ਲੋਕ-ਕਾਵਿ/ਲੋਕ-ਗੀਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕ-ਕਾਵਿ/ਲੋਕ-ਗੀਤ : ਲੋਕ-ਸਾਹਿਤ ਦਾ ਸਭ ਤੋਂ ਪ੍ਰਾਚੀਨ ਰੂਪ ਲੋਕ-ਕਾਵਿ ਹੈ। ਪੰਜਾਬੀ ਵਿੱਚ ਇਸ ਵਾਸਤੇ ਲੋਕ-ਗੀਤ ਸ਼ਬਦ ਪ੍ਰਚਲਿਤ ਹੈ। ਲੋਕ-ਗੀਤ, ਲੋਕਾਂ ਦੇ ਗੀਤ ਹੁੰਦੇ ਹਨ। ਇਸ ਕਰ ਕੇ ਲੋਕ-ਗੀਤਾਂ ਨੂੰ ਕਿਸੇ ਖ਼ਾਸ ਵਿਅਕਤੀ ਦੀ ਰਚਨਾ ਨਹੀਂ ਕਿਹਾ ਜਾਂਦਾ ਸਗੋਂ ਇਹ ਤਾਂ ਇੱਕ ਖ਼ਾਸ ਸਮੂਹ ਦੇ ਲੋਕਾਂ ਦੀ ਰਚਨਾ ਮੰਨੇ ਜਾਂਦੇ ਹਨ। ਲੋਕ-ਗੀਤਾਂ ਦੇ ਰਚਨਹਾਰੇ ਦਾ ਨਾਂ ਜਾਂ ਕੋਈ ਲੋਕ-ਗੀਤ ਕਦੋਂ ਰਚਿਆ ਗਿਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਭਾਵੇਂ ਹਰ ਗੀਤ ਕਿਸੇ ਇੱਕ ਵਿਅਕਤੀ ਦੀ ਹੀ ਸਿਰਜਣਾ ਹੁੰਦਾ ਹੈ ਪਰ ਫਿਰ ਵੀ ਜਿਹੜਾ ਗੀਤ ਬਹੁ-ਗਿਣਤੀ ਲੋਕਾਂ ਨੂੰ ਪਸੰਦ ਆ ਜਾਵੇ ਤੇ ਉਸ ਵਿੱਚ ਉਹਨਾਂ ਲੋਕਾਂ ਦੀਆਂ ਸੱਧਰਾਂ, ਉਮੰਗਾਂ, ਇੱਛਾਵਾਂ, ਜਜ਼ਬਿਆਂ ਜਾਂ ਭਾਵਨਾਵਾਂ ਦੀ ਤਰਜਮਾਨੀ ਹੁੰਦੀ ਹੋਵੇ, ਉਸ ਦੀ ਕਾਂਟ-ਛਾਂਟ ਕਰ ਕੇ ਲੋਕ ਮਨ ਉਸ ਨੂੰ ਮੌਖਿਕ ਰੂਪ ਵਿੱਚ ਅੱਗੇ ਤੋਰਦਾ ਰਹਿੰਦਾ ਹੈ। ਅਜਿਹਾ ਗੀਤ ਸਰਬ ਪ੍ਰਵਾਨ ਹੋ ਕੇ ਲੋਕ-ਕਾਵਿ/ਲੋਕ-ਗੀਤ ਦਾ ਰੂਪ ਲੈ ਲੈਂਦਾ ਹੈ। ਇਸ ਤਰ੍ਹਾਂ ਲੋਕ-ਕਾਵਿ/ਲੋਕ-ਗੀਤ ਦੇ ਸਿਰਜਕ ‘ਲੋਕ’ ਬਣ ਜਾਂਦੇ ਹਨ।

     ਲੋਕ-ਕਾਵਿ/ਲੋਕ-ਗੀਤ ਇਹਨਾਂ ਦੋਵੇਂ ਸ਼ਬਦਾਂ ਦੇ ਅਰੰਭ ਵਿੱਚ ਆਏ ‘ਲੋਕ’ ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸੱਭਿਅਕ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਨਾ ਬਦਲ ਗਈ ਹੈ। ਇੱਕ ਭਾਸ਼ਾ ਅਤੇ ਖ਼ਾਸ ਭੂਗੋਲਿਕ ਖੇਤਰ ਨਾਲ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ‘ਲੋਕ’ ਕਿਹਾ ਜਾਂਦਾ ਹੈ। ਇਸ ਦੇ ਅੰਤਰਗਤ ਨਸਲ, ਧਰਮ, ਜਾਤ ਅਤੇ ਕਿੱਤੇ ਆਦਿ ਨਾਲ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ। ਇਹ ਸਮੂਹ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ ਲਿਖਿਆ ਵੀ। ਇਹ ਪੇਂਡੂ ਵੀ ਹੋ ਸਕਦਾ ਹੈ ਤੇ ਸ਼ਹਿਰੀ ਵੀ ਜਾਂ ਫਿਰ ਭੂਤਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ ਪਰ ਏਨਾ ਜ਼ਰੂਰੀ ਹੈ ਕਿ ਇਹ ਸਮੂਹ ਆਪਣੇ ਵਿਰਸੇ ਨਾਲੋਂ ਨਹੀਂ ਟੁੱਟਦਾ। ਸੋ ਇੱਕ ਖ਼ਾਸ ਸਮੂਹ ਵੱਲੋਂ ਰਚੀ ਅਤੇ ਪ੍ਰਵਾਨੀ ਗਈ ਕਵਿਤਾ ਨੂੰ ਲੋਕ-ਕਾਵਿ ਜਾਂ ਲੋਕ-ਗੀਤ ਕਿਹਾ ਜਾਂਦਾ ਹੈ।

     ਲੋਕ-ਕਾਵਿ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ। ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮੌਖਿਕ ਤੌਰ ਤੇ ਪਹੁੰਚਦਾ ਹੈ। ਇਸੇ ਲਈ ਇੱਕ ਪੀੜ੍ਹੀ ਦੇ ਲੋਕਾਂ ਤੋਂ ਦੂਜੀ ਪੀੜ੍ਹੀ ਦੇ ਲੋਕਾਂ ਤੱਕ ਪਹੁੰਚਦਿਆਂ-ਪਹੁੰਚਦਿਆਂ ਇਸ ਵਿੱਚ ਬਹੁਤ ਕੁਝ ਬਦਲ ਵੀ ਜਾਂਦਾ ਹੈ ਕਈ ਪੀੜ੍ਹੀਆਂ ਦੇ ਲੋਕਾਂ ਦੀ ਕਲਪਨਾ ਤੇ ਅਨੁਭਵ ਰਾਹੀਂ ਲੋਕ-ਕਾਵਿ ਸਮੂਹ ਦੀ ਰਚਨਾ ਬਣ ਜਾਂਦਾ ਹੈ। ਲੋਕ-ਕਾਵਿ, ਲੋਕ-ਸਾਹਿਤ ਦਾ ਅੰਗ ਹੈ। ਇਸ ਕਰ ਕੇ ਅੱਜ ਸਾਨੂੰ ਲੋਕ-ਸਾਹਿਤ ਨੂੰ ਲਿਪੀਬੱਧ ਕਰਨ ਜਾਂ ਸਾਂਭਣ ਦੀ ਲੋੜ ਪੈ ਰਹੀ ਹੈ। ਲੋਕ-ਕਾਵਿ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਮਨ ਵਿੱਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਨ ਕੰਮ ਕਰਦਾ ਹੈ। ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਰਾਹਤ ਦਿਵਾ ਕੇ ਇਹ ਉਹਨਾਂ ਦਬਾਵਾਂ ਨੂੰ ਝੱਲਣ ਦੀ ਹਿੰਮਤ ਦਿੰਦਾ ਹੈ, ਜਿਸ ਤਰ੍ਹਾਂ ਪੰਜਾਬੀ ਔਰਤਾਂ ਕੋਲ ਲੋਕ-ਗੀਤਾਂ ਦਾ ਅਥਾਹ ਖ਼ਜ਼ਾਨਾ ਹੈ। ਇਹਨਾਂ ਗੀਤਾਂ ਰਾਹੀਂ ਔਰਤਾਂ ਮਖ਼ੌਲ ਉਡਾ ਕੇ, ਗੰਭੀਰ ਸੁਰਾਂ ਅਲਾਪ ਕੇ ਅਤੇ ਅਲਾਹੁਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ। ਨੌਜਵਾਨ ਮੁੰਡੇ- ਕੁੜੀਆਂ ਨਾਚ-ਗੀਤਾਂ ਰਾਹੀਂ ਆਪਣੀਆਂ ਪਿਆਰ ਭਾਵਨਾਵਾਂ ਅਤੇ ਜਿਨਸੀ ਭਾਵਨਾਵਾਂ ਨੂੰ ਪ੍ਰਗਟਾਉਂਦੇ ਹਨ।

     ਲੋਕ-ਕਾਵਿ ਆਪਣੇ ਵਿੱਚ ਆਦਿ-ਕਾਲ ਦੀਆਂ ਪੈੜਾਂ ਸਾਂਭੀ ਬੈਠਾ ਹੈ। ਕਈ ਕਾਵਿ-ਪੰਕਤੀਆਂ ਦੀ ਵਰਤੋਂ ਜਾਦੂਈ ਪ੍ਰਭਾਵ ਲਈ ਕੀਤੀ ਜਾਂਦੀ ਹੈ। ਜਿਵੇਂ ਪੰਜਾਬੀ ਵਿੱਚ ਗ੍ਰਹਿ ਸ਼ਾਂਤ ਕਰਨ ਲਈ ਗਾਏ ਜਾਂਦੇ ਗੀਤ, ਗਾਨਾ ਬੰਨ੍ਹਣ ਦੇ ਗੀਤ, ਵਟਣੇ ਜਾਂ ਮਾਈਏਂ ਦੇ ਗੀਤ ਇਸ ਦੀ ਉਦਾਹਰਨ ਹਨ। ਸਾਰੇ ਦੇ ਸਾਰੇ ਲੋਕ-ਕਾਵਿ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੋਟ ਨਹੀਂ ਹੁੰਦੀ। ਸੱਚ ਤਾਂ ਇਹ ਹੈ ਕਿ ਸਮਾਜ ਵਿੱਚ ਮਿਲਦੀਆਂ ਚੰਗਿਆਈਆਂ-ਬੁਰਾਈਆਂ ਕਿਸੇ ਨਾ ਕਿਸੇ ਰੂਪ ਵਿੱਚ ਭਾਵੁਕ ਪੱਧਰ ਤੇ ਲੋਕ-ਕਾਵਿ ਵਿੱਚ ਆ ਸ਼ਾਮਲ ਹੁੰਦੀਆਂ ਹਨ। ਸਮਾਜ ਦਾ ਟਕਰਾਉ, ਸਮਾਜ ਦੇ ਵਿਰੋਧੀ ਵਿਚਾਰ ਇੱਕੋ ਵੇਲੇ ਲੋਕ-ਕਾਵਿ ਵਿੱਚ ਦੇਖੇ ਜਾ ਸਕਦੇ ਹਨ। ਇੱਕ ਬੋਲੀ ਨੂੰ ਆਧਾਰ ਬਣਾ ਕੇ ਇਹ ਗੱਲ ਸਮਝੀ ਜਾ ਸਕਦੀ ਹੈ। ‘ਡੂੰਘਾ ਵਾਹ ਲੈ ਹਲ ਵੇ, ਤੇਰੀ ਘਰੇ ਨੌਕਰੀ’ ਬੋਲੀ ਇੱਕ ਕਿਰਸਾਣ ਔਰਤ ਦੀ ਸਿਰਜਣਾ ਵੀ ਹੋ ਸਕਦੀ ਹੈ। ਜਦ ਕਿ ‘ਵੱਸਣਾ ਫ਼ੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ’ ਬੋਲੀ ਜਾਇਦਾਦ ਵਿਹੀਣ ਘਰ ਦੀ ਔਰਤ ਦੇ ਭਾਵਾਂ ਨੂੰ ਪੇਸ਼ ਕਰਦੀ ਹੈ। ਇਉਂ ਹੀ ਲੋਕ-ਕਾਵਿ ਵਿੱਚ ਜਾਤੀ ਟਕਰਾਅ, ਵਰਗ-ਟਕਰਾਅ, ਖੇਤਰੀ ਟਕਰਾਅ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਰਹਿੰਦੇ ਹਨ। ਪੰਜਾਬੀ ਵਿੱਚ ਸਤੀ ਮਾਤਾ ਨਾਲ ਜੁੜੇ ਗੀਤ ਵੀ ਮਿਲ ਜਾਂਦੇ ਹਨ। ਕਈ ਵਾਰ ਤਾਂ ਔਰਤ ਸਿੱਧੇ ਰੂਪ ਵਿੱਚ ਸਮਾਜ ਦੇ ਉਹਨਾਂ ਸਦਾਚਾਰਿਕ ਮਾਪਦੰਡਾਂ ਨੂੰ ਅਪਣਾ ਲੈਂਦੀ ਹੈ ਜਿਹੜੇ ਅਸਲ ਵਿੱਚ ਉਸ ਦੇ ਆਪਣੇ ਹੱਕਾਂ ਦੇ ਖਿਲਾਫ਼ ਜਾਂਦੇ ਹਨ। ਜਿਵੇਂ ਕਿ ਹੇਠ ਲਿਖੀ ਬੋਲੀ ਵਿੱਚ ਮਰਦ ਨੂੰ ਮਨਾਉਣ ਦਾ ਇੱਕੋ-ਇੱਕ ਸਾਧਨ ਸਿਰ ਦੀ ਚੁੰਨੀ ਲਾਹ ਕੇ ਉਸ ਦੇ ਪੈਰੀਂ ਧਰਨਾ ਹੈ; ਭਾਵ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ। ਜਿਵੇਂ :

