ਰੀਤੀ-ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੀਤੀ-ਕਾਵਿ : ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਈਸਾ ਦੀ ਸਤ੍ਹਾਰਵੀਂ ਸਦੀ ਦੇ ਅੱਧ ਤੋਂ ਉਨ੍ਹੀਵੀਂ ਸਦੀ ਦੇ ਅੱਧ ਤੱਕ ਦੇ ਸਮੇਂ ਨੂੰ ‘ਰੀਤੀ-ਕਾਲ’ ਅਤੇ ਇਸ ਅਰਸੇ ਦੌਰਾਨ ਰਚੇ ਗਏ ਕਾਵਿ ਦੇ ਵੱਡੇ ਹਿੱਸੇ ਨੂੰ ਰੀਤੀ-ਕਾਵਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ‘ਰੀਤੀ’ ਸ਼ਬਦ ਦਾ ਕੋਸ਼ਗਤ ਅਰਥ ਢੰਗ, ਪਰੰਪਰਾ, ਪੱਧਤੀ ਜਾਂ ਪਰਿਪਾਟੀ ਹੈ। ਸੰਸਕ੍ਰਿਤ ਦੇ ਸਾਹਿਤ ਅਚਾਰੀਆ ਨੇ ਸਾਹਿਤ- ਸਿਧਾਂਤ ਨੂੰ ਕਾਵਿ-ਰੀਤੀ ਦਾ ਨਾਂ ਦਿੱਤਾ ਸੀ। ਕਾਵਿ-ਕਲਾ ਨੂੰ ਮਿਆਰੀ ਰੂਪ ਦੇਣ ਲਈ ਉਹਨਾਂ ਨੇ ਸਾਹਿਤ ਦੇ ਲਖਸ਼ਣ ਗ੍ਰੰਥ ਰਚੇ। ਰੀਤੀ ਕਾਲ ਵਿੱਚ ਹਿੰਦੀ ਵਿੱਚ ਸੰਸਕ੍ਰਿਤ ਦੀ ਉਪਰੋਕਤ ਪਰੰਪਰਾ ਦੇ ਅਨੁਕਰਨ ਵਿੱਚ ਰੀਤੀ ਗ੍ਰੰਥਾਂ ਦੀ ਰਚਨਾ ਹੋਈ। ਇਸ ਕਾਲ ਦੇ ਸਾਹਿਤ ਵਿੱਚ ਕਾਵਿ-ਸਿਧਾਂਤਾਂ ਤੋਂ ਇਲਾਵਾ ਸ਼ਿੰਗਾਰ ਰਸ ਨਾਲ ਸੰਬੰਧਿਤ ਕਾਵਿ-ਰਚਨਾਵਾਂ ਦੀ ਬਹੁਲਤਾ ਰਹੀ ਜਿਸ ਨੂੰ ਦੇਖਦਿਆਂ ਕੁਝ ਵਿਦਵਾਨਾਂ ਵੱਲੋਂ ਇਸ ਨੂੰ ‘ਸ਼ਿੰਗਾਰ ਕਾਲ’ ਦਾ ਨਾਂ ਦਿੱਤਾ ਗਿਆ, ਜਦੋਂ ਕਿ ਕੁਝ ਹੋਰ ਵਿਦਵਾਨਾਂ ਨੇ ਇਸ ਦੌਰ ਵਿੱਚ ਅਲੰਕਾਰ ਪ੍ਰਧਾਨ ਕਵਿਤਾ ਦੀ ਪ੍ਰਧਾਨਤਾ ਦੇਖਦਿਆਂ ਇਸ ਨੂੰ ਅਲੰਕ੍ਰਿਤੀ ਕਾਲ ਵੀ ਕਿਹਾ। ਪਰੰਤੂ ਪਿਛਲੇ ਦੋਵੇਂ ਨਾਂ ਸਾਹਿਤਿਕ ਹਲਕਿਆਂ ਵਿੱਚ ਬਹੁਤੀ ਮਾਨਤਾ ਹਾਸਲ ਨਾ ਕਰ ਸਕੇ ਅਤੇ ‘ਰੀਤੀ-ਕਾਲ’ ਨਾਂ ਆਮ ਸਹਿਮਤੀ ਵਜੋਂ ਸਵੀਕਾਰ ਕਰ ਲਿਆ ਗਿਆ।

     ‘ਰੀਤੀ-ਕਾਵਿ’ ਅਧੀਨ ਰਚੇ ਗਏ ਗ੍ਰੰਥਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ, ਪਰੰਤੂ ਸਾਂਭ-ਸੰਭਾਲ ਦੀ ਕਮੀ ਕਾਰਨ ਇਹਨਾਂ ਵਿੱਚੋਂ ਬਹੁਤੇ ਗ੍ਰੰਥ ਪ੍ਰਾਪਤ ਨਹੀਂ ਹਨ। ਉਹਨਾਂ ਦਾ ਕੇਵਲ ਨਾਂ-ਉਲੇਖ ਹੀ ਮਿਲਦਾ ਹੈ। ਇਸ ਕਾਲ ਦੇ ਕਵੀਆਂ ਦੀ ਸੂਚੀ ਕਾਫ਼ੀ ਲੰਬੀ ਹੈ ਪਰ ਇਹ ਸਭ ਦੇ ਸਭ ਇੱਕੋ ਲੀਕ ਤੇ ਲਿਖਣ ਵਾਲੇ ਨਹੀਂ ਸਨ। ਬਹੁਗਿਣਤੀ ਕਵੀਆਂ ਦੁਆਰਾ ਕਾਵਿ- ਸਿਧਾਂਤ, ਅਲੰਕਾਰ ਨਿਰੂਪਣ ਅਤੇ ਸ਼ਿੰਗਾਰ ਰਸ ਨੂੰ ਅਪਣਾਏ ਜਾਣ ਦੇ ਬਾਵਜੂਦ ਅਜਿਹੇ ਕਵੀਆਂ ਦੀ ਭਰਵੀਂ ਗਿਣਤੀ ਰਹੀ, ਜਿਨ੍ਹਾਂ ਨੇ ਸਮੇਂ ਦੇ ਵਹਿਣ ਵਿੱਚ ਵਹਿ ਜਾਣ ਦੀ ਬਜਾਏ ਮੌਲਿਕ ਰੰਗ ਨੂੰ ਪਹਿਲ ਦਿੱਤੀ। ਇਸੇ ਤੱਥ ਦੇ ਮੱਦੇ-ਨਜ਼ਰ ਰੀਤੀ-ਕਾਵਿ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ : ਰੀਤੀ-ਬੱਧ, ਰੀਤੀ-ਸਿੱਧ ਅਤੇ ਰੀਤੀ-ਮੁਕਤ ਕਾਵਿ।

     ਰੀਤੀ-ਬੱਧ ਕਾਵਿ ਵਿੱਚ ਅਜਿਹੀਆਂ ਕਿਰਤਾਂ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਕਾਵਿ-ਅੰਗਾਂ ਦਾ ਨਿਰੂਪਣ ਕਰਨਾ ਸੀ। ਇਸ ਕਾਲ ਦੇ ਕਵੀਆਂ ਨੇ ਸੰਸਕ੍ਰਿਤ ਦੇ ਅਚਾਰੀਆ ਕਵੀਆਂ ਦੀ ਰੀਸੇ ਲਖਸ਼ਣ ਗ੍ਰੰਥ ਲਿਖੇ ਹਨ ਅਤੇ ਕਾਵਿ ਦੇ ਵੱਖੋ-ਵੱਖ ਪਹਿਲੂਆਂ ਤੇ ਰੋਸ਼ਨੀ ਪਾਈ ਹੈ। ਕਾਵਿ-ਸਿਧਾਂਤ ਦੀ ਜਾਣਕਾਰੀ ਅਤੇ ਪ੍ਰਮਾਣ ਵਜੋਂ ਕਵਿਤਾ ਦੇ ਢੁੱਕਵੇਂ ਪਦਾਂ ਰਾਹੀਂ ਉਸ ਦੀ ਪੁਸ਼ਟੀ ਕਰਨਾ ਅਜਿਹੀਆਂ ਰਚਨਾਵਾਂ ਦੀ ਵਿਸ਼ੇਸ਼ ਪਹਿਚਾਣ ਹੈ। ਕਾਵਿ ਦੀ ਉਦਾਹਰਨ ਵਜੋਂ ਪੇਸ਼ ਕੀਤੇ ਜਾਣ ਵਾਲੇ ਪਦ ਆਮ ਤੌਰ ਤੇ ਕਰਤਾ ਦੀ ਆਪਣੀ ਰਚਨਾ ਹਨ। ਕਿਉਂਕਿ ਰਚਨਾਕਾਰ ਦਾ ਮੁੱਖ ਉਦੇਸ਼ ਆਪਣੇ-ਆਪ ਨੂੰ ਅਚਾਰੀਆ ਜਾਂ ਉਸਤਾਦ ਕਵੀ ਦੇ ਰੂਪ ਵਿੱਚ ਆਪਣੀ ਹੈਸੀਅਤ ਨੂੰ ਮਨਵਾਉਣਾ ਹੈ, ਇਸ ਲਈ ਆਮ ਤੌਰ ਤੇ ਕਾਵਿ ਪ੍ਰਤਿਭਾ ਗੌਣ ਹੋ ਕੇ ਰਹਿ ਜਾਂਦੀ ਹੈ। ਸਿਧਾਂਤਿਕ ਤੌਰ ਤੇ ਨਿਰਦੋਸ਼ ਹੁੰਦੀ ਹੋਈ ਇਸ ਪ੍ਰਕਾਰ ਦੀ ਕਾਵਿ-ਰਚਨਾ ਸਾਹਿਤਿਕ ਨਜ਼ਰੀਏ ਤੋਂ ਹਲਕੀ ਰਹਿ ਜਾਂਦੀ ਹੈ। ਕੇਸ਼ਵ ਦਾਸ, ਚਿੰਤਾਮਣੀ, ਦੇਵ, ਪਦਮਾਕਰ, ਭਿਖਾਰੀ ਦਾਸ ਆਦਿ ਦੀਆਂ ਰਚਨਾਵਾਂ ਰੀਤੀ-ਬੱਧ ਕਾਵਿ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।

