ਵਿਅਕਤੀਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਅਕਤੀਵਾਦ [ਨਾਂਪੁ] ਅਜਿਹੀ ਵਿਚਾਰਧਾਰਾ ਜਿਸ ਵਿੱਚ ‘ਵਿਅਕਤੀ ’ ਨੂੰ ਕੇਂਦਰ-ਬਿੰਦੂ ਬਣਾਇਆ ਹੋਵੇ, ਨਿੱਜਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਅਕਤੀਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਅਕਤੀਵਾਦ : ਵਿਅਕਤੀਵਾਦ ਅੰਗ੍ਰੇਜ਼ੀ ਦੇ ‘ਇੰਡਿਵਿਜੁਅਲਿਜ਼ਮ’ ਦਾ ਪਰਿਆਇ ਹੈ। ਇਸ ਭਾਵ ਲਈ ਅੰਗ੍ਰੇਜ਼ੀ ਵਿਚ ਪਹਿਲਾਂ ‘ਐਗੋਟਿਜ਼ਮ’ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਸੀ ਪਰ ਇਹ ਸ਼ਬਦ ਜਿਹੜੇ ਮਾਨਸਿਕ ਦ੍ਰਿਸ਼ਟੀਕੋਣ ਅਤੇ ਜਿਹੜੇ ਨੈਤਿਕ ਮਾਪਦੰਡਾਂ ਦਾ ਪ੍ਰਤੀਕ ਸਨ, ਇੰਡਵਿਜੁਅਲਿਜ਼ਮ ਸ਼ਬਦ ਉਨ੍ਹਾਂ ਨਾਲੋਂ ਕਿਤੇ ਵਧ ਮਾਨਸਿਕ ਦ੍ਰਿਸ਼ਟੀਕੋਣ ਅਤੇ ਵਿਸਤ੍ਰਿਤ ਨੈਤਿਕ ਮਾਪਦੰਡਾਂ ਦਾ ਸੂਚਕ ਹੈ। ਐਗੋਟਿਜ਼ਮ ਅਨੁਸਾਰ ਹਰ ਇਕ ਵਿਅਕਤੀ ਆਪਣੇ ਹਰ ਇਕ ਕਾਰਜ ਦਾ ਕੇਂਦਰ ਅਤੇ ਨਿਸ਼ਾਨਾ ਹੈ। ਉਸ ਦਾ ਪੂਰਾ ਸਨੇਹ, ਸਮੁੱਚਾ ਲਗਾਓ ਆਪਣੇ ਅਹੰ ਨਾਲ ਹੀ ਜੁੜਿਆ ਹੋਇਆ ਹੁੰਦਾ ਹੈ। ਅਤਿ ਸੁਆਰਥੀ ਪ੍ਰਵ੍ਰਿਤੀਆਂ ਹੀ ਉਸ ਦੀ ਪ੍ਰੇਰਣਾ ਸ਼ਕਤੀ ਹਨ। ਪਰ ਇੰਡਵਿਜੁਅਲਿਜ਼ਮ ਉਸ ਮਾਨਸਿਕ ਦ੍ਰਿਸ਼ਟੀਕੋਣ ਦਾ ਸੂਚਕ ਹੈ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਮੂਹਿਕਤਾ ਤੋਂ ਅੱਡ ਕਰ ਲੈਂਦਾ ਹੈ ਪਰ ਤੀਬਰ ਸੁਆਰਥਵਾਦੀ ਮਨੋਬਿਰਤੀਆਂ ਦੇ ਆਵੇਸ਼ ਵਿਚ ਆਪਣੇ ਅਹੰ ਨਾਲ ਸੰਪੂਰਣ ਸਨੇਹ ਜਾਂ ਲਗਾਓ ਨਹੀਂ ਰੱਖਦਾ। ਕੁਝ ਅੰਸ਼ਾਂ ਵਿਚ ਤਾਂ ਵਿਅਕਤੀਵਾਦ ਦਾ ਭਾਵਨਾਤਮਕ ਜਨਤਾਂਤ੍ਰਿਕ ਸਿਧਾਂਤ ਹੈ।

          ਵਿਅਕਤੀਵਾਦ ਸਮਾਜ ਵਿਚ ਵਿਅਕਤੀ ਦੀ ਯੋਗ ਥਾਂ ਬਾਰੇ ਜ਼ੋਰ ਦਿੰਦਾ ਹੈ। ਇਸ ਅਨੁਸਾਰ ਸਮਾਜ ਦਾ ਆਪਣਾ ਅਸਤਿੱਤਵ ਕੋਈ ਨਹੀਂ ਪਰ ਇਹ ਸੁਤੰਤਰ ਵਿਅਕਤੀਆਂ ਦਾ ਹੀ ਯੋਗ–ਸਮੂਹ ਹੈ। ਇਸ ਲਈ ਸਮਾਜ ਦੀ ਸਮੂਹਿਕ ਸ਼ਕਤੀ ਦਾ ਵਿਅਕਤੀ ਉੱਤੇ ਲਾਗੂ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਹਰ ਇਕ ਵਿਅਕਤੀ ਆਪਣੇ ਹਿੱਤਾਂ ਨੂੰ ਜਿੰਨੀ ਚੰਗੀ ਤਰ੍ਹਾਂ ਸਮਝ ਸਕਦਾ ਹੈ ਉੱਨਾ ਹੀ ਸਮਾਜ ਵਿਅਕਤੀ ਦੇ ਹਿੱਤਾਂ ਨੂੰ ਸਮਝਣ ਤੋਂ ਅਸਮਰੱਥ ਰਹਿੰਦਾ ਹੈ। ਇਸ ਲਈ ਸਮਾਜਕ ਪਰੰਪਰਾਵਾਂ, ਬੰਧਨ ਅਤੇ ਰੀਤੀ–ਰਿਵਾਜ ਕਿਸੇ ਵਿਅਕਤੀ ਨੂੰ ਆਪਣੇ ਅਧੀਨ ਨਹੀਂ ਬਣ ਸਕਦੇ।