ਕੜ੍ਹੀਏ ਕੜ੍ਹੀਏ ਕੜ੍ਹੀਏ, ਤੈਨੂੰ ਚੱਕ ਬਨੇਰੇ ਧਰੀਏ

ਰੁੱਸੇ ਮਾਹੀ ਦਾ ਕੀ ਕਰੀਏ, ਅੰਦਰ ਵੜੇ ਤਾਂ ਮਗਰੇ ਵੜੀਏ

ਚੁੰਨੀ ਲਾਹ ਪੈਰਾਂ ਤੇ ਧਰੀਏ

          ਇੱਕ ਬਾਰ ਬੋਲੋ ਜੀ, ਆਪਾਂ ਫੇਰ ਕਦੇ ਨਾ ਲੜੀਏ।

          ਲੋਕ-ਕਾਵਿ ਆਪਣੇ-ਆਪ ਵਿੱਚ ਕਿਸੇ ਵੀ ਸਮੂਹ ਦੇ ਸਮੁੱਚੇ ਸੱਭਿਆਚਾਰ ਨੂੰ ਸਮੋਈ ਬੈਠਾ ਹੁੰਦਾ ਹੈ। ਬੋਆਜ਼ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਇੱਕ ਜਾਤੀ ਦੇ ਲੋਕ- ਗੀਤ ਦੇ ਦਿਉ, ਮੈਂ ਤੁਹਾਨੂੰ ਉਸ ਜਾਤੀ ਦਾ ਸਮੁੱਚਾ ਸੱਭਿਆਚਾਰ ਉਸਾਰ ਦੇਵਾਂਗਾ। ਬੋਆਜ਼ ਦੇ ਕਥਨ ਦਾ ਅਰਥ ਵੀ ਇਹੋ ਹੈ ਕਿ ਲੋਕ-ਕਾਵਿ ਵਿੱਚ ਸੱਭਿਆਚਾਰ ਸਮੁੱਚਤਾ ਵਿੱਚ ਪ੍ਰਗਟ ਹੁੰਦਾ ਹੈ। ਲੋਕ-ਕਾਵਿ ਵਿੱਚ ਲੋਕਾਂ ਦੇ ਖਾਣ-ਪੀਣ, ਪਹਿਨਣ, ਸਦਾਚਾਰ, ਟੈਬੂ, ਟੋਟਮ, ਹਾਰ ਸ਼ਿੰਗਾਰ, ਰਾਜਨੀਤੀ, ਦਰਸ਼ਨ ਭਾਵ ਕਿ ਹਰ ਉਹ ਮਾਨਸਿਕ ਸਿਰਜਣਾ ਸ਼ਾਮਲ ਹੋ ਜਾਂਦੀ ਹੈ ਜੋ ਸੱਭਿਆਚਾਰ ਦਾ ਅੰਗ ਹੈ। ਲੋਕ-ਕਾਵਿ ਵਿੱਚ ਪੇਸ਼ਕਾਰੀ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਸੱਭਿਆਚਾਰ ਇਸ ਲੋਕ ਕਾਵਿ ਵਿੱਚ ਸੁਹਜ ਜਾਂ ਸੁੰਦਰਤਾ ਦੀ ਉਚੇਰੀ ਪੱਧਰ ਤੇ ਜਾ ਪਹੁੰਚਦਾ ਹੈ। ਇੱਥੇ ਖਾਣ, ਪੀਣ, ਪਹਿਨਣ ਆਦਿ ਦੀਆਂ ਵਸਤਾਂ, ਵਸਤਾਂ ਨਾ ਰਹਿ ਕੇ ਸੁਹਜਾਤਮਿਕ ਸਿਰਜਣਾਵਾਂ ਬਣ ਜਾਂਦੀਆਂ ਹਨ। ਉਹ ਬਿੰਬ ਬਣਦੀਆਂ ਹਨ, ਪ੍ਰਤੀਕ ਬਣਦੀਆਂ ਹਨ ਜਾਂ ਕਲਪਨਾ ਦੇ ਘੋੜੇ ਤੇ ਸਵਾਰ ਹੋ ਕੇ ਨਵਾਂ ਸੁਹਜ ਗ੍ਰਹਿਣ ਕਰ ਲੈਂਦੀਆਂ ਹਨ। ਕੁਝ ਕੁ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ :

                    -        ਲੀੜਾ ਉੱਡਿਆ ਬਿਸ਼ਨੀਏਂ ਤੇਰਾ,

                             ਨੀ ਸਾਡੇ ਭਾਣੇ ਮੋਰ ਉੱਡਿਆ।

                    -        ਸਿਰ ਗੁੰਦ ਦੇ ਕਪੱਤੀਏ ਨੈਣੇ

                    ਨੀ ਉੱਤੇ ਪਾ ਦੇ ਡਾਕ ਬੰਗਲਾ।

          ਸੱਭਿਆਚਾਰਿਕ ਪੈੜ੍ਹਾਂ ਵਾਂਗ ਲੋਕ-ਕਾਵਿ ਨੇ ਆਪਣੇ ਵਿੱਚ ਇਤਿਹਾਸਿਕ ਪੈੜਾਂ ਨੂੰ ਵੀ ਸਾਂਭਿਆ ਹੁੰਦਾ ਹੈ। ਇਤਿਹਾਸ ਲੋਕ ਭਾਵਨਾਵਾਂ ਦਾ ਹਿੱਸਾ ਬਣ ਕੇ ਕਦੇ ਗਾਉਣ ਦਾ ਰੂਪ ਧਾਰਨ ਕਰਦਾ ਹੈ ਤੇ ਕਦੇ ਨ੍ਰਿਤ ਗੀਤਾਂ ਦਾ। ਭਾਈ ਵੀਰ ਸਿੰਘ ਨੇ ਜਿਸ ਗੀਤ ਨੂੰ ਆਧਾਰ ਬਣਾ ਕੇ ਸੁੰਦਰੀ ਨਾਵਲ ਲਿਖਿਆ ਹੈ, ਉਹ ਮੁਗ਼ਲ ਕਾਲ ਦੀ ਸਿਰਜਣਾ ਹੈ। ਇਸੇ ਤਰ੍ਹਾਂ ਪੰਜਾਬੀ ਲੋਕ-ਕਾਵਿ ਵਿੱਚ ਦੋ ਵੱਡੇ ਵਿਸ਼ਵ ਯੁੱਧ, ਅੰਗਰੇਜ਼ ਵਿਰੋਧੀ ਸੰਘਰਸ਼, ਸਿੰਘ ਸਭਾ ਅਤੇ ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿੱਚ ਸਾਂਭੇ ਹੋਏ ਹਨ। ਜਿਵੇਂ :

