ਵਿਸ਼ਾਖਦੱਤ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਸ਼ਾਖਦੱਤ : ਵਿਸ਼ਾਖਦੱਤ ਦੁਆਰਾ ਰਚਿਤ ਮੁਦਰਾ-ਰਾਕਸ਼ਸ ਨਾਟਕ ਆਪਣੀ ਕਥਾਵਸਤੂ ਦੀ ਵਿਸ਼ਿਸ਼ਟਤਾ ਅਤੇ ਸ਼ੈਲੀ ਦੀ ਉਦਾਤਤਾ ਅਤੇ ਗੰਭੀਰਤਾ ਦੇ ਕਾਰਨ ਸੰਸਕ੍ਰਿਤ ਸਾਹਿਤ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਸੰਸਕ੍ਰਿਤ ਦੇ ਹੋਰ ਪ੍ਰਾਚੀਨ ਕਵੀਆਂ ਦੀ ਤਰ੍ਹਾਂ ਵਿਸ਼ਾਖਦੱਤ ਦੇ ਜੀਵਨ ਸੰਬੰਧੀ ਕੋਈ ਖ਼ਾਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਮੁਦਰਾਰਾਕਸ਼ਸ ਨਾਟਕ ਦੀ ਪ੍ਰਸਤਾਵਨਾ ਤੋਂ ਹੀ ਲੇਖਕ ਦਾ ਨਾਂ ਵਿਸ਼ਾਖਦੱਤ ਹੋਣ ਦਾ ਪ੍ਰਮਾਣ ਮਿਲਦਾ ਹੈ। ਕੁੱਝ ਪ੍ਰਾਚੀਨ ਖਰੜਿਆਂ ਵਿੱਚ ਸਾਮੰਤ ਵਟੇਸ਼ਵਰਦੱਤ ਦੇ ਪੋਤੇ ਅਤੇ ਮਹਾਰਾਜ ਭਾਸਕਰਦੱਤ ਦੇ ਪੁੱਤਰ ਵਿਸ਼ਾਖਦੇਵ ਦਾ ਵੀ ਉਲੇਖ ਪ੍ਰਾਪਤ ਹੁੰਦਾ ਹੈ। ਨਾਟਕ ਦੀ ਪ੍ਰਸਤਾਵਨਾ ਵਿੱਚ ਪ੍ਰਯੋਗ ਕੀਤੇ ਗਏ ਸਾਮੰਤ, ਮਹਾਰਾਜ ਅਤੇ ਦੱਤ ਸ਼ਬਦ ਤੋਂ ਇਹ ਪਤਾ ਚੱਲਦਾ ਹੈ ਕਿ ਰਾਜਵੰਸ਼ ਵਿੱਚ ਜਨਮ ਹੋਣ ਦੇ ਬਾਵਜੂਦ ਵੀ ਕਨਿਸ਼ਠ ਪੁੱਤਰ ਹੋਣ ਕਰ ਕੇ ਵਿਸ਼ਾਖਦੱਤ ਨੂੰ ਰਾਜਕਾਰਜ ਦਾ ਬੋਝ ਚੁੱਕਣਾ ਨਹੀਂ ਸੀ ਪਿਆ। ਵਿਲਸਨ ਨੇ ਮੁਦਰਾ ਰਾਕਸ਼ਸ ਦੇ ਮਿਲੇ ਕੁੱਝ ਪ੍ਰਾਚੀਨ ਖਰੜਿਆਂ ਦੇ ਆਧਾਰ ’ਤੇ ਵਿਸ਼ਾਖਦੱਤ ਦਾ ਨਿਵਾਸ ਸਥਾਨ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਸ਼ਾਖਦੱਤ ਦੀ ਰਚਨਾ ਵਿੱਚ ਉੱਤਰ ਭਾਰਤ ਦਾ ਵਿਸਤਾਰ ਸਹਿਤ ਵਰਣਨ, ਪਰਵਤੀ ਜਾਤੀਆਂ, ਕਸ਼ਮੀਰ, ਸਿੰਧ ਆਦਿ ਦੇਸ਼ਾਂ ਦੇ ਉਲੇਖ ਦੇ ਆਧਾਰ ’ਤੇ ਨਾਟਕਕਾਰ ਨੂੰ ਉੱਤਰ ਭਾਰਤ ਦਾ ਨਿਵਾਸੀ ਕਿਹਾ ਜਾ ਸਕਦਾ ਹੈ। ਉੱਤਰ ਭਾਰਤ ਦੀਆਂ ਨਦੀਆਂ ਦੇ ਕਿਨਾਰੇ ਪ੍ਰਾਪਤ ਹੋਣ ਵਾਲੇ ਕਾਸ਼ ਦੇ ਫੁੱਲਾਂ ਅਤੇ ਹੰਸਾਂ ਦੇ ਵਰਣਨ ਤੋਂ ਵੀ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ। ਉੱਤਰ-ਪੱਛਮ ਦਿਸ਼ਾ ਵਿੱਚ ਜਾਣ ਵੇਲੇ ਸੋਨ ਨਦੀ ਨੂੰ ਪਾਰ ਕਰਨ ਦਾ ਵਰਣਨ ਅਤੇ ਗੰਗਾ ਦੇ ਕਿਨਾਰੇ ਉਪਸਥਿਤ ਪਾਟਲੀਪੁੱਤਰ ਦੇ ਉਲੇਖ ਤੋਂ ਪਤਾ ਚੱਲਦਾ ਹੈ ਕਿ ਨਾਟਕਕਾਰ ਵਿਸ਼ਾਖਦੱਤ ਇਸ ਪ੍ਰਦੇਸ਼ ਦੇ ਭੂ-ਭਾਗ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਵਿਸ਼ਾਖਦੱਤ ਵੈਦਿਕ ਧਰਮ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ। ਵੈਦਿਕ ਧਰਮ ਵਿੱਚ ਵਿਸ਼ਵਾਸ ਹੁੰਦੇ ਹੋਏ ਵੀ ਉਸ ਨੇ ਆਪਣੇ ਨਾਟਕ ਵਿੱਚ ਬੋਧ ਸੰਪਰਦਾਇ ਦੀਆਂ ਪਰੰਪਰਾਵਾਂ ਅਤੇ ਜਾਤਕ ਕਥਾਵਾਂ ਦਾ ਬਹੁਤ ਹੀ ਸੁੰਦਰ ਅਤੇ ਸਨਮਾਨ ਸਹਿਤ ਵਰਣਨ ਕਰਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ। ਚੌਥੇ ਅੰਕ ਦੇ ਉਨੱਤੀਵੇਂ ਸਲੋਕ ਵਿੱਚ ਨਾਟਕਕਾਰ ਨੇ ਸੂਰਜ ਦੇ ਪ੍ਰਤਿ ਵੀ ਆਪਣੀ ਭਗਤੀ ਭਾਵਨਾ ਨੂੰ ਦਰਸਾਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਵਿਸ਼ਾਖਦੱਤ ਉਦਾਰ ਦ੍ਰਿਸ਼ਟੀਕੋਣ ਦਾ ਧਾਰਨੀ ਅਤੇ ਹਿੰਦੂ ਧਰਮ ਨੂੰ ਮੰਨਣ ਵਾਲਾ ਸੀ।
ਵਿਸ਼ਾਖਦੱਤ ਦੇ ਸਮੇਂ ਅਤੇ ਰਚਨਾ ਕਾਲ ਸੰਬੰਧੀ ਕਿਸੇ ਨਿਸ਼ਚਿਤ ਸਿੱਟੇ ਤੇ ਪਹੁੰਚਣ ਲਈ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੁੰਦਾ। ਕੇਵਲ ਨਾਟਕ ਦੇ ਭਰਤਵਾਕ ਵਿੱਚ ਪ੍ਰਯੋਗ ਕੀਤੇ ਗਏ ਇੱਕ ਰਾਜਾ ਦੇ (ਚੰਦਰਗੁਪਤ, ਦੰਤੀਵਰਮਾ, ਅਵੰਤੀਵਰਮਾ) ਇਹ ਭਿੰਨ-ਭਿੰਨ ਨਾਂ ਮਿਲਣ ਕਰ ਕੇ ਨਾਟਕਕਾਰ ਦੇ ਸਮੇਂ ਨਿਰਧਾਰਨ ਨੂੰ ਨਿਸ਼ਚਿਤ ਕਰਨ ਵਿੱਚ ਬਹੁਤ ਹੀ ਮੁਸ਼ਕਲ ਪੇਸ਼ ਆਉਂਦੀ ਹੈ। ਫਿਰ ਵੀ ਕੁਝ ਵਿਦਵਾਨਾਂ ਨੇ ਇਹਨਾਂ ਨਾਵਾਂ ਦੇ ਆਧਾਰ ’ਤੇ ਹੀ ਵਿਸ਼ਾਖਦੱਤ ਦਾ ਸਮਾਂ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਰਤਵਾਕ ਵਿੱਚ ਰਾਜਾ ਦਾ ਨਾਂ ਚੰਦਰਗੁਪਤ ਮੰਨਣ ਵਾਲੇ ਜਾਯਸਵਾਲ, ਸਾਰਦਾਰੇਜਨ ਰਾਇ ਦੇ ਕਥਨ ਅਨੁਸਾਰ ਆਪਣੇ ਨਾਟਕ ਵਿੱਚ ਚੰਦਰਗੁਪਤ ਮੋਰੀਆ ਦੇ ਵਰਣਨ ਰਾਹੀਂ ਵਿਸ਼ਾਖਦੱਤ ਨੇ ਚੰਦਰਗੁਪਤ ਦੂਜੇ (375-413) ਵੱਲ ਸੰਕੇਤ ਕਰਦੇ ਹੋਏ ਉਸ ਨੂੰ ਆਪਣਾ ਅੰਨਦਾਤਾ ਦੱਸਿਆ ਹੈ। ਇਹਨਾਂ ਨੇ ਆਪਣੇ ਨਾਟਕ ਵਿੱਚ ਪਾਟਲੀਪੁੱਤਰ ਨੂੰ ਬਹੁਤ ਹੀ ਖ਼ੁਸ਼ਹਾਲ ਅਤੇ ਭਰਪੂਰ ਸ਼ਹਿਰ ਦੇ ਰੂਪ ਵਿੱਚ ਦਰਸਾਇਆ ਹੈ। ਇਸ ਤੋਂ ਇਲਾਵਾ ਇਹਨਾਂ ਦੀ ਰਚਨਾ ਵਿੱਚ ਪ੍ਰਾਪਤ ਹੋਣ ਵਾਲੇ ਬੋਧ ਧਰਮ (715) ਦੇ ਸੰਕੇਤ ਤੋਂ ਇਹ ਪਤਾ ਚੱਲਦਾ ਹੈ ਕਿ ਉਹ ਸਮਾਂ ਬੋਧ ਧਰਮ ਦੇ ਦੁਬਾਰਾ ਉਤਪੰਨ ਹੋਣ ਦਾ ਸਮਾਂ ਸੀ। ਇਹਨਾਂ ਆਧਾਰਾਂ ਨੂੰ ਮੁੱਖ ਰੱਖਦੇ ਹੋਏ ਨਾਟਕਕਾਰ ਵਿਸ਼ਾਖਦੱਤ ਦਾ ਸਮਾਂ ਪੰਜਵੀਂ ਸਦੀ ਦਾ ਅਰੰਭ ਹੋਣਾ ਚਾਹੀਦਾ ਹੈ, ਇਹ ਮੰਨਿਆ ਜਾਂਦਾ ਹੈ।
ਭਰਤਵਾਕ ਵਿੱਚ ਰਾਜਾ ਦਾ ਨਾਂ ਦੰਤੀਵਰਮਾ ਮੰਨ ਲੈਣ ਤੇ ਵਿਸ਼ਾਖਦੱਤ ਦਾ ਸਮਾਂ ਅੱਠਵੀਂ ਸਦੀ ਦੇ ਕਰੀਬ ਦਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੱਖਣ ਵਿੱਚ ਪੱਲਵਨਰੇਸ਼ ਜਿਸ ਨੂੰ ਸ਼ੈਵ ਕਿਹਾ ਜਾਂਦਾ ਸੀ 720 ਈਸਵੀ ਵਿੱਚ ਰਾਜ ਕਰਦਾ ਸੀ। ਪਰੰਤੂ ਇਸ ਮੱਤ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਭਰਤਵਾਕ ਵਿੱਚ ਰਾਜਾ ਦੀ ਤੁਲਨਾ ਵਿਸ਼ਨੂੰ ਨਾਲ ਕੀਤੀ ਗਈ ਹੈ।