          ਯੂਸੀਡਾਈਡੀਜ਼ (460–400 ਪੂ. ਈ.) ਦੁਆਰਾ ਲਿਖੇ ਪੈਰੀਕਲੀਜ਼ ਦੇ ਭਾਸ਼ਣਾਂ ਵਿਚ ਬਿਆਨੀ ਸਭ ਤੋਂ ਪਹਿਲੀ ਯੂਨਾਨੀ ਵਿਅਕਤੀਵਾਦੀ ਧਾਰਣਾ ਦਾ ਪਤਾ ਲੱਗਦਾ ਹੈ। ਈਸਾ ਤੋਂ 500 ਸਾਲ ਪਹਿਲਾਂ ਯੂਨਾਨ ਵਿਚ ਇਨ੍ਹਾਂ ਵਿਚਾਰਾਂ ਦੀ ਕਾਫ਼ੀ ਮਾਨਤਾ ਸੀ। ਉਨ੍ਹਾਂ ਦੇ ਵਿਚਾਰ ਅਨੁਸਾਰ ਵਿਅਕਤੀ ਸਮਾਜ ਵਿਵਸਥਾ ਅਤੇ ਪਰੰਪਰਾ ਤੋਂ ਅੱਡ ਹੋ ਕੇ ਵੀ ਚੰਗੀ ਤਰ੍ਹਾਂ ਨਿਰਬਾਹ ਕਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦੇ ਆਧਾਰ ਤੇ ਹੀ ਯੂਨਾਨੀ ਸੋਫਿਸਟਾਂ (sophists) ਨੇ ਆਪਣੇ ਵਿਅਕਤੀਵਾਦ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਅਨੁਸਾਰ ਰਾਜ ਅਤੇ ਸਰਕਾਰ ਬਨਾਉਟੀ ਵਿਵਸਥਾ ਹੈ। ਵਿਅਕਤੀ ਵਿਸ਼ੇਸ਼ ਹੀ ਪਰੰਪਰਾ ਦਾ ਪ੍ਰਤੀਕ ਹੈ ਅਤੇ ਰਾਜ ਜਾਂ ਸਰਕਾਰ ਦੀ ਸ਼ਕਤੀ ਦਾ ਵਿਅਕਤੀ ਦੇ ਹਿੱਤਾਂ ਨਾਲ ਮੌਲਿਕ ਵਿਰੋਧ ਹੈ। ਇਸ ਵਿਚਾਰ ਦੀ ਵਿਰੋਧਤਾ ਦਾ ਸੰਕੇਤ ਸਾਨੂੰ ਪਲੈਟੋ ਦੀਆਂ ਰਚਨਾਵਾਂ ਵਿਚ ਮਿਲਦਾ ਹੈ ਪਰ ਇਪੀਕਿਉਰਸ (Epicurus, 341–270 ਪੂ. ਈ.) ਨੇ ਇਸ ਵਿਚਾਰ ਨੂੰ ਹੋਰ ਅੱਗੇ ਤੋਰਿਆ। ਉਸ ਦੇ ਦਰਸ਼ਨ ਵਿਚ ਆਧੁਨਿਕ ਵਿਅਕਤੀਵਾਦ ਦੇ ਦੋ ਮੁੱਖ ਤੱਤ ਸਪਸ਼ਟ ਰੂਪ ਵਿਚ ਮਿਲਦੇ ਹਨ। ਪਹਿਲਾ ਇਹ ਕਿ ਹਰ ਇਕ ਮਨੁੱਖ ਦਾ ਟੀਚਾ ਸੁੱਖ ਪ੍ਰਾਪਤ ਕਰਨਾ ਹੈ ਅਤੇ ਦੂਜਾ ਸਮਾਜ ਅਤੇ ਰਾਜ ਵਿਅਕਤੀਗਤ ਅਸਤਿੱਤਵ ਨੂੰ ਨਸ਼ਟ ਵਾਲੇ ਆਵੱਸ਼ਕ ਦੋਸ਼ ਹਨ।

          ਧਾਰਮਿਕ, ਵਿਗਿਆਨਕ, ਆਰਥਿਕ ਅਤੇ ਰਾਜਨੀਤਿਕ, ਆਧੁਨਿਕ ਵਿਅਕਤੀਵਾਦ ਦੇ ਚਾਰ ਪ੍ਰਮੁੱਖ ਰੂਪ ਹਨ। ਰਾਜਨੀਤਿਕ ਵਿਅਕਤੀਵਾਦ ਮੱਧ ਯੁੱਗ ਅਤੇ ਆਧੁਨਿਕ ਸੁਧਾਰ ਅੰਦੋਲਨਾਂ ਤਕ ਧਾਰਮਿਕ ਵਿਅਕਤੀਵਾਦ ਦੇ ਰੂਪ ਵਿਚ ਹੀ ਸਥਾਪਤ ਰਿਹਾ ਹੈ। ਧਾਰਮਿਕ ਵਿਅਕਤੀਵਾਦ ਦਾ ਮੂਲ ਸੋਮਾ ਈਸਾਈ ਧਰਮ ਹੈ ਜਿਹੜਾ ਦੋ ਵਿਰੋਧੀ ਤੱਤਾਂ ਦੇ ਸੰਪਰਕ ਨਾਲ ਹੋਂਦ ਵਿਚ ਆਇਆ ਹੈ। ਪਹਿਲਾ ਤੱਤ ਇਹ ਹੈ ਕਿ ਸਾਰੇ ਈਸਾਈ ਇਕ ਸਮੁੱਚੇ ਸੰਗਠਿਤ ਈਸਾਈ ਸਮਾਜ ਦੇ ਸਦੱਸ ਹਨ ਜਿਨ੍ਹਾਂ ਦਾ ਧਾਰਮਿਕ ਕੇਂਦਰ ਰੋਮਨ ਕੈਥੋਲਿਕ ਚਰਚ ਹੈ। ਦੂਜੇ ਤੱਤ ਅਨੁਸਾਰ ਹਰ ਇਕ ਵਿਅਕਤੀ ਨੂੰ ਇਹ ਖੁੱਲ੍ਹ ਹੈ ਕਿ ਹਰ ਇਕ ਵਿਅਕਤੀ ਆਪਣੇ ਭਾਵਾਂ ਅਨੁਸਾਰ ਕਿਸੇ ਵੀ ਵਿਸ਼ਵਾਸ ਨੂੰ ਗ੍ਰਹਿਣ ਕਰ ਸਕਦਾ ਹੈ। ਈਸਾਈ ਧਰਮ ਦੇ ਨਿਯਮਾਂ ਅਨੁਸਾਰ ਹਰ ਇਕ ਵਿਅਕਤੀ ਨੂੰ ਆਪਣੇ ਵਿਚਾਰਾਂ ਮੁਤਾਬਿਕ ਧਾਰਮਿਕ ਵਿਸ਼ਵਾਸ ਰੱਖਣ ਦਾ ਹੱਕ ਹੈ। ਪਰ ਮੱਧ ਯੁੱਗ ਮਗਰੋਂ ਇਹੀ ਵਿਚਾਰ ਰੋਮਨ ਕੈਥੋਲਿਕ ਚਰਚ ਵਿਰੁੱਧ ਵਰਤੇ ਗਏ ਅਤੇ ਕਈ ਰਾਸ਼ਟਰੀ ਚਰਚਾਂ ਦਾ ਨਿਰਮਾਣ ਹੋਇਆ।