                    -        ਟੋਲੀਂ ਮਾਏ ਸਿੰਘ ਸਭੀਏ

                             ਮੈਨੂੰ ਮੰਨਣੇ ਨਾ ਪੈਣ ਜਠੇਰੇ।

                    -        ਮਰ ਜਾਣ ਸਿੰਘ ਸਭੀਏ

                             ਜਿਹੜੇ ਗਿੱਧਾ ਪਾਉਣ ਨਹੀਂ ਦਿੰਦੇ।

                    -        ਆਰੀਆਂ ਨੇ ਅੱਤ ਚੁੱਕ ਲਈ

                   ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ।

     ਉਪਰੋਕਤ ਪੰਕਤੀਆਂ ਵਿੱਚ ਲੋਕ ਮਨ ਵੱਲੋਂ ਜੰਗ ਦਾ ਵਿਰੋਧ ਹੈ, ਭਾਵਨਾਵਾਂ ਨੂੰ ਦਬਾਏ ਜਾਣ ਦਾ ਤਿੱਖਾ ਪ੍ਰਤਿਕਰਮ ਹੈ। ਇਸੇ ਸੰਦਰਭ ਵਿੱਚ ਭਗਤ ਸਿੰਘ ਅਤੇ ਗਾਂਧੀ ਦਾ ਜ਼ਿਕਰ ਵੀ ਬਾਰ-ਬਾਰ ਆਇਆ ਹੈ।

          ਸਮਾਜ ਤੇ ਸੱਭਿਆਚਾਰ ਦੇ ਪਰਿਵਰਤਨਾਂ ਦੇ ਨਾਲ- ਨਾਲ ਲੋਕ-ਕਾਵਿ ਵਿੱਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਪਰਿਵਰਤਨ ਕਈ ਵਾਰ ਓਪਰਾ ਹੀ ਹੁੰਦਾ ਹੈ ਤੇ ਕਈ ਵਾਰ ਕਾਫ਼ੀ ਡੂੰਘਾ। ਅਜੋਕੇ ਲੋਕ-ਕਾਵਿ ਵਿੱਚ ਗੱਡੀਆਂ, ਡਾਕਘਰਾਂ, ਕਾਲਜਾਂ, ਸਾਈਕਲਾਂ, ਜਹਾਜ਼ਾਂ ਆਦਿ ਦਾ ਵਰਣਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਪਰਿਵਰਤਨਸ਼ੀਲ ਹੋਣ ਕਾਰਨ ਦੇਰ ਤੱਕ ਆਪਣੀ ਹੋਂਦ ਬਣਾਈ ਰੱਖਣ ਦੇ ਸਮਰੱਥ ਹੁੰਦੇ ਹਨ। ਕੁਝ ਗੀਤ ਸਿੱਧੇ ਅਨੁਸ਼ਠਾਨਾਂ, ਰੀਤਾਂ ਅਤੇ ਰਿਵਾਜਾਂ ਆਦਿ ਨਾਲ ਜੁੜੇ ਹੁੰਦੇ ਹਨ। ਇਹਨਾਂ ਅਨੁਸ਼ਠਾਨਾਂ, ਰੀਤਾਂ ਅਤੇ ਰਸਮਾਂ ਦੇ ਗਾਇਬ ਹੋਣ ਨਾਲ ਇਹ ਗੀਤ ਵੀ ਗਾਇਬ ਹੋ ਜਾਂਦੇ ਹਨ। ਬਿਆਈਆਂ (ਜਨਮ ਦੇ ਗੀਤ) ਹੁਣ ਸ਼ਾਇਦ ਹੀ ਕਿਤੇ ਗਾਏ ਜਾਂਦੇ ਹੋਣ। ਗੀਤ ਸਮਕਾਲੀ ਵਸਤੂਆਂ ਨੂੰ ਹੇਠ ਲਿਖੇ ਅਨੁਸਾਰ ਸਾਂਭ ਕੇ ਰੱਖਦੇ ਹਨ :

                    -        ਗੱਡੀ ਆਉਂਦੀ ਨੂੰ ਲੁੱਕ ਲਾਵਾਂ।

                              ਮਾਹੀਏ ਆਉਂਦੇ ਨੂੰ ਬੋਦਾ ਪ੍ਹਾਰ ਕੇ ਕਲਿੱਪ ਲਾਵਾਂ।

                    -        ਸਾਨੂੰ ਕਾਲਜ ਇੱਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ,

                              ਪੜ੍ਹਨਗੀਆਂ ਕੁੜੀਆਂ ਕਿਤਾਬਾਂ ਚੱਕਣਗੇ ਮੁੰਡੇ।

                             ਸਾਨੂੰ ਹੋਟਲ ਇੱਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ।

                    ਖਾਣਾ ਖਾਣਗੀਆਂ ਕੁੜੀਆਂ ਪਲੇਟਾਂ ਚੱਟਣਗੇ ਮੁੰਡੇ।

     ਲੋਕ-ਕਾਵਿ, ਲੋਕ ਮਨ ਦੀਆਂ ਇੱਛਾਵਾਂ, ਕਲਪਨਾਵਾਂ ਤੇ ਰਿਸ਼ਤੇ ਨਾਤਿਆਂ ਨਾਲ ਸੰਬੰਧਿਤ ਭਾਵਨਾਵਾਂ ਆਦਿ ਨੂੰ ਬੜੇ ਸੂਖਮ ਤਰੀਕੇ ਨਾਲ ਪੇਸ਼ ਕਰਦਾ ਹੈ। ਆਖਦੇ ਨੇ ਪੰਜਾਬੀ ਲੋਕ-ਗੀਤਾਂ ਵਿੱਚ ਜੰਮਦਾ ਹੈ, ਜਵਾਨ ਹੁੰਦਾ ਹੈ ਅਤੇ ਇਹਨਾਂ ਵਿੱਚ ਹੀ ਮਰਦਾ ਹੈ। ਇਹ ਹਮੇਸ਼ਾਂ ਉਸ ਦੇ ਸੰਗੀ-ਸਾਥੀ ਹੁੰਦੇ ਨੇ।

