ਲੋਕ-ਨਾਟ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕ-ਨਾਟ : ਲੋਕ-ਧਾਰਾ ਵਿੱਚ ਲੋਕ-ਸਾਹਿਤ, ਲੋਕ-ਕਲਾਵਾਂ, ਲੋਕ-ਵਿਸ਼ਵਾਸ, ਅਨੁਸ਼ਠਾਨ ਆਦਿ ਖੇਤਰ ਆਉਂਦੇ ਹਨ। ਅੱਗੇ ਲੋਕ-ਕਲਾਵਾਂ ਦੇ ਅੰਤਰਗਤ ਕਈ ਤਰ੍ਹਾਂ ਦੀਆਂ ਕਲਾਵਾਂ ਆਉਂਦੀਆਂ ਹਨ। ਕੁਝ ਉਹ ਕਲਾਵਾਂ ਹਨ, ਜਿਨ੍ਹਾਂ ਦਾ ਸੰਬੰਧ ਕੇਵਲ ਦ੍ਰਿਸ਼ ਨਾਲ ਹੈ। ਭਾਂਡਿਆਂ ਤੇ ਕੋਈ ਕਲਾਕਾਰੀ, ਕੰਧੋਲੀਆ ਤੇ ਬਣੇ ਚਿੱਤਰ, ਫੁਲਕਾਰੀ ਅਤੇ ਕਢਾਈ ਦੇ ਹੋਰ ਨਮੂਨੇ ਅਜਿਹੀਆਂ ਹੀ ਕਲਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੇ ਸੁਹਜ ਨੂੰ ਮਾਣਿਆ ਜਾ ਸਕਦਾ ਹੈ। ਇਸੇ ਪ੍ਰਕਾਰ ਲੋਕ ਗਾਇਕੀ ਅਜਿਹੀ ਕਲਾ ਹੈ, ਜਿਸ ਵਿੱਚ ਕਲਾਕਾਰਾਂ ਨੂੰ ਸੁਣ ਕੇ ਕੰਨ-ਰਸ ਦਾ ਅਨੰਦ ਲਿਆ ਜਾ ਸਕਦਾ ਹੈ। ਇਸੇ ਲੜੀ ਵਿੱਚ ਲੋਕ-ਨਾਟ ਅਜਿਹੀ ਕਲਾ ਹੈ, ਜਿਸ ਵਿੱਚ ਦੇਖਣਾ ਤੇ ਸੁਣਨਾ ਦੋਵੇਂ ਸ਼ਾਮਲ ਹਨ। ਇਹ ਇੱਕ ਖੇਡ-ਕਲਾ ਹੈ, ਜਿਸ ਵਿੱਚ ਇੱਕ ਤੋਂ ਵੱਧ ਕਲਾਕਾਰ ਮਿਲ ਕੇ ਕਿਸੇ ਕਹਾਣੀ ਨੂੰ ਸਟੇਜ ਤੇ ਪੇਸ਼ ਕਰਦੇ ਹਨ।

     ਖੇਡ-ਕਲਾ ਵਜੋਂ ਨਾਟਕ ਦੇ ਦੋ ਰੂਪ ਮੰਨੇ ਜਾਂਦੇ ਹਨ। ਇੱਕ ਵਿਸ਼ਿਸ਼ਟ ਨਾਟਕ ਤੇ ਦੂਜਾ ਲੋਕ ਨਾਟਕ। ਵਿਸ਼ਿਸ਼ਟ ਦੇ ਅੰਤਰਗਤ ਉਹ ਰੰਗ-ਮੰਚ ਆਉਂਦਾ ਹੈ, ਜਿਸ ਵਿੱਚ ਕਿਸੇ ਵਿਸ਼ੇਸ਼ ਲੇਖਕ ਦੁਆਰਾ ਲਿਖੇ ਨਾਟਕ ਨੂੰ ਟਰੇਂਡ ਜਾਂ ਸ਼ੌਕੀਆ ਕਲਾਕਾਰਾਂ ਦੁਆਰਾ ਦਰਸ਼ਕ-ਮੰਡਲੀ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ। ਇਹ ਕਲਾਕਾਰ ਆਮ ਤੌਰ ਤੇ ਪੜ੍ਹੇ ਲਿਖੇ ਵਰਗ ਨਾਲ ਸੰਬੰਧਿਤ ਹੁੰਦੇ ਹਨ। ਦੂਜੇ ਪਾਸੇ ਲੋਕ-ਨਾਟ ਲੋਕ-ਧਾਰਾ ਦੇ ਹੋਰ ਸਰੂਪਾਂ ਵਾਂਗ ਜਨ-ਜੀਵਨ ਵਿੱਚੋਂ ਉੱਭਰਿਆ ਹੁੰਦਾ ਹੈ, ਜਿਸ ਵਿੱਚ ਸੀਨਾ-ਬਸੀਨਾ ਤੁਰੀ ਆਉਂਦੀ ਪਰੰਪਰਾ ਅਧੀਨ ਲੋਕ ਕਲਾਕਾਰ ਮੰਚ ਉੱਤੇ ਕੋਈ ਅਜਿਹੀ ਪੇਸ਼ਕਾਰੀ ਕਰਦੇ ਹਨ ਜੋ ਜਾਂ ਤਾਂ ਕਿਸੇ ਲੋਕ ਪਰੰਪਰਾ ਵਿੱਚ ਚਲੀ ਆ ਰਹੀ ਹੁੰਦੀ ਹੈ ਜਾਂ ਲੋਕ ਕਲਾਕਾਰਾਂ ਵੱਲੋਂ ਤੁਰਤ ਫੁਰਤ ਘੜੀ ਹੁੰਦੀ ਹੈ।

