ਰਸਾਲੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਸਾਲੂ : ਰਸਾਲੂ ਪੰਜਾਬੀ ਸੱਭਿਆਚਾਰ ਦਾ ਹਰਮਨ-ਪਿਆਰਾ ਲੋਕ-ਨਾਇਕ ਹੈ। ਉਸ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਕਥਾ-ਕਹਾਣੀਆਂ, ਗੀਤ ਅਤੇ ਮਿਥਾਂ ਪ੍ਰਚਲਿਤ ਹਨ। ਪੰਜਾਬੀ ਲੋਕ ਮਨ ਵਿੱਚ ਰਸਾਲੂ ਦਾ ਉਹ ਹੀ ਸਥਾਨ ਹੈ ਜੋ ਇੰਗਲੈਂਡ ਦੇ ਲੋਕਾਂ ਵਿੱਚ ਆਰਥਰ ਮਿਲਰ ਦਾ। ਰਸਾਲੂ ਦੇ ਬਾਰੇ ਲਿਖਤੀ ਰੂਪ ਵਿੱਚ ਸਾਹਿਤ ਬਹੁਤ ਘੱਟ ਮਿਲਦਾ ਹੈ। ਸਰ ਰਿਚਰਡ ਟੈਂਪਲ ਅਤੇ ਸਵਿਨਰਟਨ ਦੀਆਂ ਇਕੱਤਰ ਕੀਤੀਆਂ ਲੋਕ-ਕਥਾਵਾਂ ਵਿੱਚ ਰਸਾਲੂ ਬਾਰੇ ਜਾਣਕਾਰੀ ਮਿਲਦੀ ਹੈ। ਸਰ ਰਿਚਰਡ ਟੈਂਪਲ ਦੀਆਂ ਖੋਜਾਂ ਕਲਕੱਤਾ ਰੀਵਿਊ 1884 (Calcutta Review 1884) ਅਨੁਸਾਰ ਰਸਾਲੂ, ਕਾਬਲ ਦਾ ਰਾਜਾ ਰੰਬਲ ਜਾਂ ਰਟਿਇਲ ਸੀ ਜਿਹੜਾ 700 ਈ. ਦੇ ਕਰੀਬ ਹੋਇਆ ਹੈ। ਸਰ ਰਿਚਰਡ ਟੈਂਪਲ ਨੇ ਆਪਣੀ ਖੋਜ ਦਾ ਆਧਾਰ ਪ੍ਰਚਲਿਤ ਰਵਾਇਤਾਂ ਅਤੇ ਕਹਾਣੀਆਂ ਨੂੰ ਬਣਾਇਆ ਹੈ। ਬਾਵਾ ਬੁੱਧ ਸਿੰਘ ਨੇ ਰਾਜਾ ਰਸਾਲੂ ਕਿਤਾਬ ਲਿਖੀ ਹੈ। ਬਾਵਾ ਬੁੱਧ ਸਿੰਘ ਨੇ ਆਪਣੀਆਂ ਖੋਜਾਂ ਦਾ ਆਧਾਰ ਸਰ ਕਨਿੰਘਮ ਅਤੇ ਸਮਿੱਥ ਦੀਆਂ ਖੋਜਾਂ ਨੂੰ ਬਣਾਇਆ ਹੈ। ਉਸ ਅਨੁਸਾਰ ਰਸਾਲੂ ਪਹਿਲੀ ਸਦੀ ਦੇ ਨੇੜੇ ਤੇੜੇ ਹੋਇਆ। ਰਸਾਲੂ ਦੇ ਪਿਤਾ ਰਾਜਾ ਸਲਵਾਨ ਨੇ ਸਾਕਿਆਂ ਨੂੰ ਹਰਾ ਕੇ ਸੰਮਤ ਚਲਾਇਆ। ਸੁਰਿੰਦਰ ਸਿੰਘ ਵਣਜਾਰਾ ਬੇਦੀ ਨੇ ਲੋਕ ਬੀਰ ਰਾਜਾ ਰਸਾਲੂ ਨਾਂ ਹੇਠ ਲੋਕ-ਕਥਾਵਾਂ ਇਕੱਤਰ ਕੀਤੀਆਂ ਤੇ ਸੰਪਾਦਿਤ ਕੀਤੀਆਂ ਹਨ।