          ਲੋਕ-ਕਾਵਿ ਦੀ ਸੱਚੀ-ਸੁੱਚੀ ਕਲਪਨਾ ਆਪਣੇ-ਆਪ ਵਿੱਚ ਬੇਹੱਦ ਸੁਹਜਮਈ ਹੈ। ਕਈ ਵਾਰ ਸਮਾਜ ਵਿੱਚ ਅਪ੍ਰਾਪਤ ਦੀ ਕਲਪਨਾ ਕਰ ਕੇ ਸੁੱਖ ਲੈਣ ਦੀ ਪ੍ਰਵਿਰਤੀ ਮਨੁੱਖ ਦੀ ਓਦੋਂ ਦੀ ਹੈ ਜਦੋਂ ਤੋਂ ਸਮਾਜ ਵਿੱਚ ਨਾਬਰਾਬਰੀ ਸ਼ੁਰੂ ਹੋਈ ਜਾਂ ਅਜਿਹਾ ਕੁਝ ਕਰਨ ਦੀ ਇੱਛਾ ਕਲਪਨਾ ਵਿੱਚ ਹੀ ਹੋ ਸਕਦੀ ਹੈ ਜਿਸ ਦੀ ਇਜਾਜ਼ਤ ਸਮਾਜ- ਸੱਭਿਆਚਾਰ ਵਿੱਚ ਨਾ ਹੋਵੇ। ਜਿਵੇਂ ਅਸ਼ਲੀਲ ਬੋਲੀਆਂ ਪਾਉਣ ਦੀ ਇਜਾਜ਼ਤ ਸਮਾਜ ਨਹੀਂ ਦਿੰਦਾ ਜਿਹੜੀਆਂ ਖ਼ਾਸ ਤੌਰ ਤੇ ਜਿਨਸੀ ਸੰਬੰਧਾਂ ਜਾਂ ਅੰਗਾਂ ਬਾਰੇ ਪ੍ਰਚਲਿਤ ਹੁੰਦੀਆਂ ਹਨ। ਇਹਨਾਂ ਭਾਵਨਾਵਾਂ ਨਾਲ ਜੁੜਿਆ ਕਾਵਿ ਇੱਕੋ ਤਰ੍ਹਾਂ ਦੇ ਸਮੂਹ ਵਿੱਚ ਹੀ ਉਚਾਰਿਆ ਜਾ ਸਕਦਾ ਹੈ। ਮਰਦ ਆਪਣੀਆਂ ਟੋਲੀਆਂ ਵਿੱਚ ਅਤੇ ਔਰਤਾਂ ਆਪਣੇ ਗਿੱਧੇ ਵਿੱਚ ਨਿਸੰਗ ਹੋ ਕੇ ਅਜਿਹਾ ਕਾਵਿ ਉਚਾਰਨ ਕਰਦੇ ਹਨ ਅਤੇ ਅਸਮਾਜਿਕ ਰਿਸ਼ਤੇ ਇੱਕ ਦੂਜੇ ਨਾਲ ਜੋੜ ਕੇ ਸੁਆਦ ਲਿਆ ਜਾਂਦਾ ਹੈ। ਜਿਨ੍ਹਾਂ ਰਿਸ਼ਤਿਆਂ ਬਾਰੇ ਵਿਅਕਤੀ ਸਮਾਜਿਕ ਸੰਦਰਭਾਂ ਵਿੱਚ ਨੈਤਿਕ ਦਬਾਅ ਹੇਠ ਕੁਝ ਕਹਿ ਨਹੀਂ ਸਕਦਾ, ਲੋਕ-ਕਾਵਿ ਉਚਾਰਨ ਸਮੇਂ ਉਹ ਨਿਸੰਗ ਕਹਿ ਜਾਂਦਾ ਹੈ। ਜਿਵੇਂ ਔਰਤ ਸੱਸ-ਸਹੁਰੇ, ਜੇਠ-ਜਠਾਣੀ, ਨਣਾਨ, ਸੌਂਕਣ ਆਦਿ ਰਿਸ਼ਤਿਆਂ ਬਾਰੇ ਆਪਣੇ ਦੱਬੇ ਭਾਵ ਲੋਕ-ਕਾਵਿ ਰਾਹੀਂ ਪ੍ਰਗਟਾਉਂਦੀ ਹੈ। ਇਉਂ ਹੀ ਮਰਦ ਆਪਣੀਆਂ ਵਰਜਿਤ ਪ੍ਰੇਮ-ਭਾਵਨਾਵਾਂ ਦਾ ਪ੍ਰਗਟਾਅ ਸਰੀਰਕ ਇਸ਼ਾਰਿਆਂ ਨਾਲ ਆਪਣੇ ਸਮੂਹ ਵਿੱਚ ਪ੍ਰਗਟਾਉਂਦਾ ਹੈ। ਇਉਂ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਲੋਕ-ਕਾਵਿ ਵਿੱਚ ਸਾਨੂੰ ਬੁਣਿਆ ਮਿਲਦਾ ਹੈ। ਇਸ ਤਰ੍ਹਾਂ ਦੇ ਲੋਕ-ਕਾਵਿ ਵਿੱਚ ਵਿਅੰਗ ਦੀ ਸੁਰ ਪ੍ਰਧਾਨ ਹੁੰਦੀ ਹੈ ਜਿਵੇਂ:

                    -        ਉੱਚੇ ਟਿੱਲੇ ਮੈਂ ਮਿਰਚਾਂ ਰਗੜਾਂ

                             ਸਹੁਰੇ ਦੀ ਅੱਖ ਵਿੱਚ ਪਾ ਆਈਆਂ

                             ਘੁੰਡ ਕਢਣੇ ਦੀ ਅਲਖ ਮੁਕਾ ਆਈਆਂ।         

                    -        ਮੇਰੇ ਜੇਠ ਦੇ ਬੁਰੇ ਦਿਨ ਆਏ

                             ਕਿੱਕਰਾਂ ਨੂੰ ਪਾਵੇ ਜੱਫੀਆਂ।

                    -        ਮੇਰਾ ਦਿਉਰ ਬੜਾ ਟੁੱਟ ਪੈਣਾ

                             ਹੱਸਦੀ ਦੇ ਦੰਦ ਗਿਣਦਾ।

                    -        ਸੌਂਕਣ ਸੌਂਕਣ ਦਾ ਮੁਕਾਬਲਾ ਆਹਮੋ ਸਾਹਮਣੇ

                             ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ

                             ਸਾਰੇ ਭਾਂਡੇ ਤੇਰੇ ਵਲ

                             ਟੁੱਟੀ ਹੋਈ ਕੌਲੀ ਮੇਰੇ ਵਲ

                             ਅਜੇ ਵੀ ਸੌਂਕਣੇ ਲੜਦੀ ਐਂ

                             ਲੜ ਲੜ ਗੱਲਾਂ ਕਰਦੀ ਐਂ 

                             ਓਹਦੇ ਨਾਲ ਤੂੰ ਲੜਿਆ ਕਰ

                              ਓਹਦੀ ਦਾਹੜੀ ਫੜਿਆ ਕਰ

                             ਗਿੱਠ ਗਿੱਠ ਲੰਮੀ ਕਰਿਆ ਕਰ

                              ਅਜੇ ਵੀ ਸੌਂਕਣੇ ਲੜਦੀ ਐਂ

                              ਲੜ ਲੜ ਗੱਲਾਂ ਕਰਦੀ ਐਂ

                    ਹੁਣ ਲੜ ਸੌਂਕਣੇਂ ਮੈਂ ਤੇਰੇ ਜਿੱਡੀ ਹੋਈ।

ਇੱਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਰਚਨਾਕਾਰ ਆਪਣੇ ਸਮੂਹ ਜਾਂ ਵਰਗ ਦੀ ਗੱਲ ਕਰਦਾ ਹੈ। ਇਸ ਸਮੂਹ ਵਿੱਚ ਉਹ ਆਪ ਵੀ ਸ਼ਾਮਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਨਿੱਜੀ ਭਾਵਨਾਵਾਂ ਨੂੰ ਵਿਸਤਾਰ ਕੇ ਸਮੂਹਿਕ ਬਣਾ ਦਿੱਤਾ ਜਾਂਦਾ ਹੈ। ਜਦੋਂ ਕੋਈ ਔਰਤ ਇਹ ਕਹਿੰਦੀ ਹੈ ਕਿ ‘ਸਾਰਿਆਂ ਵਿੱਚੋਂ ਮੈਂ ਵੇ ਚੰਗੀ ਜਿਹੜੀ ਸੁਣ ਸੁਣ ਕਰਦੀ ਗੁਜਾਰਾ’ ਤਾਂ ਅਸਲ ਵਿੱਚ ਉਹ ਆਪਣਾ ਅਤੇ ਆਪਣੇ ਵਰਗੀਆਂ ਹੋਰ ਔਰਤਾਂ ਦਾ ਪੱਖ ਪੂਰ ਰਹੀ ਹੁੰਦੀ ਹੈ।

          ਔਰਤ ਦਾ ਆਪਣੇ ਪਤੀ ਪ੍ਰਤਿ ਰਵੱਈਆ ਭਾਵੇਂ ਮੋਹ- ਭਿੰਨਾ ਹੈ ਪਰੰਤੂ ਸ਼ਰੀਕੇ ਭਾਈਚਾਰੇ ਦੀਆਂ ਲੜਾਈਆਂ ਵਿੱਚ ਔਰਤ ਉਸ ਨੂੰ ਕੋਸਦੀ ਵੀ ਹੈ। ਸਮਾਜ ਸੱਭਿਆਚਾਰਿਕ ਪ੍ਰਸੰਗ ਵਿੱਚ ਭਾਵੇਂ ਕਿ ਉਹ ਆਪਣੇ ਅਨਜੋੜ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਬੋਲ ਸਕਦੀ ਪਰੰਤੂ ਲੋਕ-ਕਾਵਿ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਔਰਤ ਕਾਲੇ, ਲੰਮੇ, ਅਫ਼ੀਮਚੀ, ਮਧਰੇ ਅਤੇ ਬੁੱਢੇ ਪਤੀ ਨੂੰ ਲੋਕ-ਗੀਤਾਂ ਵਿੱਚ ਰੱਜ ਕੇ ਕੋਸਦੀ ਹੈ। ਸ਼ਾਇਦ ਆਮ ਜੀਵਨ ਵਿੱਚ ਉਹ ਏਨਾ ਕੁਝ ਨਾ ਕਹਿ ਸਕੇ :

                    -        ਨੰਦ ਵੇ ਤੂੰ ਮੋਟਾ ਵੇ ਸੁਣੀਂਦਾ

                              ਮੈਂ ਪਤਲੀ ਪਤੰਗ ਵੇ।

                    -        ਮਾਏ ਨੀ ਮਾਏ ਬੁੱਢਾ ਤੇਰੇ ਹਾਣ ਦਾ

                   ਤੂੰ ਹੀ ਲਾਵਾਂ ਲੈ ਲੈ ਬੁੱਢਾ ਤੇਰੇ ਹਾਣ ਦਾ।

     ਮਰਯਾਦਾ ਮੁਤਾਬਕ ਆਪਣੇ ਮਨਮਰਜ਼ੀ ਦੇ ਰਿਸ਼ਤੇ ਲੱਭਣ ਨੂੰ ਗੁਨਾਹ ਸਮਝਿਆ ਜਾਂਦਾ ਹੈ। ਔਰਤ ਮਰਦ ਦੀਆਂ ਦੱਬੀਆਂ ਭਾਵਨਾਵਾਂ ਜੇਕਰ ਯਥਾਰਥ ਪੱਧਰ ਤੇ ਅਧੂਰੀਆਂ ਰਹਿੰਦੀਆਂ ਹਨ ਤਾਂ ਜ਼ਰੂਰ ਹੀ ਉਹ ਕਵਿਤਾ ਜਾਂ ਗੀਤ ਦਾ ਰੂਪ ਧਾਰਨ ਕਰ ਕੇ ਕਲਪਨਾ ਦੀ ਸੂਖਮ ਪੱਧਰ ਉਜਾਗਰ ਹੁੰਦੀਆਂ ਹਨ। ਸ਼ਾਇਦ ਇਸੇ ਕਰ ਕੇ ਲੋਕ-ਕਾਵਿ ਪ੍ਰੇਮ ਪ੍ਰਸੰਗਾਂ ਨਾਲ ਭਰਿਆ ਹੋਇਆ ਹੈ। ਪਰੰਤੂ ਇੱਕ ਗੱਲ ਜੋ ਲੋਕ-ਕਾਵਿ ਵਿੱਚ ਦੇਖੀ ਜਾ ਸਕਦੀ ਹੈ, ਉਹ ਇਹ ਹੈ ਕਿ ਜਿੱਥੇ ਮਰਦਾਂ ਦੇ ਲੋਕ-ਕਾਵਿ ਵਿੱਚ ਇਹ ਭਾਵਨਾਵਾਂ ਨਿਸੰਗ ਅਤੇ ਫੂਹੜ ਰੂਪ ਵੀ ਧਾਰਨ ਕਰ ਲੈਂਦੀਆਂ ਹਨ, ਉੱਥੇ ਔਰਤਾਂ ਦੁਆਰਾ ਰਚਿਤ ਕਾਵਿ-ਰੂਪ ਵਿੱਚ ਇਹ ਕਿਸੇ ਨਾ ਕਿਸੇ ਓਹਲੇ ਵਿੱਚ ਰੂਪਮਾਨ ਹੁੰਦੀਆਂ ਹਨ। ਕਦੇ ਇਹ ਧਾਰਮਿਕ ਪਾਤਰ ਰਾਧਾ ਕ੍ਰਿਸ਼ਨ ਦੇ ਓਹਲੇ ਵਿੱਚ ਪ੍ਰਗਟ ਹੁੰਦੀਆਂ ਹਨ ਅਤੇ ਕਦੇ ਦੰਤ-ਕਥਾਵਾਂ ਦੇ ਓਹਲੇ ਵਿੱਚ। ਜਿਵੇਂ ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਆਦਿ ਦੰਤ-ਕਥਾਵਾਂ ਦੇ ਰੂਪ ਵਿੱਚ। ਇੱਥੋਂ ਤੱਕ ਕਿ ਪ੍ਰਦੇਸੀ ਪਤੀ ਲਈ ਵੀ ‘ਸ਼ਾਮ’ ਦਾ ਸੰਬੋਧਨ ਕੀਤਾ ਜਾਂਦਾ ਹੈ।