          ਧਾਰਮਿਕ ਵਿਅਕਤੀਵਾਦ ਹੌਲੀ ਹੌਲੀ ਵਿਗਿਆਨਕ ਵਿਅਕਤੀਵਾਦ ਵਿਚ ਤਬਦੀਲ ਹੋ ਗਿਆ। ਆਧੁਨਿਕ ਵਿਗਿਆਨ ਨੇ ਵਿਆਪਕ ਸ੍ਰਿਸ਼ਟੀ ਨੂੰ ਛੋਟੇ–ਛੋਟੇ ਕਣਾਂ ਅਤੇ ਅਣੂਆਂ ਵਿਚ ਨਿਖੇੜ ਦਿੱਤਾ। ਇਸੇ ਤਰ੍ਹਾਂ ਮਨੋਵਿਗਿਆਨਕਾਂ ਨੇ ਵਿਅਕਤੀ ਦੀ ਮਾਨਸਿਕ ਏਕਤਾ ਨੂੰ ਸੰਵੇਦਨਾਵਾਂ ਵਿਚ ਤੋੜਿਆ ਅਤੇ ਸਮਾਜਕ ਵਿਗਿਆਨ ਨੇ ਸਮਾਜਕ ਸਮੂਹਾਂ ਅਤੇ ਸੰਗਠਨਾਂ ਨੂੰ ਸੁਤੰਤਰ ਵਿਅਕਤੀਆਂ ਦੇ ਅਸਤਿੱਤਵ ਵਿਚ ਹੀ ਮਿਲਾ ਦਿੱਤਾ। ਸ੍ਰਿਸ਼ਟੀ ਵਿਚ, ਚਿੰਤਨ ਵਿਚ, ਅਤੇ ਸਮਾਜ ਵਿਚ ਇਕਸਾਰਤਾ ਅਤੇ ਇਕਰੂਪਤਾ ਦਾ ਸਿਧਾਂਤ ਟੁੱਟਣ ਲੱਗਾ ਅਤੇ ਉਸ ਦੀ ਥਾਂ ਅਨੇਕਤਾ ਅਤੇ ਬਹੁਰੂਪਤਾ ਦੇ ਸਿਧਾਂਤਾਂ ਦੀ ਸਥਾਪਨਾ ਹੋਣ ਲੱਗ ਪਈ। ਵਿਗਿਆਨ ਦੇ ਖੇਤਰ ਵਿਚ ਨਿਊਟਨ (1642–1727 ਈ.), ਅਤੇ ਰਾਜਨੀਤੀ ਤੇ ਮਨੋਵਿਗਿਆਨ ਦੇ ਖੇਤਰ ਵਿਚ ਹੌਬਸ (1588–1679 ਈ.) ਦੇ ਨਾਉਂ ਵਰਣਨਯੋਗ ਹਨ। ਇਨ੍ਹਾਂ ਪਿੱਛੋਂ ਲੌਕ (1632–1704 ਈ.) ਅਤੇ ਫ਼੍ਰਾਂਸੀਸੀ ਚਿੰਤਕ ਬੈਂਨਾਮ (1748–1832 ਈ.) ਨੇ ਵਿਅਕਤੀਵਾਦੀ ਵਿਚਾਰਾਂ ਨੂੰ ਅੱਗੇ ਤੋਰਿਆ।

          ਪੂੰਜੀਵਾਦ ਦੇ ਫੈਲਾਓ ਨਾਲ ਆਰਥਿਕ ਖੇਤਰ ਵਿਚ ਵੀ ਵਿਅਕਤੀਵਾਦ ਫੈਲਣਾ ਸ਼ੁਰੂ ਹੋਇਆ। ਸਨਾਤਨੀ ਜਾਂ ਕਲਾਸੀਕਲ ਇਕਾਨਮੀ ਦੇ ਜਨਮ–ਦਾਤਾ ਐਡਮ ਸਮਿੱਥ (1723–1790 ਈ.) ਨੇ ਆਰਥਿਕ ਵਿਅਕਤੀਵਾਦੀ ਸਿਧਾਂਤ ਨੂੰ ਪ੍ਰਚਾਰਿਆ। ਉਸ ਅਨੁਸਾਰ ਕਿਸੇ ਵੀ ਆਰਥਿਕ ਵਪਾਰ ਜਾਂ ਵਿਵਸਥਾ ਵਿਚ ਸਰਕਾਰ ਜਾਂ ਰਾਜ ਦਾ ਦਖ਼ਲ ਮਨੁੱਖੀ ਉੱਨਤੀ ਵਿਚ ਵਿਘਨ ਪਾਉਂਦਾ ਹੈ। ਇਸ ਨਾਲ ਨਿੱਜੀ ਸੁਤੰਤਰਤਾ ਅਤੇ ਨਿੱਜੀ ਵਿਕਾਸ ਖੇਰੂੰ ਖੇਰੂੰ ਹੋ ਜਾਂਦੇ ਹਨ ਅਤੇ ਵਿਅਕਤੀ ਵਿਚ ਅੱਗੇ ਵੱਧਣ ਲਈ ਸੰਘਰਸ਼ ਦੀ ਭਾਵਨਾ ਬਿਲਕੁਲ ਸਮਾਪਤ ਹੋ ਜਾਂਦੀ ਹੈ। ਇਸ ਵਿਚਾਰਧਾਰਾ ਦੁਆਰਾ ‘ਨੈਚੁਰਲ ਆਈਡੈਂਟਿਟੀ ਆਫ਼ ਇੰਟ੍ਰੈਸਟ’ ਜਾਂ ‘ਹਿੱਤਾਂ ਦੀ ਕੁਦਰਤੀ ਇਕਰੂਪਤਾ’ ਨਾਉਂ ਦਾ ਸਿਧਾਂਤ ਹੋਂਦ ਵਿਚ ਆਇਆ। ਇਸ ਅਨੁਸਾਰ ਵਿਅਕਤੀਆਂ ਦੇ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਸੰਪੂਰਣ ਆਜ਼ਾਦੀ ਦੀ ਮੰਗ ਸੀ। ਪਰੰਤੂ ਜਦ ਉਨ੍ਹੀਵੀਂ ਸਦੀ ਈ. ਦੇ ਅੱਧ ਵਿਚ ਪੂੰਜੀਵਾਦੀ ਆਰਥਿਕਤਾ ਨਵੀਆਂ ਸਮੱਸਿਆਵਾਂ ਨੂੰ ਸੁਲਝਾ ਸਕੀ ਤਾਂ ਇਹ ਕੇਵਲ ਕਲਪਨਾ ਹੀ ਬਣ ਕੇ ਰਹਿ ਗਈ। ਮਜ਼ਦੂਰਾਂ ਦੇ ਸੰਗਠਨ ਕਾਇਮ ਹੋ ਗਏ ਅਤੇ ਰਾਜ ਤੇ ਸਰਕਾਰ ਆਰਥਿਕ ਵਿਵਸਥਾ ਨੂੰ ਆਪਣੇ ਅਧੀਨ ਕਰਨ ਲੱਗ ਪਏ। ਇੰਜ ਸਮਾਜਵਾਦੀ ਧਾਰਾ ਦਾ ਆਰੰਭ ਹੋਇਆ।

