ਰੁਮਾਂਸਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੁਮਾਂਸਵਾਦ : ਅਠਾਰਵੀਂ ਸਦੀ ਦੇ ਦੂਜੇ ਅੱਧ ਵਿੱਚ ਅੰਗਰੇਜ਼ੀ ਸਾਹਿਤ ਦੀ ਨਵੀਂ ਲਹਿਰ ਨੂੰ ਰੁਮਾਂਸਵਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਅੰਤਰਗਤ ਸਾਹਿਤ-ਰਚਨਾ ਵਿੱਚ ਅਨੇਕਾਂ ਪਰਿਵਰਤਨ ਵਾਪਰੇ। ਇਹ ਲਹਿਰ ਉਸ ਸਮੇਂ ਦੇ ਯੂਰਪ ਦੀਆਂ ਰਾਜਨੀਤਿਕ ਪਰਿਸਥਿਤੀਆਂ ਅਤੇ ਖ਼ਾਸ ਕਰ ਕੇ ਫ਼੍ਰਾਂਸ ਦੀ ਕ੍ਰਾਂਤੀ (1789) ਤੋਂ ਬਹੁਤ ਪ੍ਰਭਾਵਿਤ ਸੀ। ਭਾਵੇਂ ਰੁਮਾਂਸਵਾਦ ਦੇ ਸ਼ੁਰੂ ਹੋਣ ਦੀ ਤਾਰੀਖ਼ ਨਿਸ਼ਚਿਤ ਕਰਨਾ ਸੰਭਵ ਨਹੀਂ ਫਿਰ ਵੀ ਇੰਗਲੈਂਡ ਵਿੱਚ ਇਸ ਦਾ ਪ੍ਰਭਾਵ ਅਠਾਰਵੀਂ ਸਦੀ ਦੀ ਅੰਤਲੀ ਚੌਥਾਈ ਤੋਂ ਉਨ੍ਹੀਵੀਂ ਸਦੀ ਦੇ ਅੱਧ ਤੱਕ ਮੰਨਿਆ ਗਿਆ ਹੈ। ਸਾਹਿਤਿਕ ਲਹਿਰ ਦੇ ਤੌਰ ਤੇ ਇਸ ਨੂੰ ਸੰਵੇਦਨਸ਼ੀਲਤਾ, ਉੱਚ-ਕੋਟੀ ਦੀ ਕਲਪਨਾ ਸ਼ਕਤੀ ਅਤੇ ਸਿਰਜਨਾਤਮਿਕ ਅਜ਼ਾਦੀ ਲਈ ਮੁਹਿੰਮ ਵੀ ਕਿਹਾ ਜਾ ਸਕਦਾ ਹੈ, ਜੋ ਸੋਲ੍ਹਵੀਂ ਸਦੀ ਦੇ ਐਲਿਜ਼ਾਬੈੱਥ ਕਾਲ ਦੀਆਂ ਰੁਮਾਂਸਵਾਦੀ ਪ੍ਰਵਿਰਤੀਆਂ ਤੋਂ ਪ੍ਰਭਾਵਿਤ ਸੀ। ਇਸ ਨੂੰ ਕਈ ਵਾਰ ਐਲਿਜ਼ਾਬੈੱਥ ਕਾਲ ਦੇ ਰੁਮਾਂਸਵਾਦ ਦਾ ਪੁਨਰ ਉੱਥਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਹਿਤ ਦੀਆਂ ਉਹ ਸਾਰੀਆਂ ਵਿਸ਼ੇਸ਼ਤਾਵਾਂ ਜੋ ਸੋਲ੍ਹਵੀਂ ਸਦੀ ਦੇ ਸਾਹਿਤ ਵਿੱਚ, ਖ਼ਾਸ ਕਰ ਕੇ ਮਾਰਲੋਅ ਅਤੇ ਸ਼ੇਕਸਪੀਅਰ ਦੇ ਨਾਟਕਾਂ, ਸਰ ਫ੍ਰਾਂਸਿਸ ਬੇਕਨ ਦੇ ਲੇਖਾਂ ਅਤੇ ਜਾਨ ਮਿਲਟਨ ਦੀ ਕਵਿਤਾ ਵਿੱਚ ਸਨ, ਉਹਨਾਂ ਨੂੰ ਮੁੜ ਸਾਹਿਤ ਵਿੱਚ ਲਿਆਂਦਾ ਗਿਆ। ਜਿੱਥੇ ਇਸ ਪਾਸੇ ਰੁਮਾਂਸਵਾਦੀ ਲੇਖਕਾਂ ਨੇ ਬੇਰੋਕ ਸੋਚ, ਜੋਸ਼ ਅਤੇ ਬੌਧਿਕ ਸ਼ਕਤੀ ਉੱਤੇ ਜ਼ੋਰ ਦਿੱਤਾ, ਉੱਥੇ ਹੀ ਉਹਨਾਂ ਨੇ ਸੋਲ੍ਹਵੀਂ ਸਦੀ ਦੀਆਂ ਕਾਵਿ-ਸ਼ੈਲੀਆਂ, ਖ਼ਾਸ ਕਰ ਕੇ ਸਾਨਟ, ਲੀਰਿਕ, ੳਡ, ਐਲੇਜੀ, ਬੈਲੇਡ, ਪੋਸਟੋਰਲ, ਸਪੈਨਸੇਰੀਅਨ ਸੰਟਾਜ਼ਾ ਅਤੇ ਬਲੈਂਕ ਵਰਸ ਨੂੰ ਮੁੜ ਜੀਵਿਤ ਕੀਤਾ। ਉਹਨਾਂ ਸਭ ਵਿਸ਼ੇਸ਼ਤਾਵਾਂ ਦੀ ਐਲਿਜ਼ਾਬੈੱਥ ਕਾਲ ਤੋਂ ਬਾਅਦ ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿੱਚ ‘ਕਲਾਸੀਕਲ’ ਜਾਂ ‘ਅਗਸਤਕ’ ਕਾਲ ਦੌਰਾਨ ਸਖ਼ਤ ਆਲੋਚਨਾ ਕੀਤੀ ਗਈ ਕਿਉਂਕਿ ਇਸ ਕਾਲ ਵਿੱਚ ਕਲਪਨਾ ਮਈ ਭਾਵੁਕਤਾ ਦੀ ਥਾਂ ਤੇ ਆਲੋਚ- ਨਾਤਮਿਕ ਰੁਝਾਨ ਉੱਭਰ ਰਹੇ ਸਨ। ਇਸ ਕਾਲ ਦੇ ਲੇਖਕਾਂ ਨੇ ਭਾਵੁਕਤਾ ਦੇ ਬੇਲੋੜ ਪ੍ਰਦਰਸ਼ਨ ਤੋਂ ਸੰਕੋਚ ਕਰਦਿਆਂ ਇੱਕ ਟਿਕਾਊ, ਉਚਿਤ ਅਤੇ ਤਰਕਸੰਗਤ ਸਾਹਿਤ ਤੇ ਜ਼ੋਰ ਦਿੱਤਾ। ਅਠਾਰਵੀਂ ਸਦੀ ਦਾ ਰੁਮਾਂਸਵਾਦ ਇਸ ਕਲਾਸੀਕਲਵਾਦ ਦੇ ਵਿਰੁੱਧ ਇੱਕ ਪ੍ਰਤਿਕਿਰਿਆ ਵਜੋਂ ਉੱਭਰ ਕੇ ਆਇਆ ਅਤੇ ਇਸ ਨੇ ਕਲਾਸੀਕਲ ਕਾਲ ਵਿੱਚ ਕਵਿਤਾ ਦੇ ਵਿਸ਼ਾ-ਵਸਤੂ ਅਤੇ ਸ਼ੈਲੀ ਵਿੱਚ ਆਏ ਬਣਾਵਟੀਪਨ ਦੀ ਨਿਖੇਧੀ ਕਰਦਿਆਂ ਭਾਵਨਾਤਮਿਕ ਜੋਸ਼, ਕੁਦਰਤ ਅਤੇ ਮਨੁੱਖ ਲਈ ਪਿਆਰ, ਅਤੇ ਸਿਰਜਨਾਤਮਿਕ ਅਜ਼ਾਦੀ ਨੂੰ ਤਰਜੀਹ ਦਿੱਤੀ। ਫ਼੍ਰਾਂਸ ਦੀ ਕ੍ਰਾਂਤੀ ਨੇ ਦੁਨੀਆ ਭਰ ਦੀਆਂ ਰਾਜਤੰਤਰ ਸਰਕਾਰਾਂ ਨੂੰ ਹਿਲਾ ਦਿੱਤਾ ਅਤੇ ਬਹੁਤ ਸਾਰੇ ਦੇਸਾਂ ਵਿੱਚ ਪਰਜਾਤੰਤਰ ਦੀ ਸਥਾਪਨਾ ਲਈ ਰਾਹ ਬਣਾਇਆ। ਪ੍ਰਸਿੱਧ ਦਾਰਸ਼ਨਿਕ ਰੂਸੋ ਦੇ ਸੰਦੇਸ਼ ‘ਕੁਦਰਤ ਵੱਲ ਵਾਪਸੀ’ ਅਤੇ ‘ਅਜ਼ਾਦੀ, ਸਮਾਨਤਾ ਅਤੇ ਭਾਈਚਾਰੇ’ ਦੇ ਸਿਧਾਂਤਾਂ ਨੇ ਲੋਕਾਂ ਨੂੰ ਉਸ ਵੇਲੇ ਦੀ ਅਤਿਆਚਾਰੀ ਵਿਵਸਥਾ ਤੋਂ ਛੁਟਕਾਰਾ ਪਾਉਣ ਲਈ ਨਵੇਂ ਜੋਸ਼ ਨਾਲ ਭਰ ਦਿੱਤਾ। ਰੁਮਾਂਸਵਾਦੀ ਸਾਹਿਤ ਵਿੱਚ ਅਜ਼ਾਦੀ ਲਈ ਇਹ ਜੋਸ਼ ਅਤੇ ਆਮ ਆਦਮੀ ਦੀ ਜ਼ਿੰਦਗੀ ਦੀਆਂ ਸਥਿਤੀਆਂ ਕਵਿਤਾ ਦੇ ਵਿਸ਼ਾ-ਵਸਤੂ ਬਣੇ।

