ਰਾਮਲੀਲ੍ਹਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮਲੀਲ੍ਹਾ : ਰਾਮਲੀਲ੍ਹਾ ਪੰਜਾਬ ਨੂੰ ਭਾਰਤੀ ਲੋਕ ਨਾਟ-ਪਰੰਪਰਾ ਦੀ ਦੇਣ ਹੈ। ਜਿੱਥੇ ਰਾਸਾਂ ਤੇ ਕ੍ਰਿਸ਼ਨ ਲੀਲ੍ਹਾ ਵਧੇਰੇ ਕਰ ਕੇ ਪਿੰਡਾਂ ਤੱਕ ਸੀਮਿਤ ਰਹੀਆਂ ਹਨ, ਉੱਥੇ ਰਾਮਲੀਲ੍ਹਾ ਦਾ ਖੇਤਰ ਆਮ ਕਰ ਕੇ ਪੰਜਾਬ ਦੇ ਕਸਬੇ ਅਤੇ ਸ਼ਹਿਰ ਰਹੇ ਹਨ ਅਤੇ ਉਹ ਵੀ ਸਾਲ ਵਿੱਚ ਕੇਵਲ ਇੱਕ ਵਾਰ ਪਹਿਲੇ ਨੌਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲੇ ਦਿਨ ਤੱਕ। ਪੰਜਾਬ ਵੱਖ-ਵੱਖ ਧਰਮਾਂ ਤੇ ਫ਼ਿਰਕਿਆਂ ਨੂੰ ਮੰਨਣ ਵਾਲੇ ਲੋਕਾਂ ਦੀ ਧਰਤੀ ਹੈ। ਸਭ ਧਰਮਾਂ ਤੇ ਫ਼ਿਰਕਿਆਂ ਪ੍ਰਤਿ ਸਤਿਕਾਰ ਦੀ ਭਾਵਨਾ ਦੇ ਤਹਿਤ ਹੀ ਪੰਜਾਬ ਨੂੰ ਪੀਰਾਂ, ਫ਼ਕੀਰਾਂ, ਸੂਰਬੀਰਾਂ ਦੀ ਧਰਤੀ ਵਜੋਂ ਅਕਸਰ ਵਡਿਆਇਆ ਜਾਂਦਾ ਹੈ। ਇਸੇ ਲਈ ਪੰਜਾਬ ਵਿੱਚ ਅਵਤਾਰਾਂ ਮਹਾਂਪੁਰਸ਼ਾਂ ਤੇ ਯੋਧਿਆਂ ਦੀ ਵਡਿਆਈ ਹਿਤ ਉਹਨਾਂ ਦਾ ਜਸ ਗਾਇਨ ਦੀ ਪਰੰਪਰਾ ਬਣੀ ਹੋਈ ਹੈ। ਪੰਜਾਬ ਦੀ ਲੋਕਧਾਰਾ ਇਸ ਤਰ੍ਹਾਂ ਦੀ ਗਵਾਹੀ ਭਰਦੀ ਹੈ :

ਧਰਤੀ ਜੇਡ ਗਰੀਬ ਨਾ ਕੋਈ

ਇੰਦਰ ਜੇਡ ਨਾ ਦਾਤਾ

ਬ੍ਰਹਮਾ ਜੇਡ ਨਾ ਪੰਡਤ ਕੋਈ

ਸੀਤਾ ਜੇਡ ਨਾ ਮਾਤਾ।

ਲਛਮਣ ਜੇਡ ਜਤੀ ਨਾ ਕੋਈ।

ਰਾਮ ਜੇਡ ਨਾ ਭਰਾਤਾ।

ਦੁਨੀਆ ਮਾਣ ਕਰਦੀ

          ਰਬ ਸਭਨਾਂ ਦਾ ਦਾਤਾ।

     ‘ਦੁਸਹਿਰਾ’ ਬਾਰੇ ਇਹ ਮਨੌਤ ਹੈ ਕਿ ਜਦੋਂ ਸੀਤਾ ਹਰਨ ਤੋਂ ਬਾਅਦ ਇੱਕ ਲੰਮੇ ਸੰਘਰਸ਼ ਰਾਹੀਂ ਭਗਵਾਨ ਰਾਮ ਨੇ ਲੰਕਾ ਦੇ ਰਾਜੇ ਰਾਵਣ ਨੂੰ ਹਰਾਇਆ ਤਾਂ ਉਸ ਜਿੱਤ ਦੀ ਖ਼ੁਸ਼ੀ ਵਿੱਚ ਦੁਸਹਿਰਾ ਮਨਾਇਆ ਜਾਣਾ ਅਰੰਭ ਹੋਇਆ। ਦੁਸਹਿਰੇ ਤੋਂ ਦਸ ਦਿਨ ਪਹਿਲਾਂ ਰਾਮ ਚੰਦਰ ਦੀ ਸੰਪੂਰਨ ਕਥਾ ਨੂੰ ਨਾਟਕ ਦੇ ਮਾਧਿਅਮ ਰਾਹੀਂ ਰੰਗ- ਮੰਚ ਤੇ ਵਿਖਾਇਆ ਜਾਂਦਾ ਹੈ। ਰੰਗ-ਮੰਚ ਤੇ ਦਿਖਾਈ ਜਾਣ ਵਾਲੀ ਇਸ ‘ਰਾਮ ਕਥਾ’ ਨੂੰ ਹੀ ‘ਰਾਮਲੀਲ੍ਹਾ’ ਕਿਹਾ ਜਾਂਦਾ ਹੈ। ਲਗਪਗ ਸਾਰੇ ਭਾਰਤ ਵਿੱਚ ਵਿਸ਼ੇਸ਼ ਤੌਰ ਤੇ ਉੱਤਰੀ ਭਾਰਤ ਵਿੱਚ ਇਹ ‘ਰਾਮਲੀਲ੍ਹਾ’ ਲੋਕ- ਨਾਟਕ ਵੱਡੇ ਪੱਧਰ ਤੇ ਧਾਰਮਿਕ ਸ਼ਰਧਾ ਨਾਲ ਖੇਡਿਆ ਜਾਂਦਾ ਹੈ। ਭਾਵੇਂ ਰਾਮ ਦਾ ਚਰਿੱਤਰ ਅਤੇ ਰਾਮ ਦੀ ਜੀਵਨ ਕਥਾ ਸਮੁੱਚੇ ਭਾਰਤ ਵਿੱਚ ਲੋਕ-ਪ੍ਰਿਆ ਹੈ ਅਤੇ ਹਿੰਦੁਸਤਾਨ ਦੀਆਂ ਅਲੱਗ-ਅਲੱਗ ਭਾਸ਼ਾਵਾਂ ਵਿੱਚ ਰਾਮ ਕਥਾ ਰਚੀ ਹੋਈ ਮਿਲਦੀ ਹੈ, ਪਰੰਤੂ ਉੱਤਰੀ ਭਾਰਤ ਵਿੱਚ ਇਸ ਦੀ ਪ੍ਰਸਿੱਧੀ ਕੁਝ ਵਧੇਰੇ ਹੈ। ਇਸ ਦੇ ਇਤਿਹਾਸਿਕ ਕਾਰਨ ਮੰਨੇ ਜਾ ਸਕਦੇ ਹਨ। ਪਹਿਲਾਂ ਤਾਂ ਇਹ ਕਿ ਰਾਮ ਕਥਾ ਦੇ ਬਹੁਤੇ ਸਰੋਕਾਰ ਉੱਤਰ ਭਾਰਤ ਨਾਲ ਜੁੜਦੇ ਹਨ। ਦੂਸਰਾ ਕਾਰਨ ਮੱਧ-ਕਾਲ ਵਿੱਚ ਰਚੀ ਗਈ ਤੁਲਸੀ ਰਾਮਾਇਣ ਹੈ। ਤੁਲਸੀ ਦਾਸ ਨੇ ਰਾਮ ਚਰਿਤ ਮਾਨਸ ਰਾਹੀਂ ਜੋ ਰਾਮ ਦੀ ਮਹਿਮਾ ਗਾਈ, ਉਸ ਨੇ ਸਮੁੱਚੇ ਉੱਤਰੀ ਭਾਰਤ ਵਿੱਚ ਰਾਮ ਦੀ ਲੀਲ੍ਹਾ ਦੀ ਪ੍ਰਸਿੱਧੀ ਦਾ ਆਧਾਰ ਪੈਦਾ ਕਰ ਦਿੱਤਾ।

