ਵਚਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਚਨ : ਵਿਆਕਰਨ ਦੇ ਖੇਤਰ ਵਿੱਚ ‘ਵਚਨ` ਇੱਕ ਅਜਿਹੀ ਵਿਆਕਰਨਿਕ ਸ਼੍ਰੇਣੀ ਹੈ ਜਿਸ ਦਾ ਸੰਬੰਧ ਨਾਂਵ ਸ਼ਬਦਾਂ ਦੀ ਗਿਣਤੀ ਨਾਲ ਜੁੜਦਾ ਹੈ। ‘ਵਚਨ` ਤੋਂ ਵਾਕ ਵਿੱਚ ਵਰਤੇ ਨਾਂਵ ਸ਼ਬਦ ਦੀ ਗਿਣਤੀ ਦੇ ਵਰਗ ਇੱਕ ਜਾਂ ਇੱਕ ਤੋਂ ਵਧੇਰੇ ਹੋਣ ਦਾ ਪਤਾ ਲੱਗਦਾ ਹੈ। ਇਸੇ ਆਧਾਰ ਤੇ ਹੀ ਵਿਆਕਰਨ ਵਿੱਚ ਨਾਂਵ ਦੇ ਰੂਪਾਂ ਦੀ ਵੰਡ ਇੱਕ ਵਚਨ ਅਤੇ ਬਹੁਵਚਨ ਦੇ ਵਰਗਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬੀ ਦੀ ਪੂਰਵਜ ਵੈਦਿਕ ਸੰਸਕ੍ਰਿਤ ਵਿੱਚ ਤਿੰਨ ਵਚਨ ਸਨ-ਇੱਕਵਚਨ, ਦੋ ਵਚਨ ਅਤੇ ਬਹੁਵਚਨ। ਪਰ ਆਧੁਨਿਕ ਆਰੀਆ ਭਾਸ਼ਾਵਾਂ ਤੱਕ ਆਉਂਦਿਆਂ ਵਚਨ ਕੇਵਲ ਦੋ ਹੀ ਰਹਿ ਗਏ ਹਨ। ਪੰਜਾਬੀ ਭਾਸ਼ਾ ਵਿੱਚ ਦੋ ਵਚਨ ਹਨ-ਇੱਕਵਚਨ (singular) ਅਤੇ ਬਹੁਵਚਨ (plural) ਜਿਵੇਂ ਘੋੜਾ (ਇੱਕਵਚਨ)-ਘੋੜੇ (ਬਹੁਵਚਨ)। ਨਾਂਵ ਦਾ ਇੱਕ ਵਚਨੀ ਰੂਪ ਉਹ ਹੈ ਜਿਸ ਤੋਂ ਕਿਸੇ ਪ੍ਰਾਣੀ, ਵਸਤੂ, ਭਾਵ ਜਾਂ ਸਮੂਹ ਦੇ ਇੱਕ ਹੋਣ ਦਾ ਪਤਾ ਲੱਗੇ ਅਤੇ ਬਹੁਵਚਨ ਉੱਥੇ ਹੁੰਦਾ ਹੈ ਜਿੱਥੇ ਨਾਂਵ ਤੋਂ ਕਿਸੇ ਪ੍ਰਾਣੀ, ਸਮੂਹ ਭਾਵ ਜਾਂ ਵਸਤੂ ਦੇ ਇੱਕ ਤੋਂ ਵਧੇਰੇ ਹੋਣ ਦਾ ਬੋਧ ਹੋਵੇ।‘ਵਚਨ` ਦਾ ਸੰਬੰਧ ਨਾਂਵ ਸ਼ਬਦਾਂ ਦੀ ਗਿਣਤੀ ਨਾਲ ਤਾਂ ਹੈ ਹੀ, ਇਹ ਵਾਕ ਵਿੱਚ ਨਾਂਵ ਸ਼ਬਦਾਂ ਦਾ ਬਾਕੀ ਸ਼ਬਦਾਂ ਨਾਲ ਸੰਬੰਧ ਵੀ ਸਥਾਪਿਤ ਕਰਦਾ ਹੈ ਜਿਸ ਕਾਰਨ ਇਸ ਦੀਆਂ ਦੋ ਸਥਿਤੀਆਂ ਵਿਚਾਰਨਯੋਗ ਹੋ ਜਾਂਦੀਆਂ ਹਨ। ਪਹਿਲੀ ਸਥਿਤੀ ਉਹ ਹੈ, ਜਿਥੇ ਨਾਂਵ ਸ਼ਬਦਾਂ ਦੇ ਪਿੱਛੇ ਕੋਈ ਸੰਬੰਧਕ ਨਹੀਂ ਵਰਤਿਆ ਜਾਂਦਾ ਜਿਸ ਨੂੰ ਸਧਾਰਨ ਅਵਸਥਾ ਕਿਹਾ ਜਾਂਦਾ ਹੈ ਅਤੇ ਦੂਸਰੀ ਅਵਸਥਾ ਉਹ ਹੈ ਜਿੱਥੇ ਨਾਂਵ ਸ਼ਬਦਾਂ ਦੇ ਮਗਰੋਂ ਸੰਬੰਧਕ ਵਰਤਿਆ ਜਾਂਦਾ ਹੋਵੇ ਉਸ ਅਵਸਥਾ ਨੂੰ ਸੰਬੰਧਕੀ ਅਵਸਥਾ ਕਿਹਾ ਜਾਂਦਾ ਹੈ। ‘ਵਚਨ` ਸੰਬੰਧੀ ਹੇਠ ਲਿਖੇ ਨੁਕਤੇ ਵਿਚਾਰਨਯੋਗ ਹਨ।

     ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਖ਼ਾਸ ਨਾਂਵ ਜਾਂ ਨਿੱਜੀ ਨਾਂਵਾਂ ਦਾ ਬਹੁਵਚਨ ਨਹੀਂ ਬਣਦਾ। ਬਾਕੀ ਨਾਂਵਾਂ ਵਿੱਚੋਂ ਵੀ ਸਿਰਫ਼ ਉਹਨਾਂ ਦਾ ਬਹੁਵਚਨ ਬਣਦਾ ਹੈ ਜਿਹੜੇ ਕਿਸੇ ਗਿਣੀ ਜਾਣ ਵਾਲੀ ਵਸਤੂ ਦੇ ਨਾਂਵ ਹੋਣ, ਜਿਵੇਂ ਆਦਮੀ, ਘੋੜਾ, ਮੇਜ਼, ਕੁਰਸੀ, ਪਜਾਮਾ, ਮੰਜਾ ਆਦਿ। ਇਸੇ ਤਰ੍ਹਾਂ ਨਾ ਗਿਣੇ ਜਾਣ ਵਾਲੇ ਨਾਂਵਾਂ ਦਾ ਬਹੁਵਚਨ ਨਹੀਂ ਬਣਦਾ ਜਿਵੇਂ ਸੋਨਾ, ਰੇਤ, ਆਟਾ, ਸੱਚ, ਝੂਠ ਆਦਿ। ਕੇਵਲ ਵਿਸ਼ੇਸ਼ ਹਾਲਤਾਂ ਵਿੱਚ ਹੀ ਜਾਂ ਅਲੰਕਾਰਿਕ ਵਰਤੋਂ ਵਿੱਚ ਬਹੁਵਚਨ ਬਣ ਸਕਦਾ ਹੈ। ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਅਜਿਹੇ ਨਾਂਵ ਸ਼ਬਦ ਹਨ ਜਿਨ੍ਹਾਂ ਦੀ ਵਰਤੋਂ ਬਹੁਵਚਨ ਵਿੱਚ ਹੀ ਹੁੰਦੀ ਹੈ ਜਿਵੇਂ ਤਿਲ, ਛੋਲੇ, ਮਾਂਹ, ਮੋਠ ਆਦਿ। ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹਨ ਜੋ ਕੇਵਲ ਇੱਕਵਚਨ ਵਿੱਚ ਹੀ ਵਰਤੇ ਜਾਂਦੇ ਹਨ ਜਿਵੇਂ ‘ਉਲਟ` ਆਦਿ।

     ਪੰਜਾਬੀ ਭਾਸ਼ਾ ਦੇ ਇਸਤਰੀ ਲਿੰਗ ਨਾਂਵਾਂ ਦਾ ਵਚਨ ਤਾਂ ਸ਼ਬਦ ਤੋਂ ਹੀ ਜਾਣਿਆ ਜਾ ਸਕਦਾ ਹੈ ਜਿਵੇਂ ਕਿਤਾਬ, ਕੁੜੀ, ਔਰਤ, ਭਾਸ਼ਾ, ਹਵਾ, ਕੁਰਸੀ ਆਦਿ ਸ਼ਬਦ ਇੱਕਵਚਨ ਅਤੇ ਕਿਤਾਬਾਂ, ਕੁੜੀਆਂ, ਔਰਤਾਂ, ਭਾਸ਼ਾਵਾਂ, ਹਵਾਵਾਂ, ਕੁਰਸੀਆਂ ਆਦਿ ਬਹੁਵਚਨ ਹਨ। ਪਰੰਤੂ ਪੰਜਾਬੀ ਭਾਸ਼ਾ ਦੇ ਪੁਲਿੰਗ ਨਾਂਵਾਂ ਦੇ ਵਚਨ ਦਾ ਪਤਾ ਪ੍ਰਸੰਗ ਅਰਥਾਤ ਵਾਕ ਵਿੱਚ ਵਰਤੋਂ ਤੋਂ ਬਿਨਾਂ ਨਹੀਂ ਲੱਗਦਾ। ਜਿਵੇਂ ਮੁੰਡਾ ਰੋਟੀ ਖਾ ਰਿਹਾ ਹੈ ਵਾਕ ਵਿੱਚ ‘ਮੁੰਡਾ` ਇੱਕਵਚਨ ਹੈ ਅਤੇ ਮੁੰਡੇ ਰੋਟੀ ਖਾ ਰਹੇ ਹਨ ਵਾਕ ਵਿੱਚ ‘ਮੁੰਡੇ` ਬਹੁਵਚਨ ਹੈ। ਪਰੰਤੂ ਮੁੰਡੇ ਨੇ ਰੋਟੀ ਖਾਧੀ ਵਾਕ ਵਿੱਚ ‘ਮੁੰਡੇ` ਦਾ ਰੂਪ ਬਹੁਵਚਨ ਵਾਲਾ ਹੈ ਪਰੰਤੂ ਹੈ ਇਹ ਇੱਕਵਚਨ। ਇਸ ਨੂੰ ਨਾਂਵ ਦੇ ਸੰਬੰਧਕ ਦਾ ਅਧਿਕਾਰ ਕਿਹਾ ਜਾਂਦਾ ਹੈ ਜਿਸ ਕਾਰਨ ਇੱਕਵਚਨ ਵਿੱਚ ਰੂਪ-ਆ ਅੰਤਿਕ ਪੁਲਿੰਗ ਨਾਂਵਾਂ ਦਾ-ਏ ਅੰਤਿਕ ਹੋ ਜਾਂਦਾ ਹੈ। ‘ਵਚਨ` ਦੇ ਆਧਾਰ ਤੇ ਸਮੁੱਚੇ ਨਾਂਵ ਸ਼ਬਦਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ:

     1. -ਆ ਅੰਤਿਕ ਪੁਲਿੰਗ ਨਾਂਵ : ਮੁੰਡਾ, ਲੜਕਾ, ਸੋਟਾ, ਘੋਟਾ, ਬੰਦਾ, ਕਮਰਾ ਆਦਿ ਜਿਨ੍ਹਾਂ ਦੇ ਅੰਤ ਤੇ -ਆ ਉਚਾਰਿਆ ਜਾਂਦਾ ਹੈ ਇਹਨਾਂ ਦੇ ਸੰਬੰਧਕੀ ਰੂਪ ਤੇ ਸਧਾਰਨ ਰੂਪ ਵਿੱਚ ਵਚਨ ਦੇ ਇੱਕੋ ਜਿਹੇ ਰਹਿੰਦੇ ਹਨ ਜਦੋਂ ਕਿ ਸਧਾਰਨ ਬਹੁਵਚਨ ਰੂਪ -ਏ ਅੰਤਿਕ ਅਤੇ ਸਬੰਧੀ ਬਹੁਵਚਨੀ ਰੂਪ -ਇਆ ਅੰਤਿਕ ਹੋ ਜਾਂਦਾ ਹੈ।

     2. -ਆ ਅੰਤਿਕ ਪੁਲਿੰਗ ਨਾਂਵਾਂ ਨੂੰ ਛੱਡ ਕੇ ਬਾਕੀ ਪੁਲਿੰਗ ਜਿਸ ਵਿੱਚ -ਈ ਅੰਤਿਕ ਪੁਲਿੰਗ (ਹਾਥੀ, ਮੋਚੀ), -ਊ ਅੰਤਿਕ (ਗੁਰੂ) ਔ ਅੰਤਿਕ (ਜੌਂ ਆਦਿ) ਵਿਅੰਜਨ ਅੰਤਿਕ (ਘਰ, ਮੇਜ਼) ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹੇ ਸ਼ਬਦਾਂ ਦੇ ਸਧਾਰਨ ਇੱਕਵਚਨ ਰੂਪ, ਸਧਾਰਨ ਬਹੁਵਚਨ ਰੂਪ ਤੇ ਸੰਬੰਧਕੀ ਇੱਕਵਚਨ ਰੂਪ ਇੱਕੋ ਜਿਹੇ ਰਹਿੰਦੇ ਹਨ ਪਰੰਤੂ ਸੰਬੰਧਕੀ ਬਹੁਵਚਨੀ ਰੂਪ -ਈਆ/ਆ ਅੰਤਿਕ ਹੋ ਜਾਂਦਾ ਹੈ।