     ਰੁਮਾਂਸਕਾਲ ਸਾਹਿਤ ਸਿਰਜਣਾ ਦੇ ਪੱਖੋਂ ਬਹੁਤ ਸਰਗਰਮ ਕਾਲ ਰਿਹਾ। ਇਸ ਸਮੇਂ ਦੌਰਾਨ ਬਹੁਤ ਸਾਰੇ ਕਵੀ, ਨਾਵਲਕਾਰਾਂ ਅਤੇ ਨਿਬੰਧਕਾਰਾਂ ਨੇ ਵੱਡੀ ਗਿਣਤੀ ਵਿੱਚ ਰਚਨਾਵਾਂ ਲਿਖੀਆਂ। ਪਰ ਇਹ ਕਾਲ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਕਾਵਿ-ਰਚਨਾ ਦੇ ਕਾਲ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਦੇ ਪ੍ਰਸਿੱਧ ਕਵੀਆਂ ਵਿੱਚ ਵਿਲੀਅਮ ਵਡਰਜ਼ਵਰਥ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ। ਵਰਡਜ਼ਵਰਥ ਦੀਆਂ ਮਸ਼ਹੂਰ ਕਵਿਤਾਵਾਂ ਵਿੱਚ ‘ਸ਼ੀ ਡਵੈਲਟ ਅਮੰਗ ਦਾ ਅਨਟਰੋਡਨ ਵੇਜ਼`, ‘ਦਾ ਸੌਲੀਟਰ ਰੀਪਰ`, ‘ਆਈ ਵੰਡਰਡ ਲੋਨਲੀ ਐਜ਼ ਏ ਕਲਾਊਡ`, ‘ਓਡ ਆਨ ਇੰਟੀਮੇਸ਼ਨਜ਼ ਆਫ਼ ਮੌਰੈਲਿਟੀ`, ‘ਲਾਈਨਜ਼ ਰਿਟਨ ਏ ਫਿਊ ਮਾਈਲਜ਼ ਅਬਵ ਟਿੰਟਰਨ ਐਬੇ`, ‘ਦਾ ਰੈਕਲਿਊਜ਼` ਅਤੇ ‘ਦਾ ਐਕਸਕਰਸ਼ਨ` ਸ਼ਾਮਲ ਹਨ। ਐਸ.ਟੀ. ਕੋਲਰਿਜ ਦੀਆਂ ਮਸ਼ਹੂਰ ਕਵਿਤਾਵਾਂ ਵਿੱਚ ‘ਰਿਲੀਜਿਅਸ ਮਿਉਜ਼ਿਗਜ਼`, ‘ਦਾ ਡੈਸਟਿਨੀ ਆਫ਼ ਨੇਸ਼ਨਜ਼`, ‘ਰਾਈਮ ਆਫ਼ ਏਨਸ਼ੀਏਨਟ ਮਾਰੀਨਰ`, ‘ਕੁਬਲਾ ਖਾਨ`, ਅਤੇ ‘ਡਿਜੇਕਸ਼ਨ` ਸ਼ਾਮਲ ਹਨ। ਪੀ.ਬੀ. ਸ਼ੈਲੀ ਆਪਣੀਆਂ ਕਵਿਤਾਵਾਂ ‘ਕੁਈਨ ਮੈਬ`, ‘ਐਲਾਸਟਰ`, ‘ਪ੍ਰੋਮੀਥੀਅਸ ਅਨਬਾਉਂਡ`, ‘ਐਡੋਨਿਸ` ਤੋਂ ਇਲਾਵਾ ‘ਦਾ ਕਲਾਊਡ ਟੂ ਦਾ ਸਕਾਈਲਾਰਕ` ਅਤੇ ‘ਓਡ ਟੂ ਦਾ ਵੈਸਟ ਵਿੰਡ` ਵਰਗੀਆਂ ਬਹੁਤ ਸਾਰੀਆਂ ਛੋਟੀਆਂ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਸਰ ਵਾਲਟਰ ਸਕਾਟ ਦੀਆਂ ਕਵਿਤਾਵਾਂ ‘ਦਾ ਲੋਅ ਆਫ਼ ਦਾ ਲਾਸਟ ਮਿਨਸਟਰਲ`, ‘ਮਰਮੀਅਨ`, ‘ਦਾ ਲੇਡੀ ਆਫ਼ ਦਾ ਲੇਕ`, ਬਹੁਤ ਪ੍ਰਸਿੱਧ ਹੋਈਆਂ ਜਦ ਕਿ ਲਾਰਡ ਬਾਇਰਨ ‘ਆਵਰਜ਼ ਆਫ਼ ਆਈਡਲਨੈਸ`, ‘ਚਾਇਲਡ ਹੈਰਲਡਜ਼ ਪਿਲਗ੍ਰੀਮੇਜ`, ‘ਮੈਨਫਰੈਡ`, ‘ਕੇਨ` ਅਤੇ ‘ਡੌਨ-ਜੁਆਨ` ਲਈ ਜਾਣਿਆ ਜਾਂਦਾ ਹੈ। ਰੁਮਾਂਸਵਾਦ ਦੇ ਇੱਕ ਹੋਰ ਬਹੁਤ ਹੀ ਪ੍ਰਸਿੱਧ ਕਵੀ ਜਾਨ ਕੀਟਸ ਦੀਆਂ ਕਵਿਤਾਵਾਂ ਵਿੱਚ ‘ਲਾਮੀਆਂ`, ‘ਇਸਾਬੇਲਾ`, ‘ਦਾ ਈਵ ਆਫ਼ ਸੇਂਟ ਐਗਨਿਸ` ਅਤੇ ‘ਹਾਈਪੀਰੀਅਨ` ਬਹੁਤ ਪ੍ਰਸਿੱਧ ਹੋਈਆਂ ਅਤੇ ਇਸ ਤੋਂ ਇਲਾਵਾ ਇਸ ਦੀਆਂ ਓਡਜ਼ ਉੱਚ-ਕੋਟੀ ਦੀਆਂ ਕਵਿਤਾਵਾਂ ਮੰਨੀਆਂ ਗਈਆਂ ਹਨ।

