਕ੍ਰਿਸ਼ਨ-ਭਗਤ ਕਵੀ ਹਿੰਦੀ ਮੱਧ-ਕਾਲੀ ਸਾਹਿਤ ਦਾ ਅਮੁੱਲ ਰਤਨ ਹੈ। ਕੁਝ ਲੋਕ ਇਸ ਨੂੰ ਸੁਆਮੀ ਬਿੱਠਲ ਨਾਥ ਦੀ ਸ਼ਿਸ਼-ਮੰਡਲੀ ਵਿੱਚ ਹੀ ਗਿਣਦੇ ਹਨ ਪਰ ਇਸ ਦੀ ਇੱਕ ਪ੍ਰਸਿੱਧ ਰਚਨਾ ਪ੍ਰੇਮ ਵਾਟਿਕਾ ਦੀ ਆਂਤਰਿਕ ਗਵਾਹੀ ਕੁਝ ਹੋਰ ਰੋਸ਼ਨੀ ਪਾਉਂਦੀ ਹੈ :

 

ਦੇਖਿ ਮਦਰ ਹਿਤ ਸਾਹਿਬੀ, ਦਿੱਲੀ ਨਗਰ ਮਸਾਨ।

ਛਿਨਹਿ ਬਾਦਸਾ-ਬੰਸ ਕੀ, ਠਸਕ ਛੋਰਿ ਰਸਖਾਨ।

ਤੋਰਿ ਮਾਨਿਨੀ ਤੇਂ ਹਿਯੋ, ਫੋਰਿ ਮੋਹਿਨੀ ਮਾਨ।

ਪ੍ਰੇਮ ਦੇਵ ਕੀ ਛਬਿਹਿੰ ਲਖਿ ਭਏ ਮਿਆਂ ਰਸਖਾਨ।

     ਉੱਪਰ ਦਿੱਤੀ ਆਂਤਰਿਕ ਗਵਾਹੀ ਤੋਂ ਪਹਿਲਾਂ ਵਿਦਵਾਨ ਇਸ ਨੂੰ ਪਿਹਾਨੀ (ਹਰਦੋਈ) ਦੇ ਸੈਯਦ ਇਬਰਾਹਿਮ ਮੰਨਦੇ ਸੀ। ਕਿਸੇ ਸੋਹਣੇ ਸੁਨੱਖੇ ਲੜਕੇ ਨਾਲ ਇਸ ਦੇ ਪਿਆਰ ਦੀ ਗੱਲ ਕੀਤੀ ਜਾਂਦੀ ਸੀ, ਪਰ ਜਦ ਤੋਂ ਪ੍ਰੇਮ ਵਾਟਿਕਾ ਦੀ ਖੋਜ ਹੋਈ ਹੈ, ਇਹ ਨਿਸ਼ਚਿਤ ਹੋ ਗਿਆ ਹੈ ਕਿ ਦਿੱਲੀ ਦੇ ਰਾਜਵੰਸ਼ ਨਾਲ ਇਸ ਦਾ ਸੰਬੰਧ ਸੀ ਅਤੇ ਦਿੱਲੀ ਉੱਜੜ ਜਾਣ ਤੇ ਆਪਣੀ ਰਾਜਵੰਸ਼ੀ ਟਸਕ ਛੱਡ ਕੇ ਇਹ ਪਿਆਰ ਦੇ ਪ੍ਰਦੇਸ਼ ਬ੍ਰਜ ਵਿੱਚ ਆ ਗਿਆ ਸੀ। ਅਜਿਹਾ ਕਰਨ ਨਾਲ ਕਿਸੇ ਮਾਨਿਨੀ ਦਾ ਪਿਆਰ ਭੀ ਉਸ ਨੇ ਠੁਕਰਾ ਦਿੱਤਾ ਸੀ। ਭਾਵ ਇਹ ਕਿ ਰਸਖਾਨ ਹਰਦੋਈ ਦਾ ਇਬਰਾਹਿਮ ਨਹੀਂ ਸੀ। ਉਹ ਦਿੱਲੀ ਦੇ ਰਾਜਵੰਸ ਨਾਲ ਸੰਬੰਧਿਤ ਸੀ ਅਤੇ ਕ੍ਰਿਸ਼ਨ-ਪ੍ਰੇਮ ਵਿੱਚ ਮਸਤ ਬ੍ਰਜ-ਪ੍ਰਦੇਸ਼ ਵਿੱਚ ਜਾ ਕੇ ਵੱਸ ਗਿਆ ਸੀ। ਬ੍ਰਿੰਦਾਬਨ ਵਿੱਚ ਰਹਿ ਕੇ ਕ੍ਰਿਸ਼ਨ ਦੇ ਪ੍ਰੇਮ ਵਿੱਚ ਮਗਨ ਉਸ ਨੇ ਆਪਣੀ ਮਾਨਸਿਕ ਦਸ਼ਾ ਕਵਿਤਾ ਅਤੇ ਛੱਪਯਾਂ ਵਿੱਚ ਲਿਖੀ ਹੈ।

     ਰਸਖਾਨ ਦਾ ਜਨਮ 1530 ਦੇ ਆਸ-ਪਾਸ ਮੰਨਦੇ ਹਨ। ਰਸਖਾਨ ਨੇ ਬ੍ਰਿੰਦਾਬਨ ਵਿੱਚ ਜਾ ਕੇ ਵੱਲਭ ਸੰਪਰਦਾਇ ਵਿੱਚ ਦੀਕਸ਼ਾ ਲਈ ਸੀ। ਇਹ ਗੱਲ ਸੰਦੇਹਪੂਰਨ ਹੈ। ਉਸ ਦੀ ਰਚਨਾ ਅਤੇ ਭਾਵ ਉਸ ਨੂੰ ਮਾਤਰ ਭਗਵਾਨ ਕ੍ਰਿਸ਼ਨ ਨਾਲ ਪ੍ਰੇਮਾ-ਭਗਤੀ ਕਰਨ ਵਾਲੇ ਪਰਮ ਭਗਤ ਦੇ ਰੂਪ ਵਿੱਚ ਹੀ ਪੇਸ਼ ਕਰਦੇ ਹਨ, ਕਿਸੇ ਸੰਪਰਦਾਇ ਦੇ ਪੈਰੋਕਾਰ ਨਹੀਂ। ਉਸ ਦੇ ਪ੍ਰੇਮਗੀਤਾਂ ਵਿੱਚ ਆਪਣੇ ਇਸ਼ਟ ਦੀ ਸੁੰਦਰਤਾ, ਆਪਣੀ ਪਰਮ ਆਸ਼ਕਤੀ ਅਤੇ ਕਿਤੇ-ਕਿਤੇ ਹਾਸ-ਵਿਨੋਦ ਰਾਹੀਂ ਇਸ਼ਟ ਨੂੰ ਰਿਝਾਉਣ ਦੀ ਕੋਸ਼ਿਸ਼ ਦਿਸ ਪੈਂਦੀ ਹੈ। ਰਸਖਾਨ ਨੇ ਮਾਤਰ ਰਾਧਾ-ਕ੍ਰਿਸ਼ਨ ਦੇ ਪ੍ਰੇਮ-ਗੀਤ ਗਾਉਣ ਦੀ ਬਜਾਏ ਸੁਹਜ ਪੂਰਨ ਕਵਿਤਾ ਨੂੰ ਭੀ ਆਕਾਰ ਦਿੱਤਾ ਹੈ। ਇਸ ਤੋਂ ਸਿੱਧ ਹੈ ਕਿ ਰਸਖਾਨ ਪੁਸ਼ਟੀ ਮਾਰਗੀ ਨਹੀਂ ਸੀ, ਵੱਲਭ ਸੰਪਰਦਾਇ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ। ਉਹ ਸੁਤੰਤਰ ਭਾਵ ਨਾਲ ਰਾਧਾ ਅਤੇ ਕ੍ਰਿਸ਼ਨ ਦੇ ਪ੍ਰਤਿ ਆਪਣਾ ਪਿਆਰ, ਭਗਤੀ ਅਤੇ ਸ਼ਰਧਾ ਕਵਿਤਾ ਰਾਹੀਂ ਪੇਸ਼ ਕਰਦਾ ਹੈ।

