ਵਾਯੂਮੰਡਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Atmosphere (ਐਟਮਅਸਫ਼ਿਅ*) ਵਾਯੂਮੰਡਲ: ਧਰਤੀ ਦੇ ਆਲੇ-ਦੁਆਲੇ ਫੈਲਿਆ ਰੰਗ-ਰਹਿਤ, ਸਵਾਦ ਰਹਿਤ ਅਤੇ ਸੁਗੰਧ ਰਹਿਤ ਗੈਸਾਂ ਦਾ ਗੁਬਾਰਾ। ਇਸ ਵਿੱਚ ਮੁੱਖ ਗੈਸਾਂ ਨਾਈਟਰੋਜਨ (nitrogen), ਆਕਸੀਜਨ (oxygen), ਆਰਗਨ (argon) ਅਤੇ ਕਾਰਬਨਡਾਇ ਆਕਸਾਇਡ (carbon dioxide) ਕ੍ਰਮਵਾਰ 78.08, 20.95, 0.93 ਅਤੇ 0.03 ਫ਼ੀਸਦੀ ਹਨ। ਬਾਕੀ ਦੀਆਂ ਨਾਂ-ਮਾਤਰ ਗੈਸਾਂ ਨਿਊਨ (neon), ਕਰਿਪਟਨ (krypton), ਹੀਲੀਅਮ (helium), ਮੀਥੇਇਨ (methane), ਜ਼ੀਨੌਨ (xenon), ਉਜ਼ੋਨ (ozone), ਹਾਇਡਰੋਜਨ (hydrogen), ਆਦਿ ਹਨ। ਜਲ-ਵਾਸ਼ਪ ਸਮੇਤ 0-4 ਫ਼ੀਸਦੀ ਤੱਕ ਹਨ। ਤਾਪਮਾਨ ਦੇ ਆਧਾਰ ਤੇ ਵਾਯੂਮੰਡਲ ਕਈ ਤਹਿਆਂ ਵਿੱਚ ਵੰਡਿਆ ਹੋਇਆ ਹੈ (Fig. A-18)। ਟਰੋਪੋਮੰਡਲ (troposphere), ਟਰੋਪੇ ਸੀਮਾ (tropo-pause), ਸਟਰੇਰਟੋ ਮੰਡਲ (stratosphere), ਸਟਰੇਟੋ ਸੀਮਾਂ (str-

atospause), ਮੀਸੋ ਮੰਡਲ (mesophere), ਮੀਸੋ ਸੀਮਾਂ (meso-pause), ਉਜੋਨ ਮੰਡਲ (ozone sphere), ਆਇਨੋ ਮੰਡਲ (iono-sphere), ਆਦਿ। ਪੌਣ-ਪਾਣੀ ਤੇ ਪ੍ਰਭਾਵ ਪਾਉਣ ਵਾਲੀ ਤਹਿ ਜ਼ਮੀਨ ਤੋਂ 10-15 ਕਿਲੋਮੀਟਰ ਦੀ ਉਚਾਈ ਤੱਕ ਹੀ ਸੀਮਿਤ ਹੈ।

 

 