          ਇਸ ਵਾਤਾਵਰਣ ਵਿਚ ਵੀ ਵਿਅਕਤੀਵਾਦੀ ਚਿੰਤਕ ਆਰਥਿਕ ਸੰਘਰਸ਼ ਨੂੰ ਰਾਜਨੀਤੀ ਸੰਘਰਸ਼ ਤੋਂ ਨਿਖੇੜਦੇ ਰਹੇ। ਇਸ ਲਈ ਉਨ੍ਹਾਂ ਨੇ ਰਾਜਨੀਤੀ ਖੇਤਰ ਵਿਚ ‘ਹਿਤਾਂ ਦੀ ਕੁਦਰਤੀ ਇਕਰੂਪਤਾ’ ਦੀ ਥਾਂ ‘ਹਿਤਾਂ ਦੀ ਬਨਾਉਟੀ ਇਕਰੂਪਤਾ’ ਜਾਂ ‘ਆਰਟੀਫ਼ਿਸ਼ਿਅਲ ਆਈਡੇਂਟੀਫ਼ਿਕੇਸ਼ਨ ਆਫ਼ ਇੰਟਰੈਸਟ’ ਸਿਧਾਂਤ ਨੂੰ ਮੰਨਿਆ। ਇਸ ਸਿਧਾਂਤ ਅਨੁਸਾਰ ਸਮਾਜ ਦੇ ਵੱਖ ਵੱਖ ਸੁਆਰਥਾਂ ਵਿਚ ਸੁਮੇਲ ਪੈਦਾ ਕਰਨਾ ਸੀ। ਪਰ ਸੁਆਰਥ ਵੱਖ ਵੱਖ ਹੋਣ ਕਾਰਣ ਇਹ ਸੁਮੇਲ ਸਥਾਪਤ ਕਰਨਾ ਸੰਭਵ ਨਹੀਂ ਹੈ। ਇਸ ਹਾਲਤ ਵਿਚ ਯੋਗ ਇਹੀ ਸਮਝਿਆ ਗਿਆ ਕਿ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋ ਵੱਧ ਭਲਾਈ ਕੀਤੀ ਜਾਵੇ ਅਰਥਾਤ ‘ਗ੍ਰੇਟੈਸਟ ਗੁਡ ਆਫ਼ ਗ੍ਰੇਟੈਸਟ ਨੰਬਰ’ ਨੂੰ ਆਧਾਰ ਬਣਾਇਆ ਗਿਆ। ਇਸ ਵਿਚਾਰ ਨੇ ਇਕ ਨਵੇਂ ਰਾਜਨੀਤੀ ਸਿਧਾਂਤ ‘ਉਪਯੋਗਤਾਵ’ ਜਾਂ ‘ਯੂਟਿਲੀਟੇਰੀਅਨਿਜ਼ਮ’ ਨੂੰ ਜਨਮ ਦਿੱਤਾ। ਉਨ੍ਹੀਵੀਂ ਸਦੀ ਈ. ਦੇ ਦੂਜੇ ਅੱਧ ਵਿਚ ਸਮਾਜਵਾਦੀਆਂ ਸ਼ਕਤੀਆਂ ਦੇ ਜ਼ੋਰ ਫੜਨ ਨਾਲ ਇਹ ਸਿਧਾਂਤ ਵੀ ਖੀਣ ਹੋ ਗਿਆ। ਜੌਨ ਸਟੂਅਰਟ ਮਿਲ (1805–1873 ਈ.) ਨੇ ਉਸ ਰਾਜਨੀਤੀ ਚੇਤਨਾ ਦਾ ਪੱਖ ਪੂਰਿਆ ਜਿਸ ਨਾਲ ਰਾਜ ਜਾਂ ਸਰਕਾਰ ਨੂੰ ਵਿਅਕਤੀ ਦੇ ਜੀਵਨ ਵਿਚ ਦਖ਼ਲ ਦੇਣ ਦਾ ਪਹਿਲਾਂ ਨਾਲੋਂ ਵੱਧ ਅਧਿਕਾਰ ਮਿਲ ਸਕੇ। ਇਸ ਦੇ ਨਾਲ ਨਾਲ ਇੰਗਲੈਂਡ ਦੇ ਰਾਜਨੀਤੀ ਦਾਰਸ਼ਨਿਕ ਟਾਮਸ ਹਿਲਗ੍ਰੰਸ (1836–1882 ਈ.) ਨੇ ਆਪਣਾ ‘ਰਾਜਨੀਤਿਕ ਆਦਰਸ਼ਵਾਦ’ ਜਾਂ ‘ਪੁਲਿਟੀਕਲ ਆਇਡਲਿਜ਼ਮ’ ਨੂੰ ਇਸੇ ਆਧਾਰ ’ਤੇ ਪ੍ਰਚਾਰਿਆ।