     ਪੰਜਾਬ ਦੀ ਨਾਟ-ਪਰੰਪਰਾ ਵਜੋਂ ਰਾਮਲੀਲ੍ਹਾ ਨੇ ਆਪਣੇ ਸ਼ਿਲਪ ਦੇ ਪੱਧਰ ਤੇ ਭਾਸ਼ਾਈ ਮੁਹਾਵਰੇ ਵਜੋਂ ‘ਹਿੰਦੁਸਤਾਨੀ’ ਭਾਸ਼ਾ (ਹਿੰਦੀ-ਉਰਦੂ ਦਾ ਸੁਮੇਲ) ਨੂੰ ਅਪਣਾਇਆ ਹੈ। ਇਸ ਦਾ ਇੱਕ ਕਾਰਨ ਜਸਵੰਤ ਸਿੰਘ ਟੋਹਾਣਾ ਦੀ ਲਿਖੀ ਰਾਮਾਇਣ ਦਾ ਪਾਰਸੀ ਥੀਏਟਰ ਤੋਂ ਪ੍ਰਭਾਵਿਤ ਹੋਣ ਕਾਰਨ ਹਿੰਦੁਸਤਾਨੀ ਮੁਹਾਵਰਾ ਵੀ ਹੈ, ਕਿਉਂਕਿ ਪਾਰਸੀ ਥੀਏਟਰ ਸਾਰੇ ਭਾਰਤ ਵਿੱਚ ਇਸੇ ਭਾਸ਼ਾਈ ਮੁਹਾਵਰੇ ਨਾਲ ਪ੍ਰਵਾਨ ਚੜ੍ਹਿਆ, ਜਿਸ ਨੂੰ ਬਾਅਦ ਵਿੱਚ ਭਾਰਤੀ ਸਿਨਮੇ ਦੀ ਮੁੱਖ ਧਾਰਾ ਭਾਵ ਹਿੰਦੀ ਫ਼ਿਲਮਾਂ ਨੇ ਵੀ ਅਪਣਾਇਆ।

     ਪੰਜਾਬ ਵਿੱਚ ਰਾਮਲੀਲ੍ਹਾ ਦੇ ਖੇਡਣ ਲਈ ਵਿਸ਼ੇਸ਼ ਹਰ ਕਸਬੇ ਜਾਂ ਸ਼ਹਿਰ ਪੱਧਰ ਤੇ ਰਾਮਲੀਲ੍ਹਾ ਕਮੇਟੀਆਂ ਜਾਂ ‘ਰਾਮ ਨਾਟਕ ਕਲੱਬ’ ਬਣੇ ਹੋਏ ਹਨ, ਜੋ ਸ਼ਰਧਾਲੂਆਂ ਤੋਂ ਧਨ ਇਕੱਤਰ ਕਰ ਕੇ ਹਰ ਸਾਲ ਰਾਮਲੀਲ੍ਹਾ ਦਾ ਆਯੋਜਨ ਕਰਦੇ ਹਨ ਤੇ ਲੋਕ ਸ਼ਰਧਾਪੂਰਬਕ ਦ੍ਰਿਸ਼ਟੀ ਤੋਂ ਹੀ ਇਸ ਦਾ ਅਨੰਦ ਮਾਣਦੇ ਹਨ। ਬੁਰਾਈ ਉਪਰ ਸਚਾਈ ਦਾ ਪ੍ਰਤੀਕ ਇਹ ਰਾਮਲੀਲ੍ਹਾ ਪੰਜਾਬ ਦੀ ਲੋਕ- ਨਾਟ ਪਰੰਪਰਾ ਦਾ ਅਜਿਹਾ ਅਹਿਮ ਅੰਗ ਹੈ, ਜਿਸ ’ਤੇ ਸਮੂਹ ਪੰਜਾਬੀ ਮਾਣ ਕਰਦੇ ਹਨ। ਇਸੇ ਲਈ ਰਾਮਲੀਲ੍ਹਾ ਪੰਜਾਬੀਆਂ ਦੇ ਲੋਕ ਵਿਹਾਰ ਦਾ ਹਿੱਸਾ ਬਣੀ ਹੋਈ ਹੈ। ‘ਰਾਮਲੀਲ੍ਹਾ’ ਨੂੰ ‘ਖੇਡਣਾ’ ਤੇ ‘ਦੇਖਣਾ` ਦੋਵੇਂ ਇੱਕੋ ਜਿੰਨੀ ਮਾਤਰਾ ਵਿੱਚ ਜੋਸ਼ ਵਾਲਾ ਕੰਮ ਹਨ। ਰਾਮਲੀਲ੍ਹਾ ਖੇਡਣ ਵਾਲੇ ਕਲਾਕਾਰ ਭਾਵੇਂ ਆਪਣੇ ਪਿੰਡ, ਕਸਬੇ ਜਾਂ ਸ਼ਹਿਰ ਤੋਂ ਦੂਰ ਚਲੇ ਜਾਣ ਪਰੰਤੂ ਦਸ ਦਿਨਾਂ ਲਈ ਆਪਣੀ- ਆਪਣੀ ਨੌਕਰੀ ਤੋਂ ਛੁੱਟੀ ਲੈ ਕੇ ਆਉਂਦੇ ਹਨ। ਇਸੇ ਪ੍ਰਕਾਰ ਰਾਮਲੀਲ੍ਹਾ ਵੇਖਣ ਦੇ ਚਾਹਵਾਨ ਰਾਮਲੀਲ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਬੋਰੀ, ਕੱਪੜਾ ਜਾਂ ਪੱਟੜਾ ਰੱਖ ਕੇ ਆਪਣੀ ‘ਸੀਟ’ ਮੱਲ ਲੈਂਦੇ ਹਨ।

     ਰਾਮਲੀਲ੍ਹਾ ਇੱਕ ਅਜਿਹਾ ਲੰਮਾ ਨਾਟਕ ਹੈ, ਜਿਸ ਦੇ ਅੱਡੋ-ਅੱਡ ਨਾਟਕੀ ਕਾਂਡ ਦਸ ਦਿਨਾਂ ਵਿੱਚ ਮੁਕੰਮਲ ਹੁੰਦੇ ਹਨ। ਰਾਮਲੀਲ੍ਹਾ ਵਿੱਚ ਔਰਤਾਂ ਦਾ ਪਾਰਟ ਆਮ ਕਰ ਕੇ ਮਰਦ ਪਾਤਰ ਹੀ ਕਰਦੇ ਹਨ। ਕੁਝ ਕਿਰਦਾਰ ਹਰ ਵਰ੍ਹੇ ਆਪਣੇ ਰੋਲ ਨੂੰ ਦੁਹਰਾਉਂਦੇ ਹਨ ਪਰੰਤੂ ਲੋੜ ਅਨੁਸਾਰ ਨਵੀਂ ਚੋਣ ਵੀ ਕਰ ਲਈ ਜਾਂਦੀ ਹੈ। ਇਸ ਦੀ ਪੇਸ਼ਕਾਰੀ ਲਈ ਵੱਡੇ ਆਕਾਰ ਦੀ ਸਟੇਜ ਅਤੇ ਬਣਾਊ ਸ਼ਿੰਗਾਰ ਅਥਵਾ ਮੇਕਅਪ ਵੱਲ ਕਾਫ਼ੀ ਧਿਆਨ ਦਿੱਤਾ ਜਾਂਦਾ ਹੈ। ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ, ਸੰਦਾਂ, ਮਖੌਟਿਆਂ, ਮੁਕਟਾਂ ਜਾਂ ਦਰਜੀ ਦੁਆਰਾ ਉਚੇਚੇ ਤੌਰ ਤੇ ਤਿਆਰ ਕਰਵਾਏ ਗਏ ਕੱਪੜਿਆਂ, ਰੰਗ-ਸਾਜ਼ੀ ਦੀਆਂ ਵਸਤਾਂ ਅਤੇ ਸੰਵਾਦ-ਪੋਥੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਰਥ, ਤਲਵਾਰਾਂ, ਬਰਛੇ, ਢਾਲਾਂ ਆਦਿ ਨੂੰ ਉਚੇਚੇ ਤੌਰ ਤੇ ਤਿਆਰ ਕਰਵਾਇਆ ਜਾਂਦਾ ਹੈ। ਲੋੜ ਅਨੁਸਾਰ ਇਹਨਾਂ ਦੀ ਕੀਮਤ ਵੀ ਦਿੱਤੀ ਜਾਂਦੀ ਹੈ। ਵੱਡੇ ਆਕਾਰ ਦੇ ਮੰਚ ਨੂੰ ਢੁੱਕਵੇਂ ਚਿੱਤਰਾਂ ਨਾਲ ਵੀ ਸਜਾਇਆ ਜਾਂਦਾ ਹੈ। ਰਾਮਲੀਲ੍ਹਾ ਵਿੱਚ ਅਭਿਨੈ ਕਰਨ ਵਾਲੇ ਅਦਾਕਾਰਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ ਅਤੇ ਰਾਮਲੀਲ੍ਹਾ ਵੇਖਣ ਲਈ ਦਰਸ਼ਕ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਜਾਂਦੇ ਹਨ।