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਾਯੂਮੰਡਲ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਾਯੂਮੰਡਲ : ਵਾਯੂਮੰਡਲ ਜਿਸ ਵਿੱਚ ਕਈ ਗੈਸਾਂ, ਜਲਵਾਸ਼ਪ ਅਤੇ ਧੂੜ ਦੇ ਕਣ ਹੁੰਦੇ ਹਨ ਨੇ ਪ੍ਰਿਥਵੀ ਨੂੰ ਚਾਰ ਚੁਫੇਰਿਉਂ ਘੇਰਿਆ ਹੋਇਆ ਹੈ। ਥਲਮੰਡਲ  (Lithosphere)  ਅਤੇ ਜਲਮੰਡਲ  (Hydrosphere)  ਦੀ ਤਰ੍ਹਾਂ ਵਾਯੂਮੰਡਲ  (Atmosphere)  ਵੀ ਪ੍ਰਿਥਵੀ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਵਾਯੂਮੰਡਲ ਦੀ ਸਾਫ਼ ਹਵਾ ਰੰਗ, ਗੰਧ ਅਤੇ ਸੁਆਦ ਰਹਿਤ ਹੁੰਦੀ ਹੈ। ਵਾਯੂਮੰਡਲ ਦੀ ਹੋਂਦ ਮਹਿਸੂਸ ਵੀ ਨਹੀਂ ਹੁੰਦੀ ਜਦੋਂ ਤੱਕ ਇਸ ਦੀ ਹਵਾ ਵਿੱਚ ਹਰਕਤ ਨਾ ਹੋਵੇ। ਵਾਯੂਮੰਡਲ ਦੀ ਹਵਾ ਗਤੀਸ਼ੀਲ, ਸੰਪੀੜਨਯੋਗ ਅਤੇ ਫੈਲਣਯੋਗ ਹੈ। ਵਾਯੂਮੰਡਲ ਪਾਰਦਰਸ਼ੀ ਹੈ, ਜਿਸ ਵਿੱਚੋਂ ਕਈ ਤਰ੍ਹਾਂ ਦੀਆਂ ਤਰੰਗਾਂ ਪਾਰ ਹੋ ਸਕਦੀਆਂ ਹਨ ਜਾਂ ਇਸ ਵਿੱਚ ਸਮੋ ਸਕਦੀਆਂ ਹਨ। ਇਸ ਦਾ ਭਾਰ ਵੀ ਹੈ ਅਤੇ ਦਬਾਅ ਵੀ ਹੈ। ਇਸ ਦੀ ਘਣਤਾ ਉਚਾਈ ਨਾਲ ਘੱਟਦੀ ਜਾਂਦੀ ਹੈ।

ਵਾਯੂਮੰਡਲ ਦੀ ਉੱਤਪਤੀ : ਬਹੁਤ ਸਾਰੇ ਵਿਗਿਆਨੀਆਂ ਦੀ ਰਾਇ ਹੈ ਕਿ ਵਾਯੂਮੰਡਲ ਦੀ ਉੱਤਪਤੀ ਕੋਈ ਅਨੋਖੀ ਘਟਨਾ ਨਹੀਂ ਹੈ। ਦਰਅਸਲ ਇਸ ਦੀ ਉੱਤਪਤੀ ਉਸ ਵਿਕਾਸ ਪ੍ਰਕਿਰਿਆ ਨਾਲ ਸੰਬੰਧਿਤ ਹੈ, ਜਿਹੜੀ ਪ੍ਰਿਥਵੀ ਦੀ ਉੱਤਪਤੀ ਦੀ ਹੈ। ਵਾਯੂਮੰਡਲ ਦੀ ਜੋ ਰਚਨਾ ਅੱਜ ਹੈ, ਉਹ ਸ਼ੁਰੂ ਤੋਂ ਅਜਿਹੀ ਨਹੀਂ ਸੀ। ਪ੍ਰਿਥਵੀ ਦੀ ਉੱਤਪਤੀ ਤੋਂ ਲੈ ਕੇ ਅੱਜ ਤੱਕ ਇਸ ਵਿੱਚ ਨਿਰੰਤਰ ਪਰਿਵਰਤਨ ਆਉਂਦੇ ਰਹੇ ਹਨ। ਇੱਕ ਆਮ ਵਿਚਾਰ ਇਹ ਹੈ ਕਿ ਪ੍ਰਿਥਵੀ ਦੀ ਉੱਤਪਤੀ ਸਮੇਂ ਦਾ ਮੁੱਢਲਾ ਵਾਯੂਮੰਡਲ ਪ੍ਰਿਥਵੀ ਦੀ ਕਮਜ਼ੋਰ ਗੁਰੂਤਾ ਕਾਰਨ ਪੁਲਾੜ ਵਿੱਚ ਸਮੋ ਗਿਆ। ਅਸਲ ਵਿੱਚ ਪ੍ਰਿਥਵੀ ਦੀ ਹੋਂਦ ਸਮੇਂ ਇਸ ਦੀ ਸਤ੍ਹਾ ਦਾ ਤਾਪਮਾਨ ਲਗਭਗ 8000°  ਸੈਂਟੀਗ੍ਰੇਡ ਸੀ। ਜਦੋਂ ਧਰਤੀ ਦੇ ਠੰਢੇ ਹੋਣ ਦੀ ਪ੍ਰਕਿਰਿਆ ਅਰੰਭ ਹੋਈ, ਤਦ ਇਸਦੇ ਚਟਾਨੀ ਪਦਾਰਥ ਤੋਂ ਕਾਰਬਨ ਡਾਇਆਕਸਾਈਡ, ਨਾਈਟ੍ਰੋਜਨ ਅਤੇ ਜਲਵਾਸ਼ਪ ਮੁੱਖ ਤੌਰ ਤੇ ਬਾਹਰ ਨਿਕਲਣ ਲੱਗੇ। ਇਸ ਪਹਿਲੇ-ਪਹਿਲ ਦੇ ਵਾਯੂਮੰਡਲ ਵਿੱਚ ਜਲਵਾਸ਼ਪ (60-70 ਪ੍ਰਤਿਸ਼ਤ), ਕਾਰਬਨ ਡਾਇਆਕਸਾਈਡ (10-15 ਪ੍ਰਤਿਸ਼ਤ), ਅਤੇ ਨਾਈਟ੍ਰੋਜਨ (8-10 ਪ੍ਰਤਿਸ਼ਤ) ਗੈਸਾਂ ਸਨ। ਇਹ ਪ੍ਰਿਥਵੀ ਦਾ ਮੁੱਢਲਾ ਵਾਯੂਮੰਡਲ ਸੀ। ਜਦੋਂ ਪ੍ਰਿਥਵੀ ਦੀ ਠੰਢੇ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਤਦ ਲਗਭਗ 40,000 ਵਰ੍ਹੇ ਲਗਾਤਾਰ ਵਰਖਾ ਹੁੰਦੀ ਰਹੀ ਅਤੇ ਵਰਖਾ ਦੀਆਂ ਬੂੰਦਾਂ ਧਰਤੀ ਨੂੰ ਛੁਹਣ ਤੋਂ ਪਹਿਲਾਂ ਹੀ ਵਾਸ਼ਪੀਕਰਨ ਦੁਆਰਾ ਮੁੜ ਵਾਯੂਮੰਡਲ ਅੰਦਰ ਦਾਖ਼ਲ ਹੋ ਜਾਂਦੀਆਂ ਸਨ। ਇਸ ਤਰ੍ਹਾਂ, ਇੱਕ ਲੰਬੇ ਸਮੇਂ ਬਾਅਦ ਅਜੋਕੇ ਵਾਯੂਮੰਡਲ ਦਾ ਨਿਰਮਾਣ ਹੋਇਆ।