          ਇਸੇ ਤਰ੍ਹਾਂ ਵਿਅਕਤੀਵਾਦ ਆਪਣੀ ਸਫ਼ਲਤਾ ਨਾਲੋਂ ਅਸਫ਼ਲਤਾ ਕਾਰਣ ਵਧੇਰੇ ਮਹੱਤਵਪੂਰਣ ਹੈ। ਇਸ ਦੀ ਸਫ਼ਲਤਾ ਇਸੇ ਵਿਚ ਹੈ ਕਿ ਸਮੇਂ ਸਮੇਂ ਤੇ ਵਿਅਕਤੀਗਤ ਸੁਤੰਤਰਤਾ ਅਤੇ ਵਿਅਕਤੀਗਤ ਹਿੱਤਾਂ ਦੀ ਰੱਖਿਆ ਹੇਤੂ ਵਿਅਕਤੀਵਾਦ ਆਵਾਜ਼ ਉਠਾਉਂਦਾ ਰਿਹਾ ਹੈ। ਜਦ ਵੀ ਵਿਅਕਤੀਵਾਦ ਆਜ਼ਾਦੀ ਵਿਰੁੱਧ ਰਾਜ ਜਾਂ ਸਰਕਾਰ ਨੇ ਕੋਈ ਕ੍ਰਿਆ ਕੀਤੀ, ਵਿਅਕਤੀਵਾਦ ਨੇ ਸਫ਼ਲ ਸਮਾਜਕ ਪ੍ਰਤਿਕ੍ਰਿਆ ਕੀਤੀ ਹੈ ਅਤੇ ਸਮਾਜ ਨੂੰ ਸੁਤੰਤਰ ਬਣਾਉਣ ਦਾ ਯਤਨ ਕੀਤਾ ਹੈ। ਇਸ ਦੀ ਅਸਫ਼ਲਤਾ ਦੇ ਕਾਰਣ ਇਹ ਹੈ ਕਿ ਇਹ ਵਿਚਾਰਧਾਰਾ ਵਿਅਕਤੀ ਨੂੰ ਸਮਾਜ ਨਾਲੋਂ ਤੋੜ ਕੇ ਸੁਆਰਥੀ ਅਤੇ ਪਲਾਇਨਵਾਦੀ ਬਣਾਉਣ ਵਿਚ ਸਹਾਈ ਹੋਈ ਹੈ। ਅੱਜ ਦੀ ਸਮਾਜਕ ਵਿਵਸਥਾ ਵਿਚ ਇਸ ਦੀ ਨੀਂਹ ਟਿਕਣੀ ਜੇ ਅਸੰਭਵ ਨਹੀਂ ਤਾਂ ਔਖੀ ਜ਼ਰੂਰ ਹੈ।

          ਸਾਹਿੱਤ ਵਿਚ ਵਿਅਕਤੀਵਾਦ ਮਨੋਵਿਗਿਆਨਕ ਪ੍ਰਤਿਕ੍ਰਿਆ ਦਾ ਸਰੂਪ ਹੈ ਅਤੇ ਉਸ ਸਮਾਜਕ ਪਰਿਸਥਿਤੀ ਦੇ ਵਿਰੁੱਧ ਹੈ ਜਿਹੜੀ ਸੁਤੰਤਰ ਵਿਅਕਤਿੱਤਵ ਦੇ ਵਿਕਾਸ ਵਿਚ ਵਾਧਾ ਪਾਉਂਦੀ ਹੈ। ਪਰ ਸਾਹਿਤਿਕ ਰਾਜਨੀਤੀ, ਰਾਜ ਅਤੇ ਸਰਕਾਰ ਦੀ ਸ਼ਕਤੀ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਰਿਹਾ ਹੈ। ਇਸ ਲਈ ਵਿਅਕਤੀ ਦੀ ਬਾਹਰਲੀ ਸ਼ਰੀਰਿਕ ਸੁਤੰਤਰਾ ਤੋਂ ਵਾਂਝੇ ਉਸ ਨੇ ਮਾਨਸਿਕ ਸੁਤੰਤਰਤਾ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਕੋਸ਼ਿਸ਼ ਵਿਚ ਉਹ ਅੰਤਰਮੁਖੀ ਸੁਤੰਤਰਤਾ ਕਾਇਮ ਕਰਨ ਵਿਚ ਸਫ਼ਲ ਹੋਇਆ ਹੈ। ਵਿਅਕਤੀ ਦੇ ਮਨ ਦੀਆਂ ਅੰਦਰਲੀਆਂ ਤਹਿਆਂ ਨੂੰ ਸੁਤੰਤਰ ਰੂਪ ਵਿਚ ਲੱਭਣ ਤੇ ਘੋਖਣ ਵਿਚ ਕਾਮਯਾਬ ਹੋਇਆ। ਇਸ ਵਿਅਕਤੀਵਾਦੀ ਧਾਰਣਾ ਅਧੀਨ ਆਧੁਨਿਕ ਸਾਹਿੱਤ ਵਿਚ ਚੇਤਨਾ ਪ੍ਰਵਾਹ, ਅਸਤਿੱਤਵਵਾਦੀ, ਅਤੇ ਵਿਅਕਤੀਵਾਦੀ ਮਨੋਵਿਗਿਆਨਕ ਧਾਰਾਵਾਂ ਆਰੰਭ ਹੋਈਆਂ ਅਤੇ ਪ੍ਰਯੋਗਵਾਦੀ ਸਾਹਿੱਤਕਾਰਾਂ ਨੇ ਵਿਕਤੀਗਤ ਗੁੰਝਲਾਂ ਨੂੰ ਬਿੰਬਾਂ ਰਾਹੀਂ ਵਿਅਕਤ ਕਰਨ ਦਾ ਯਤਨ ਕੀਤਾ ਹੈ। ਪੱਛਮ ਦੀਆਂ ਉਨ੍ਹਾਂ ਲਹਿਰਾਂ ਨੇ ਪੰਜਾਬੀ ਸਾਹਿੱਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸੁਧਾਰਵਾਦੀ ਸਾਹਿੱਤ ਅਤੇ ਪ੍ਰਗਤੀਵਾਦੀ ਲਹਿਰਾਂ ਤੋਂ ਪਿੱਛੋਂ ਸਮਕਾਲੀ ਸਾਹਿੱਤ ਵਿਚ ਵਿਅਕਤੀਵਾਦੀ ਵਿਚਾਰਧਾਰਾ ਜ਼ੋਰ ਫੜ ਰਹੀ ਹੈ। ਸੁਰਜੀਤ ਸਿੰਘ ਸੇਠੀ, ਨਰਿੰਦਰਪਾਲ ਸਿੰਘ, ਮਹਿੰਦਰ ਸਿੰਘ ਸਰਨਾ ਨਾਟਕ ਅਤੇ ਗਲਪ ਵਿਚ, ਅਤੇ ਕਵਿਤਾ ਦੇ ਖੇਤਰ ਵਿਚ ਪ੍ਰਯੋਗਸ਼ੀਲ ਕਵੀਆਂ ਨੇ ਵਿਅਕਤੀਵਾਦੀ ਧਾਰਣਾ ਨੂੰ ਅਪਣਾਇਆ ਹੈ।