     ਹੁਣ ਤੱਕ ਰਸਖਾਨ ਦੀਆਂ ਚਾਰ ਰਚਨਾਵਾਂ ਖੋਜੀਆਂ ਗਈਆਂ ਹਨ-ਸੁਜਾਨ ਰਸਖਾਨ, ਪ੍ਰੇਮ ਵਾਟਿਕਾ, ਦਾਨ ਲੀਲ੍ਹਾ ਅਤੇ ਅਸ਼ਟਯਾਮ। ਸੁਜਾਨ ਰਸਖਾਨ ਭਾਵੇਂ ਮੁਕਤ ਛੰਦਾਂ ਦਾ ਸੰਗ੍ਰਹਿ ਹੈ, ਕਿੰਤੂ ਉਸ ਵਿੱਚ ਰੂਪ-ਮਾਧੁਰੀ, ਵੰਸ਼ੀ ਮੋਹਿਨੀ ਅਤੇ ਭਗਤੀ-ਪ੍ਰੇਮ ਦਾ ਅਸੀਮ ਸਾਗਰ ਠਾਠਾਂ ਮਾਰ ਰਿਹਾ ਹੈ। ਉਸ ਦੀ ਕ੍ਰਿਸ਼ਨ ਭਗਤੀ ਦੇਖ ਕੇ ਹੀ ਭਾਰਤੇਂਦੂ ਹਰਿਸ਼ਚੰਦਰ ਨੇ ਲਿਖਿਆ ਸੀ-‘ਇਨ ਮੁਸਲਮਾਨ ਹਰਿਜਨਨ ਪਰ ਕੋਟਿਨ ਹਿੰਦੁਨ ਵਾਰਿਏ`। ਰਸਖਾਨ ਨੇ ਕ੍ਰਿਸ਼ਨ ਅਤੇ ਰਾਧਾ ਨੂੰ ਪ੍ਰੇਮ ਦੀ ਵਾਟਿਕਾ ਦੇ ਮਾਲੀ-ਮਾਲਣ ਮੰਨ ਕੇ ਪ੍ਰੇਮ ਦੀ ਪੀਂਘ ਚੜ੍ਹਾਈ ਹੈ। ਦਾਨ ਲੀਲ੍ਹਾ ਇੱਕ ਛੋਟਾ ਜਿਹਾ ਪ੍ਰਬੰਧ-ਕਾਵਿ ਹੈ, ਜਿਸ ਵਿੱਚ ਕਵੀ ਨੇ ਮਿਥਕ ਪ੍ਰਸੰਗ ਨੂੰ ਰਾਧਾ-ਕ੍ਰਿਸ਼ਨ ਦੇ ਸੰਵਾਦ ਵਿੱਚ ਪੇਸ਼ ਕੀਤਾ ਹੈ। ਅਸ਼ਟਯਾਮ ਸਭ ਤੋਂ ਬਾਅਦ ਦੀ ਖੋਜ ਹੈ। ਇਸ ਵਿੱਚ ਕਵੀ ਨੇ ਰਾਧਾ ਅਤੇ ਕ੍ਰਿਸ਼ਨ ਦੇ ਰੋਜ਼ਾਨਾ ਜੀਵਨ (ਅੱਠੇ ਪਹਿਰਾਂ ਦਾ ਵੇਰਵਾ) ਨੂੰ ਆਧਾਰ ਬਣਾ ਕੇ ਮਿੱਠੇ ਅਤੇ ਰਸੀਲੇ ਦੋਹੇ ਲਿਖੇ ਹਨ।

     ਰਸਖਾਨ ਭਗਤ ਕਵੀ ਸੀ, ਭਾਵਕ, ਪ੍ਰੇਮਲ ਅਤੇ ਪਿਆਰੇ ਦੇ ਨਾਂ ਤੇ ਪਿਘਲ ਜਾਣ ਵਾਲੀ ਜੀਵ ਸੀ। ਉਸ ਦੇ ਸੰਪੂਰਨ ਕਾਵਿ ਵਿੱਚ ਇੱਕ ਮਾਤਰ ਪ੍ਰੇਮ ਦੀ ਉਮੰਗ ਛਾਈ ਪ੍ਰਤੀਤ ਹੁੰਦੀ ਹੈ। ਕਵੀ ਖ਼ੁਦ ਰਸ-ਰੂਪ ਹੋ ਗਿਆ ਜਾਪਦਾ ਹੈ। ਜਿਹੜਾ ਰੂਪ ਉਸ ਨੂੰ ਭਾ ਜਾਂਦਾ ਹੈ, ਉਹ ਉਸੀ ਵਿੱਚ ਸਮਾ ਜਾਣਾ ਚਾਹੁੰਦਾ ਹੈ। ਬ੍ਰਜ ਪ੍ਰਦੇਸ਼ ਦਾ ਵਾਤਾਵਰਨ ਜੇ ਰਸਖਾਨ ਨੂੰ ਭਾਇਆ ਤਾਂ ਉਹ ਕਿਸੇ ਵੀ ਜੂਨ ਵਿੱਚ ਆ ਕੇ ਉੱਥੇ ਹੀ ਵਸਣ ਦੀ ਜਿੱਦ ਕਰਦਾ ਹੈ ਜਿਵੇਂ :