     ਅਖੀਰਲੇ ਦਿਨ ਕਲਾਕਾਰ ਸਟੇਜ ਤੋਂ ਉੱਤਰ ਸਾਰੇ ਪਿੰਡ/ਕਸਬੇ ਦਾ ਗੇੜਾ ਲਾਉਂਦੇ ਹਨ। ਲਗਪਗ ਹਰ ਪਿੰਡ ਜਾਂ ਕਸਬੇ ਵਿੱਚ ਇੱਕ ਥਾਂ ਐਸੀ ਬਣੀ ਹੁੰਦੀ ਹੈ, ਜਿਸ ਨੂੰ ‘ਲੰਕਾ’ ਕਹਿੰਦੇ ਹਨ। ਉੱਥੇ ਜਾ ਕੇ ਕਲਾਕਾਰ ਯੁੱਧ ਦਾ ਦ੍ਰਿਸ਼ ਪੇਸ਼ ਕਰਦੇ ਹਨ ਤੇ ਰਾਮ ਵੱਲੋਂ ਰਾਵਣ ਦਾ ਵਧ ਕੀਤਾ ਜਾਂਦਾ ਹੈ। ਇਸ ਉਪਰੰਤ ਦੁਸਹਿਰੇ ਦਾ ਮੇਲਾ ਭਰਦਾ ਹੈ, ਜਿਸ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ। ਬਹੁਤ ਥਾਂਈਂ ਤਾਂ ਦੁਸਹਿਰਾ ਗਰਾਊਂਡ ਜਾਂ ਰਾਮਲੀਲ੍ਹਾ ਗਰਾਊਂਡ ਨਾਂ ਵਜੋਂ ਪ੍ਰਸਿੱਧ ਹਨ।