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਅਕਤੀਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਿਅਕਤੀਵਾਦ : ਇਹ ਇੱਕ ਅਜਿਹਾ ਸਿਧਾਂਤ ਹੈ ਜਿਸਦਾ ਭਾਵ ਹੈ ਕਿ ਸਮਾਜ ਦਾ ਮੁੱਖ ਉਦੇਸ਼ ਵਿਅਕਤੀ ਦੀ ਭਲਾਈ ਨੂੰ ਉੱਨਤ ਕਰਨਾ ਹੈ, ਮਨੁੱਖ ਦੇ ਗੌਰਵ ਅਤੇ ਰਾਜ ਦੀਆਂ ਨੈਤਿਕ ਜ਼ੁੰਮੇਵਾਰੀਆਂ ਨੂੰ ਮਾਨਤਾ ਪ੍ਰਦਾਨ ਕਰਨਾ ਹੈ ਤਾਂ ਕਿ ਇਹ ਉਸ ਦੀਆਂ ਉੱਚਤਮ ਯੋਗਤਾਵਾਂ ਪ੍ਰਾਪਤ ਕਰਨ ਵਿੱਚ ਸਹਾਇਕ ਹੋ ਸਕਣ। ਵਿਅਕਤੀਵਾਦ ਤੋਂ ਭਾਵ ਵਿਅਕਤੀਗਤ ਸੁਤੰਤਰਤਾ ਤੋਂ ਲਿਆ ਜਾਂਦਾ ਹੈ। ਵਿਅਕਤੀਵਾਦ, ਵਿਅਕਤੀ ਨੂੰ ਸਭ ਤਰ੍ਹਾਂ ਦੀਆਂ ਰੋਕਾਂ ਤੋਂ ਮੁਕਤ ਛੱਡ ਦੇਣ ਜਾਂ ਦਖ਼ਲ ਨਾ ਦੇਣ ਦਾ ਹੀ ਨਾਂ ਹੈ।

ਇਹ ਵਿਅਕਤੀ ਨੂੰ ਸਮੁੱਚੇ ਸਮਾਜਿਕ ਜੀਵਨ ਦਾ ਕੇਂਦਰ ਹੋਣ ਦੀ ਮਾਨਤਾ ਪ੍ਰਦਾਨ ਕਰਦਾ ਹੈ। ਰਾਜ ਨੂੰ ਚਾਹੀਦਾ ਹੈ ਕਿ ਉਹ ਵਿਅਕਤੀ ਨੂੰ ਆਪਣੀ ਕਿਸਮਤ ਨੂੰ ਨਿਸ਼ਚਿਤ ਕਰਨ ਲਈ ਖੁੱਲ੍ਹਾ ਛੱਡ ਦੇਵੇ ਕਿਉਂਕਿ ਸਮੁੱਚੇ ਸਮਾਜਿਕ ਵਿਧਾਨ ਦੀ ਹੋਂਦ ਉਸਦੇ ਲਈ ਅਤੇ ਉਸਦੇ ਦੁਆਰਾ ਹੀ ਹੈ ਅਤੇ ਇਸ ਤਰ੍ਹਾਂ ਉਹ ਆਪਣਾ ਸਰੂਪ ਖ਼ੁਦ ਗ੍ਰਹਿਣ ਕਰ ਸਕਦਾ ਹੈ ਕਿਉਂ ਜੋ ਸਮਾਜ ਖ਼ੁਦ ਵਿਅਕਤੀਆਂ ਦੀ ਉਪਜ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ, ਰਾਜ ਦੀ ਹੋਂਦ ਸਿਰਫ਼ ਉਸਦੀ ਰੱਖਿਆ ਅਤੇ ਨਿਯੰਤਰਨ ਦੇ ਲਈ ਹੈ, ਪਾਲਣ-ਪੋਸ਼ਣ ਅਤੇ ਵਾਧੇ ਦੇ ਲਈ ਨਹੀਂ ਹੈ। ਰਾਜ ਦੇ ਕੰਮ ਨਕਾਰਾਤਮਕ ਰੂਪ ਨਾਲ ਜ਼ਰੂਰੀ ਹਨ।