ਸਤ ਅੰਕਾਂ ਵਿੱਚ ਰਚਿਤ ਮੁਦਰਾਰਾਕਸ਼ਸ ਨਾਟਕ ਸੰਸਕ੍ਰਿਤ ਸਾਹਿਤ ਦਾ ਇੱਕ ਅਨੋਖਾ ਨਾਟਕ ਹੈ। ਇਸ ਨਾਟਕ ਦਾ ਮੁੱਖ ਵਿਸ਼ਾ ਰਾਜਨੀਤੀ ਨਾਲ ਸੰਬੰਧਿਤ ਹੈ ਜਿਸ ਵਿੱਚ ਪ੍ਰੇਮ ਪ੍ਰਸੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਇਸ ਵਿੱਚ ਚੰਦਰਗੁਪਤ ਮੋਰੀਆ, ਚਾਣਕਯ, ਨੰਦ ਮੰਤਰੀ ਰਾਕਸ਼ਸ਼ ਆਦਿ ਇਤਿਹਾਸਿਕ ਪਾਤਰਾਂ ਦਾ ਵਰਣਨ ਹੈ। ਚਾਣਕਯ ਨੰਦਵੰਸ਼ ਦਾ ਨਾਸ ਕਰ ਕੇ ਚੰਦਰਗੁਪਤ ਮੋਰੀਆ ਨੂੰ ਰਾਜਗੱਦੀ ਤੇ ਬਿਠਾ ਦਿੰਦਾ ਹੈ ਪਰ ਨਾਲ ਹੀ ਉਹ ਨੰਦ ਦੇ ਸੁਆਮੀ ਭਗਤ ਮੰਤਰੀ, ਰਾਕਸ਼ਸ਼ ਨੂੰ ਕਾਬੂ ਵਿੱਚ ਕਰ ਕੇ ਉਸ ਨੂੰ ਚੰਦਰਗੁਪਤ ਮੋਰੀਆ ਦਾ ਮੰਤਰੀ ਬਣਾ ਦੇਣਾ ਚਾਹੁੰਦਾ ਹੈ। ਪਰੰਤੂ ਰਾਕਸ਼ਸ਼ ਆਪਣੀ ਸੁਆਮੀ ਭਗਤੀ ਤੋਂ ਪਿੱਛੇ ਨਹੀਂ ਹਟਦਾ। ਰਾਕਸ਼ਸ਼ ਕੁਸੁਮਪੁਰ ਤੋਂ ਬਾਹਰ ਜਾ ਕੇ ਮਲਯਕੇਤੂ ਆਦਿ ਰਾਜਿਆਂ ਦੀ ਸਹਾਇਤਾ ਨਾਲ ਪਾਟਲੀ ਪੁੱਤਰ ਉੱਤੇ ਹਮਲਾ ਕਰ ਕੇ ਚੰਦਰਗੁਪਤ ਮੋਰੀਆ ਨੂੰ ਹਰਾਉਣ ਦਾ ਯਤਨ ਕਰਦਾ ਹੈ। ਚਾਣਕਯ ਆਪਣੀ ਬੁੱਧੀ ਕੌਸ਼ਲ ਨਾਲ ਰਾਕਸ਼ਸ਼ ਅਤੇ ਉਸ ਦੇ ਮਿੱਤਰਾਂ ਦੀਆਂ ਵਿਭਿੰਨ ਚਾਲਾਂ ਨੂੰ ਨਾ ਕਾਮਯਾਬ ਕਰ ਦਿੰਦਾ ਹੈ। ਹਾਰਿਆ ਹੋਇਆ ਰਾਕਸ਼ਸ਼ ਜਦੋਂ ਥੱਕ ਕੇ ਕੁਸੁਮਪੁਰ ਵਾਪਸ ਆਉਂਦਾ ਹੈ ਤਾਂ ਉਸ ਨੂੰ ਇੱਕ ਆਦਮੀ ਤੋਂ ਇਹ ਸੂਚਨਾ ਮਿਲਦੀ ਹੈ ਕਿ ਰਾਕਸ਼ਸ਼ ਦਾ ਪਤਾ ਨਾ ਦੱਸਣ ਦੇ ਦੋਸ਼ ਵਿੱਚ ਚਾਣਕਯ ਨੇ ਸੇਠ ਚੰਦਨਵਾਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਆਪਣੇ ਮਿੱਤਰ ਨੂੰ ਮੁਸੀਬਤ ਤੋਂ ਬਚਾਉਣ ਲਈ ਰਾਕਸ਼ਸ਼ ਮੌਤ ਵਾਲੀ ਜਗ੍ਹਾ ਤੇ ਚਾਣਕਯ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਚਾਣਕਯ ਇਸ ਸ਼ਰਤ ਤੇ ਚੰਦਨਦਾਸ ਨੂੰ ਛੱਡਣ ਲਈ ਤਿਆਰ ਹੁੰਦਾ ਹੈ ਕਿ ਰਾਕਸ਼ਸ਼ ਚੰਦਰਗੁਪਤ ਦੀ ਵਜ਼ੀਰ ਦੀ ਪਦਵੀ ਨੂੰ ਸਵੀਕਾਰ ਕਰ ਲਵੇ। ਮਜਬੂਰ ਰਾਕਸ਼ਸ਼ ਰਾਜਾ ਚੰਦਰਗੁਪਤ ਮੋਰੀਆ ਦਾ ਮੰਤਰੀ ਬਣਨਾ ਸਵੀਕਾਰ ਕਰ ਲੈਂਦਾ ਹੈ। ਆਪਣੀ ਪ੍ਰਤਿੱਗਿਆ ਪੂਰੀ ਹੋਣ ਤੇ ਚਾਣਕਯ ਆਪਣੇ ਵਾਲਾਂ ਨੂੰ ਬੰਨਦਾ ਹੈ। ਨਾਟਕ ਨੂੰ ਪੜ੍ਹਨ ਤੇ ਪਤਾ ਚੱਲਦਾ ਹੈ ਕਿ ਵੰਸ਼ਪਰੰਪਰਾ ਤੋਂ ਪ੍ਰਾਪਤ ਵਿਸ਼ਾਖਦੱਤ ਦੀ ਰਾਜਨੀਤੀ ਮੁਹਾਰਤ ਮੁਦਰਾਰਾਕਸ਼ਸ ਦੇ ਜਟਿਲ ਕਥਾ ਸੰਯੋਜਨ ਵਿੱਚ ਬਹੁਤ ਚੰਗੀ ਤਰ੍ਹਾਂ ਪ੍ਰਗਟ ਹੁੰਦੀ ਹੈ। ਮੁਦਰਾਰਾਕਸ਼ਸ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਵਿਸ਼ਾਖਦੱਤ ਅਨੇਕ ਵਿਸ਼ਿਆਂ ਦਾ ਜਾਣੂ ਸੀ। ਉਹਨਾਂ ਦੇ ਨਾਟਕ ਵਿੱਚ ਅਰਥ ਸ਼ਾਸਤਰ, ਰਾਜਨੀਤੀ, ਨਾਟਸ਼ਾਸਤਰ ਅਤੇ ਜੋਤਸ਼ਸ਼ਾਸਤਰ ਆਦਿ ਵਿਸ਼ਿਆਂ ਸੰਬੰਧੀ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਕਾਲੀਦਾਸ ਆਦਿ ਨਾਟਕਕਾਰਾਂ ਨੇ ਆਪਣੇ ਨਾਟਕਾਂ ਨੂੰ ਕਾਵਿਆਤਮਿਕਤਾ ਨਾਲ ਸਜਾਇਆ ਹੈ। ਪਰੰਤੂ ਵਿਸ਼ਾਖਦੱਤ ਨੇ ਨਾਟਕ ਦੇ ਤੱਤਾਂ ਨੂੰ ਪ੍ਰਧਾਨਤਾ ਦਿੰਦੇ ਹੋਏ, ਇਸ ਵਿੱਚ ਵਿਸ਼ੁੱਧ ਨਾਟਕ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਸਾਰੇ ਨਾਟਕਾਂ ਵਿੱਚ ਵਿਸ਼ਾਖਦੱਤ ਦੀ ਸ਼ੈਲੀ ਓਜ਼ਪੂਰਨ ਅਤੇ ਪ੍ਰਵਾਹਪੂਰਨ ਹੈ। ਰਾਜਨੀਤਿਕ ਧੋਖਾ ਕਿਸ ਤਰ੍ਹਾਂ ਦੇਣਾ ਚਾਹੀਦਾ ਹੈ, ਇਸਦਾ ਸੂਖਮ ਅਤੇ ਯਥਾਰਥਮਈ ਵਰਣਨ ਵੀ ਮੁਦਰਾਰਾਕਸ਼ਸ ਨੂੰ ਸਰਬੋਤਮ ਨਾਟਕ ਸਿੱਧ ਕਰਦਾ ਹੈ। ਇਹਨਾਂ ਦੀ ਸ਼ੈਲੀ ਨਾਟਕ ਦੇ ਵਿਸ਼ੇ ਦੇ ਅਨੁਰੂਪ ਬਦਲਦੀ ਰਹਿੰਦੀ ਹੈ। ਭਾਸ਼ਾ ਸਰਲ ਅਤੇ ਲੋਕ ਪ੍ਰਚਲਿਤ ਸ਼ਬਦਾਂ ਦੀ ਵਰਤੋਂ ਨਾਲ ਸਜਾਈ ਹੋਈ ਹੈ। ਲੰਬੇ-ਲੰਬੇ ਸਮਾਸਾਂ ਦਾ ਪ੍ਰਯੋਗ ਬਹੁਤ ਹੀ ਘੱਟ ਕੀਤਾ ਗਿਆ ਹੈ। ਮੁਦਰਾਰਾਕਸ਼ਸ਼ ਵਿੱਚ ਯੁੱਧ ਆਦਿ ਦਾ ਵਰਣਨ ਹੋਣ ਕਰ ਕੇ ਨਾਟਕ ਦਾ ਮੁੱਖ ਰਸ ਵੀਰ ਰਸ ਹੈ। ਵਿਸ਼ਾਖਦੱਤ ਦੀ ਸ਼ੈਲੀ ਦੀ ਇੱਕ ਵਿਸ਼ੇਸ਼ਤਾ ਹੈ ਇੱਕ ਸ਼ਬਦ ਰਾਹੀਂ ਅਨੇਕ ਅਰਥਾਂ ਨੂੰ ਕਹਿਣ ਵਾਲੇ ਸ਼ਲੇਸ਼ ਅਲੰਕਾਰ ਦਾ ਪ੍ਰਯੋਗ। ਸ਼ੈਲੀ ਦੀ ਦੂਜੀ ਵਿਸ਼ੇਸ਼ਤਾ ਹੈ ਗੱਲ ਨੂੰ ਉਦਾਹਰਨਾਂ ਨਾਲ ਸਮਝਾਉਣ ਦੀ ਯੋਗਤਾ। ਸ਼ੈਲੀ ਦੀ ਤੀਜੀ ਵਿਸ਼ੇਸ਼ਤਾ ਹੈ ਕਿ ਨਾਟਕਕਾਰ ਇੱਕ ਗੱਲ ਨੂੰ ਵਾਰਤਕ ਵਿੱਚ ਕਹਿੰਦਾ ਹੈ ਤਾਂ ਉਸੇ ਗੱਲ ਨੂੰ ਬਾਅਦ ਵਿੱਚ ਸਲੋਕ ਵਿੱਚ ਕਹਿ ਦਿੰਦਾ ਹੈ। ਪਾਤਰਾਂ ਦੇ ਚਰਿੱਤਰ ਨੂੰ ਪੇਸ਼ ਕਰਨ ਦਾ ਨਾਟਕਕਾਰ ਦਾ ਆਪਣਾ ਢੰਗ ਹੈ। ਹਰੇਕ ਪਾਤਰ ਸੁਤੰਤਰ ਅਤੇ ਆਪਣੇ ਉਦੇਸ਼ ਤੋਂ ਪ੍ਰੇਰਿਤ ਦਿਖਾਈ ਦਿੰਦਾ ਹੈ। ਵਿਸ਼ਾਖਦੱਤ ਨੇ ਆਪਣੇ ਨਾਟਕ ਵਿੱਚ ਅਨੁਸ਼ਟੁੱਪ ਆਦਿ ਛੰਦਾਂ ਦਾ ਪ੍ਰਯੋਗ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ ਹੈ ਜਿਹੜਾ ਕਿ ਵਿਸ਼ਾਖਦੱਤ ਦੀ ਕੁਸ਼ਲਤਾ ਨੂੰ ਪ੍ਰਗਟ ਕਰਦਾ ਹੈ। ਵਿਸ਼ਾਖਦੱਤ ਨੇ ਮੁਦਰਾਰਾਕਸ਼ਸ਼ ਨਾਟਕ ਦੀ ਰਚਨਾ ਨਾਟਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਤਾਂ ਨਹੀਂ ਕੀਤੀ ਪਰੰਤੂ ਫਿਰ ਵੀ ਇਹ ਸੰਸਕ੍ਰਿਤ ਦੇ ਸਰਬੋਤਮ ਨਾਟਕਾਂ ਵਿੱਚ ਗਿਣਿਆ ਜਾਂਦਾ ਹੈ।
ਲੇਖਕ : ਦੀਪਸ਼ਿਖਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First