     ਰੀਤੀ-ਸਿੱਧ ਕਾਵਿ ਉਹ ਹੈ, ਜਿਸ ਦੇ ਰਚਨਾਕਾਰਾਂ ਨੇ ਲੱਛਣ-ਉਦਾਹਰਨ ਸ਼ੈਲੀ ਵਿੱਚ ਰਚਨਾ ਭਾਵੇਂ ਨਹੀਂ ਕੀਤੀ ਪਰੰਤੂ ਫਿਰ ਵੀ ਉਹਨਾਂ ਨੇ ਸੰਸਕ੍ਰਿਤ ਕਾਵਿ- ਸਿਧਾਂਤ ਦੀ ਪਰੰਪਰਾ ਦੇ ਦਾਇਰੇ ਵਿੱਚ ਰਹਿ ਕੇ ਰਚਨਾ ਕੀਤੀ ਹੈ। ਇਹਨਾਂ ਨੇ ਕਾਵਿ-ਰੀਤੀ ਦਾ ਨਿਰੂਪਣ ਕਰਨ ਦੀ ਬਜਾਏ ਉਸ ਰੀਤੀ ਦਾ ਪਾਲਣ ਕਰਦਿਆਂ ਸਾਹਿਤਿਕ ਪੱਖ ਤੋਂ ਉੱਤਮ ਕਵਿਤਾ ਰਚੀ ਹੈ। ਇਸ ਤਰ੍ਹਾਂ ਅਚਾਰੀਆ ਕਵੀ ਨਾ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਰੀਤੀ ਨੂੰ ਮਾਨਤਾ ਦਿੱਤੀ ਹੈ। ਰੀਤੀ ਦਾ ਪਾਲਣ ਕਰਨ ਕਾਰਨ ਹੀ ਇਹਨਾਂ ਨੂੰ ਰੀਤੀ-ਸਿੱਧ ਕਵੀ ਕਿਹਾ ਗਿਆ ਹੈ। ਬਿਹਾਰੀ ਲਾਲ, ਭੂਪਤਿ, ਚੰਦਨ, ਸੈਨਾਪਤਿ ਆਦਿ ਕਵੀ ਇਸ ਵਰਗ ਵਿੱਚ ਆਉਂਦੇ ਹਨ।