     ਰਾਮਾਇਣ ਇੱਕ ਧਾਰਮਿਕ ਗ੍ਰੰਥ ਹੈ। ਸ਼ਰਧਾਲੂਆਂ ਲਈ ਇਹ ਪੂਜਣਯੋਗ ਹੈ। ਜਿਹੜੀ ਰਾਮਲੀਲ੍ਹਾ ਹਿੰਦੀ ਭਾਸ਼ਾ ਰਾਜਾਂ ਵਾਂਗ ਪੰਜਾਬ ਵਿੱਚ ਖੇਡੀ ਜਾਂਦੀ ਹੈ, ਉਸ ਦਾ ਆਧਾਰ ਤੁਲਸੀਦਾਸ ਰਚਿਤ ਰਾਮਚਰਿਤ ਮਾਨਸ ਹੈ। ਰਾਮਲੀਲ੍ਹਾ ਦੀ ਪੇਸ਼ਕਾਰੀ ਸਮੇਂ ਇਸ ਗ੍ਰੰਥ ਵਿੱਚ ਅੰਕਿਤ ਘਟਨਾਵਾਂ ਨੂੰ ਸਿਲਸਿਲੇਵਾਰ ਨਾਟਕੀ ਝਾਕੀਆਂ ਦਾ ਆਧਾਰ ਬਣਾਇਆ ਜਾਂਦਾ ਹੈ। ਇਹਨਾਂ ਘਟਨਾਵਾਂ ਤੋਂ ਲੋਕ ਪਹਿਲਾਂ ਹੀ ਜਾਣੂ ਹੁੰਦੇ ਹਨ। ਉਹ ਲੋਕ ਮਾਨਸ ਦਾ ਅਨਿੱਖੜਵਾਂ ਭਾਗ ਬਣ ਚੁੱਕੀਆਂ ਹਨ। ਰਾਮ ਦਾ ਸੀਤਾ ਨੂੰ ਸਵੰਬਰ ਵਿੱਚ ਹਾਸਲ ਕਰਨਾ, ਉਸ ਨੂੰ ਮਹਾਰਾਣੀ ਕੈਕੇਈ ਦੇ ਕਹਿਣ ਤੇ ਰਾਜਾ ਦਸਰਥ ਵੱਲੋਂ ਬਨਵਾਸ ਦਿੱਤਾ ਜਾਣਾ, ਜੰਗਲ ਵਿੱਚ ਪਤਨੀ ਤੇ ਭਰਾ ਦਾ ਸਾਥ, ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਕੱਟਣਾ, ਰਾਵਣ ਦਾ ਸੀਤਾ ਨੂੰ ਉੱਠਾ ਕੇ ਲੈ ਜਾਣਾ (ਸੀਤਾ ਹਰਨ), ਰਾਵਣ ਯੁੱਧ, ਹਨੂਮਾਨ ਦਾ ਲੰਕਾ ਨੂੰ ਸਾੜਨਾ, ਲਛਮਣ ਦਾ ਮੂਰਛਤ ਹੋਣਾ, ਹਨੂਮਾਨ ਦਾ ਸੰਜੀਵਨੀ ਬੂਟੀ ਦੀ ਥਾਂ ਪਹਾੜ ਚੁੱਕ ਕੇ ਲੈ ਆਉਣਾ ਅਤੇ ਦੁਸਹਿਰੇ ਵਾਲੇ ਦਿਨ ਰਾਮ ਚੰਦਰ ਦੀ ਰਾਵਣ ਉਪਰ ਵਿਜੈ ਦੇ ਨਾਲ ਹੀ ਰਾਮਲੀਲ੍ਹਾ ਦਾ ਸਮਾਪਤ ਹੋ ਜਾਣਾ। ਇਹ ਸਾਰੇ ਦ੍ਰਿਸ਼ ਅਤੇ ਕੁਝ ਹੋਰ ਝਾਕੀਆਂ ਨੂੰ ਹਰ ਸਾਲ ਦੁਹਰਾਇਆ ਜਾਂਦਾ ਹੈ ਅਤੇ ਦਰਸ਼ਕ ਇਹਨਾਂ ਨੂੰ ਬਾਰ-ਬਾਰ ਵੇਖ ਕੇ ਪਸੰਦ ਕਰਦੇ ਹਨ ਅਤੇ ਅਨੰਦ ਮਾਣਦੇ ਹਨ।