     ਭਾਰਤ ਵਿੱਚ ਬਹੁਤੇ ਲੋਕ-ਨਾਟਕ ਇਸ ਦੀ ਕਿਸੇ ਸਮੇਂ ਪ੍ਰਸਿੱਧ ਰਹੀ ਸੰਸਕ੍ਰਿਤ ਨਾਟ-ਪਰੰਪਰਾ ਦਾ ਵਿਗਠਿਤ ਰੂਪ ਹਨ। ਜਦੋਂ ਕੁਝ ਇਤਿਹਾਸਿਕ ਕਾਰਨਾਂ ਕਰ ਕੇ ਸੰਸਕ੍ਰਿਤ ਨਾਟ-ਸ਼ੈਲੀ ਖੀਣ ਹੋਣੀ ਸ਼ੁਰੂ ਹੋਈ ਤਾਂ ਇਹ ਲੋਕ-ਨਾਟ ਰੂਪਾਂ ਵਿੱਚ ਢਲ ਗਈ। ਇਸੇ ਲਈ ਹਰ ਲੋਕ ਨਾਟਕ ਵਿੱਚ ਸੰਸਕ੍ਰਿਤ ਨਾਟ-ਸ਼ੈਲੀ ਦੇ ਸੂਤਰਧਾਰ, ਨਟ ਨਟੀ, ਵਿਦੂਸ਼ਕ ਆਦਿ ਪਾਤਰ ਨਾਂ ਤੇ ਸਰੂਪ ਬਦਲ ਕੇ ਸ਼ਾਮਲ ਹੋ ਜਾਂਦੇ ਹਨ। ਕਿਤੇ ਹੂ-ਬਹੂ ਇਸੇ ਰੂਪ ਵਿੱਚ ਹਨ ਤੇ ਕਿਤੇ ਬਦਲ ਜਾਂਦੇ ਹਨ। ਇਸੇ ਲਈ ਲੋਕ-ਨਾਟ ਦੀਆਂ ਕਈ ਪ੍ਰਕਾਰ ਦੀਆਂ ਵੰਨਗੀਆਂ ਪ੍ਰਾਪਤ ਹਨ।

     ਬਹੁਤੇ ਲੋਕ-ਨਾਟ ਧਾਰਮਿਕ ਰਸਮਾਂ ਨਾਲ ਜੁੜੇ ਹੁੰਦੇ ਹਨ, ਜਿਵੇਂ ‘ਰਾਮ ਲੀਲ੍ਹਾ’, ‘ਰਾਸ ਲੀਲ੍ਹਾ’, ‘ਸਾਂਗ’ ਆਦਿ। ਕੁਝ ਲੋਕ-ਨਾਟ ਇਤਿਹਾਸ ਦੀਆਂ ਕਹਾਣੀਆਂ ਜਾਂ ਲੋਕ-ਕਹਾਣੀਆਂ ਨਾਲ ਜੁੜੇ ਹੁੰਦੇ ਹਨ, ਜਿਵੇਂ ‘ਪੁਤਲੀ-ਨਾਟ’। ਕੁਝ ਲੋਕ-ਨਾਟ ਸਮਾਜੀ ਜੀਵਨ ਤੇ ਟਿੱਪਣੀਆਂ ਘੜਨ ਦਾ ਕਾਰਜ ਕਰਦੇ ਹਨ ਜਿਵੇਂ ‘ਨਕਲਾਂ’।