     ਰੀਤੀ-ਮੁਕਤ ਕਾਵਿ ਅਧੀਨ ਉਹ ਰਚਨਾਕਾਰ ਆਉਂਦੇ ਹਨ, ਜਿਨ੍ਹਾਂ ਨੇ ਨਾ ਤਾਂ ਲਖਸ਼ਣ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਨਾ ਹੀ ਰੀਤੀ-ਸਿਧਾਂਤ ਦੀ ਕੈਦ ਨੂੰ ਸਵੀਕਾਰ ਕੀਤਾ। ਇਹਨਾਂ ਕਵੀਆਂ ਨੇ ਜੀਵਨ ਨਾਲ ਜੁੜ ਕੇ ਕਵਿਤਾ ਰਚੀ। ਇਹਨਾਂ ਦੀ ਰਚਨਾ ਵਿੱਚ ਵਿਸ਼ਿਆਂ ਦੀ ਵਿਵਿਧਤਾ ਹੈ ਅਤੇ ਮੁੱਖ ਤੌਰ ਤੇ ਵੀਰ- ਰਸੀ, ਨੀਤੀ ਪਰਕ, ਪ੍ਰੇਮ ਪਰਕ ਅਤੇ ਅਧਿਆਤਮਿਕ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਸ਼ਾਮਲ ਹਨ। ਘਨਾਨੰਦ, ਰਸਖਾਨ, ਆਲਮ, ਬੋਧਾ, ਗੁਰੂ ਗੋਬਿੰਦ ਸਿੰਘ, ਭੂਸ਼ਣ, ਵ੍ਰਿੰਦ, ਰਸਨਿਧੀ ਆਦਿ ਕਵੀ ਰੀਤੀ-ਮੁਕਤ ਕਵੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਰੀਤੀ-ਕਾਵਿ ਦੀਆਂ ਮੁੱਖ ਪ੍ਰਵਿਰਤੀਆਂ ਨੂੰ ਨਿਮਨ- ਅਨੁਸਾਰ ਵਿਚਾਰਿਆ ਜਾ ਸਕਦਾ ਹੈ :

     ਲਖਸ਼ਣ ਗ੍ਰੰਥਾਂ ਦੀ ਰਚਨਾ ਇਸ ਕਾਵਿ ਦੀ ਮੁੱਖ ਵਿਸ਼ੇਸ਼ਤਾ ਹੈ। ਭਾਵੇਂ ਇਸ ਕਾਲ ਦੇ ਕਵੀਆਂ ਨੇ ਕੋਈ ਮੌਲਿਕ ਕਾਵਿ-ਸਿਧਾਂਤ ਸਾਮ੍ਹਣੇ ਨਹੀਂ ਲਿਆਂਦੇ ਅਤੇ ਜ਼ਿਆਦਾਤਰ ਸੰਸਕ੍ਰਿਤ ਦੇ ਗ੍ਰੰਥਾਂ ਦਾ ਅਨੁਕਰਨ ਜਾਂ ਅਨੁਵਾਦ ਹੀ ਪੇਸ਼ ਕੀਤਾ ਪਰੰਤੂ ਫਿਰ ਵੀ ਕਵੀਆਂ ਵਿੱਚ ‘ਅਚਾਰੀਆ’ ਅਖਵਾਉਣ ਦੀ ਹੋੜ ਪ੍ਰਤੱਖ ਨਜ਼ਰੀਂ ਪੈਂਦੀ ਹੈ। ਕਵੀਆਂ ਵਿੱਚੋਂ ਬਹੁਤਿਆਂ ਨੂੰ ਰਾਜ ਦਰਬਾਰਾਂ ਵੱਲੋਂ ਵਜ਼ੀਫ਼ੇ ਲੱਗੇ ਹੋਏ ਸਨ ਅਤੇ ਰਾਜੇ ਜਾਂ ਉਹਨਾਂ ਦੇ ਅਹਿਲਕਾਰ ਹੀ ਉਹਨਾਂ ਦੇ ਕਦਰਦਾਨ ਸਨ। ਦਰਬਾਰੀ ਮਾਹੌਲ ਵਿੱਚ ਅਦਬ-ਕਾਇਦੇ ਦੀ ਹਮੇਸ਼ਾਂ ਮਹੱਤਤਾ ਹੁੰਦੀ ਹੈ। ਇਸ ਲਈ ਉੱਥੇ ਪੇਸ਼ ਕੀਤੀ ਜਾਣ ਵਾਲੀ ਕਵਿਤਾ ਨੂੰ ਵੀ ਅਦਬ ਅਤੇ ਅਨੁਸ਼ਾਸਨ ਦੀ ਪਾਬੰਦ ਬਣਾਇਆ ਗਿਆ। ਇਸ ਤੋਂ ਇਲਾਵਾ ਕਵੀ ਆਪਣੀ ਰਚਨਾ ਰਾਹੀਂ ਦਰਬਾਰੀ ਸ੍ਰੋਤਿਆਂ ਨੂੰ ਚੰਗੀ ਕਵਿਤਾ ਦੇ ਲੱਛਣਾਂ ਤੋਂ ਜਾਣੂ ਵੀ ਕਰਵਾਉਂਦੇ ਸਨ। ਸੰਸਕ੍ਰਿਤ ਸਾਹਿਤ ਵਿੱਚ ਅਚਾਰੀਆ ਅਤੇ ਕਵੀ ਵੱਖਰੇ ਵਰਗਾਂ ਦੇ ਵਿਅਕਤੀ ਸਨ, ਪਰੰਤੂ ਰੀਤੀ-ਕਾਵਿ ਅਧੀਨ ਦੋਵੇਂ ਕੰਮ ਇਕੱਲੇ-ਇਕੱਲੇ ਵਿਅਕਤੀ ਨੇ ਨਿਭਾਉਣੇ ਚਾਹੇ। ਭਾਵੇਂ ਇਹ ਕੰਮ ਏਨਾ ਅਸਾਨ ਨਹੀਂ ਸੀ, ਫਿਰ ਵੀ ਰੀਤੀ-ਕਵੀਆਂ ਨੇ ਇਸ ਦੂਹਰੀ ਭੂਮਿਕਾ ਨੂੰ ਨਿਭਾਉਣ ਅਤੇ ਕਸੌਟੀ ਤੇ ਖਰਾ ਉਤਰਨ ਲਈ ਪੂਰਾ ਜ਼ੋਰ ਲਗਾਇਆ।