     ਰੁਮਾਂਸਕਾਲ ਦੌਰਾਨ ਅਨੇਕਾਂ ਮੈਗਜ਼ੀਨ ਅਤੇ ਰੀਵਿਊ ਛਪਣੇ ਅਰੰਭ ਹੋ ਗਏ ਸਨ ਜਿਨ੍ਹਾਂ ਨਾਲ ਨਿਬੰਧਕਾਰਾਂ ਨੂੰ ਬਹੁਤ ਉਤਸ਼ਾਹ ਮਿਲਿਆ। ਇਸ ਸਮੇਂ ਦੇ ਮਸ਼ਹੂਰ ਨਿਬੰਧਕਾਰਾਂ ਵਿੱਚ ਚਾਰਲਸ ਲੈਂਬ, ਵਿਲੀਅਮ ਹੈਜ਼ਲਿਟ, ਟੋਮਸ ਡੀ. ਕੁਈਨਸੇ ਆਦਿ ਸ਼ਾਮਲ ਸਨ। ਲੈਂਬ ਦੀ ਸਭ ਤੋਂ ਪ੍ਰਸਿੱਧ ਰਚਨਾ ਐਮੇਜ਼ ਆਫ ਇਲੀਆ ਹੈ। ਹੈਜ਼ਲਿਟ ਦੇ ਨਿਬੰਧ ‘ਦਾ ਰਾਊਂਡ ਟੇਬਲ`, ‘ਟੇਬਲ ਟਾਕ ਔਰ ਉਰਿਜਨਲ ਐਸੇਜ਼ ਆਨ ਮੈਨ ਐਂਡ ਮੈਨਰਜ਼` ਅਤੇ ‘ਕਨਟੰਪਰੈਰੀ ਪੋਟਰੇਟਸ` ਬਹੁਤ ਮਸ਼ਹੂਰ ਹੋਏ ਡੀ. ਕੁਇਨਸੇ ਆਪਣੇ ਲੇਖਾਂ ‘ਲਿਟਰਰੀ ਰੈਮਿਨੀ ਸੈਂਸਿਜ`, ‘ਦਾ ਕਨਫੈਸ਼ਨਜ਼ ਆਫ਼ ਐਨ ੳਪੀਅਸ ਈਟਰ` ਅਤੇ ‘ਆਟੋਬਾਇਗਰਾਫਿਕਲ ਸਕੈਚਜ਼` ਲਈ ਜਾਣਿਆ ਜਾਂਦਾ ਹੈ।