     ਮਹਿੰਦਰ ਸਿੰਘ ਰੰਧਾਵਾ ਤੇ ਦੂਸਰੇ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਲੋਕ-ਗੀਤ ਜਾਂ ਲੋਕ-ਕਾਵਿ ਨੂੰ ਗਾਉਣ ਵਾਲੇ ਰੂਪ ਵਿੱਚ ਹੀ ਪੂਰੇ ਜਲੋਅ ਵਿੱਚ ਜਾਣਿਆ ਜਾ ਸਕਦਾ ਹੈ ਤੇ ਇਸ ਦੇ ਬੋਲਾਂ ਦੀ ਮਿਠਾਸ ਨੂੰ ਅਤੇ ਤਾਲ ਦੀ ਲੈਅ ਨੂੰ ਮਾਣਿਆ ਜਾ ਸਕਦਾ ਹੈ। ਲੋਕ-ਕਾਵਿ ਬਿਨਾਂ ਸਾਜ਼ ਤੋਂ ਵੀ ਗਾਇਆ ਜਾ ਸਕਦਾ ਹੈ। ਢੋਲਕੀ ਜਾਂ ਢੋਲਕ ਦੇ ਤਾਲ ਤੇ ਵੀ ਅਤੇ ਲੋਕ ਸਾਜ਼ਾਂ ਦੀ ਸੰਗਤ ਨਾਲ ਵੀ। ਬਿਨਾਂ ਕਿਸੇ ਸਾਜ਼ ਤੋਂ ਗਾਏ ਜਾਣ ਵਾਲੇ ਪੰਜਾਬੀ ਵਿੱਚ ਲੰਮੇ ਗਾਉਣ ਹਨ, ਜਿਨ੍ਹਾਂ ਵਿੱਚ ਲੋਕ ਮਨ ਦਾ ਦੁਖਾਂਤ ਭਾਵ ਕੀਰਨੇ ਵਰਗੀਆਂ ਲੈਆਂ ਵਿੱਚ ਪ੍ਰਵਾਹਮਾਨ ਹੁੰਦਾ ਹੈ।

          ਲੋਕ-ਗੀਤਾਂ ਦਾ ਬਿੰਬ ਵਿਧਾਨ ਲੋਕ-ਜੀਵਨ ਜਿੰਨਾ ਹੀ ਰੰਗ-ਬਰੰਗਾ ਹੈ। ਜੀਵਨ ਨਾਲ ਜੁੜੀ ਹਰ ਚੀਜ਼ ਨੂੰ ਲੋਕ-ਕਾਵਿ ਬਿੰਬ ਵਿੱਚ ਢਾਲਣ ਦੀ ਸ਼ਕਤੀ ਰੱਖਦਾ ਹੈ। ਘਰੇਲੂ ਵਸਤਾਂ ਤੋਂ ਲੈ ਕੇ ਪ੍ਰਕਿਰਤੀ ਦੀ ਹਰ ਵਸਤੂ ਬਿੰਬ ਵਿੱਚ ਪਰਿਵਰਤਿਤ ਹੋ ਸਕਦੀ ਹੈ। ਇਹੀ ਗੱਲ ਪ੍ਰਤੀਕਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਹੜੀਆਂ ਭਾਵਨਾਵਾਂ ਸਿੱਧੇ ਰੂਪ ਵਿੱਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ, ਉਹ ਪ੍ਰਤੀਕਾਂ ਦਾ ਉਹਲਾ ਲੱਭ ਲੈਂਦੀਆਂ ਹਨ। ਜਿਵੇਂ :

                    -        ਰਸੀਆ ਨਿੰਬੂ ਲਿਆਦੇ ਵੇ, ਮੇਰੇ ਉੱਠੀ ਕਲੇਜੇ ਪੀੜ।

                    -        ਉੱਡ ਜਾਈਂ ਵੇ ਰਾਅ ਤੋਤਿਆ,

                   ਸਾਡੀ ਨਿੰਮ ਦੇ ਡਾਅਲੇ ਪਤਲੇ ਵੇ ਰਾਅ ਤੋਤਿਆ।

     ਜੇਕਰ ਲੋਕ-ਭਾਸ਼ਾ ਦਾ ਨਮੂਨਾ ਠੇਠ ਤੇ ਸਹੀ ਰੂਪ ਵਿੱਚ ਵੇਖਣਾ ਹੋਵੇ ਤਾਂ ਲੋਕ-ਗੀਤਾਂ ਦਾ ਅਧਿਐਨ ਸਭ ਤੋਂ ਮਹੱਤਵਪੂਰਨ ਹੋਵੇਗਾ। ਇਸ ਭਾਸ਼ਾ ਵਿੱਚ ਵਿਗਾੜ ਨੂੰ ਵੀ ਲੋਕਾਂ ਦੀ ਮਨਜ਼ੂਰੀ ਮਿਲੀ ਹੋਈ ਹੁੰਦੀ ਹੈ। ਲਗਾਮ ਨੂੰ ਗ਼ਲਾਮ ਆਦਿ ਗਾਉਣਾ ਲੋਕ-ਕਾਵਿ ਵਿੱਚ ਆਮ ਹੈ। ਕੁਝ ਸ਼ਬਦਾਂ ਦਾ ਅਰਥ ਲੱਭਣ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸ਼ਬਦ ਇੰਜੜਾ, ਆਂਚਲ ਦਾ ਵਿਗੜਿਆ ਹੋਇਆ ਰੂਪ ਹੈ, ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਉਦਾਹਰਨ ਮਿਲ ਸਕਦੇ ਹਨ।