     ਸ਼ਿੰਗਾਰ ਰਸ ਵਰਣਨ ਰੀਤੀ-ਕਾਵਿ ਦੀ ਦੂਜੀ ਮੁੱਖ ਵਿਸ਼ੇਸ਼ਤਾ ਹੈ। ਜਗੀਰਦਾਰੀ ਸਮਾਜ ਵਿੱਚ ਔਰਤ ਨੂੰ ਸਿਰਫ਼ ਭੋਗ ਦੀ ਵਸਤੂ ਸਮਝਿਆ ਜਾਂਦਾ ਸੀ। ਦਰਬਾਰਾਂ ਦਾ ਵਾਤਾਵਰਨ ਵੀ ਰੰਗ ਤਮਾਸ਼ੇ ਅਤੇ ਵਿਲਾਸਤਾ ਵਿੱਚ ਗੜੁੱਚ ਸੀ। ਕਵਿਤਾ ਨੂੰ ਵੀ ਸ਼ਰਾਬ ਜਾਂ ਨਾਚ ਗਾਣੇ ਵਾਂਗ ਸਿਰਫ਼ ਮਨੋਰੰਜਨ ਦੀ ਵਸਤੂ ਸਮਝਿਆ ਜਾਂਦਾ ਸੀ। ਕਵੀਆਂ ਦਾ ਮਨੋਰਥ ਆਪਣੇ ਆਸਰਾਦਾਤਿਆਂ ਦੀ ਹਿਰਸੀ-ਸੋਚ ਦੇ ਅਨੁਕੂਲ ਰਚਨਾ ਸੁਣਾ ਕੇ ਉਹਨਾਂ ਨੂੰ ਪ੍ਰਸੰਨ ਕਰਨਾ ਸੀ। ਇਸ ਲਈ ਰੀਤੀ-ਕਾਵਿ ਦਾ ਵੱਡਾ ਹਿੱਸਾ ਨਾਰੀ ਸਰੀਰ ਦੀ ਸੁੰਦਰਤਾ ਦੇ ਵਰਣਨ ਨੂੰ ਸਮਰਪਿਤ ਹੈ। ਨਾਇਕਾ (ਨਾਰੀ) ਦੇ ਨਖਸ਼ਿਖ (ਅੱਡੀ ਤੋਂ ਚੋਟੀ ਤੱਕ ਦੀ ਸੁੰਦਰਤਾ) ਵਰਣਨ ਦੇ ਬਹਾਨੇ ਨਾਰੀ ਦੇ ਅੰਗਾਂ ਦਾ ਬੜਾ ਰਸਪੂਰਨ ਵਰਣਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਿੰਗਾਰ ਰਸ ਦੇ ਦੋਵੇਂ ਪੱਖਾਂ ਸੰਯੋਗ ਅਤੇ ਵਿਯੋਗ ਦਾ ਵਰਣਨ ਮਿਲਦਾ ਹੈ, ਜੋ ਕਿਤੇ ਅਸ਼ਲੀਲਤਾ ਦੀਆਂ ਹੱਦਾਂ ਨੂੰ ਛੋਂਹਦਾ ਪ੍ਰਤੀਤ ਹੁੰਦਾ ਹੈ। ਸੰਯੋਗ ਵਰਣਨ ਆਪਣੀ ਖ਼ੂਬਸੂਰਤੀ ਵਿੱਚ ਅਦੁੱਤੀ ਹੈ, ਪਰੰਤੂ ਵਿਯੋਗ ਵਰਣਨ ਵਿੱਚ ਕਵੀਆਂ ਨੇ ਲੋੜੋਂ ਵੱਧ ਕਲਪਨਾ ਦਾ ਪ੍ਰਯੋਗ ਕੀਤਾ ਹੈ। ਕਿਤੇ-ਕਿਤੇ ਤਾਂ ਇਹ ਏਨਾ ਵਧ ਜਾਂਦਾ ਹੈ ਕਿ ਹਾਸੋਹੀਣਾ ਹੋ ਨਿਬੜਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ਿੰਗਾਰ ਰਸ ਨੂੰ ਰਸਰਾਜ ਮੰਨ ਕੇ ਚੱਲਣ ਵਾਲੇ ਰੀਤੀ-ਕਾਵਿ ਵਿੱਚ ਇੱਕ ਅਜਿਹੀ ਤਾਜ਼ਗੀ ਵੀ ਹੈ, ਜੋ ਸਧਾਰਨ ਪਾਠਕ ਨੂੰ ਕੁਝ ਪਲਾਂ ਲਈ ਰਸ ਮਗਨ ਕਰ ਦਿੰਦੀ ਹੈ।