ਵਿਅਕਤੀਵਾਦ ਦੀ ਵਿਚਾਰਧਾਰਾ ਦਾ ਅਰੰਭ ਫ਼੍ਰਾਂਸ ਦੇ ਪਦਾਰਥਵਾਦੀ ਵਿਚਾਰਕਾਂ ਦੁਆਰਾ ਕੀਤਾ ਗਿਆ ਸਮਝਿਆ ਜਾਂਦਾ ਹੈ। ਉਹਨਾਂ ਦੀ ਨੀਤੀ ਨਾ ਦਖ਼ਲਅੰਦਾਜ਼ੀ ਦੀ ਸੀ ਅਤੇ ਉਹ ਇੱਕ ਵਿਅਕਤੀ ਨੂੰ ਆਪਣੀ ਰੁਚੀ ਦੇ ਅਨੁਸਾਰ ਕੰਮ ਕਰਨ ਦੇਣਾ ਚਾਹੁੰਦੇ ਸਨ ਫਲਸਰੂਪ ਉਹ ਸਰਕਾਰ ਦੀ ਨੀਤੀ ਨੂੰ ਇਸ ਹੱਦ ਤੱਕ ਹੀ ਚੰਗਾ ਸਮਝਦੇ ਸਨ ਕਿ ਉਹ ਨਿੱਜੀ ਸੰਪਤੀ ਦਾ ਆਦਰ ਕਰਦੀ ਹੈ, ਸੁਤੰਤਰ ਮੁਕਾਬਲੇ ਨੂੰ ਮਨਜ਼ੂਰੀ ਦਿੰਦੀ ਹੈ ਅਤੇ ਕਨੂੰਨ ਦੇ ਸਾਮ੍ਹਣੇ ਸਭ ਵਿਅਕਤੀਆਂ ਨੂੰ ਬਰਾਬਰ ਮੰਨਦੀ ਹੇ। ਫ਼੍ਰਾਂਸ ਵਿੱਚ ਇਹ ਸਿਧਾਂਤ ਬਹੁਤ ਫਲਿਆ ਅਤੇ ਫੈਲਿਆ ਅਤੇ ਉੱਥੋਂ ਇਹ ਸਾਰੇ ਯੂਰਪ ਵਿੱਚ ਫੈਲ ਗਿਆ।

ਬਾਅਦ ਵਿੱਚ ਕਈ ਅੰਗਰੇਜ਼ ਅਰਥ-ਸ਼ਾਸਤਰੀਆਂ, ਵਿਸ਼ੇਸ਼ ਕਰਕੇ, ਐਡਮ ਸਮਿੱਥ, ਰਿਕਾਰਡੋ ਅਤੇ ਮਾਲਥਸ ਨੇ ਇਸ ਵਿਚਾਰ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਵਿਅਕਤੀਵਾਦ ਦੀ ਵਿਚਾਰਧਾਰਾ ਦਾ ਵਧੇਰੇ ਬੋਲਬਾਲਾ ਸੀ ਅਤੇ ਜਰਮੀ ਬੈਨਥਮ, ਜਾਨ ਸਟੂਅਰਟ ਮਿਲ ਅਤੇ ਹਰਬਰਟ ਸਪੈਂਸਰ ਜਿਹੇ ਉਪਯੋਗਤਾਵਾਦੀ ਵਿਚਾਰਕਾਂ ਨੇ ਇਸ ਵਿਚਾਰਧਾਰਾ ਦੀ ਹਿਮਾਇਤ ਕੀਤੀ।

ਵਿਅਕਤੀਵਾਦ ਦੇ ਸਿਧਾਂਤ ਅਨੁਸਾਰ ਰਾਜ ਨੂੰ ਲੋਕਾਂ ‘ਤੇ ਘੱਟ ਤੋਂ ਘੱਟ ਪ੍ਰਤਿਬੰਧ ਲਗਾਉਣੇ ਚਾਹੀਦੇ ਹਨ ਅਤੇ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਹਰੇਕ ਵਿਅਕਤੀ ਆਪਣਾ ਵੱਧ ਤੋਂ ਵੱਧ ਵਿਕਾਸ ਕਰ ਸਕੇ। ਇਸ ਵਿਚਾਰਧਾਰਾ ਦੇ ਸਮਰਥਕ ਜਾਨ ਸਟੂਅਰਟ ਮਿਲ ਵਿਅਕਤੀਵਾਦ ਤੋਂ ਭਾਵ ਇਸ ਗੱਲ ਤੋਂ ਲੈਂਦੇ ਹਨ ਕਿ ਰਾਜ ਦੀ ਸ਼ਕਤੀ ਦੀ ਵਰਤੋਂ ਸਮਾਜ ਦੇ ਕਿਸੇ ਮੈਂਬਰ ਉੱਪਰ ਉਸ ਦੀ ਇੱਛਾ ਦੇ ਵਿਰੁੱਧ ਕੇਵਲ ਇੱਕ ਹੀ ਉਦੇਸ਼ ਲਈ ਉਚਿਤ ਆਖੀ ਜਾ ਸਕਦੀ ਹੈ, ਉਹ ਇਹ ਕਿ ਇਸ ਦੀ ਵਰਤੋਂ ਦੂਜਿਆਂ ਦੀ ਹਾਨੀ ਹੋਣ ਤੋਂ ਬਚਾਉਣ ਲਈ ਕੀਤੀ ਗਈ ਹੋਵੇ। ਅਰਥਾਤ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਕੀਤੀ ਗਈ ਹੋਵੇ।

ਇਸ ਵਿਚਾਰ ਅਨੁਸਾਰ ਰਾਜ ਦੁਆਰਾ ਲੋਕਾਂ ਦੇ ਆਮ ਜੀਵਨ ਵਿੱਚ ਘੱਟ ਤੋਂ ਘੱਟ ਦਖ਼ਲਅੰਦਾਜ਼ੀ ਕੀਤੀ ਜਾਵੇ ਅਤੇ ਉਹਨਾਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਹਿਮਬੋਲਟ  (Himbolt)  ਦਾ ਕਹਿਣਾ ਹੈ ਕਿ ਵਿਅਕਤੀਗਤ ਸੁਤੰਤਰਤਾ ਇੱਕ ਵਿਅਕਤੀ ਨੂੰ ਆਦਰਸ਼ਵਾਦੀ ਬਣਾ ਦਿੰਦੀ ਹੈ। ਇਸ ਨਾਲ ਉਸ ਵਿੱਚ ਆਪਣਾ ਅਸਲੀ ਟੀਚਾ ਪ੍ਰਾਪਤ ਕਰਨ ਦੀ ਯੋਗਤਾ ਤੇ ਸਮਰੱਥਾ ਪੈਦਾ ਹੁੰਦੀ ਹੈ। ਇਸ ਨਾਲ ਇੱਕ ਵਿਅਕਤੀ ਨੂੰ ਸੰਪੂਰਨ ਅਤੇ ਅਨਿੱਖੜਵੀਂ ਸ਼ਖ਼ਸੀਅਤ ਹਾਸਲ ਕਰਨ ਵਿੱਚ ਵਧੇਰੇ ਸਹਾਇਤਾ ਮਿਲਦੀ ਹੈ।