ਵਾਯੂਮੰਡਲ ਦੀ ਰਚਨਾ : ਵਾਯੂਮੰਡਲ ਅਨੇਕਾਂ ਗੈਸਾਂ ਦਾ ਮਿਸ਼ਰਨ ਹੈ। ਇਸ ਵਿੱਚ ਤਰਲ ਅਤੇ ਮਹੀਨ ਠੋਸ ਪਦਾਰਥਾਂ ਦੀ ਭਾਰੀ ਸਮੱਗਰੀ ਸ਼ਾਮਲ ਹੈ, ਜਿਸ ਨੂੰ ਅਕਸਰ ਧੂੜ ਜਲ-ਕਣ ਮਿਸ਼ਰਨ (Aerosols) ਆਖਿਆ ਜਾਂਦਾ ਹੈ। ਗੈਸਾਂ ਦੀ ਮਾਤਰਾ ਦਾ ਅਨੁਪਾਤ ਵਾਯੂਮੰਡਲ ਵਿੱਚ ਸਦੀਵੀ ਤੌਰ ਤੇ ਨਿਸ਼ਚਿਤ ਹੈ, ਪਰੰਤੂ ਹੋਰ ਪਦਾਰਥਾਂ ਦੀ ਹੋਂਦ ਅਨਿਸ਼ਚਿਤ ਹੈ, ਕਿਉਂਕਿ ਉਹਨਾਂ ਦੀ ਮਾਤਰਾ ਵਿੱਚ ਜਗ੍ਹਾ ਅਤੇ ਸਮੇਂ ਅਨੁਸਾਰ ਹਮੇਸ਼ਾ ਅਸਮਾਨਤਾ ਬਣੀ ਰਹਿੰਦੀ ਹੈ ਪਰੰਤੂ ਇਹਨਾਂ ਦੀ ਵਾਯੂਮੰਡਲੀ ਪ੍ਰਤਿਕਿਰਿਆਵਾਂ ਵਿੱਚ ਵਿਸ਼ੇਸ਼ ਮਹੱਤਤਾ ਹੈ। ਵਾਯੂਮੰਡਲ ਵਿੱਚ ਮਿਲਣ ਵਾਲੀਆਂ ਗੈਸਾਂ ਦਾ ਪ੍ਰਤਿਸ਼ਤ ਭਾਗ ਹੇਠ ਦਿੱਤੀ ਸਾਰਨੀ-1 ਵਿੱਚ ਦਿੱਤਾ ਗਿਆ ਹੈ।

ਸਾਰਨੀ 1 : ਵਾਯੂਮੰਡਲ ਦੀਆਂ ਮੁੱਖ ਗੈਸਾਂ

ਲੜੀ ਨੰਬਰ ਗੈਸੀ ਅੰਸ਼ ਪ੍ਰਤਿਸ਼ਤ (ਘਣਫਲ)
1. ਨਾਈਟ੍ਰੋਜਨ (N2) 78.084
2. ਆਕਸੀਜਨ (O2) 20.9476
3. ਆਰਗਨ (Ar) 0.934
4. ਕਾਰਬਨ ਡਾਇਆਕਸਾਈਡ(CO2) 0.314
5. ਨਿਓਨ (Ne) 0.0018
6. ਹੀਲੀਅਮ (He) 0.0005
7. ਮੀਥੇਨ (Me/CH4) 0.0002
8. ਕ੍ਰਿਪਟਨ (Kr) 0.00011
9. ਓਜ਼ੋਨ (O2) 0.00006
10. ਹਾਈਡ੍ਰੋਜਨ (H2) 0.00005
11. ਜੀਨੋਨ (Xe) 0.0000087

ਸ੍ਰੋਤ: ਕਰਿਚਫੀਲਡ, ਐੱਚ.ਜੇ., 1990, ਪੰਨਾ 7 ਅਤੇ ਲਾਲ, ਡੀ. ਐੱਸ., 1995 ਪੰਨਾ 16.

ਵਾਯੂਮੰਡਲ ਦੀ ਬਣਤਰ : ਵਾਯੂਮੰਡਲ ਪ੍ਰਿਥਵੀ ਦੇ ਚਾਰ-ਚੁਫੇਰੇ ਫੈਲਿਆ ਹੋਇਆ ਹੈ। ਇਸ ਦਾ ਹੱਦ-ਬੰਨਾ ਕਿੱਥੇ ਜਾ ਕੇ ਮੁੱਕਦਾ ਹੈ, ਇਸ ਦਾ ਨਿਰਨਾ ਕਰਨਾ ਕਠਨ ਹੈ। ਇਸ ਸੰਬੰਧੀ ਜਲਵਾਯੂ ਵਿਗਿਆਨੀਆਂ ਦੇ ਵੱਖ-ਵੱਖ ਅੰਦਾਜ਼ੇ ਹਨ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਾਯੂਮੰਡਲ ਪ੍ਰਿਥਵੀ ਦੀ ਸਤ੍ਹਾ ਤੋਂ 65,000 ਕਿਲੋਮੀਟਰ ਤੋਂ ਵੀ ਵੱਧ ਉਚਾਈ ਤੱਕ ਫੈਲਿਆ ਹੋਇਆ ਹੈ। ਪ੍ਰਿਥਵੀ ਦੀ ਸਤ੍ਹਾ ਤੋਂ ਉੱਪਰ ਵੱਲ ਜਾਂਦਿਆਂ ਵਾਯੂਮੰਡਲ ਏਨੀ ਤੇਜ਼ੀ ਨਾਲ ਪਤਲਾ ਹੁੰਦਾ ਜਾਂਦਾ ਹੈ ਕਿ ਇਸ ਦੇ ਸਾਰੇ ਪੁੰਜ ਦਾ 99 ਪ੍ਰਤਿਸ਼ਤ ਭਾਗ 32 ਕਿਲੋਮੀਟਰ ਦੇ ਹੇਠ ਹੀ ਰਹਿ ਜਾਂਦਾ ਹੈ। ਦਸ ਕਿਲੋਮੀਟਰ ਦੀ ਉਚਾਈ ਤੱਕ ਏਨਾ ਪਤਲਾ ਪੈ ਜਾਂਦਾ ਹੈ ਕਿ ਸਾਹ ਨਹੀਂ ਲਿਆ ਜਾ ਸਕਦਾ ਅਤੇ 20 ਕਿਲੋਮੀਟਰ ਦੀ ਉਚਾਈ ਤੱਕ ਆਕਸੀਜਨ ਏਨੀ ਘਟ ਜਾਂਦੀ ਹੈ ਕਿ ਮੋਮਬੱਤੀ ਵੀ ਨਹੀਂ ਜਲ ਸਕਦੀ। ਪ੍ਰਿਥਵੀ ਦੀ ਸਤ੍ਹਾ ਤੋਂ ਉੱਪਰ ਵੱਲ ਜਾਂਦਿਆਂ ਵਾਯੂਮੰਡਲ ਦੇ ਤਾਪਮਾਨ ਅਤੇ ਇਸ ਦੀਆਂ ਭੌਤਿਕ ਅਤੇ ਰਸਾਇਣਿਕ ਵਿਸ਼ੇਸ਼ਤਾਈਆਂ ਦੇ ਆਧਾਰ ਉੱਤੇ ਇਸ ਨੂੰ ਹੇਠ ਲਿਖੀਆਂ ਪਰਤਾਂ ਵਿੱਚ ਵੰਡਿਆ ਜਾ ਸਕਦਾ ਹੈ :