     ਰੀਤੀ-ਕਾਵਿ ਦੇ ਅਧੀਨ ਬਹੁਤੀ ਰਚਨਾ ਮੁਕਤਕ ਕਾਵਿ ਦੀ ਹੋਈ ਹੈ ਅਤੇ ਪ੍ਰਬੰਧ-ਕਾਵਿ (ਮਹਾਂਕਾਵਿ ਆਦਿ) ਦੀ ਰਚਨਾ ਨਾਂ-ਮਾਤਰ ਹੀ ਹੋਈ। ਕਿਉਂਕਿ ਕਵੀਆਂ ਦਾ ਉਦੇਸ਼ ਆਮ ਤੌਰ ਤੇ ਵਾਕ-ਚਤੁਰਾਈ ਅਤੇ ਸ਼ਬਦ-ਚਮਤਕਾਰ ਦਾ ਸਹਾਰਾ ਲੈ ਕੇ ਰਾਜਿਆਂ/ ਦਰਬਾਰੀਆਂ ਨੂੰ ਖ਼ੁਸ਼ ਕਰਨਾ ਅਤੇ ਉਹਨਾਂ ਦੀ ਮਾਨਸਿਕ ਥਕਾਨ ਦੂਰ ਕਰਨਾ ਸੀ, ਇਸ ਲਈ ਮੁਕਤਕ ਕਾਵਿ-ਰੂਪ ਸਭ ਤੋਂ ਉਪਯੁਕਤ ਸੀ। ਦੋਹਾਂ, ਕਬਿੱਤ, ਸਵੱਈਏ ਆਦਿ ਛੰਦ ਮੁਕਤਕ ਰਚਨਾ ਲਈ ਉਪਯੋਗੀ ਸਨ, ਇਸ ਲਈ ਬਹੁਤੇ ਕਵੀਆਂ ਨੇ ਇਹਨਾਂ ਛੰਦਾਂ ਵਿੱਚ ਹੀ ਕਾਵਿ-ਰਚਨਾ ਕੀਤੀ।

     ਸ਼ਿੰਗਾਰ ਵਰਣਨ ਤੋਂ ਇਲਾਵਾ ਰੀਤੀ-ਕਾਵਿ ਅਧੀਨ ਨੀਤੀ ਅਤੇ ਉਪਦੇਸ਼ ਭਰੀ ਕਵਿਤਾ ਦੀ ਰਚਨਾ ਵੀ ਵਿਆਪਕ ਪੱਧਰ ਤੇ ਹੋਈ। ਰੀਤੀ-ਕਾਵਿ ਦੀ ਪਰੰਪਰਾ ਸੰਸਕ੍ਰਿਤ ਸਾਹਿਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ। ਭਗਤੀ ਕਾਲ ਦੀ ਕਵਿਤਾ ਵਿੱਚ ਨੀਤੀ-ਉਪਦੇਸ਼ ਦਾ ਤੱਤ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਰੀਤੀ-ਕਾਲ ਵਿੱਚ ਇਹ ਪ੍ਰਵਿਰਤੀ ਉੱਭਰਵੇਂ ਰੂਪ ਵਿੱਚ ਸਾਮ੍ਹਣੇ ਆਈ। ਮਤੀਰਾਮ, ਵ੍ਰਿੰਦ, ਬਿਹਾਰੀ, ਗਿਰਿਧਰ ਕਵਿਰਾਇ ਆਦਿ ਦੁਆਰਾ ਰਚੇ ਗਏ ਨੀਤੀ ਦੇ ਦੋਹੇ/ਕੁੰਡਲੀਆਂ ਆਦਿ ਸਦੀਆਂ ਬੀਤ ਜਾਣ ਬਾਅਦ ਵੀ ਭਰਪੂਰ ਸਾਰਥਕਤਾ ਰੱਖਦੇ ਹਨ। ਨੀਤੀ-ਕਾਵਿ ਦਾ ਮਨੋਰਥ ਮਨੁੱਖੀ ਜੀਵਨ ਅਤੇ ਸਮਾਜ ਲਈ ਉਪਯੋਗੀ ਜੀਵਨ-ਮੁੱਲਾਂ ਅਤੇ ਆਦਰਸ਼ਾਂ ਉਪਰ ਰੋਸ਼ਨੀ ਪਾਉਣਾ ਸੀ।

     ਰੀਤੀ-ਕਾਵਿ ਅਧੀਨ ਭਗਤੀ-ਭਾਵ ਵਾਲੀਆਂ ਰਚਨਾਵਾਂ ਵੀ ਲਿਖੀਆਂ ਗਈਆਂ, ਭਾਵੇਂ ਇਹਨਾਂ ਵਿੱਚ ਭਗਤੀ-ਭਾਵ ਦੀ ਉਹ ਗਹਿਰਾਈ ਅਤੇ ਸ਼ਿੱਦਤ ਨਜ਼ਰ ਨਹੀਂ ਆਉਂਦੀ, ਜੋ ਭਗਤੀ ਕਾਲ ਦੀ ਰਚਨਾ ਵਿੱਚ ਮਿਲਦੀ ਹੈ। ਉਂਞ ਕਵੀਆਂ ਦੀ ਭਾਵਨਾ ਇਹ ਰਹੀ ਹੈ:

ਆਗੇ ਕੇ ਸੁਕਵੀ ਰੀਝਿ ਹੈਂ ਤੋ ਕਵਿਤਾਈ

          ਨ ਤੋ ਰਾਧਿਕਾ ਕਨਹਾਈ ਸੁਮਿਰਨ ਕੋ ਬਹਾਨੋ ਹੈ।

     (ਆਉਣ ਵਾਲੇ ਸਮੇਂ ਦੇ ਕਵੀਆਂ ਨੇ ਜੇ ਸਾਡੀ ਰਚਨਾ ਨੂੰ ਪ੍ਰਵਾਨ ਕੀਤਾ ਤਾਂ ਇਹ ਕਵਿਤਾ ਹੈ ਨਹੀਂ ਤਾਂ ਰਾਧਾ- ਕ੍ਰਿਸ਼ਨ ਦੇ ਸਿਮਰਨ ਦਾ ਬਹਾਨਾ ਤਾਂ ਹੈ ਹੀ)

     ਕੁਝ ਕਵੀਆਂ ਜਿਵੇਂ ਕਿ ਭੂਸ਼ਣ, ਸੂਦਨ, ਲਾਲ ਅਤੇ ਪਦਮਾਕਰ ਆਦਿ ਨੇ ਵੀਰ-ਰਸੀ ਰਚਨਾਵਾਂ ਵੀ ਲਿਖੀਆਂ। ਭੂਸ਼ਣ ਦੀ ਰਚਨਾ ਨੂੰ ਵੀਰ-ਰਸ ਦੀ ਉਤਕ੍ਰਿਸ਼ਟ ਰਚਨਾ ਵਜੋਂ ਲਿਆ ਜਾ ਸਕਦਾ ਹੈ। ਪੰਜਾਬ ਵਿੱਚ ਇਸੇ ਕਾਲ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਕੁਝ ਦਰਬਾਰੀ ਕਵੀਆਂ ਵੱਲੋਂ ਉੱਚ-ਕੋਟੀ ਦੀ ਵੀਰ-ਰਸੀ ਕਵਿਤਾ ਰਚੀ ਗਈ।