     ਰਾਮਲੀਲ੍ਹਾ ਇੱਕ ਸਧਾਰਨ ਨਾਟਕ ਨਹੀਂ ਹੈ। ਇਸ ਨਾਲ ਹਿੰਦੂ ਧਰਮ ਦੇ ਅਨੁਆਈਆਂ ਦੀ ਧਾਰਮਿਕ ਭਾਵਨਾ ਤੇ ਸ਼ਰਧਾ ਜੁੜੀ ਹੋਈ ਹੈ। ਉਹਨਾਂ ਲਈ ਇਹ ਬਦੀ ਉਪਰ ਨੇਕੀ ਦੀ ਵਿਜੈ ਸੰਦੇਸ਼ ਹੈ। ਇਹ ਨਾਟਕ ਜੀਵਨ ਦੇ ਉੱਚ ਆਦਰਸ਼ਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇੱਕ ਪੁੱਤਰ ਆਪਣੇ ਪਿਤਾ ਦੇ ਹੁਕਮਾਂ ਦੀ ਕਿਵੇਂ ਪਾਲਣਾ ਕਰਦਾ ਹੈ? ਇੱਕ ਪਤਨੀ ਅਤੇ ਭਰਾ ਦੇ ਕੀ ਫ਼ਰਜ਼ ਹਨ? ਰਾਮਲੀਲ੍ਹਾ ਵਿੱਚ ਉੱਚੀਆਂ ਤੇ ਸੁੱਚੀਆਂ ਜੀਵਨ- ਕੀਮਤਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਭਾਰਤੀ ਸੱਭਿਆਚਾਰ ਦਾ ਇੱਕ ਮਾਡਲ ਪੇਸ਼ ਕੀਤਾ ਗਿਆ ਹੈ। ਪੰਜਾਬ ਵਿੱਚ ਮੁਸਲਮਾਨਾਂ ਦੀ ਬਹੁਤ ਵੱਸੋਂ ਹੋਣ ਦੀ ਵਜ੍ਹਾ ਕਰ ਕੇ ਰਾਮਲੀਲ੍ਹਾ ਸਮੁੱਚੇ ਪੰਜਾਬੀਆਂ ਦੀ ਸਿਮਰਿਤੀ ਤੇ ਮਾਨਸਿਕਤਾ ਦਾ ਭਾਗ ਨਹੀਂ ਬਣ ਸਕੀ। ਭਾਵੇਂ ਪੰਜਾਬ ਵਿੱਚ ਕੁਝ ਅਸਥਾਨ ਅਜਿਹੇ ਹਨ, ਜਿਨ੍ਹਾਂ ਨੂੰ ਰਾਮ-ਕਥਾ ਨਾਲ ਜੋੜਿਆ ਜਾਂਦਾ ਹੈ ਜਿਵੇਂ ਘੜਾਮ (ਰਾਮ ਦਾ ਨਾਨਕਾ ਪਿੰਡ), ਸੁਨਾਮ ਵਿਖੇ ਸੀਤਾ ਸਰੋਵਰ, ਲਵ ਤੇ ਕੁਸ਼ ਦੁਆਰਾ ਲਾਹੌਰ ਤੇ ਕਸੂਰ ਦਾ ਵਸਾਏ ਜਾਣਾ, ਕੈਕੇਈ ਦਾ ਪੰਜਾਬ ਦੀ ਧੀ ਹੋਣਾ ਅਤੇ ਰਾਮਾਇਣ ਦੇ ਲੇਖਕ ਬਾਲਮੀਕ ਦੀ ਯਾਦ ਵਿੱਚ ਅੰਮ੍ਰਿਤਸਰ ਦੇ ਨੇੜੇ ਰਾਮ ਤੀਰਥ ਸਰੋਵਰ ਦੀ ਹੋਂਦ ਆਦਿ। ਫਿਰ ਵੀ ਰਾਮਲੀਲ੍ਹਾ ਪੰਜਾਬੀ ਲੋਕ- ਨਾਟ ਪਰੰਪਰਾ ਦਾ ਪੂਰੀ ਤਰ੍ਹਾਂ ਭਾਗ ਨਹੀਂ ਬਣ ਸਕੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਸਵੰਤ ਸਿੰਘ ਟੁਹਾਨਵੀ ਰਚਿਤ ਰਾਮ ਨਾਟਕ ਪੰਜਾਬੀ ਵਿੱਚ ਲਿਖਿਆ ਗਿਆ ਹੈ ਅਤੇ ਮਲਵਈ ਦੇ ਕੁਝ ਭਾਗਾਂ ਵਿੱਚ ਇਸ ਦੇ ਆਧਾਰ ਤੇ ਰਾਮਲੀਲ੍ਹਾ ਖੇਡੀ ਵੀ ਜਾਂਦੀ ਹੈ, ਇਸ ਪ੍ਰਕਾਰ ਹਰਚਰਨ ਸਿੰਘ ਨੇ ਪੰਜਾਬੀ ਵਿੱਚ ਰਾਮਲੀਲ੍ਹਾ ਨਾਂ ਦੇ ਨਾਟਕ ਦੀ ਰਚਨਾ ਕੀਤੀ ਸੀ ਅਤੇ ਸੁਨੀਤਾ ਸੱਭਰਵਾਲ ਨੇ ਬਾਲ ਰਾਮਾਇਣ ਨਾਂ ਦਾ ਨਾਟਕ ਲਿਖਿਆ, ਜਿਸ ਨੂੰ ਪੂਰੇ ਨਾਟਕ ਵਜੋਂ ਖੇਡਿਆ ਗਿਆ। ਪਰ ਪੰਜਾਬ ਵਿੱਚ ਅੱਜ ਵੀ ਰਾਮਲੀਲ੍ਹਾ ਦੀ ਪੇਸ਼ਕਾਰੀ ਹਿੰਦੀ ਜਾਂ ਹਿੰਦੋਸਤਾਨੀ ਜ਼ਬਾਨ ਵਿੱਚ ਹੀ ਹੁੰਦੀ ਹੈ। ਰਾਸ ਧਾਰੀਆਂ ਵੱਲੋਂ ਕ੍ਰਿਸ਼ਨ ਲੀਲ੍ਹਾ ਦੀਆਂ ਝਾਕੀਆਂ ਵਾਂਗ ਰਾਮਾਇਣ ਨਾਲ ਸੰਬੰਧਿਤ ਕਦੀ ਵੀ ਕੋਈ ਝਾਕੀ ਪੇਸ਼ ਨਹੀਂ ਕੀਤੀ ਗਈ।