     ਇਸ ਤੋਂ ਇਲਾਵਾ ਇਸ ਸਮੇਂ ਦੇ ਨਾਵਲਕਾਰਾਂ ਵਿੱਚ ਸਰ ਵਾਲਟਰ ਸਕਾਟ ਅਤੇ ਜੇਨ ਆਸਟਨ ਦੇ ਨਾਂ ਮਸ਼ਹੂਰ ਹਨ। ਸਰ ਵਾਲਟਰ ਸਕਾਟ ਆਪਣੇ ਵੇਵਰਲੇ ਨਾਵਲਜ਼ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਸਤਾਈ ਨਾਵਲ ਅਤੇ ਪੰਜ ਕਹਾਣੀਆਂ ਸ਼ਾਮਲ ਹਨ। ਸਕਾਟ ਆਪਣੇ ਇਤਿਹਾਸਿਕ ਨਾਵਲਾਂ ਲਈ ਪ੍ਰਸਿੱਧ ਹੈ। ਜੇਨ ਆਸਟਨ ਦੇ ਜਾਣੇ ਪਛਾਣੇ ਨਾਵਲਾਂ ਵਿੱਚ ਪ੍ਰਾਈਡ ਐਂਡ ਪ੍ਰੈਜੁਡਿਸ, ਸੈਂਸ ਐਂਡ ਸੈਂਸੀਬਿਲੀਟੀ, ਐਮਾ ਆਦਿ ਹਨ। ਜੇਨ ਆਸਟਨ ਨੇ ਆਮ ਕਰ ਕੇ ਘਰੇਲੂ ਨਾਵਲ ਲਿਖੇ ਜੋ ਇਸਤਰੀ ਪ੍ਰਧਾਨ ਹਨ।