     3. ਤੀਸਰੀ ਸ਼੍ਰੇਣੀ ਵਿੱਚ ਸਮੁੱਚੇ ਇਸਤਰੀ ਲਿੰਗ ਨਾਂਵ ਸ਼ਬਦਾਂ ਨੂੰ ਰੱਖਿਆ ਗਿਆ ਹੈ।

ਵਚਨ ਦਾ ਸੰਬੰਧ ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ- ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਨਾਲ ਵੀ ਹੈ। ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਦਾ ਰੂਪ ਨਾਂਵ ਸ਼ਬਦਾਂ ਦੇ ਵਚਨ ਅਨੁਸਾਰ ਹੀ ਬਦਲਦਾ ਹੈ ਜਿਵੇਂ ਕਿ ਕ੍ਰਮਵਾਰ ਮੇਰਾ-ਮੇਰੇ, ਚੰਗਾ-ਚੰਗੇ, ਖੇਡਦਾ-ਖੇਡਦੇ ਵਿੱਚ ਹੈ।


ਲੇਖਕ : ਕੰਵਲਜੀਤ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 32749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਚਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਚਨ: ਵਚਨ ਇਕ ਵਿਆਕਰਨਕ ਸ਼ਰੇਣੀ ਹੈ। ਪੰਜਾਬੀ ਦੇ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਸਬੰਧ-ਸੂਚਕ ਸਬੰਧਕਾਂ ਤੇ ਵਚਨ ਦਾ ਰੂਪਾਂਤਰਨ ਹੁੰਦਾ ਹੈ। ਇਨ੍ਹਾਂ ਵਿਚ ਹਰ ਇਕ ਸ਼ਬਦ-ਸ਼ਰੇਣੀ ਦਾ ਕੋਈ ਨਾ ਕੋਈ ਵਚਨ ਹੁੰਦਾ ਹੈ। ਕਿਰਿਆ ਤੋਂ ਨਾਂਵ ਦੇ ਵਚਨ ਦਾ ਪਤਾ ਚਲਦਾ ਹੈ ਭਾਵ ਵਚਨ ਕਿਰਿਆ ’ਤੇ ਮਾਰਕ ਹੋਣ ਵਾਲੀ ਸ਼ਰੇਣੀ ਹੈ। ਵਾਕਾਤਮਕ ਬਣਤਰਾਂ ਵਿਚ ਨਾਂਵ ਜਾਂ ਇਸ ਦੀ ਥਾਂ ਜਾਂ ਇਸ ਦੇ ਨਾਲ ਵਿਚਰਨ ਵਾਲੇ ਸ਼ਬਦ ਰੂਪਾਂ ’ਤੇ ਇਸ ਦਾ ਪਰਭਾਵ ਪੈਂਦਾ ਹੈ, ਜਿਵੇਂ : ‘ਮੋਟਾ’ ਵਿਸ਼ੇਸ਼ਣ ਤੋਂ ਪਤਾ ਚਲਦਾ ਹੈ ਕਿ ਇਸ ਤੋਂ ਪਿਛੋਂ ਆਉਣ ਵਾਲਾ ਨਾਂਵ ਇਕ ਵਚਨ-ਸੂਚਕ ਵਾਲਾ ਅੰਤਕ ਹੋਵੇਗਾ,ਜਿਵੇਂ: ‘ਮੋਟਾ ਆਦਮੀ।’ ਵਚਨ ਇਕ ਵਿਆਕਰਨਕ ਸ਼ਰੇਣੀ ਹੈ ਇਸ ਦਾ ਗਿਣਤੀ ਨਾਲ ਕੋਈ ਸਿੱਧਾ ਸਬੰਧ ਨਹੀਂ। ਕਈ ਵਾਰ ਵਿਆਕਰਨਕ ਵਚਨ ਅਤੇ ਗਿਣਤੀ ਨੂੰ ਇਕ ਹੀ ਸਮਝ ਲਿਆ ਜਾਂਦਾ ਹੈ ਪਰ ਇਹ ਧਾਰਨਾ ਗੈਰ-ਵਿਗਿਆਨਕ ਹੈ। ਹਰ ਭਾਸ਼ਾ ਲਈ ਸ਼ਬਦਾਵਲੀ ਨੂੰ ਵਚਨ ਦੇ ਪੱਖ ਤੋਂ ਵਰਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਪੰਜਾਬੀ ਵਿਚ ਵਚਨ ਦੀ ਗਿਣਤੀ ਦੋ ਹੈ : ਇਕ ਵਚਨ ਅਤੇ ਬਹੁਵਚਨ। ਪਰ ਸੰਸਕ੍ਰਿਤ ਵਿਚ ਇਸ ਦੀ ਗਿਣਤੀ ਤਿੰਨ ਹੈ : ਇਕ ਵਚਨ, ਦੋ ਵਚਨ ਅਤੇ ਬਹੁ ਵਚਨ। ਇਸ ਤੋਂ ਇਲਾਵਾ ਵਚਨ ਨੂੰ ਇਕ ਤੋਂ ਲੈ ਕੇ ਚਾਰ ਵਰਗਾਂ ਵਿਚ (ਇਕ ਵਚਨ, ਦੋ ਵਚਨ, ਤਿੰਨ ਵਚਨ ਅਤੇ ਬਹੁ ਵਚਨ) ਵਿਚ ਵੰਡਿਆ ਜਾਂਦਾ ਹੈ। ਜੇ ਗਿਣਤੀ ਅਤੇ ਵਚਨ ਦਾ ਸਿਧਾ ਸਬੰਧ ਹੁੰਦਾ ਤਾਂ ਹਰ ਇਕ ਭਾਸ਼ਾ ਵਿਚਲਾ ਵਚਨ ਪਰਬੰਧ ਇਕੋ ਜਿਹਾ ਹੋਣਾ ਚਾਹੀਦਾ ਸੀ ਪਰੰਤੂ ਹਰ ਭਾਸ਼ਾ ਦਾ ਵਚਨ ਪਰਬੰਧ ਭਿੰਨ ਹੈ। ਪੰਜਾਬੀ ਵਿਚ ਆਮ ਤੌਰ ਤੇ ਇਕ ਵਸਤੂ ਲਈ ਇਕ ਵਚਨ ਸ਼ਬਦ ਦੀ ਵਰਤੋਂ ਹੁੰਦੀ ਹੈ, ਜਿਵੇਂ : ‘ਘਰ, ਕੋਠਾ, ਖੇਤ, ਬੱਚਾ।’ ਇਸ ਤੋਂ ਉਲਟ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਸ਼ਬਦ ਇਸ ਭਾਂਤ ਦੇ ਹਨ ਜਿਨ੍ਹਾਂ ਵਿਚ ਨਗਾਂ ਦੀ ਗਿਣਤੀ ਦੀ ਭਰਮਾਰ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਕ ਵਚਨ ਸ਼ਬਦਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ, ਜਿਵੇਂ : ‘ਇੱਜੜ, ਝੁੰਡ, ਬਾਗ, ਬੋਹਲ, ਟੱਬਰ, ਡਾਰ, ਫੌਜ, ਟੋਲਾ, ਢੇਰ’। ਇਨ੍ਹਾਂ ਸ਼ਬਦਾਂ ਦੇ ਬਹੁਵਚਨ ਰੂਪ ਇਸ ਪਰਕਾਰ ਬਣਦੇ ਹਨ, ਜਿਵੇਂ : ‘ਇੱਜੜਾਂ, ਝੁੰਡਾਂ, ਬਾਗਾਂ, ਬੋਹਲਾਂ, ਟੱਬਰਾਂ, ਡਾਰਾਂ, ਫੌਜਾਂ, ਟੋਲੇ ਅਤੇ ਢੇਰਾਂ’। ਇਸ ਤੱਥ ਤੋਂ ਪਤਾ ਚਲਦਾ ਹੈ ਕਿ ਵਚਨ ਦਾ ਗਿਣਤੀ ਨਾਲ ਕੋਈ ਸਿਧਾ ਸਬੰਧ ਨਹੀਂ।