1. ਪਰਿਵਰਤਨ ਮੰਡਲ  (Trosposphere)  : ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਅਤੇ ਪਤਲੀ ਤਹਿ ਹੈ। ਤਾਪਮਾਨ, ਹਵਾ ਦਾ ਦਬਾਅ, ਅਕਸ਼ਾਂਸ਼, ਰੁੱਤਾਂ ਅਤੇ ਮੌਸਮੀ ਹਾਲਤਾਂ ਦਾ ਇਸ ਦੀ ਉਚਾਈ ਉੱਤੇ ਅਸਰ ਪੈਂਦਾ ਹੈ ਪਰ ਆਮ ਤੌਰ ਤੇ ਇਸ ਪਰਤ ਦੀ ਉਚਾਈ ਭੂ-ਮੱਧ ਰੇਖਾ ਉੱਤੇ 16 ਕਿਲੋਮੀਟਰ ਹੁੰਦੀ ਹੈ, ਜੋ ਘੱਟ ਕੇ ਧਰੁਵਾਂ ਉੱਤੇ 8 ਕਿਲੋਮੀਟਰ ਰਹਿ ਜਾਂਦੀ ਹੈ। ਇਸ ਪਰਤ ਵਿੱਚ ਉੱਪਰ ਨੂੰ ਜਾਂਦਿਆਂ 1000 ਮੀਟਰਾਂ ਪਿੱਛੇ 6.5° ਸੈਂਟੀਗ੍ਰੇਡ ਦੇ ਹਿਸਾਬ ਨਾਲ ਤਾਪਮਾਨ ਘੱਟਦਾ ਜਾਂਦਾ ਹੈ। ਉਚਾਈ ਅਨੁਸਾਰ ਤਾਪਮਾਨ ਘੱਟਣ ਦੀ ਇਸ ਦਰ ਨੂੰ ਸਧਾਰਨ ਲੈਪਸ ਰੇਟ  (normal lapse rate)  ਕਿਹਾ ਜਾਂਦਾ ਹੈ। ਸਾਰੀਆਂ ਗੈਸਾਂ ਦਾ 75 ਪ੍ਰਤਿਸ਼ਤ ਅਤੇ ਲਗਪਗ ਸਾਰੇ ਜਲ-ਵਾਸ਼ਪ ਇਸ ਪੱਟੀ ਵਿੱਚ ਹੀ ਸੀਮਿਤ ਹਨ। ਬੱਦਲ, ਵਰਖਾ, ਸੰਵਹਿਣ ਕਿਰਿਆ, ਚੱਕਰਵਾਤ, ਤੁਫ਼ਾਨ ਆਦਿ ਇਸ ਪੱਟੀ ਨਾਲ ਹੀ ਸੰਬੰਧਿਤ ਹਨ। ਇਸ ਕਰਕੇ ਇਸ ਦਾ ਪ੍ਰਿਥਵੀ ਦੀ ਜੀਵਨ ਪ੍ਰਣਾਲੀ ਉੱਤੇ ਵਿਸ਼ੇਸ਼ ਅਸਰ ਪੈਂਦਾ ਹੈ।