     ਅਲੰਕਾਰਿਤਾ ਰੀਤੀ-ਕਾਵਿ ਦੀ ਉੱਘੜਵੀਂ ਵਿਸ਼ੇਸ਼ਤਾ ਹੈ। ਭਾਵੇਂ ਬਹੁਤੇ ਕਵੀ ਰਸਵਾਦੀ ਸਨ, ਪਰੰਤੂ ਅਲੰਕਾਰ ਨਿਰੂਪਣ ਅਤੇ ਸ਼ਬਦ ਚਮਤਕਾਰ ਦਿਖਾਉਣ ਦੀ ਰੁਚੀ ਸਭ ਕਵੀਆਂ ਵਿੱਚ ਨਜ਼ਰੀਂ ਪੈਂਦੀ ਹੈ। ਕਿਤੇ-ਕਿਤੇ ਤਾਂ ਕਵਿਤਾ ਅਲੰਕਾਰਾਂ ਦੇ ਬੋਝ ਥੱਲੇ ਦਬਦੀ ਦਿਖਾਈ ਦਿੰਦੀ ਹੈ। ਬਿਹਾਰੀ ਦੀ ਕਵਿਤਾ ਅਲੰਕਾਰ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਖ਼ਾਸ ਜ਼ਿਕਰ ਮੰਗਦੀ ਹੈ। ਉਸ ਦੇ ਇੱਕ-ਇੱਕ ਦੋਹੇ ਵਿੱਚ ਕਈ-ਕਈ ਅਲੰਕਾਰਾਂ ਦਾ ਪ੍ਰਯੋਗ ਕੀਤਾ ਗਿਆ ਹੈ।

     ਪ੍ਰਕਿਰਤੀ ਵਰਣਨ ਦਾ ਸੁੰਦਰ ਸਮਾਵੇਸ਼ ਵੀ ਰੀਤੀ- ਕਾਵਿ ਵਿੱਚ ਮਿਲਦਾ ਹੈ। ਪ੍ਰਕਿਰਤੀ ਦੇ ਆਲੰਬਨ ਅਤੇ ਉਦੀਪਨ ਦੋਵੇਂ ਹੀ ਰੂਪਾਂ ਦਾ ਵਰਣਨ ਮਿਲਦਾ ਹੈ। ਕਿਤੇ- ਕਿਤੇ ਇਹ ਵਰਣਨ ਬੇਹੱਦ ਕਲਪਨਾਪੂਰਨ ਅਤੇ ਮਨੋਹਰ ਹੈ।

     ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਰੀਤੀ-ਕਾਵਿ ਵਿੱਚ ਭਾਵੇਂ ਮੁੱਖ ਜ਼ੋਰ ਸਿਧਾਂਤ-ਨਿਰੂਪਣ ਅਤੇ ਸ਼ਿੰਗਾਰ ਵਰਣਨ ਉਪਰ ਹੈ, ਪਰੰਤੂ ਫਿਰ ਵੀ ਇਹ ਕਵਿਤਾ ਕਾਵਿ- ਗੁਣਾਂ ਤੋਂ ਸੱਖਣੀ ਨਹੀਂ। ਦਾਇਰੇ ਵਿੱਚ ਬੱਝੀ ਹੋਣ ਦੇ ਬਾਵਜੂਦ ਇਹ ਤਾਜ਼ਗੀ ਭਰਪੂਰ ਹੈ। ਇਸ ਵਿੱਚ ਮਨੋਰੰਜਨ ਅਤੇ ਰਸਿਕਤਾ ਦੀਆਂ ਖ਼ੂਬੀਆਂ ਮੌਜੂਦ ਹਨ। ਰੀਤੀ- ਕਾਵਿ ਆਪਣੇ ਸ਼ਿਲਪ ਅਤੇ ਅਲੰਕਾਰ-ਪ੍ਰਧਾਨਤਾ ਕਾਰਨ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।


ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.