     ਯੂਰਪ ਦੇ ਕਈ ਵਿਦਵਾਨ ਜਿਨ੍ਹਾਂ ਨੇ ਤੁਲਨਾਤਮਿਕ ਮਿਥਿਹਾਸ ਅਤੇ ਲੋਕਧਾਰਾ ਦਾ ਅਧਿਐਨ ਕੀਤਾ ਹੈ, ਦਾ ਖ਼ਿਆਲ ਹੈ ਕਿ ਰਸਾਲੂ ਕੇਵਲ ਇੱਕ ਖ਼ਿਆਲੀ ਮਨੁੱਖ (solar myth) ਹੈ। ਉਹਨਾਂ ਦਾ ਵਿਚਾਰ ਹੈ ਕਿ ਦੁਨੀਆ ਦੇ ਹੋਰ ਸਮਾਜਾਂ ਵਿੱਚ ਵੀ ਅਜਿਹੇ ਮਨੁੱਖੀ ਗੁਣਾਂ ਅਤੇ ਕਾਰਨਾਮਿਆਂ ਵਾਲੇ ਨਾਇਕ ਮਿਲਦੇ ਹਨ ਜਿਵੇਂ ਇੰਦਰ, ਸਵੀਤਰ, ਵੋਡਨ, ਸਲੇਫਸ, ਹਰਕੀਉਲੀਸ, ਅਪਾਲੋ ਆਦਿ। ਇਤਿਹਾਸਕਾਰਾਂ ਅਨੁਸਾਰ ਰਸਾਲੂ ਇਤਿਹਾਸਿਕ ਮਨੁੱਖ ਹੈ ਕਿਉਂਕਿ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਅਤੇ ਵਿਅਕਤੀਆਂ ਦੇ ਇਤਿਹਾਸਿਕ ਹੋਣ ਦੇ ਪ੍ਰਮਾਣ ਹਨ। ਪੰਜਾਬ ਵਿੱਚ ਰਾਜਾ ਰਸਾਲੂ, ਰਾਜਾ ਸਿਰਕੱਪ, ਰਾਣੀ ਕੋਕਲਾਂ, ਹੋਡੀ ਅਤੇ ਪੂਰਨ ਆਦਿ ਨਾਲ ਸੰਬੰਧਿਤ ਥਾਂਵਾਂ ਅੱਜ ਵੀ ਮੌਜੂਦ ਹਨ। ਦਰਿਆ ਅਟਕ ਦੇ ਦੋਹੀਂ ਪਾਸੀਂ ਹੋਡੀ ਦੇ ਵਸਾਏ ਨਗਰ ਮਿਲਦੇ ਹਨ। ਰਾਣੀ ਕੋਕਲਾਂ ਦੀ ਮਾੜੀ ਡੇਰਾ ਗਾਜ਼ੀ ਖ਼ਾਂ ਵਿੱਚ ਹੈ। ਰਾਜਾ ਸਿਰਕੱਪ ਅਤੇ ਸਿਰਮੁੱਖ ਨਾਂ ਦੇ ਸ਼ਹਿਰਾਂ ਦੇ ਖੋਲੇ ਟੈਕਸਲਾ ਦੇ ਖੋਲਿਆਂ ਵਿੱਚ ਅੱਜ ਵੀ ਮੌਜੂਦ ਹਨ। ਪੂਰਨ ਦਾ ਖੂਹ ਸਿਆਲਕੋਟ ਵਿੱਚ ਹੈ।

     ਇਤਿਹਾਸਿਕ ਅਤੇ ਮਿਥਿਹਾਸਿਕ ਹਵਾਲਿਆਂ ਅਨੁਸਾਰ ਰਸਾਲੂ, ਰਾਜਾ ਸਲਵਾਨ ਅਤੇ ਰਾਣੀ ਲੂਣਾ ਦਾ ਪੁੱਤਰ ਹੈ ਜੋ ਯੋਗੀ ਪੂਰਨ ਦੀ ਬਖਸ਼ਿਸ਼ ਨਾਲ ਪੈਦਾ ਹੋਇਆ। ਵਿਸ਼ਵਾਸ ਹੈ ਕਿ ਪੂਰਨ ਨੇ ਚੌਲਾਂ ਦਾ ਦਾਣਾ ਰਾਜੇ ਸਲਵਾਨ ਨੂੰ ਦਿੱਤਾ ਅਤੇ ਨਵੇਂ ਚੰਨ ਦੇ ਮੱਥੇ ਲੱਗ ਕੇ ਪਤਨੀ ਲੂਣਾ ਨੂੰ ਖਵਾਉਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਤੁਹਾਡੇ ਪੁੱਤਰ ਹੋਵੇਗਾ। ਬੜਾ ਸਾਹਸੀ ਅਤੇ ਨਿਆਂ ਪਸੰਦ। ਪਰ ਉਹ ਇੱਕ ਥਾਂ ਟਿਕ ਕੇ ਨਹੀਂ ਬੈਠੇਗਾ। ਸਾਰੀ ਉਮਰ ਭਟਕਦਾ ਰਹੇਗਾ ਜਿਵੇਂ ਮੈਂ ਭਟਕਿਆ ਹਾਂ। ਉਸ ਨੂੰ ਪੈਦਾ ਹੁੰਦੇ ਸਾਰ ਹੀ ਜੋਤਸ਼ੀਆਂ ਦੇ ਕਹਿਣ ਤੇ ਬਾਰਾਂ ਸਾਲਾਂ ਲਈ ਭੋਰੇ ਵਿੱਚ ਪਾ ਦਿੱਤਾ। ਰਸਾਲੂ ਭੋਰੇ ਵਿੱਚੋਂ ਗਿਆਰ੍ਹਵੇਂ ਵਰ੍ਹੇ ਬਾਹਰ ਆ ਗਿਆ। ਸਾਲ ਭਰ ਸਿਆਲਕੋਟ ਵਿੱਚ ਸਲਵਾਨ ਦੇ ਹੁਕਮ ਦੇ ਖਿਲਾਫ਼ ਅਜਿਹੇ ਕੰਮ ਕਰਦਾ ਰਿਹਾ ਕਿ ਸਾਲ ਬਾਅਦ ਜਦੋਂ ਰਸਾਲੂ ਪਿਤਾ ਰਾਜੇ ਸਲਵਾਨ ਦੇ ਮੱਥੇ ਲੱਗਿਆ ਤਾਂ ਉਸ ਨੇ ਦੇਸ ਨਿਕਾਲੇ ਦਾ ਹੁਕਮ ਦੇ ਦਿੱਤਾ। ਰਸਾਲੂ ਆਪਣੇ ਘੋੜੇ ਅਤੇ ਤੋਤੇ ਨਾਲ ਜੰਗਲ ਵੱਲ ਚਲਾ ਗਿਆ। ਜੰਗਲ ਵਿੱਚ ਕਈ ਜਾਨਵਰਾਂ ਅਤੇ ਅਦਭੁਤ ਸ਼ਕਤੀਆਂ ਨਾਲ ਵਾਹ ਪਿਆ। ਰਾਜਿਆਂ ਦੇ ਸੰਪਰਕ ਵਿੱਚ ਆਇਆ ਨਿਆਂ ਕੀਤਾ, ਜ਼ੁਲਮ ਦੇ ਖਿਲਾਫ਼ ਲੜਿਆ, ਲੋੜਵੰਦਾਂ ਦੀ ਮਦਦ ਕੀਤੀ। ਕੋਕਲਾਂ ਨੂੰ ਚੌਪੜ ਦੀ ਖੇਡ ਵਿੱਚ ਜਿੱਤਿਆ ਤੇ ਰਾਣੀ ਬਣਾਇਆ। ਕੋਕਲਾਂ ਦੇ ਜਿਨਸੀ ਸੰਬੰਧ ਨੌਜਵਾਨ ਰਾਜੇ ਹੋਡੀ ਨਾਲ ਹੋ ਗਏ। ਰਸਾਲੂ ਦੀ ਮੌਤ ਬਾਰੇ ਵੀ ਕਈ ਮਿੱਥਾਂ ਪ੍ਰਚਲਿਤ ਹਨ। ਕੁਝ ਕਥਾ-ਕਹਾਣੀਆਂ ਮੁਤਾਬਕ ਰਸਾਲੂ ਨੇ ਕੋਕਲਾਂ ਦੇ ਮਹਿਲ ਤੋਂ ਨਿਕਲਦਿਆਂ ਹੋਡੀ ਨੂੰ ਦੇਖ ਲਿਆ ਅਤੇ ਮਾਰ ਦਿੱਤਾ। ਬਾਅਦ ਵਿੱਚ ਰਾਜੇ ਹੋਡੀ ਦੇ ਬੰਦਿਆਂ ਨੇ ਰਸਾਲੂ ਨੂੰ ਮਾਰ ਦਿੱਤਾ। ਇੱਕ ਮਿੱਥ ਅਨੁਸਾਰ ਰਾਣੀ ਕੋਕਲਾਂ ਦੀ ਮੌਤ ਤੇ ਬੇਵਫ਼ਾਈ ਤੋਂ ਉਦਾਸ ਹੋ ਕੇ ਰਸਾਲੂ ਨੇ ਰਾਜੇ ਮੁਹਰੇ ਸ਼ਾਹ ਦੀ ਥਾਂ ਕੇਸਰੋ ਨਾਲ ਵਿਆਹ ਰਚਾ ਲਿਆ। ਜਦੋਂ ਰਸਾਲੂ ਆਪਣੇ ਬਰਾਤੀਆਂ ਸਮੇਤ ਚੀੜਾਪੜ੍ਹ ਦੇ ਪਹਾੜਾਂ ਕੋਲੋਂ ਲੰਘ ਰਿਹਾ ਸੀ ਤਾਂ ਡੈਣ ਦੇ ਮੰਤਰਾਂ ਨਾਲ ਸੈਲ-ਪੱਥਰ ਹੋ ਗਿਆ। ਲੋਕਾਂ ਵਿੱਚ ਇਹ ਵਿਸ਼ਵਾਸ ਹੈ ਜਦੋਂ ਵੀ ਧਰਤੀ ਤੇ ਜ਼ੁਲਮ ਅਤੇ ਅਨਿਆਂ ਵਧੇਗਾ, ਰਸਾਲੂ ਆਪਣੇ ਘੋੜੇ ਸਮੇਤ ਦਰਿਆ ਅਟਕ ਵਿੱਚੋਂ ਨਿਕਲ ਆਵੇਗਾ ਜਾਂ ਫਿਰ ਤੋਂ ਜੀਵਤ ਹੋ ਉੱਠੇਗਾ।


ਲੇਖਕ : ਅਮਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.