2. ਸਮਤਾਪ ਮੰਡਲ  (Stratosphere)  : ਵਾਯੂਮੰਡਲ ਦੀ ਇਹ ਪਰਤ ਸਮੁੰਦਰ ਤਲ ਤੋਂ 15 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਦੀ ਉਚਾਈ ਤੱਕ ਫੈਲੀ ਹੋਈ ਹੈ। ਇਸ ਦੇ ਸ਼ੁਰੂ ਵਿੱਚ ਤਾਪਮਾਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਇਸੇ ਕਰਕੇ ਇਸ ਨੂੰ ਸਮਤਾਪ ਮੰਡਲ ਕਿਹਾ ਜਾਂਦਾ ਹੈ ਪਰ 20 ਕਿਲੋਮੀਟਰ ਦੀ ਉਚਾਈ ਤੋਂ ਬਾਅਦ ਤਾਪਮਾਨ ਵੱਧਣਾ ਸ਼ੁਰੂ ਹੋ ਜਾਂਦਾ ਹੈ ਜੋ -50° ਸੈਂਟੀਗ੍ਰੇਡ ਤੋਂ ਸ਼ੁਰੂ ਹੋ ਕੇ 0º ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਹਿ ਦੇ ਉੱਪਰਲੇ ਭਾਗ ਵਿੱਚ ਓਜ਼ੋਨ ਗੈਸ ਮਿਲਦੀ ਹੈ, ਜੋ ਸੂਰਜ ਤੋਂ ਆਉਣ ਵਾਲੀਆਂ ਪਰਾ ਬੈਂਗਣੀ ਕਿਰਨਾਂ  (ultra violet rays) , ਜੋ ਬਹੁਤ ਹਾਨੀਕਾਰਕ ਹੁੰਦੀਆਂ ਹਨ, ਨੂੰ ਸਮੋ ਲੈਂਦੀ ਹੈ ਅਤੇ ਪ੍ਰਿਥਵੀ ਨੂੰ ਇਹਨਾਂ ਦੇ ਬੁਰੇ ਅਸਰ ਤੋਂ ਬਚਾਉਂਦੀ ਹੈ।

3. ਆਈਨਮੰਡਲ  (Ionosphere)  : ਵਾਯੂਮੰਡਲ ਦੀ ਇਹ ਪਰਤ ਔਸਤ ਸਮੁੰਦਰੀ ਤਲ ਤੋਂ 50 ਤੋਂ 1,000 ਕਿਲੋਮੀਟਰ ਦੀ ਉਚਾਈ ਤੱਕ ਫੈਲੀ ਹੋਈ ਹੈ। ਇਸ ਨੂੰ ਆਈਨਮੰਡਲ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਇੱਥੇ ਗੈਸਾਂ ਬਿਜਲੀ ਆਈਨਾਂ ਵਿੱਚ ਬਦਲਦੀਆਂ ਹਨ, ਜਿਸ ਕਰਕੇ ਇਹ ਪਰਤ ਬਿਜਲੀ ਦੀ ਸੰਚਾਲਕ ਬਣ ਜਾਂਦੀ ਹੈ ਅਤੇ ਰੇਡੀਉ ਸੰਚਾਰ ਵਿੱਚ ਸਹਾਇਤਾ ਕਰਦੀ ਹੈ। ਤਾਪਮਾਨ ਵਿੱਚ ਆਉਂਦੀ ਤਬਦੀਲੀ ਦੇ ਆਧਾਰ ਉੱਤੇ ਇਸ ਮੰਡਲ ਨੂੰ ਅੱਗੇ ਫਿਰ ਦੋ ਭਾਗਾਂ-ਮੱਧਮੰਡਲ  (Mesosphere)  ਅਤੇ ਤਾਪਮੰਡਲ  (Thermosphere)  ਵਿੱਚ ਵੰਡਿਆ ਜਾਂਦਾ ਹੈ। ਤਾਪਮੰਡਲ ਵਾਯੂਮੰਡਲ ਦੀ ਸਭ ਤੋਂ ਗਰਮ ਪਰਤ ਹੈ, ਜਿੱਥੇ ਤਾਪਮਾਨ 1,200° ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ।