         ਰੂਪ ਦੇ ਪੱਖ ਤੋਂ (-ਆ) ਅੰਤਕ ਪੁਲਿੰਗ ਸ਼ਬਦ ਇਕ ਵਚਨ-ਸੂਚਕ ਹੁੰਦੇ ਹਨ, ਜਿਵੇਂ : ‘ਸੋਟਾ, ਖੋਤਾ, ਰੱਸਾ, ਰੰਡਾ’ ਅਤੇ ਇਨ੍ਹਾਂ ਨੂੰ ਬਹੁਵਚਨ ਵਿਚ ਬਦਲਣ ਲਈ (-ਏ) ਅੰਤਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ‘ਸੋਟੇ, ਖੋਤੇ, ਰੱਸੇ, ਰੰਡੇ’। ਇਹ ਰੂਪ ਬਹੁਵਚਨ ਲਈ ਤਾਂ ਵਰਤੇ ਜਾਂਦੇ ਹਨ ਜੇਕਰ ਇਹ ਸਧਾਰਨ ਕਾਰਕੀ ਰੂਪ ਵਿਚ ਵਿਚਰਨ। ਪਰ ਜੇ ਇਹ ਸਬੰਧਕੀ ਰੂਪ ਵਿਚ ਵਿਚਰਨ ਤਾਂ ਇਹ ਰੂਪ ਇਕ ਵਚਨ ਦੇ ਸੂਚਕ ਹੁੰਦੇ ਹਨ ਜਿਵੇਂ : ‘ਸੋਟੇ ਨਾਲ, ਖੋਤੇ ਨੂੰ, ਰੱਸੇ ਨਾਲ, ਰੰਡੇ ਤੋਂ’। (-ਆ) ਅੰਤਕ ਇਕ ਵਚਨ ਇਸਤਰੀ ਲਿੰਗ ਰੂਪੀ ਸ਼ਬਦਾਂ ਦਾ ਬਹੁਵਚਨੀ ਰੂਪ (-ਵਾਂ) ਅੰਤਕ ਹੁੰਦਾ ਹੈ ਜਿਵੇਂ : ‘ਗਾਂ-ਗਾਵਾਂ, ਮਾ-ਮਾਵਾਂ, ਥਾਂ-ਥਾਵਾਂ’ ਅਤੇ ਇਸ ਤੋਂ ਇਲਾਵਾ ਬਾਕੀ ਸਾਰੇ ਇਕ ਵਚਨ ਇਸਤਰੀ ਲਿੰਗ ਸ਼ਬਦਾਂ ਦਾ ਬਹੁਵਚਨੀ ਰੂਪ (-ਆਂ) ਅੰਤਕ ਹੁੰਦਾ ਹੈ ਜਿਵੇਂ : ‘ਕੁੜੀ-ਕੁੜੀਆਂ, ਮਾਲਣ-ਮਾਲਣਾਂ, ਭੈਣ-ਭੈਣਾਂ, ਰੇਲ-ਰੇਲਾਂ’ ਆਦਿ। ਪੰਜਾਬੀ ਵਿਚ ਕੁਝ ਸ਼ਬਦ (ਨਾਂਵ) ਅਜਿਹੇ ਹਨ ਜਿਨ੍ਹਾਂ ਦਾ ਇਕ ਵਚਨ ਅਤੇ ਬਹੁਵਚਨ ਰੂਪ ਇਕ ਹੀ ਹੁੰਦਾ ਹੈ ਜਿਵੇਂ : ‘ਹਾਥੀ ਆਇਆ-ਹਾਥੀ ਆਏ, ਸੇਬ ਖਾਧਾ-ਸੇਬ ਖਾਧੇ, ਠੱਗ ਆਇਆ-ਠੱਗ ਆਏ’। ਪੁਰਖ ਵਾਚੀ ਪੜਨਾਵਾਂ ਦਾ ਵਚਨ ਭੇਦ ਇਸ ਪਰਕਾਰ ਹੁੰਦਾ ਹੈ, ਜਿਵੇਂ : ਮੈਂ-ਅਸੀਂ\ ਮੈਨੂੰ, ਮੇਰਾ, ਮੈਥੋਂ-ਸਾਨੂੰ, \ਸਾਡਾ\ਤੁਹਾਡਾ, ਤੂੰ-ਤੁਸੀਂ, ਤੈਨੂੰ, \ਤੇਰਾ\, ਤੈਥੋਂ-ਤੁਹਾਨੂੰ, \ਤੁਹਾਡਾ\, ਤੁਹਾਥੋਂ’ ਆਦਿ।