     ਭਾਵੇਂ ਇਸ ਸਮੇਂ ਵਿੱਚ ਨਿਬੰਧ ਅਤੇ ਨਾਵਲ ਵੀ ਬਹੁਤ ਗਿਣਤੀ ਵਿੱਚ ਲਿਖੇ ਗਏ, ਫਿਰ ਵੀ ਰੁਮਾਂਸਵਾਦ ਕਾਵਿ-ਰਚਨਾਵਾਂ ਵਿੱਚ ਵਧੇਰੇ ਸਨਮੁਖ ਆਇਆ। ਇਸ ਸਮੇਂ ਦੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਜੋ ਉਹਨਾਂ ਨੂੰ ਆਪਸ ਵਿੱਚ ਇੱਕ-ਜੁੱਟ ਕਰਦੀਆਂ ਹਨ ਅਤੇ ਨਾਲ ਹੀ ਹਰ ਲੇਖਕ ਦੀਆਂ ਕੁਝ ਨਿਜੀ ਵਿਸ਼ੇਸ਼ਤਾਵਾਂ ਵੀ ਨਜ਼ਰ ਆਉਂਦੀਆਂ ਹਨ। ਰੁਮਾਂਸਵਾਦ ਦੇ ਸਾਰੇ ਲੇਖਕ ਕੁਦਰਤ ਦੇ ਪ੍ਰੇਮੀ ਕਹੇ ਜਾਂਦੇ ਹਨ ਜਿਨ੍ਹਾਂ ਨੇ ਕੁਦਰਤ ਨੂੰ ਨੇੜਿਉਂ ਵੇਖਿਆ, ਸਮਝਿਆ ਅਤੇ ਆਪਣੀਆਂ ਰਚਨਾਵਾਂ ਵਿੱਚ ਦਰਸਾਇਆ ਹੈ। ਪਰ ਫਿਰ ਵੀ ਹਰ ਇੱਕ ਲਈ ਕੁਦਰਤ ਦੀ ਪਰਿਭਾਸ਼ਾ ਵੱਖਰੀ ਹੈ ਵਰਡਜ਼ਵਰਥ ਇਸ ਨੂੰ ਇੱਕ ਸੰਗੀ, ਪਥ ਪ੍ਰਦਰਸ਼ਕ ਅਤੇ ਅਧਿਆਪਕ ਕਹਿੰਦਾ ਹੈ ਅਤੇ ਨਾਲ ਹੀ ਇਸ ਵਿੱਚ ਰੱਬੀ ਰੂਹ ਦੇ ਵਾਸ ਦੀ ਗੱਲ ਵੀ ਕਰਦਾ ਹੈ। ਕੋਲਰਿਜ ਨੂੰ ਕੁਦਰਤ ਵਿੱਚ ਪਰਾਲੌਕਿਕ ਸ਼ਕਤੀਆਂ ਨਜ਼ਰ ਆਉਂਦੀਆਂ ਹਨ, ਕੀਟਸ ਨੂੰ ਕੁਦਰਤ ’ਚੋਂ ਸੰਵੇਦਨਸ਼ੀਲ ਜੋਸ਼ ਮਿਲਦਾ ਹੈ ਜਦ ਕਿ ਸ਼ੈਲੀ ਨੂੰ ਕੁਦਰਤ ਨਾਲ ਅਧਿਆਤਮਿਕ ਸੰਬੰਧ ਹੋਣ ਦਾ ਅਹਿਸਾਸ ਹੁੰਦਾ ਹੈ। ਰੁਮਾਂਸਵਾਦ ਦੇ ਸਾਰੇ ਲੇਖਕਾਂ ਦੀ ਦਿਲਚਸਪੀ ਰਾਜੇ- ਮਹਾਰਾਜੇ, ਦਰਬਾਰੀ ਅਤੇ ਉੱਚ ਵਰਗ ਦੇ ਲੋਕਾਂ ਤੋਂ ਹਟ ਕੇ ਆਮ ਆਦਮੀ ਵੱਲ ਕੇਂਦਰਿਤ ਹੋਈ। ਉਹਨਾਂ ਦੀਆਂ ਰਚਨਾਵਾਂ ਵਿੱਚ ਗ਼ਰੀਬ ਅਤੇ ਪੀੜਿਤ ਲੋਕਾਂ ਲਈ ਪਿਆਰ ਝਲਕਦਾ ਹੈ, ਇਸੇ ਲਈ ਇਹਨਾਂ ਲੇਖਕਾਂ ਨੂੰ ਮਾਨਵਵਾਦੀ ਸਾਹਿਤਕਾਰ ਵੀ ਕਿਹਾ ਜਾਂਦਾ ਹੈ। ਇਹਨਾਂ ਨੇ ਸ਼ਹਿਰ ਦੀ ਬਣਾਵਟੀ ਜ਼ਿੰਦਗੀ ਨੂੰ ਨਕਾਰਦਿਆਂ ਪਿੰਡ ਦੇ ਸਿੱਧੇ ਸਾਦੇ ਅਤੇ ਭੋਲੇ-ਭਾਲੇ ਲੋਕਾਂ ਦੀ ਜਿੰਦਗੀ ਨੂੰ ਦਰਸਾਇਆ ਹੈ। ਰੁਮਾਂਸਵਾਦੀ ਕਵੀਆਂ ਲਈ ਬੱਚਿਆਂ ਦਾ ਭੋਲਾਪਨ, ਕੁਦਰਤ ਦੀਆਂ ਨਿਰਛਲ ਅਤੇ ਨਿਰਮਲ ਝਾਤੀਆਂ ਜਿਵੇਂ ਕਿ ਢਲਦਾ ਸੂਰਜ, ਹਵਾ, ਬੱਦਲ, ਪੰਛੀ ਆਦਿ ਵਿਸ਼ੇ-ਵਸਤੂ ਬਣੇ। ਇਹ ਕਵੀ ਕਲਾਸੀਕਲ ਕਾਲ ਦੇ ਕਵੀਆਂ ਵਾਂਗ ਕਿਸੇ ਪੂਰਵ-ਸਥਾਪਿਤ ਨਿਯਮਾਂ ਦੇ ਅਧੀਨ ਨਹੀਂ ਸਨ ਸਗੋਂ ਉਹਨਾਂ ਦੇ ਆਪਣੇ ਵਿਸ਼ਾ-ਵਸਤੂ ਅਤੇ ਸ਼ੈਲੀ ਨੂੰ ਪੂਰੀ ਅਜ਼ਾਦੀ ਨਾਲ ਸਥਾਪਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਲੇਖਕਾਂ ਨੇ ਜਿੰਦਗੀ ਦੀਆਂ ਬਾਹਰਲੀਆਂ ਪਰਿਸਥਿਤੀਆਂ ਨਾਲੋਂ ਅੰਤਰਮੁਖੀ ਅਨੁਭਵਾਂ ਨੂੰ ਤਰਜੀਹ ਦਿੱਤੀ ਹੈ। ਭਾਵੇਂ ਰੁਮਾਂਸਵਾਦੀ ਲੇਖਕ ਬਹੁਤ ਕਲਪਨਾ-ਸ਼ੀਲ ਸਨ ਪਰ ਉਹਨਾਂ ਦੀਆਂ ਰਚਨਾਵਾਂ ਯਥਾਰਥ ਤੋਂ ਦੂਰ ਨਹੀਂ ਹਨ ਅਤੇ ਨਾ ਹੀ ਉਹਨਾਂ ਨੇ ਕੁਦਰਤ ਦੀਆਂ ਸਚਾਈਆਂ ਨੂੰ ਨਕਾਰਿਆ ਹੈ। ਸ਼ੈਲੀ ਆਪਣੀ ਕਵਿਤਾ ‘ਟੂ ਦਾ ਵੈਸਟ ਵਿੰਡ` ਵਿੱਚ ਪੱਛਮ ਦੀ ਹਵਾ ਦੇ ਭਾਵੇਂ ਕਿੰਨੇ ਹੀ ਰੂਪ ਦਰਸਾਉਂਦਾ ਹੈ ਪਰ ਉਹ ਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਉਚਿਤ ਹਨ।

