ਲਾਗੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲਾਗੀ : ਲਾਗੀ ਸ਼ਬਦ ਦੇ ਕੋਸ਼ਗਤ ਅਰਥ ਖ਼ੁਸ਼ੀ-ਗ਼ਮੀ ਦੇ ਕਾਰਜਾਂ ਵਿੱਚ ਮੁਸ਼ੱਕਤ ਕਰ ਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝਿਊਰ ਆਦਿ ਕੰਮੀਆਂ ਤੋਂ ਲਏ ਜਾਂਦੇ ਹਨ। ਪਰੋਹਤਾਂ (ਬ੍ਰਾਹਮਣਾਂ) ਅਤੇ ਲਾਗੀਆਂ (ਨਾਈ, ਝਿਊਰ, ਤਰਖ਼ਾਣ, ਲੁਹਾਰ, ਜੁਲਾਹੇ, ਛੀਂਬੇ ਆਦਿ) ਨੇ ਆਪਣੇ ਜਜਮਾਨਾਂ (ਲੰਮੇ ਸਮੇਂ ਤੋਂ ਸੰਪਰਕ ਵਿੱਚ ਰਹਿਣ ਵਾਲੇ ਟੱਬਰਾਂ) ਦੇ ਧਾਰਮਿਕ ਸੰਸਕਾਰਾਂ ਅਤੇ ਖ਼ੁਸ਼ੀ-ਗ਼ਮੀ ਦੇ ਕਾਰਜਾਂ ਸਮੇਂ (ਬ੍ਰਾਹਮਣ ਨੂੰ ਛੱਡ ਕੇ) ਮਿਹਨਤ ਮੁਸ਼ੱਕਤ ਵਾਲੇ ਕੰਮ ਕਰਨੇ ਹੁੰਦੇ ਹਨ, ਜਿਨ੍ਹਾਂ ਬਦਲੇ ਲਾਗੀਆਂ ਨੂੰ ਨਕਦ, ਅਨਾਜ ਜਾਂ ਕਿਸੇ ਹੋਰ ਖਾਧ-ਸਮਗਰੀ ਦੇ ਰੂਪ ਵਿੱਚ ਇਵਜ਼ਾਨਾ ਮਿਲਣਾ ਹੁੰਦਾ ਹੈ, ਪਰ ਜਜਮਾਨ ਅਤੇ ਲਾਗੀ ਦਾ ਸੰਬੰਧ, ਮਾਲਕ ਅਤੇ ਨੌਕਰ ਵਾਲਾ ਨਹੀਂ ਹੁੰਦਾ। ਭਾਵੇਂ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਲਾਗੀਆਂ ਨੂੰ ਮਿਲਣ ਵਾਲਾ ਇਵਜ਼ਾਨਾ ਹਰ ਅਵਸਰ ਅਨੁਸਾਰ ਬੰਧਾਨ ਦੇ ਰੂਪ ਵਿੱਚ ਵੀ ਪ੍ਰਚਲਿਤ ਹੈ।ਪ੍ਰਾਚੀਨ ਸਮਿਆਂ ਵਿੱਚ ਜਜਮਾਨ ਅਤੇ ਲਾਗੀ ਪ੍ਰਥਾ ਕੇਵਲ ਹਿੰਦੂ ਸਮਾਜਾਂ ਵਿੱਚ ਹੀ ਪ੍ਰਚਲਿਤ ਸੀ, ਜੋ ਸਮਾਂ ਪਾ ਕੇ ਕਿਰਸਾਣੀ ਦਾ ਵੀ ਹਿੱਸਾ ਬਣ ਗਈ। ਇਉਂ ਧਨੀ ਕਾਸ਼ਤਕਾਰ ਜਮਾਤਾਂ ਲਈ ਕੰਮ ਕਰਨ ਵਾਲੇ ਤਰਖਾਣ, ਲੁਹਾਰ, ਨਾਈ, ਝਿਊਰ, ਕੁਮ੍ਹਿਆਰ, ਛੀਂਬੇ ਆਦਿ ਲਾਗੀ ਬਣ ਗਏ। ਪਰ ਫਿਰ ਵੀ ਲਾਗੀਆਂ ਦੀਆਂ ਸ਼੍ਰੇਣੀਆਂ ਵਿੱਚ ਉਹੋ ਜਾਤਾਂ ਦੇ ਕਾਮੇ ਆਏ, ਜਿਨ੍ਹਾਂ ਦੇ ਕਿੱਤੇ ਅਤੇ ਕਾਰਜ, ਜੀਵਨ ਰਹਿਤਲ ਨਾਲ ਸੰਬੰਧਿਤ ਸਰੋਕਾਰਾਂ ਨਾਲ ਜੁੜੇ ਹੋਏ ਸਨ। ਇਸ ਲਈ ਚਮੜੇ ਦਾ ਕੰਮ ਕਰਨ ਵਾਲੇ ਅਤੇ ਹਰੀਜਨਾਂ ਨੂੰ ਛੱਡ ਕੇ ਬਾਕੀ ਕਾਮਾ ਸ਼੍ਰੇਣੀਆਂ ਕਮੀ-ਕਮੀਣਾ ਦੇ ਰੂਪ ਵਿੱਚ ਘੱਟ ਅਤੇ ਲਾਗੀ ਦੇ ਰੂਪ ਵਿੱਚ ਵਧੇਰੇ ਜਾਣੀਆਂ ਗਈਆਂ ਪਰ ਬ੍ਰਾਹਮਣ-ਲਾਗੀਆਂ ਨੂੰ ਛੱਡ ਕੇ ਦੂਜੀਆਂ ਨਿਮਨ ਸ਼੍ਰੇਣੀਆਂ ਦੇ ਕਾਮਿਆਂ ਲਈ, ਰੁਪਏ ਪੈਸੇ ਜਾਂ ਵਸਤਾਂ ਦੇ ਰੂਪ ਵਿੱਚ ਮਿਲਣ ਵਾਲਾ ਬੰਧਾਨ ਟੱਬਰ ਦੇ ਗੁਜ਼ਾਰੇ ਲਈ ਕਦੀ ਵੀ ਕਾਫ਼ੀ ਨਹੀਂ ਰਿਹਾ। ਜਿਸ ਕਾਰਨ ਘਰੇਲੂ ਲੋੜਾਂ ਦੀ ਪੂਰਤੀ ਹਿਤ ਕੰਮੀ ਕਮੀਣ ਲਾਗੀਆਂ ਨੂੰ ਆਪਣੇ ਵਿਵਸਾਇ (ਕਿੱਤੇ) ਨਾਲ ਸੰਬੰਧਿਤ ਜਜਮਾਨਾਂ ਤੋਂ ਬਾਹਰਲੇ ਟੱਬਰਾਂ ਜਾਂ ਵਿਭਿੰਨ ਥਾਂਵਾਂ ’ਤੇ ਕੰਮ ਕਰਦੇ ਵੀ ਵੇਖਿਆ ਜਾ ਸਕਦਾ ਹੈ।

