ਵਿਸ਼ਾ/ਉਦੇਸ਼/ਕਰਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸ਼ਾ/ਉਦੇਸ਼/ਕਰਤਾ : ਭਾਸ਼ਾ-ਵਿਗਿਆਨ ਅਤੇ ਵਿਆਕਰਨ ਦੀ ਸ਼ਬਦਾਵਲੀ ਵਿੱਚ ਇਹ ਸੰਕਲਪ ਅਤੇ ਸ਼ਬਦ ਆਮ ਪ੍ਰਚਲਿਤ ਹਨ। ਆਮ ਤੌਰ ਤੇ ਇਹਨਾਂ ਸ਼ਬਦਾਂ ਦੀ ਵਰਤੋਂ ਵਿਕਲਪ ਦੇ ਤੌਰ ਤੇ ਕਰ ਲਈ ਜਾਂਦੀ ਹੈ ਭਾਵ ਇੱਕ ਦੀ ਥਾਂ ਦੂਜਾ ਸ਼ਬਦ ਵਰਤ ਲਿਆ ਜਾਂਦਾ ਹੈ। ਆਮ ਸਧਾਰਨ ਪਾਠਕ ਲਈ ਇਹਨਾਂ ਦਾ ਵਖਰੇਵਾਂ ਕੋਈ ਮਹੱਤਵ ਨਹੀਂ ਰੱਖਦਾ ਕਿਉਂਕਿ ਆਮ ਤੌਰ ਤੇ ਇਹ ਸੰਕਲਪ ਇੱਕੋ ਇਕਾਈ ਤੋਂ ਉਜਾਗਰ ਹੁੰਦੇ ਹਨ, ਜਿਵੇਂ-‘ਮੁੰਡਾ ਖੇਡਦਾ ਹੈ’ ਇਸ ਵਾਕ ਵਿੱਚ ‘ਮੁੰਡਾ’ ਇਸ ਵਾਕ ਦਾ ਵਿਸ਼ਾ ਵੀ ਹੈ, ਉਦੇਸ਼ (subject) ਵੀ ਅਤੇ ਕਰਤਾ ਵੀ। ਸ਼ਬਦ ਅਰਥ ਦੇ ਪੱਧਰ ਦੀ ਇਹ ਰਲਗੱਡਤਾ ਵੱਖੋ-ਵੱਖਰੀਆਂ ਵਿਆਕਰਨਾਂ/ਵਿਆਕਰਨਿਕ ਸਿਧਾਂਤਾਂ ਦੀ ਦੇਣ ਹੈ।

     ਉਦੇਸ਼ ਸੰਕਲਪ ਦੀ ਵਰਤੋਂ ਵਿਆਕਰਨਿਕ ਕਾਰਜ ਦੀ ਵਿਆਖਿਆ ਲਈ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਕਾਰਾਂ ਨੇ ਵਾਕ ਨੂੰ ਦੋ-ਪੱਖੀ ਵੰਡ ਅਧੀਨ ਰੱਖਿਆ ਹੈ-ਉਦੇਸ਼ ਅਤੇ ਵਿਧੇਅ। ਉਦੇਸ਼ ਤੋਂ ਕਾਰਜ ਕਰਨ ਵਾਲੇ ਅਰਥ ਦੀ ਸੂਚਨਾ ਮਿਲਦੀ ਹੈ ਜਦੋਂ ਕਿ ਵਿਧੇਅ ਵਿੱਚ ਹੋਏ ਕਾਰਜ ਦੀ ਸੂਚਨਾ ਮਿਲਦੀ ਹੈ। ਇਸ ਪ੍ਰਕਾਰ ਦੀ ਵੰਡ ਅੱਜ ਵੀ ਵਾਕ ਦੇ ਅਧਿਐਨ ਲਈ ਕੀਤੀ ਜਾਂਦੀ ਹੈ। ਉਦੇਸ਼ ਨੂੰ ਵਾਕ ਵਿੱਚ ਬਾਕੀ ਤੱਤਾਂ (ਕਰਮ, ਕਿਰਿਆ, ਕਿਰਿਆ ਵਿਸ਼ੇਸ਼ਣ) ਨਾਲੋਂ ਨਿਖੇੜਿਆ ਜਾਂਦਾ ਹੈ ਅਤੇ ਬਾਕੀ ਤੱਤ ਇਸੇ ਲੜੀ ਦੇ ਹਿੱਸੇ ਹਨ। ਜੌਨ ਲਾਇਨਜ਼ (1968), ਐਮ.ਏ.ਕੇ. ਹੈਲੀਡੇ (1970), ਕੁਇਰਕ ਅਤੇ ਗਰੀਨਬਮ (1970) ਅਤੇ ਈ.ਕੇ. ਬਰਾਉਨ ਤੇ ਜੇ. ਮਿਲਰ (1980) ਆਦਿ ਭਾਸ਼ਾ ਵਿਗਿਆਨੀਆਂ ਨੇ ਉਦੇਸ਼ ਦੀ ਪਛਾਣ ਹਿੱਤ ਇਸ ਦਾ ਅੱਗੋਂ ਵਰਗੀਕਰਨ ਕੀਤਾ ਹੈ। ਇਹਨਾਂ ਸਾਰੇ ਭਾਸ਼ਾ ਵਿਗਿਆਨੀਆਂ ਵੱਲੋਂ ਵਰਗੀਕਰਨ ਕਰਨ ਲਈ ਉਦੇਸ਼ ਨੂੰ ਤਿੰਨ ਪੱਖਾਂ ਤੋਂ ਵਿਚਾਰਿਆ ਗਿਆ ਹੈ। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੀ ਇਸ ਕਾਰਜੀ ਇਕਾਈ ਦੇ ਤਿੰਨ ਪੱਖ ਇਸ ਪ੍ਰਕਾਰ ਹਨ-ਵਿਆਕਰਨਿਕ ਉਦੇਸ਼, ਤਾਰਕਿਕ ਉਦੇਸ਼ ਅਤੇ ਵਿਚਾਰਾਤਮਿਕ ਉਦੇਸ਼।

     ਵਿਆਕਰਨਿਕ ਉਦੇਸ਼, ਵਿਆਕਰਨਿਕ ਵਿਸ਼ੇਸ਼ਤਾਵਾਂ ਕਰ ਕੇ ਪਛਾਣਿਆ ਜਾਂਦਾ ਹੈ। ਕਿਸੇ ਵੀ ਕਰਤਰੀ ਜਾਂ ਕਰਮਣੀ ਵਾਕ ਵਿੱਚ ਪਹਿਲੇ ਸਥਾਨ ’ਤੇ ਵਿਚਰਨ ਵਾਲੇ ਨਾਂਵ ਵਾਕਾਂਸ਼ ਨੂੰ ਵਿਆਕਰਨਿਕ ਉਦੇਸ਼ ਆਖਿਆ ਜਾਂਦਾ ਹੈ, ਜਿਵੇਂ ‘ਮੀਂਹ ਪੈ ਗਿਆ’ ਵਿੱਚ ‘ਮੀਂਹ’ ਵਿਆਕਰਨਿਕ ਉਦੇਸ਼ ਹੈ। ਇਹਨਾਂ ਸੰਕਲਪਾਂ ਨੂੰ ਇੱਕ ਹੋਰ ਕਾਰਜੀ ਵਿਧੀ ਅਨੁਸਾਰ ਕਰਤਾ, ਕਰਮ ਅਤੇ ਕਿਰਿਆ ਵਿੱਚ ਵਰਤਿਆ ਜਾਂਦਾ ਹੈ। ਸਧਾਰਨ, ਬਿਆਨੀਆ ਅਤੇ ਕਰਤਰੀ ਵਾਕਾਂ ਵਿੱਚ ਪਹਿਲੇ ਸਥਾਨ ’ਤੇ ਵਿਚਰਨ ਵਾਲੇ ਨਾਂਵ ਵਾਕਾਂਸ਼ ਨੂੰ ਕਰਤਾ ਕਿਹਾ ਜਾਂਦਾ ਹੈ। ਇਸ ਲਈ ਕਰਤਾ ਅਤੇ ਉਦੇਸ਼ ਨੂੰ ਪੰਜਾਬੀ ਵਿੱਚ ਇੱਕੋ ਇਕਾਈ ਤੋਂ ਉਜਾਗਰ ਕੀਤਾ ਹੈ ਪਰ ਵਿਆਕਰਨਿਕ ਉਦੇਸ਼ ਹਮੇਸ਼ਾਂ ਵਾਕ ਦਾ ਕਰਤਾ ਨਹੀਂ ਹੁੰਦਾ, ਜਿਵੇਂ ‘ਮੀਂਹ ਪੈ ਗਿਆ’ ਵਿੱਚ ‘ਮੀਂਹ’ ਵਾਕ ਦਾ ਵਿਆਕਰਨਿਕ ਉਦੇਸ਼ ਹੈ ਪਰ ਕਰਤਾ ਦੇ ਤੌਰ ਤੇ ਕਾਰਜ ਨਹੀਂ ਕਰਦਾ। ‘ਮੁੰਡੇ ਨੇ ਸੱਪ ਨੂੰ ਮਾਰਿਆ’ ਵਾਕ ਵਿੱਚ ‘ਮੁੰਡੇ ਨੇ’ ਵਿਆਕਰਨਿਕ ਅਤੇ ਕਰਤਾ ਜਾਂ ਤਾਰਕਿਕ ਉਦੇਸ਼ ਹੈ। ਤਾਰਕਿਕ ਉਦੇਸ਼ ਵਾਕ ਦੇ ਕਰਤਾ ਵੱਜੋਂ ਕਾਰਜ ਕਰਦਾ ਹੈ ਅਤੇ ਇਸ ਇਕਾਈ ਦਾ ਵਾਕ ਵਿੱਚ ਕੋਈ ਵੀ ਸਥਾਨ ਹੋ ਸਕਦਾ ਹੈ ਕਿਉਂਕਿ ਪੰਜਾਬੀ ਵਿੱਚ ਵਾਕਾਂਸ਼ ਪਰਿਵਰਤਨ ਸੰਭਵ ਹੈ, ਜਿਵੇਂ ‘ਸੱਪ ਨੂੰ ਮੁੰਡੇ ਨੇ ਮਾਰਿਆ’ ਵਾਕ ਵਿੱਚ ‘ਮੁੰਡੇ ਨੇ’ ਕਰਤਾ ਨਾਂਵ ਵਾਕਾਂਸ਼ ਜਾਂ ਤਾਰਕਿਕ ਉਦੇਸ਼ ਹੈ ਅਤੇ ‘ਸੱਪ ਨੂੰ’ ਵਿਆਕਰਨਿਕ ਉਦੇਸ਼ ਹੈ ਅਤੇ ਬਾਕੀ ਸਾਰਾ ਵਾਕ ਵਿਧੇਅ ਵੱਜੋਂ ਵਿਚਰਦਾ ਹੈ। ਵਿਆਕਰਨਿਕ ਤੇ ਤਾਰਕਿਕ ਉਦੇਸ਼ ਵਿੱਚ ਪਹਿਲੀ ਭਿੰਨਤਾ ਇਹ ਹੈ ਕਿ ਤਾਰਕਿਕ ਉਦੇਸ਼ ਵਾਕ ਵਿੱਚ ਕੰਮ ਕਰਨ ਵਾਲੇ ਕਰਤਾ ਦਾ ਸੂਚਕ ਹੁੰਦਾ ਹੈ ਜਦੋਂ ਕਿ ਵਿਆਕਰਨਿਕ ਉਦੇਸ਼ ਵਾਕ ਵਿੱਚ ਵਿਚਰਨ ਵਾਲੀ ਪਹਿਲੀ ਇਕਾਈ ਨੂੰ ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.