          ਇਸ ਸਮੇਂ ਦੇ ਕੁਝ ਕਵੀਆਂ ਨੇ ਕਾਵਿ-ਸ਼ੈਲੀ ਬਾਰੇ ਨਵੀਆਂ ਪਰਿਭਾਸ਼ਾਵਾਂ ਅਤੇ ਸਿਧਾਂਤ ਵੀ ਦਿੱਤੇ ਹਨ। ਵਰਡਜ਼ਵਰਥ ਅਤੇ ਕੋਲਰਿਜ਼ ਦੇ 1798 ਵਿੱਚ ਛਪੇ, ਸਾਂਝੇ ਕਾਵਿ-ਸੰਗ੍ਰਹਿ ਦੇ ਲਿਰੀਕਲ ਬੈਲੇਡਜ਼ ਦਾ ਮੁੱਖ-ਬੰਧ ਪ੍ਰੀ ਫੇਸ ਟੁ ਦਾ ਲਿਰੀਕਲ ਬੈਲੇਡ ਅੰਗਰੇਜ਼ੀ ਕਾਵਿ-ਸ਼ੈਲੀ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਵਿੱਚ ਵਰਡਜ਼- ਵਰਥ ਨੇ ਅੰਗਰੇਜ਼ੀ ਕਵਿਤਾ ਦੀ ਪਰਿਭਾਸ਼ਾ ਦਿੰਦਿਆਂ ਇਸ ਨੂੰ ਤੀਬਰ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਕਿਹਾ ਹੈ। ਇਸੇ ਤਰ੍ਹਾਂ ਜਾਨ ਕੀਟਸ ਨੇ ਨੇਗੇਟਿਵ ਕੈਪੇਬਿਲੀਟੀ ਦਾ ਸਿਧਾਂਤ ਦਿੱਤਾ ਜਿਸ ਦੇ ਅੰਤਰਗਤ ਉਸ ਨੇ ਰਚਨਾ ਅਤੇ ਰਚਨਾਕਾਰ ਦੀ ਪਰਸਪਰ ਅਭੇਦਤਾ ਦੀ ਗੱਲ ਕਹੀ ਹੈ। ਰੁਮਾਂਸਵਾਦ ਅੰਗਰੇਜ਼ੀ ਸਾਹਿਤ ਵਿੱਚ ਆਈ ਇੱਕ ਪ੍ਰਭਾਵਸ਼ਾਲੀ ਲਹਿਰ ਸੀ ਜਿਸ ਨੇ ਕਲਾਸੀਕਲ ਕਾਲ ਦੇ ਬਣਾਵਟੀ, ਸੀਮਿਤ ਅਤੇ ਆਲੋਚਨਾਤਮਿਕ ਪ੍ਰਵਿਰਤੀ ਵਾਲੇ ਸਾਹਿਤ ਨੂੰ ਭਾਵਨਾਵਾਂ ਦਾ ਜੋਸ਼, ਕੁਦਰਤ ਦੀ ਖ਼ੂਬਸੂਰਤੀ, ਮਾਨਵਵਾਦੀ ਰਵੱਈਆ ਅਤੇ ਭਾਸ਼ਾ ਦੀ ਉੱਤਮਤਾ ਪ੍ਰਦਾਨ ਕੀਤੀ।