     ‘ਜਜਮਾਨ’ ਅਤੇ ‘ਲਾਗੀ’ ਸ਼ਬਦਾਂ ਦੇ ਅਰਥਾਂ ਵਿੱਚ ਸਮੇਂ-ਸਮੇਂ ਕਈ ਤਬਦੀਲੀਆਂ ਆਈਆਂ ਹਨ। ਵੈਦਿਕ ਕਾਲ ਵਿੱਚ ਜਜਮਾਨ ਸ਼ਬਦ ਯੱਗ ਕਰਵਾਉਣ ਵਾਲੇ ਧਨੀ ਲਈ ਵਰਤਿਆ ਜਾਂਦਾ ਸੀ। ਮੱਧ-ਕਾਲ ਵਿੱਚ ਇਹਨਾਂ ਸ਼ਬਦਾਂ ਨੂੰ ਵਿਸਤ੍ਰਿਤ ਸ਼ਬਦਾਂ ਅਧੀਨ, ਸਮਾਜਿਕ ਅਤੇ ਸੱਭਿਆਚਾਰਿਕ ਕਾਰਜ ਕਰਨ ਵਾਲੇ ਅਜਿਹੇ ਵਿਅਕਤੀਆਂ ਲਈ ਵਰਤਿਆ ਜਾਣ ਲੱਗਾ, ਜਿਨ੍ਹਾਂ ਨੇ ਖ਼ੁਸ਼ੀ-ਗ਼ਮੀ ਦੇ ਕਾਰਜਾਂ ਸਮੇਂ ਆਪਣੇ ਕੁਲ-ਪਰੋਹਤਾਂ ਜਾਂ ਲਾਗੀਆਂ ਤੋਂ ਨਿਸ਼ਚਿਤ ਇਵਜ਼ਾਨਾ ਦੇ ਕੇ ਕੰਮ ਕਰਵਾਉਣਾ ਹੋਵੇ। ਇਉਂ ਲਾਗੀਆਂ ਜਾਂ ਪਰੋਹਤਾਂ ਦਾ ਜਿਨ੍ਹਾਂ ਕੁਲਾਂ, ਟੱਬਰਾਂ ਜਾਂ ਪਰਿਵਾਰਾਂ ਨਾਲ ਸੰਬੰਧ ਹੁੰਦਾ ਹੈ; ਉਹ ਲਾਗੀਆਂ ਲਈ ‘ਜਜਮਾਨ’ ਹੁੰਦੇ ਹਨ ਅਤੇ ਅਜਿਹੇ ਜਜਮਾਨਾਂ ਲਈ ਖ਼ੁਸ਼ੀ-ਗ਼ਮੀ ਦੇ ਕਾਰਜਾਂ ਸਮੇਂ ਕੰਮ ਕਰਨ ਵਾਲੇ ਕਾਮੇ ‘ਲਾਗੀ’ ਅਖਵਾਉਂਦੇ ਹਨ।

     ਜਜਮਾਨੀ ਅਤੇ ਲਾਗੀ ਪ੍ਰਣਾਲੀ ਅਧੀਨ ਪਿੰਡ ਵਿੱਚ ਵੱਸਦੇ ਹਰੇਕ ਕਾਮਾਂ ਸਮੂਹ ਲਈ ਦੂਜੀਆਂ (ਕਾਸ਼ਤਕਾਰ) ਜਾਤਾਂ ਅਤੇ ਪਰਿਵਾਰਾਂ ਲਈ ਨਿਸ਼ਚਿਤ ਕਾਰਜ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ। ਜਿਵੇਂ ਨਾਈ ਲਈ ਵਾਲ ਕਤਰਨੇ, ਲੁਹਾਰ ਤਰਖ਼ਾਣ ਲਈ ਖੇਤੀ-ਸੰਦ ਅਤੇ ਘਰੇਲੂ ਵਗੋਚੇ ਬਣਾਉਣੇ-ਸੁਆਰਨੇ, ਕੁਮ੍ਹਿਆਰ ਲਈ ਖੂਹ ਦੀਆਂ ਟਿੰਡਾਂ ਅਤੇ ਭਾਂਡੇ ਆਦਿ ਬਣਾਉਣੇ, ਜੁਲਾਹੇ ਲਈ ਖੇਸ ਆਦਿ ਬੁਣਨੇ। ਕਿਰਤ ਵਟਾਂਦਰੇ ਦੇ ਇਵਜ਼ ਵਿੱਚ ਜੇਕਰ ਕਿਸੇ ਲਾਗੀ ਦੀ ਰੋਟੀ-ਰੋਜ਼ੀ ਦਾ ਗੁਜ਼ਾਰਾ ਜਜਮਾਨਾਂ ਵੱਲੋਂ ਮਿਲਣ ਵਾਲੇ ਇਵਜ਼ਾਨੇ ਨਾਲ ਠੀਕ ਚੱਲਦਾ ਰਹੇ ਤਾਂ ਅਜਿਹੀ ਹਾਲਤ ਵਿੱਚ ਬਹੁਤੇ ਲਾਗੀਆਂ ਦਾ ਸੰਬੰਧ ਕੁਝ ਖ਼ਾਸ ਟੱਬਰਾਂ ਤੱਕ ਹੀ ਸੀਮਤ ਰਹਿੰਦਾ ਹੈ।

     ਕਈ ਹਾਲਾਤਾਂ ਵਿੱਚ ਤਾਂ ਜਜਮਾਨੀ ਅਧਿਕਾਰਾਂ ਦੀ ਵੰਡ ਵੀ ਸੰਪਤੀ ਦੀ ਵੰਡ ਵਾਂਗ ਕਰ ਲਈ ਜਾਂਦੀ ਹੈ। ਉਦਾਹਰਨ ਵਜੋਂ ਜਦੋਂ ਦੋ ਲਾਗੀ ਭਰਾ ਵਿਵਸਾਇਕ ਸਾਂਝੇਦਾਰੀ ਤੋਂ ਵੱਖ ਹੋ ਕੇ ਕਾਰਜ ਕਰਨ ਲੱਗਦੇ ਹਨ ਤਾਂ ਉਹ ਜਜਮਾਨ ਟੱਬਰਾਂ ਦੀ ਵੰਡ ਵੀ ਕਰ ਲੈਂਦੇ ਹਨ।