     ਪੰਜਾਬ ਦੇ ਲੋਕ ਜੀਵਨ ਅਤੇ ਪੰਜਾਬੀਆਂ ਦੀ ਜ਼ਿੰਦਗੀ ਉਪਰ ਰਾਮਲੀਲ੍ਹਾ ਦੀ ਅਮਿਟ ਛਾਪ ਹੈ। ਇੱਥੋਂ ਤੱਕ ਕਿ ਵਾਰਿਸ ਸ਼ਾਹ ਵਰਗਾ ਪੰਜਾਬੀ ਦਾ ਸਿਰਮੌਰ ਕਵੀ ਆਪਣੀ ਰਚਨਾ ਹੀਰ ਰਾਂਝਾ ਵਿੱਚ ਰਾਮਾਇਣ ਵਿੱਚ ਵਾਪਰੀਆਂ ਕੁਝ ਘਟਨਾਵਾਂ ਵੱਲ ਸੰਕੇਤ ਕਰਦਾ ਹੈ। ਪੰਜਾਬ ਵਿੱਚ ਜਿੱਥੇ ਨਕਲਾਂ, ਰਾਸਾਂ ਅਤੇ ਸਵਾਂਗ ਆਦਿ ਦੀਆਂ ਨਾਟ ਵੰਨਗੀਆਂ ਖ਼ਤਮ ਹੋ ਰਹੀਆਂ ਹਨ, ਉੱਥੇ ਰਾਮਲੀਲ੍ਹਾ ਅੱਜ ਵੀ ਪੂਰੇ ਜੋਸ਼ ਨਾਲ ਖੇਡੀ ਜਾਂਦੀ ਹੈ। ਰਾਮਲੀਲ੍ਹਾ ਵਿੱਚ ਪੇਸ਼ ਕੀਤੀ ਗਈ ਸਮਾਜਿਕ ਮਰਯਾਦਾ, ਅਧਿਆਤਮਿਕ ਜਾਂ ਧਾਰਮਿਕ ਆਦਰਸ਼ ਅਤੇ ਨੈਤਿਕ ਕੀਮਤਾਂ ਅੱਜ ਵੀ ਜੀਵਤ ਹਨ। ਭਾਰਤੀ ਸੰਸਕ੍ਰਿਤੀ ਵਾਂਗ ਪੰਜਾਬ ਦੇ ਸੱਭਿਆਚਾਰ ਨੂੰ ਰਾਮਲੀਲ੍ਹਾ ਦੀ ਵਿਸ਼ੇਸ਼ ਦੇਣ ਹੈ। ਬੇਸ਼ਕ ਰਾਮਲੀਲ੍ਹਾ ਪੰਜਾਬੀ ਲੋਕ-ਨਾਟ ਪਰੰਪਰਾ ਦਾ ਭਾਗ ਨਹੀਂ ਬਣ ਸਕੀ, ਪਰੰਤੂ ਇਹ ਪੰਜਾਬ ਦੇ ਲੋਕ ਜੀਵਨ ਦਾ ਅਨਿੱਖੜ ਭਾਗ ਜ਼ਰੂਰ ਬਣ ਚੁੱਕੀ ਹੈ। ਰਾਮਲੀਲ੍ਹਾ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਬਾਲਮੀਕ ਲੀਲ੍ਹਾ, ਪ੍ਰਹਲਾਦ ਲੀਲ੍ਹਾ ਤੇ ਰਵੀਦਾਸ ਲੀਲ੍ਹਾ ਆਦਿ ਨੂੰ ਵੀ ਖੇਡਿਆ ਜਾਂਦਾ ਹੈ।


ਲੇਖਕ : ਕਰਨੈਲ ਸਿੰਘ ਥਿੰਦ , ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.