4. ਬਾਹਰੀ-ਮੰਡਲ  (Exosphere)  : ਆਈਨਮੰਡਲ ਤੋਂ ਉੱਪਰ 2,000 ਕਿਲੋਮੀਟਰ ਤੱਕ ਦੀ ਵਾਯੂਮੰਡਲ ਦੀ ਪਰਤ ਨੂੰ ਬਾਹਰੀ-ਮੰਡਲ ਕਿਹਾ ਗਿਆ ਹੈ। ਇਹ ਬਹੁਤ ਹਲਕੀ ਪਰਤ ਹੈ, ਜੋ ਹਾਈਡ੍ਰੋਜਨ ਅਤੇ ਹੀਲੀਅਮ  (Helium)  ਵਰਗੀਆਂ ਹਲਕੀਆਂ ਗੈਸਾਂ ਦੀ ਬਣੀ ਹੋਈ ਹੈ।

5. ਚੁੰਬਕੀ-ਮੰਡਲ  (Magnetosphere)  : ਇਹ ਵਾਯੂਮੰਡਲ ਦੀ ਸਭ ਤੋਂ ਬਾਹਰਲੀ ਪਰਤ ਹੈ, ਜੋ 2,000 ਕਿਲੋਮੀਟਰ ਤੋਂ ਸ਼ੁਰੂ ਹੋ ਕੇ 15,000 ਕਿਲੋਮੀਟਰ ਤੋਂ ਵੀ ਉੱਪਰ ਤੱਕ ਜਾਂਦੀ ਹੈ। ਅਸਲ ਵਿੱਚ ਇਸ ਦੀ ਉੱਪਰਲੀ ਸੀਮਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਾਯੂਮੰਡਲ ਉੱਪਰ ਜਾ ਕੇ ਹੌਲੀ-ਹੌਲੀ ਪੁਲਾੜੀ ਮੰਡਲ ਵਿੱਚ ਸਮੋ ਜਾਂਦਾ ਹੈ। ਇਹ ਪਰਤ ਅਸਲ ਵਿੱਚ ਪ੍ਰਿਥਵੀ ਦਾ ਚੁੰਬਕੀ ਖੇਤਰ ਹੈ।

ਇੱਥੇ, ਇਹ ਦੱਸਣਾ ਉੱਚਿਤ ਹੋਵੇਗਾ ਕਿ ਵਾਯੂਮੰਡਲ ਦੀਆਂ ਉੱਪਰ ਦਿੱਤੀਆਂ ਤਹਿਆਂ, ਉਹਨਾਂ ਦੇ ਨਾਂਵਾਂ, ਉਹਨਾਂ ਦੀ ਬਣਤਰ, ਉਹਨਾਂ ਦੀ ਉਚਾਈ ਜਾਂ ਮੁਟਾਈ, ਤਾਪਮਾਨ ਅਤੇ ਗੈਸਾਂ ਬਾਰੇ ਵਿਦਵਾਨਾਂ ਦੀ ਅਜੇ ਤੱਕ ਇਕਸੁਰਤਾ ਨਹੀਂ ਹੋਈ। ਹੁਣ ਉਪਗ੍ਰਹਿਆਂ  (satellites)  ਦੀ ਮਦਦ ਨਾਲ ਵਾਯੂਮੰਡਲ ਦੀ ਖੋਜ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਤੱਥਾਂ ਦੇ ਆਧਾਰ ਉੱਤੇ ਵਿਆਪਕ ਸਹਿਮਤੀ ਦੀ ਸੰਭਾਵਨਾ ਕੀਤਾ ਜਾ ਸਕਦੀ ਹੈ।


ਲੇਖਕ : ਐੱਸ. ਐੱਸ. ਢਿਲੋਂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-17-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.