ਲੇਖਕ : ਨਰਿੰਦਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰੁਮਾਂਸਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੁਮਾਂਸਵਾਦ [ਨਾਂਪੁ] ਕਲਾ ਦੇ ਖੇਤਰ ਵਿੱਚ ਰੁਮਾਂਸ ਨੂੰ ਪ੍ਰਮੁਖਤਾ ਦੇਣ ਵਾਲ਼ਾ ਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰੁਮਾਂਸਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੋਮਾਂਸਵਾਦ/ਰੁਮਾਂਸਵਾਦ : ਪਹਿਲੇ ਪਹਿਲ ਲਾਤੀਨੀ ਬੋਲੀ ਵਿਚੋਂ ਨਿਕਲੀਆਂ ਉਪ–ਬੋਲੀਆਂ ਨੂੰ ਰੋਮਾਂਸ ਆਖਦੇ ਸਨ ਤੇ ਮਗਰੋਂ ਇਨ੍ਹਾਂ ਉਪ–ਬੋਲੀਆਂ ਵਿਚ ਰਚੇ ਸਾਹਿੱਤ ਨੂੰ ਅਤੇ ਕਬੀਲਿਆਂ ਦੇ ਗੀਤਾਂ ਨੂੰ ਰੋਮਾਂਸ ਆਖਣ ਲੱਗ ਪਏ। ਇਸ ਸਾਹਿੱਤ ਵਿਚ ਇਸ਼ਕ, ਯੁੱਧ, ਸੂਰਬੀਰਤਾ ਤੇ ਜਾਦੂ ਟੂਣੇ ਦੀਆਂ ਕਹਾਣੀਆਂ ਨੂੰ ਕਾਵਿ–ਬੱਧ ਕੀਤਾ ਗਿਆ। ਮੱਧਕਾਲ ਵਿਚ ਫ਼੍ਰਾਂਸ, ਸਪੇਨ, ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਦੇਖਾ ਦੇਖੀ ਅਜਿਹਾ ਸਾਹਿੱਤ ਰਚਿਆ ਜਾਣ ਲੱਗਾ। ਹੌਲੀ ਹੌਲੀ ਰੋਮਾਂਸ ਦਾ ਅੰਸ਼ ਸਾਰੀ ਦੁਨੀਆ ਦੇ ਸਾਹਿੱਤ ਵਿਚ ਫੈਲ ਗਿਆ।

          ਰੋਮਾਂਸਵਾਦ ਜਾਂ ਰੁਮਾਂਸਵਾਦ ਇੰਜ ਇਕ ਵਿਆਪਕ ਸਾਹਿਤਿਕ ਲਹਿਰ ਦੇ ਰੂਪ ਵਿਚ ਉਠਿਆ। ਮਨੁੱਖੀ ਸੁਭਾਅ ਨੂੰ ਜ਼ਿੰਦਗੀ ਦੀ ਇਕਸਾਰਤਾ ਉਕਤਾ ਦਿੰਦੀ ਹੈ। ਉਹ ਇਸ ਇਕਸਾਰਤਾ ਦੀ ਥਾਂ ਬਹੁਸਾਰਤਾ ਜਾਂ ਅਨੇਕਤਾ ਲੋੜਦਾ ਹੈ। ਅਨੇਕਤਾ, ਵਿਚਿਤ੍ਰਤਾ, ਆਦਿ ਨੂੰ ਮਾਨਵ ਲਈ ਕਈ ਵਾਰ ਉਹ ਸਾਰਥਕ ਸੰਸਾਰ ਤੋਂ ਪਲਾਇਨ ਕਰਕੇ ਕਾਲਪਨਿਕ ਸੰਸਾਰ ਵਿਚ ਜਾ ਵੱਸਦਾ ਹੈ। ਉਸ ਲਈ ਕਲਪਨਾ ਦਾ ਸੰਸਾਰ ਵਧੇਰੇ ਸੁੰਦਰ ਤੇ ਖਿੱਚਵਾਂ ਹੁੰਦਾ ਹੈ। ਇਸ ਸੁੰਦਰਤਾ ਤੇ ਖਿੱਚ ਸਕਦਾ ਇਹੀ ਸੰਸਾਰ ਇਕ ਨਮੂਨੇ ਦਾ ਜਾਂ ਆਦਰਸ਼ਕ ਹੋ ਜਾਂਦਾ ਹੈ। ਸਾਹਿੱਤਕਾਰ ਆਜ਼ਾਦ ਹੋ ਕੇ ਇਸ ਸੰਸਰ ਵਿਚ ਵਿਚਰਦਾ ਹੈ ਤੇ ਆਪਣੇ ਵਿਅਕਤੀਗਤ ਤੇ ਕਾਲਪਨਿਕ ਸੰਸਾਰ ਦੀ ਅਭਿਵਿਅਕਤੀ ਵਿਚ ਉਹ ਕਈ ਵਾਰ ਸਾਹਿੱਤ ਦੇ ਸਥਾਪਤ ਨਿਯਮਾਂ ਦੀ ਪ੍ਰਵਾਹ ਨਹੀਂ ਕਰਦਾ।