     ਭਾਰਤੀ ਰਹਿਤਲ ਵਿੱਚ ਲਾਗੀ ਸ਼੍ਰੇਣੀਆਂ ਵਿੱਚ ਵੀ ਊਚ-ਨੀਚ ਦੀ ਜਾਤ ਪ੍ਰਣਾਲੀ ਵੇਖਣ ਨੂੰ ਮਿਲਦੀ ਹੈ। ਜਿਸ ਵਿੱਚ ਚਮੜੇ ਦਾ ਕੰਮ ਕਰਨ ਵਾਲੇ ਰਵਿਦਾਸੀਏ ਅਤੇ ਗੋਹਾ ਕੂੜੇ ਦਾ ਕੰਮ ਕਰਨ ਵਾਲੇ ਹਰੀਜਨਾਂ ਨੂੰ ਵਧੇਰੇ ਨਿਮਨ ਸਮਝਿਆ ਜਾਂਦਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ, ਨਾਈ, ਝਿਊਰ, ਕੁਮ੍ਹਿਆਰ ਆਦਿ ਨਿਮਨ ਜਾਤੀਆਂ ਨੂੰ ਹੀ ਉੱਚ-ਕਾਲੀਨ ਜਾਤੀਆਂ ਦੇ ਘਰੇਲੂ ਕਾਰਜਾਂ ਸਮੇਂ ਚੁਲ੍ਹੇ ਚੌਂਕੇ ਵਿੱਚ ਵਿਚਰਨ ਦੀ ਵਧੇਰੇ ਖੁੱਲ੍ਹ ਮਿਲਦੀ ਰਹੀ ਹੈ।

     ਇਸ ਦੇ ਬਾਵਜੂਦ ਨਿਮਨ ਜਾਤੀਆਂ ਦੇ ਵੀ ਲਾਗੀ ਹੁੰਦੇ ਹਨ, ਜੋ ਖ਼ੁਸ਼ੀ-ਗ਼ਮੀ ਦੇ ਕਾਰਜਾਂ ਵਿੱਚ ਓਵੇਂ ਹੀ ਕਾਰਜ ਕਰਦੇ ਹਨ, ਜਿਵੇਂ ਉਹ ਉੱਚ-ਕੁਲੀਨ ਵਰਗਾਂ ਲਈ ਕਾਰਜ ਕਰਦੇ ਹਨ। ਫ਼ਰਕ ਕੇਵਲ ਇਹ ਹੁੰਦਾ ਹੈ ਕਿ ਕਈ ਹਾਲਤਾਂ ਵਿੱਚ ਬ੍ਰਾਹਮਣ ਆਦਿ ਨਿਮਨ ਜਾਤੀਆਂ ਤੋਂ ਰੁਪਏ ਪੈਸੇ ਦੇ ਰੂਪ ਵਿੱਚ ਲਾਗ ਆਦਿ ਤਾਂ ਲੈ ਲੈਂਦੇ ਹਨ ਪਰ ਉਹਨਾਂ ਦਾ ਪੱਕਿਆ ਭੋਜਨ ਸੇਵਨ ਨਹੀਂ ਕਰਦੇ।

     ਲਾਗੀ ਸ਼੍ਰੇਣੀ ਭਾਵੇਂ ਉੱਚ-ਕੁਲੀਨ ਅਤੇ ਧਨੀ ਕਾਸ਼ਤਕਾਰ ਸ਼੍ਰੇਣੀਆਂ ’ਤੇ ਆਸ਼ਰਿਤ ਰਹਿੰਦੀ ਹੈ, ਪਰ ਇਹ ਆਪਣੇ ਜਜਮਾਨਾਂ ਪ੍ਰਤਿ ਜ਼ੁੰਮੇਵਾਰੀ ਅਤੇ ਫ਼ਰਜ਼ ਦੇ ਨਾਲ-ਨਾਲ ਇਮਾਨਦਾਰੀ ਨੂੰ ਕਦੇ ਅੱਖੋਂ ਓਹਲੇ ਨਹੀਂ ਕਰਦੀ; ਜਿਸ ਦੇ ਪ੍ਰਮਾਣ ਵਜੋਂ ਕੁਝ ਸਮਾਂ ਪਹਿਲਾਂ ਤੱਕ ਕਈ ਉੱਚ-ਕੁਲੀਨ ਟੱਬਰ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਤੈਅ ਕਰਨ ਦੀ ਜ਼ੁੰਮੇਵਾਰੀ ਵੀ ਪੀੜ੍ਹੀ-ਦਰ-ਪੀੜ੍ਹੀ ਲਾਗੀਆਂ ਦੇ ਰੂਪ ਵਿੱਚ ਪਰਿਵਾਰ ਨਾਲ ਸੰਬੰਧਿਤ ਨਾਈਆਂ, ਝਿਊਰਾਂ ਜਾਂ ਪਰੋਹਤਾਂ ਆਦਿ ਦੇ ਜ਼ੁੰਮੇ ਲਾ ਦਿੰਦੇ ਸਨ, ਕਿਉਂਕਿ ਉਹ ਭਲੀ-ਭਾਂਤ ਜਾਣਦੇ ਸਨ ਕਿ ਇਹ ਸ਼੍ਰੇਣੀਆਂ ਕਿਸੇ ਵੀ ਪਰਿਵਾਰ ਦੀ ਅੰਦਰੂਨੀ ਹਾਲਤ ਨੂੰ ਬਹੁਤ ਡੂੰਘੀ ਤਰ੍ਹਾਂ ਜਾਣਦੀਆਂ ਹੋ ਸਕਦੀਆਂ ਹਨ, ਇਸ ਲਈ ਲਾਗੀ ਆਪਣੇ ਜਜਮਾਨਾਂ ਲਈ ਮਹੱਤਵਪੂਰਨ ਕਾਰਜਾਂ ਦੀ ਜ਼ੁੰਮੇਵਾਰੀ ਨਿਭਾਉਣ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਹਨ।