     ਹਰ ਭਾਸ਼ਾ ਦੇ ਲੋਕ-ਕਾਵਿ ਵਾਂਗ ਪੰਜਾਬੀ ਲੋਕ-ਕਾਵਿ ਦੇ ਵੀ ਅਨੇਕਾਂ ਰੂਪ ਹਨ, ਜਿਵੇਂ ਬਿਆਈਆਂ (ਜਨਮ ਸਮੇਂ ਦੇ ਗੀਤ), ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ, ਅਲਾਹੁਣੀਆਂ, ਬਾਰਾਂਮਾਹਾਂ, ਪੈਂਤੀ ਅੱਖਰੀ, ਬਾਵਨ ਅੱਖਰੀ, ਰੁੱਤਾਂ, ਅਠਵਾਰਾ, ਸਤਵਾਰਾ, ਗੰਢਾਂ ਆਦਿ।

     ਜਿਨ੍ਹਾਂ ਰੂਪਾਂ ਵਿੱਚ ਸਮੇਂ, ਸਥਿਤੀ ਅਤੇ ਪ੍ਰਸੰਗ ਮੁਤਾਬਕ ਪਰਿਵਰਤਨ ਹੁੰਦਾ ਰਹਿੰਦਾ ਹੈ, ਉਹਨਾਂ ਲੋਕ-ਗੀਤਾਂ ਨੂੰ ਮੌਖਿਕ (ਪ੍ਰਵਚਨਮੁੱਖ) ਭੇਦ ਕਿਹਾ ਜਾਂਦਾ ਹੈ। ਲਚਕੀਲੇ ਹੋਣ ਕਾਰਨ ਅਜਿਹੇ ਲੋਕ-ਗੀਤ ਰੂਪਾਂ ਵਿੱਚ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਬਿਆਨਦਾ ਹੈ। ਇਸ ਕਰ ਕੇ ਬੋਲੀ, ਕਲੀ, ਭੇਟਾ, ਟੱਪਾ, ਜਿੰਦੂਆ, ਕੀਰਨਾ, ਅਲਾਹੁਣੀ, ਸਿਠਣੀ, ਹੇਅਰਾ, ਛੰਦ, ਪੱਤਲ ਅਤੇ ਝੇੜਾ ਆਦਿ ਖੁੱਲ੍ਹੇ ਰੂਪਾਂ ਵਜੋਂ ਜਾਣੇ ਜਾਂਦੇ ਹਨ। ਕਈ ਲੋਕ- ਗੀਤ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਰੂਪ ਦਾ ਪ੍ਰਬੰਧ ਕੁਝ ਕਠੋਰ ਹੁੰਦਾ ਹੈ। ਭਾਵ ਜਿਨ੍ਹਾਂ ਵਿੱਚ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਬਹੁਤੀ ਰੱਦੋ-ਬਦਲ ਨਹੀਂ ਕਰ ਸਕਦਾ। ਇਸ ਤਰ੍ਹਾਂ ਪ੍ਰਬੰਧ ਕਠੋਰ ਹੋਣ ਕਰ ਕੇ ਅਜਿਹੇ ਲੋਕ-ਗੀਤਾਂ ਨੂੰ ਕਿਰਿਆਤਮਿਕ (ਪਾਠ ਮੁੱਖ) ਭੇਦ ਕਿਹਾ ਜਾਂਦਾ ਹੈ। ਇਸ ਕਰ ਕੇ ਘੋੜੀ, ਸੁਹਾਗ ਅਤੇ ਹੋਰ ਰੀਤਾਂ ਨਾਲ ਸੰਬੰਧਿਤ ਗੀਤ ਬੰਦ ਰੂਪਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਅਜਿਹੇ ਲੋਕ-ਗੀਤਾਂ ਦਾ ਵਿਚਾਰ ਇੱਕ ਖ਼ਾਸ ਭਾਵ ਉੱਤੇ ਟਿਕਿਆ ਰਹਿੰਦਾ ਹੈ ਜਿਸ ਨੂੰ ਪੁਨਰ- ਸਿਰਜਣਾ ਵੇਲੇ ਬਦਲਿਆ ਨਹੀਂ ਜਾ ਸਕਦਾ। ਇਹ ਪਰੰਪਰਿਕ ਚੇਤਨਾ ਨਾਲ ਓਤਪੋਤ ਹੁੰਦੇ ਹਨ। ਇਹਨਾਂ ਵਿੱਚ ਗਾਇਕਾਂ ਅਤੇ ਸਿਰਜਕਾਂ ਦਾ ਬਲ ਦੁਹਰਾਉ ਉੱਤੇ ਹੁੰਦਾ ਹੈ। ਪੰਕਤੀਆਂ ਦਾ ਦੁਹਰਾਉ ਕਰ ਕੇ ਅਰਥਾਤ ਖ਼ਾਸ ਪੰਕਤੀਆਂ ਨੂੰ ਬਾਰ-ਬਾਰ ਗਾ ਕੇ ਲੋਕ-ਗੀਤ ਵਿੱਚ ਸੁਹਜ ਸਿਰਜਿਆ ਜਾਂਦਾ ਹੈ। ਇਸ ਕਰ ਕੇ ਅਜਿਹੇ ਗੀਤਾਂ ਵਿੱਚ ਨਵੀਨ ਪ੍ਰਗਟਾਅ ਵਿਧੀਆਂ ਸ਼ਾਮਲ ਨਹੀਂ ਹੁੰਦੀਆਂ।

ਕੁਝ ਵਿਦਵਾਨਾਂ ਨੇ ਲੋਕ-ਕਾਵਿ ਰੂਪ ਵਿੱਚ ਬੁਝਾਰਤਾਂ, ਅਖਾਣ, ਮੁਹਾਵਰੇ ਤੇ ਸਿਆਣਪ ਦੇ ਟੋਟੇ ਨੂੰ ਵੀ ਸ਼ਾਮਲ ਕਰ ਲਿਆ ਹੈ। ਉਹਨਾਂ ਦਾ ਅਜਿਹਾ ਕਰਨ ਦਾ ਆਧਾਰ ਸਿਰਫ਼ ਤੁੱਕਬੰਦੀ ਹੈ ਜਿਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਲੋਕ-ਸਾਹਿਤ ਦਾ ਬੜਾ ਮਹੱਤਵਪੂਰਨ ਹਿੱਸਾ ਹਨ, ਪਰੰਤੂ ਇਹਨਾਂ ਨੂੰ ਲੋਕ-ਕਾਵਿ ਵਿੱਚ ਸ਼ਾਮਲ ਕਰਨਾ ਲੋਕ-ਕਾਵਿ ਦਾ ਮਖੌਲ ਉਡਾਉਣਾ ਹੈ।


ਲੇਖਕ : ਕਰਮਜੀਤ ਸਿੰਘ, ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.