          ਪਰੰਪਰਾਵਾਦ, ਪ੍ਰਾਚੀਨਵਾਦ ਜਾਂ ਕਲਾਸੀਕਲ ਸਾਹਿੱਤ ਇਕ ਪਾਸੇ ਸਥਾਪਤ ਨਿਯਮਾਂ ਦੇ ਦਾਬੇ ਥੱਲੇ ਸੀ ਅਤੇ ਦੂਜੇ ਪਾਸੇ ਸਦਾਚਾਰਕ ਸਿਧਾਂਤਾਂ ਦੇ ਅਧੀਨ ਹੋਇਆ ਹੋਇਆ ਸੀ ਪਰ ਰੋਮਾਂਸਵਾਦ ਨੇ ਬੁੱਧੀ ਨਾਲੋਂ ਭਾਵਾਂ ਨੂੰ ਵਧੇਰੇ ਮਹੱਤਾ ਦਿੱਤੀ। ਪਰੰਪਰਾਵਾਦ ਦੀ ਸੁੰਦਰਤਾ ਉੱਤੇ ਬੋਧਿਕਤਾ ਤੇ ਕਲਾ ਕੌਸ਼ਲਤਾ ਅਥਵਾ ਨੈਤਿਕਤਾ ’ਤੇ ਸਦਾਚਾਰ ਦਾ ਗਿਲਾਫ਼ ਚੜ੍ਹਿਆ ਸੀ ਪਰ ਰੋਮਾਂਸਵਾਦ ਨੇ ਇਨ੍ਹਾਂ ਦੀ ਥਾਂ ਅਦਭੁੱਤਤਾ ਦਾ ਗਿਲਾਫ਼ ਚੜ੍ਹਾ ਦਿੱਤਾ। ਰੋਮਾਂਸਵਾਦ ਨੇ ਪਰਾਸ਼ਰੀਰਿਕਤਾ, ਜਿੰਨ, ਪਰੀਆਂ, ਸੁਪਨੇ, ਜਾਦੂ, ਆਦਿ ਦੀ ਖੁੱਲ੍ਹੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਪ੍ਰਕ੍ਰਿਤੀ–ਪ੍ਰੇਮ, ਪ੍ਰਾਕ੍ਰਿਤਿਕ ਰਹੱਸਵਾਦ ਆਦਿ ਇਸ ਦੇ ਪ੍ਰਿਯ ਵਿਸ਼ੈ ਬਣ ਗਏ।

          ਕਈਆਂ ਨੇ ਰੋਮਾਂਸਵਾਦ ਉੱਤੇ ਦੋਸ਼ ਵੀ ਲਾਏ ਹਨ ਜਿਵੇਂ ਕਿ ਇਸ ਦਾ ਨਿਪਟ ਵਿਅਕਤੀਵਾਦੀ ਹੋਣਾ, ਭਾਵ–ਪ੍ਰਧਾਨ ਹੋਣਾ, ਅਦਭੁੱਤਤਾ–ਪੂਰਣ ਤੇ ਪਰਾਸ਼ਰੀਰਿਕਤਾ ਪ੍ਰਧਾਨ ਹੋਣਾ, ਇਤਿਆਦਿ।

          ਅੰਗ੍ਰੇਜ਼ੀ ਸਾਹਿੱਤ ਵਿਚ ਰੋਮਾਂਸਵਾਦ ਜਾਂ ਰਮਾਂਟਿਸਿਜ਼ਮ ਸ਼ਬਦ ਦੀ ਖ਼ਾਸ ਵਰਤੋਂ ਉਨ੍ਹੀਵੀਂ ਸਦੀ ਈ. ਦੇ ਅੰਗ੍ਰੇਜ਼ੀ ਕਾਵਿ ਲਈ ਕੀਤੀ ਜਾਂਦੀ ਹੈ ਜਿਸ ਵਿਚ ਵਰਡਜ਼ਵਰਥ, ਕਾਲਰੇਜ, ਸ਼ੈਲੇ, ਕੀਟਸ, ਬਾਇਰਨ, ਆਦਿ ਪ੍ਰਤਿਨਿਧ ਕਵੀ ਹਨ।

          ਰੋਮਾਂਸਵਾਦ ਦੇ ਹੇਠਾਂ ਲਿਖੇ ਪ੍ਰਮੁੱਖ ਲੱਛਣ ਗਿਣੇ ਜਾ ਸਕਦੇ ਹਨ :

          (1) ਸੁਤੰਤਰਤਾ

          (2) ਸੁੰਦਰਤਾ (ਵੇਖੋ ‘ਸੁਹਜਵਾਦ’)

          (3) ਪਰਾਸਰੀਰਿਕਤਾ ਤੇ ਅਸਚਰਜ (ਵੇਖੋ ‘ਅਲੌਕਿਕਤਾ’)

          (4) ਪ੍ਰਕ੍ਰਿਤੀ–ਚਿਤ੍ਰਣ

          ਪੰਜਾਬੀ ਦਾ ਕਿੱਸਾ–ਸਾਹਿੱਤ ਭਰਪੂਰ ਤੌਰ ਤੇ ਰੋਮਾਂਸਿਕ ਹੈ ਤੇ ਇਸ ਦਾ ਮੂਲ ਵਿਸ਼ਾ ਇਸ਼ਕ ਹੈ। ਦਮੋਦਰ ਦਾ ਕਿੱਸਾ ‘ਹੀਰ ਰਾਂਝਾ’ ਪਰੰਪਰਾ ਤੌ ਵਿਦਰੋਹੀ ਹੋ ਕੇ ਲਿਖਿਆ ਗਿਆ ਪਹਿਲਾ ਰੋਮਾਂਸਿਕ ਕਿੱਸਾ ਸੀ ਪਰ ਪੰਜਾਬੀ ਰੋਮਾਂਸਿਕ ਕਾਵਿ ਪਲਾਇਨਵਾਦੀ ਨਹੀਂ ਹੈ।

          ਪ੍ਰਗਤੀਵਾਦੀ ਸਾਹਿੱਤ ਨੇ ਤੇ ਹੁਣ ਪ੍ਰਯੋਗਸ਼ੀਲ ਲਹਿਰ ਨੇ ਰੋਮਾਂਸਵਾਦ ਨੂੰ ਭਰਪੂਰ ਸੱਟਾਂ ਮਾਰੀਆਂ ਹਨ।


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.