        ਨਾਂਵ ਜਾਂ ਨਾਂਵ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦਾ ਕਿਰਿਆ ਨਾਲ ਵਿਆਕਰਨਕ ਮੇਲ ਹੁੰਦਾ ਹੈ। ਇਸ ਮੇਲ ਵਿਚ ਕਿਰਿਆ ਦੇ ਰੂਪ ਨਾਂਵ ਲਿੰਗ, ਵਚਨ ਅਤੇ ਕਾਰਕ ਅਨੁਸਾਰ ਵਿਚਰਦੇ ਹਨ, ਜਿਵੇਂ : ‘ਮੁੰਡਾ ਚਾਹ ਪੀਂਦਾ ਹੈ।’ ਮੁੰਡਾ ਤੇ ਪੀਂਦਾ ਇਕ ਵਚਨ ਪੁਲਿੰਗ ਦੇ ਸੂਚਕ ਹਨ ਪਰ ਇਹ ਵਰਤਾਰਾ ਪੰਜਾਬੀ ਦੇ ਆਦਰ-ਬੋਧਕ ਵਾਕਾਂ ਉਤੇ ਨਹੀਂ ਵਾਪਰਦਾ। ਆਦਰ-ਬੋਧਕ ਵਾਕਾਂ ਵਿਚ ਕਰਤਾ ਭਾਵੇਂ ਇਕ ਵਚਨ-ਸੂਚਕ ਹੋਵੇ ਜਾਂ ਬਹੁਵਚਨ-ਸੂਚਕ ਹੋਵੇ ਕਿਰਿਆ ਹਮੇਸ਼ਾ ਬਹੁਵਚਨ-ਸੂਚਕ ਹੁੰਦੀ ਹੈ ਜਿਵੇਂ : ‘ਮੇਰੇ ਦਾਦਾ ਜੀ ਆਏ ਹਨ’ (ਮੇਰਾ ਦਾਦਾ ਆਇਆ ਹੈ) ‘ਦਾਦਾ’ ਇਕਵਚਨ-ਸੂਚਕ ਹੈ ਪਰ ‘ਆਏ’ ਬਹੁਵਚਨ-ਸੂਚਕ ਕਿਰਿਆ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 32705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਚਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਚਨ [ਨਾਂਪੁ] ਵੇਖੋ ਬਚਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਚਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਚਨ ਸਤਿਕਾਰਿਤ ਬੋਲ , ਅਟਲ ਵਾਕ , ਆਦੇਸ਼ , ਹੁਕਮ , ਉਪਦੇਸ਼- ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਵੇਖੋ ਬਚਨ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Sir I want to copy of this page for a authentic proof for ਬਹੁਵਚਨ ਮਾਲਣ ਸ਼ਬਦ


Harbans singh, ( 2018/05/12 10:2205)


Harbans singh, ( 2018/05/19 03:1231)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.