     ਸੰਚਾਰ ਦੀ ਦ੍ਰਿਸ਼ਟੀ ਤੋਂ ਵੀ ਲੋਕ-ਨਾਟਾਂ ਵਿੱਚ ਭਿੰਨਤਾ ਹੈ। ਕੁਝ ਲੋਕ-ਨਾਟ ਬਕਾਇਦਾ ਸਟੇਜ਼ ਜਾਂ ਮੰਚ-ਥੜ੍ਹੇ ਤੇ ਪੇਸ਼ ਹੁੰਦੇ ਹਨ, ਜਿਵੇਂ ‘ਰਾਮ ਲੀਲ੍ਹਾ’। ਕੁਝ ਲੋਕ-ਨਾਟ ਕਿਸੇ ਵੀ ਥਾਂ ਨੂੰ ਫੌਰੀ ਤੌਰ ਤੇ ਰੰਗ-ਮੰਚ ਵਜੋਂ ਚਿੱਤਵ ਕੇ ਪੇਸ਼ ਕਰਦੇ ਹਨ ਜਿਵੇਂ ‘ਨਕਲਾਂ’। ਕੁਝ ਲੋਕ-ਨਾਟ ਸਮੂਹਿਕ ਗਤੀਵਿਧੀ ਵਜੋਂ ਹੁੰਦੇ ਹਨ, ਜਿਵੇਂ ‘ਸਾਲ੍ਹ’। ਕੁਝ ਲੋਕ-ਨਾਟਾਂ ਵਿੱਚ ਮਨੁੱਖੀ ਕਲਾਕਾਰ ਮੰਚ ਦੇ ਪਿਛੋਕੜ ਵਿੱਚ ਹੁੰਦਾ ਹੈ ਤੇ ਬੇਜਾਨ ਵਸਤੂਆਂ ਮੰਚ ਉੱਤੇ ਅਦਾਕਾਰੀ ਕਰਦੀਆਂ ਹਨ, ਜਿਵੇਂ ‘ਪੁਤਲੀ-ਨਾਟ’। ਜਿਸ ਵਿੱਚ ਮੰਚ ਉੱਤੇ ਲੱਕੜ/ਕੱਪੜੇ ਦੀਆਂ ਪੁਤਲੀਆਂ ਕਲਾਕਾਰਾਂ ਵਜੋਂ ਵਿਚਰਦੀਆਂ ਹਨ, ਪਰੰਤੂ ਪਿਛੋਕੜ ਵਿੱਚ ਬੈਠਾ ਮਨੁੱਖੀ ਕਲਾਕਾਰ ਆਪਣੇ ਹੱਥ ਵਿੱਚ ਫੜੇ ਧਾਗਿਆਂ ਜਾਂ ਉਂਗਲਾਂ ਦੀਆਂ ਹਰਕਤਾਂ ਨਾਲ ਉਹਨਾਂ ਨੂੰ ਤੋਰ ਰਿਹਾ ਹੁੰਦਾ ਹੈ। ਬੇਜਾਨ ਵਸਤੂਆਂ ਤੋਂ ਮੰਚ-ਸੰਚਾਰ ਕਰਵਾ ਲੈਣਾ ਲੋਕ ਕਲਾਕਾਰਾਂ ਦੀ ਹੀ ਪ੍ਰਾਪਤੀ ਹੋ ਸਕਦੀ ਹੈ।

          ਸਮਾਂ ਪੈਣ ਨਾਲ ਲੋਕ-ਨਾਟ ਲੋਪ ਹੋ ਰਿਹਾ ਹੈ, ਪਰੰਤੂ ਕਿਤੇ ਜਨ ਮਾਨਸ ਵਿੱਚ ਅੱਜੇ ਵੀ ਲੋਕ-ਨਾਟ ਰੂਪ ਪ੍ਰਚਲਿਤ ਹਨ। ਇਸ ਤੋਂ ਇਲਾਵਾ ਸੱਭਿਆਚਾਰਿਕ ਅਦਾਰਿਆਂ ਅਤੇ ਯੂਨੀਵਰਸਿਟੀਆਂ, ਕਾਲਜਾਂ ਆਦਿ ਜਿਹੇ ਵਿੱਦਿਅਕ ਅਦਾਰਿਆਂ ਵੱਲੋਂ ਇਸ ਦੀ ਸਾਂਭ-ਸੰਭਾਲ ਅਤੇ ਪੁਨਰ- ਉਥਾਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਹੁਤ ਸਾਰਾ ਲੋਕ-ਨਾਟ ਵਿਸ਼ਿਸ਼ਟ ਰੰਗ-ਮੰਚ, ਟੀ.ਵੀ. ਤੇ ਫ਼ਿਲਮਾਂ ਦਾ ਹਿੱਸਾ ਵੀ ਬਣ ਰਿਹਾ ਹੈ। ਪੰਜਾਬ ਦੇ ਕਈ ਨਾਟਕਕਾਰਾਂ ਤੇ ਰੰਗਕਰਮੀਆਂ ਨੇ ਲੋਕ-ਨਾਟ ਵੰਨਗੀਆਂ ਨੂੰ ਆਪਣੇ ਨਾਟਕਾਂ ਅਤੇ ਪੇਸ਼ਕਾਰੀਆਂ ਦਾ ਹਿੱਸਾ ਵੀ ਬਣਾਇਆ ਹੈ। ਇੱਕ ਪਾਸੇ ਲੋਕ-ਨਾਟ ਸ਼ੁੱਧ ਰੂਪ ਵਿੱਚ ਵੀ ਜੀਵਿਤ ਹੈ ਤੇ ਦੂਜੇ ਪਾਸੇ ਆਪਣੇ ਬਦਲੇ ਹੋਏ ਰੂਪਾਂ ਵਿੱਚ ਵੀ ਕਾਇਮ ਹੈ। ਇਹੀ ਇਸ ਗਤੀਸ਼ੀਲ ਵਰਤਾਰੇ ਦੀ ਖ਼ਾਸੀਅਤ ਹੈ।


ਲੇਖਕ : ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.