ਵਿਅਕਤੀਵਾਦ ਦੇ ਸਮਰਥਕਾਂ ਦਾ ਮੱਤ ਹੈ ਕਿ ਹਰੇਕ ਵਿਅਕਤੀ ਆਪਣੇ ਹਿਤਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਆਪ ਜਾਣਦਾ ਅਤੇ ਸਮਝਦਾ ਹੈ ਅਤੇ ਜੇਕਰ ਉਸ ਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਸੁਤੰਤਰਤਾ ਦੇ ਦਿੱਤੀ ਜਾਵੇ ਤਾਂ ਉਹ ਆਪਣੇ ਹਿਤਾਂ ਦੀ ਪੂਰਤੀ ਦੇ ਨਾਲ-ਨਾਲ ਆਪਣੀ ਸ਼ਖ਼ਸੀਅਤ ਦਾ ਪੂਰਾ ਵਿਕਾਸ ਕਰ ਸਕਦਾ ਹੈ ਅਤੇ ਆਪਣੀ ਖ਼ੁਸ਼ਹਾਲੀ ਜਾਂ ਸੰਪੂਰਨਤਾ ਹਾਸਲ ਕਰ ਸਕਦਾ ਹੈ।

ਵਿਅਕਤੀਵਾਦੀ ਇਸ ਗੱਲ ਤੇ ਵੀ ਜ਼ੋਰ ਦਿੰਦੇ ਹਨ ਕਿ ਸੰਸਾਰ ਵਿੱਚ ਇੱਕ ਅਦਿੱਖ ਸੱਤਾ ਵਿਦਮਾਨ ਹੈ, ਜਿਹੜੀ ਹਰੇਕ ਵਿਅਕਤੀ ਨੂੰ ਅਗਵਾਈ ਪ੍ਰਦਾਨ ਕਰਦੀ ਹੈ ਅਤੇ ਅਜਿਹਾ ਮਾਰਗ ਵਿਖਾਉਂਦੀ ਹੈ ਜਿਸ ਤੇ ਚਲਦਿਆਂ ਇੱਕ ਵਿਅਕਤੀ ਨਾ ਕੇਵਲ ਆਪਣੇ ਹੀ ਹਿਤਾਂ ਦੀ ਪੂਰਤੀ ਕਰ ਸਕਦਾ ਹੈ, ਬਲਕਿ ਇਸ ਤਰ੍ਹਾਂ ਨਾਲ ਸਮਾਜ ਦੀ ਵੀ ਭਲਾਈ ਹੋ ਸਕਦੀ ਹੈ। ਵਿਅਕਤੀਵਾਦ ਦੀ ਧਾਰਨਾ ਦੇ ਸਮਰਥਕਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਵਿਅਕਤੀਵਾਦੀ ਵਿਵਸਥਾ ਸਰਬ-ਉੱਤਮ ਸੱਭਿਅਤਾ ਅਤੇ ਵੱਧ ਤੋਂ ਵੱਧ ਨੈਤਿਕ ਅਤੇ ਭੌਤਿਕ ਉੱਨਤੀ ਲਈ ਬੇਹੱਦ ਢੁਕਵੀਂ ਹੈ।

ਵਿਅਕਤੀਵਾਦ ਦੇ ਦੋਸ਼ਾਂ ਵਿੱਚ ਇਹ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਵਿੱਚ ਅਮੀਰਾਂ ਅਤੇ ਗ਼ਰੀਬਾਂ ਵਿੱਚ ਅਸਮਾਨਤਾ ਵੱਧਦੀ ਹੈ ਅਤੇ ਅਮੀਰ ਵਿਅਕਤੀ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਗ਼ਰੀਬਾਂ ਦੇ ਅਮੀਰਾਂ ਦੁਆਰਾ ਸ਼ੋਸ਼ਣ ਨੂੰ ਰਾਜ ਦੇ ਦਖ਼ਲ ਰਾਹੀਂ ਹੀ ਰੋਕਿਆ ਜਾ ਸਕਦਾ ਹੈ।

ਭਾਵੇਂ ਵਰਤਮਾਨ ਸਮੇਂ ਵਿੱਚ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀ ਵਿਚਾਰਧਾਰਾ ਪ੍ਰਚਲਿਤ ਹੋਣ ਕਾਰਨ ਲੋਕਾਂ ਨੂੰ ਆਰਥਿਕ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਇਸ ਪਰਿਵਰਤਨਮਈ ਵਿਵਸਥਾ ਨੂੰ ਵਿਅਕਤੀਵਾਦੀ ਵਿਵਸਥਾ ਨਾਲ ਜੋੜਿਆ ਨਹੀਂ ਜਾ ਸਕਦਾ। ਵਰਤਮਾਨ ਯੁੱਗ ਵਿੱਚ ਵਿਅਕਤੀਵਾਦੀ ਵਿਚਾਰਧਾਰਾ ਲਈ ਕੋਈ ਸਥਾਨ ਨਹੀਂ ਹੈ ਕਿਉਂਕਿ ਰਾਜ, ਲੋਕ ਭਲਾਈ ਰਾਜ ਹੋਣ ਦੇ ਨਾਤੇ ਵਿਅਕਤੀ ਦੇ ਬਹੁਮੁਖੀ ਹਿਤਾਂ ਨੂੰ ਸੂਤਰਬੱਧ ਕਰਦਾ ਹੈ। ਇਸ ਤੋਂ ਇਲਾਵਾ ਸਮੂਹ ਨੂੰ ਵਿਅਕਤੀ ਦੀ ਵਾਸਤਵਿਕ ਸ਼ਖ਼ਸੀਅਤ ਦੇ ਵਿਕਾਸ ਦੇ ਲਈ ਸਭ ਤੋਂ ਵਧੀਆ ਮਾਧਿਅਮ ਸਮਝਿਆ ਜਾਂਦਾ ਹੈ।


ਲੇਖਕ : ਰਾਜ ਕੁਮਾਰ ਗੋਇਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-19-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.