ਮਾਨੁਸ਼ ਹੌਂ ਤੋ ਵਹੀ ਰਸਖਾਨਿ ਬਸੌਂ

ਬ੍ਰਜ ਗੋਕੁਲ ਗਾਂਵ ਕੇ ਗਵਾਰਨ।

ਜੋ ਪਸ਼ੂ ਹੋਂ ਤੋ ਕਹਾ ਬਸ ਮੇਰੋ ਚਰੌਂ

ਨਿਤ ਨੰਦ ਦੀ ਧੇਨੁ ਮਝਾਰਨ।

ਪਾਹਨ ਹੌਂ ਤੋਂ ਵਰੀ ਗਿਰੀ ਕੋ

ਜੋ ਧਰਯੋ ਕਰ ਛਤਰ ਪੁਰੰਦਰ ਕਾਰਨ।

ਜੋ ਖਗ ਹੌਂ ਤੋ ਬਸੇਰੋ ਕਰੌਂ

          ਮਿਲਿ ਕਾਲਿੰਦੀ ਕੂਲ ਕਦੰਬ ਦੇ ਡਾਰਨ।

     ਰਸਖਾਨ ਨੂੰ ਪਸ਼ੂ, ਪੰਛੀ ਜਾਂ ਪੱਥਰ ਬਣਨਾ ਵੀ ਸਵੀਕਾਰ ਹੈ, ਸ਼ਰਤ ਮਾਤਰ ਬ੍ਰਜ ਪ੍ਰਦੇਸ਼ ਵਿੱਚ ਹੀ ਰਹਿਣ ਦੀ ਹੈ। ਇਹ ਉਸ ਦੇ ਪਿਆਰ ਦੀ ਅੰਤਿਮ ਸੀਮਾ ਨਹੀਂ, ਕਿਉਂਕਿ ਕ੍ਰਿਸ਼ਨ ਦੇ ਬਾਲ ਰੂਪ ਤੇ ਉਹ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਲਈ ਹਮੇਸ਼ਾਂ ਤਿਆਰ ਸੀ। ਉਸ ਦੇ ਬਾਲਕ ਕ੍ਰਿਸ਼ਨ ਨੂੰ ਚਿਤਰਿਤ ਕਰਨ ਵਾਲੇ ਪਦ ਮਹਾਨ ਕਵੀ ਸੂਰਦਾਸ ਦੇ ਬਾਲ ਵਰਣਨ ਨਾਲ ਟੱਕਰ ਲੈਂਦੇ ਪ੍ਰਤੀਤ ਹੁੰਦੇ ਹਨ ਜਿਵੇਂ :

ਧੂਰਿ ਭਰੇ ਅਤਿ ਸੋਭਿਤ ਸਿਆਮ ਜੂ

ਵੈਸੀ ਬਨੀ ਸਿਰ ਸੁੰਦਰ ਚੋਟੀ।

ਖੇਲਤ ਖਾਤ ਫਿਰੈਂ ਅੰਗਨਾਂ ਪਗ ਪੈਂਜਨਿ

ਬਾਜਤਿ ਪੀਰੀ ਕਛੋਟੀ।

ਵਾ ਛਵਿ ਕੋ ਰਸਖਾਨਿ ਵਿਲੋਕਤਿ ਵਾਰਤ

ਕਾਮ ਕਲਾਨਿਧਿ ਕੋਟੀ।

ਕਾਗ ਕੇ ਭਾਗ ਬੜੇ ਸਜਨੀ ਹਰਿ-ਹਾਥ ਸੋਂ

          ਲੈ ਗਯੋ ਮਾਖਨ-ਰੋਟੀ।

     ਰਸਖਾਨ ਦੀ ਭਾਸ਼ਾ ਸ਼ੁੱਧ ਬ੍ਰਜ ਹੈ ਅਤੇ ਸਾਹਿਤਿਕ ਨਜ਼ਰ ਤੋਂ ਮਿਆਰੀ ਹੈ। ਮੁਸਲਮਾਨ ਹੋਣ ਕਾਰਨ ਉਸ ਦੀ ਰਚਨਾ ਵਿੱਚ ਅਰਬੀ-ਫ਼ਾਰਸੀ ਸ਼ਬਦਾਂ ਦਾ ਤੜਕਾ ਮਿਲ ਜਾਂਦਾ ਹੈ, ਜਿਸ ਨਾਲ ਭਾਸ਼ਾ ਵਧੇਰੇ ਸੁਆਦਲੀ ਹੋ ਜਾਂਦੀ ਹੈ।


ਲੇਖਕ : ਮਨਮੋਹਨ ਸਹਿਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.