     ਲਾਗੀ ਦਾ ਕਿੱਤਾ ਭਾਰਤ ਦੇ ਹਰ ਉਸ ਸੱਭਿਆਚਾਰ ਵਿੱਚ ਮਿਲਦਾ ਹੈ, ਜਿਸ ਦੀਆਂ ਰਸਮਾਂ, ਰੀਤਾਂ, ਅਨੁਸ਼ਠਾਨਿਕ ਕਿਰਿਆਵਾਂ ਅਤੇ ਸੱਭਿਆਚਾਰਿਕ ਕਾਰਜਾਂ ਵਿੱਚ ਆਪਸੀ ਭਾਈਚਾਰੇ ਦੀ ਲੋੜ ਆਵੱਸ਼ਕ ਹੈ। ਅਜੋਕੇ ਸਮੇਂ ਲਾਗੀ ਹੋਣਾ, ਭਾਵੇਂ ਨਵੀਂ ਪੀੜ੍ਹੀ ਲਈ ਹੀਣਤਾ ਮਹਿਸੂਸ ਕਰਨ ਵਾਲਾ ਅਤੇ ਆਰਥਿਕ ਪੱਖੋਂ ਬਹੁਤਾ ਲਾਹੇਵੰਦ ਨਹੀਂ ਰਿਹਾ; ਪਰ ਇਹਨਾਂ ਕਿੱਤਿਆਂ ਦੀ ਲੋੜ ਅਤੇ ਸਾਰਥਕਤਾ ਓਵੇਂ ਹੀ ਬਰਕਰਾਰ ਹੈ, ਭਾਵੇਂ ਸਮੇਂ ਅਨੁਸਾਰ ਸਰੂਪ ਬਦਲਣ ਨਾਲ ਇਹਨਾਂ ਕਿੱਤਿਆਂ ਦਾ ਮਾਣ ਸਨਮਾਨ ਘਟਦਾ ਦਿਖਾਈ ਦਿੰਦਾ ਹੇ।


ਲੇਖਕ : ਹਰਨੇਕ ਕਲੇਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲਾਗੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਗੀ (ਨਾਂ,ਪੁ) ਲਾਗ-ਬੰਧਾਨ ਲੈ ਕੇ ਕੰਮ ਕਰਨ ਵਾਲੇ ਬਰਾਮ੍ਹਣ; ਨਾਈ, ਝਿਊਰ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਗੀ [ਨਾਂਪੁ] ਲਾਗ ਲੈਣ ਵਾਲ਼ਾ ਕੰਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਾਗੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਾਗੀ (ਕ੍ਰਿ.। ਦੇਖੋ , ਲਗਿ) ਲਗੀ , ਵਾਪ੍ਰੀ। ਯਥਾ-‘ਲਾਗੀ ਹੋਇ ਸੁ ਜਾਨੈ ਪੀਰ ’।

੨. ਸੰਬੰਧਤ ਹੋਈ, ਲੱਗੀ। ਯਥਾ-‘ਲਾਗੀ ਪ੍ਰੀਤਿ ਸੁਜਾਨ ਸਿਉ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.