ਸ਼ੂਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sudra_ਸ਼ੂਦਰ: ਸ੍ਰੀ ਕਿਸ਼ਨਾ ਸਿੰਘ ਬਨਾਮ ਮਧੁਰਾ ਅਹੀਰ (ਏ ਆਈ ਆਰ 1980 ਐਸ ਸੀ 707) ਵਿਚ ਕਿਹਾ ਗਿਆ ਹੈ ਕਿ ਸ਼ੁਰੂ ਵਿਚ ਹਰੇਕ ਵਿਅਕਤੀ ਦੇ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਉਹ ਸ਼ੂਦਰ ਰੂਪ ਵਿਚ ਜਨਮ ਲੈਂਦਾ ਹੈ ਅਤੇ ਵੇਦਾਂ ਦੇ ਡੂੰਘੇ ਅਧਿਐਨ ਦੁਆਰਾ ਉਹ ਦੁ-ਜਨਮੇ ਦਾ ਦਰਜਾ ਪ੍ਰਾਪਤ ਕਰਦਾ ਹੈ। ਹਜ਼ਾਰਾਂ ਸਾਲ ਬੀਤ ਜਾਣ ਉਪਰੰਤ ਹੁਣ ਪੋਜ਼ੀਸ਼ਨ ਇਹ ਹੈ ਕਿ ਸ਼ੂਦਰ ਹੋਣ ਅਤੇ ਦੁਜਨਮਾ ਹੋਣ ਦੀ ਉਹ ਕਸਵਟੀ ਖੋ ਗਈ ਹੈ ਅਤੇ ਉਸਦੀ ਥਾਂ ਜਨਮ ਦੇ ਆਧਾਰ ਤੇ ਕਟੜ ਜਾਤ-ਪ੍ਰਥਾ ਨੇ ਲੈ  ਲਈ ਹੈ।

       ਨਿਰਸੰਦੇਹ ਪਹਿਲਾਂ ਚਾਰ ਵਰਣ ਸਨ: (1) ਬ੍ਰਹਮਣ, (2) ਖਤਰੀ ਅਥਵਾ ਕਸ਼ੱਤਰੀ, (3) ਵੈਸ਼ ਅਤੇ (4) ਸ਼ੂਦਰ। ਪਹਿਲੇ ਤਿੰਨ ਵਰਣਾ ਨੂੰ ਦੁਜਨਮੇ ਵਰਗ ਮੰਨਿਆਂ ਜਾਂਦਾ ਸੀ ਅਤੇ ਅੰਤਮ ਵਰਣ ਨੀਚ ਮੰਨਿਆ ਜਾਂਦਾ ਸੀ। ਉਪਰ ਹਵਾਲਾ ਦਿੱਤੇ ਕੇਸ ਵਿਚ ਕਿਹਾ ਗਿਆ ਹੈ ਕਿ ਇਹ ਠੀਕ ਹੈ ਤਿੰਨ ਦੁਜਨਮੇ ਵਰਣ ਮੌਜੂਦ ਹਨ, ਲੇਕਿਨ ਅਕਸਰਵਾਰ ਸ਼ੂਦਰ ਨੂੰ ਕਿਸੇ ਦੁਜਨਮੇ ਵਰਨ ਤੋਂ ਨਿਖੇੜਨਾ ਮੁਸ਼ਕਿਲ ਹੋ ਜਾਂਦਾ ਹੈ। .....ਸਿਮਰਤੀਆਂ, ਜਿਨ੍ਹਾਂ ਨੇ ਇਸ ਪ੍ਰਣਾਲੀ ਨੂੰ ਅਹਿਮ ਬਣਾਇਆ ਹੈ, ਮਨੁੱਖਾਂ ਨੂੰ ਦੋ ਵੱਡੇ ਵਰਗਾਂ ਵਿਚ ਵੰਡਦੀਆਂ ਹਨ, ਸ਼ੂਦਰ ਅਤੇ ਦੁਜਨਮੇ। ਇਸ ਆਪਸੀ ਨਿਖੇੜੇ ਦਾ ਆਧਾਰ ਪਵਿਤਰ ਸਾਹਿਤ ਦੇ ਅਧਿਐਨ ਦਾ ਸਿਧਾਂਤ ਹੈ। ਸਿਮਰਤੀਆਂ ਅਨੁਸਾਰ ਜਨਮ ਕਾਰਨ ਸਭ ਮਨੁੱਖ ਸ਼ੂਦਰ ਹੁੰਦੇ ਹਨ, ਅਤੇ ਦੂਜਾ ਜਨਮ ਪਵਿਤਰ ਸਾਹਿਤ ਦੇ ਅਧਿਐਨ ਤੇ ਨਿਰਭਰ ਕਰਦਾ ਹੈ। ਧਰਮ ਸ਼ਾਸਤਰਾਂ ਦੇ ਸੰਕਲਨਕਾਰਾਂ ਵਿਚੋਂ ਇਕ ਸਾਂਖ ਦਾ ਕਹਿਣਾ ਹੈ ਕਿ ਬੁੱਧੀਮਾਨ ਲੋਕ ਬ੍ਰਹਮਣ ਨੂੰ ਉਦੋਂ ਤਕ ਸ਼ੂਦਰ ਦੇ ਬਰਾਬਰ ਮੰਨਦੇ ਹਨ ਜਦ ਤਕ ਵੇਦ ਦੇ ਘਰ ਜਨਮ ਨਹੀਂ ਲੈ ਲੈਂਦਾ ਅਰਥਾਤ ਵੇਦਾਂ ਦਾ ਡੂੰਘਾ ਅਧਿਐਨ ਨਹੀਂ ਕਰ ਲੈਂਦਾ।  ਉਸ ਤੋਂ ਬਾਦ ਉਨ੍ਹਾਂ ਨੂੰ ਦੁਜਨਮਾ ਸਮਝਿਆ ਜਾਂਦਾ ਹੈ। ਹੋਰ ਸੰਘਤਾਵਾਂ ਵਿਚ ਵੀ ਇਸ ਭਾਵ ਦੇ ਹਵਾਲੇ ਮਿਲਦੇ ਹਨ ਜਿਨ੍ਹਾਂ ਅਨੁਸਾਰ ਦੁਜਨਮੇ ਨੂੰ ਸ਼ੂਦਰ ਤੋਂ ਆਲ੍ਹਾ ਦਰਜੇ ਦਾ ਮੰਨਣ ਦਾ ਕਾਰਨ ਵੇਦਾਂ ਦਾ ਅਧਿਐਨ ਮੰਨਿਆਂ ਗਿਆ ਹੈ। ......ਨਿਰਸੰਦੇਹ ਪਵਿਤਰ ਸਾਹਿਤ ਦੇ ਅਧਿਐਨ ਦੁਜਨਮੇ ਵਰਗਾਂ ਦੀਆਂ ਇਸਤਰੀਆਂ ਅਤੇ ਸ਼ੂਦਰਾਂ ਨੂੰ ਨਹੀਂ ਦਿੱਤਾ ਗਿਆ। ਲੇਕਿਨ ਦੁਜਨਮੇ ਹੋਣ ਦਾ ਰੁਤਬਾ ਪਵਿਤਰ ਸਾਹਿਤ ਦੇ ਗਿਆਨ ਨੂੰ ਮੰਨਿਆਂ ਗਿਆ ਹੈ। ਮਨੂੰ ਦਾ ਕਥਨ ਹੈ ਕਿ ਦੁਜਨਮੇਂ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਤੀਹ ਸਾਲ ਗੁਰੂ ਪਾਸ ਰਹੇ ਅਤੇ ਛੱਤੀ ਸਾਲਾਂ ਲਈ ਜਾਂ ਅਠਾਰਾਂ ਸਾਲਾਂ ਜਾਂ ਨੌ ਸਾਲ ਤਕ ਜਾਂ ਜਦ ਤਕ ਉਸ ਨੂੰ ਵੇਦਾਂ ਦਾ ਗਿਆਨ ਨਹੀਂ ਹੋ ਜਾਂਦਾ ਵੇਦਾਂ ਦਾ ਅਧਿਐਨ ਕਰੇ।  ਇਸ ਤਰ੍ਹਾਂ ਨ ਕਰਨ ਦੀ ਸੂਰਤ ਵਿਚ ਮਨੂੰ ਅਨੁਸਾਰ ਪਰਿਣਾਮ ਇਹ ਹੁੰਦਾ ਹੈ ਕਿ ਬਾਲ ਬੱਚੇ ਨਾਲ ਰਹਿੰਦੇ ਹੋਣ ਦੇ ਬਾਵਜੂਦ ਮਨੁੱਖ ਗਿਰਾਵਟ ਕਾਰਨ ਸ਼ੂਦਰ ਦੀ ਹਾਲਤ ਨੂੰ ਪਹੁੰਚ ਜਾਂਦਾ  ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸ਼ੂਦਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੂਦਰ, ਸੰਸਕ੍ਰਿਤ / ਪੁਲਿੰਗ : ਮਨੂੰ ਅਨੁਸਾਰ ਭਾਰਤੀ ਸਮਾਜ ਦੀ ਸ਼੍ਰੇਣੀ ਵੰਡ ਵਿੱਚ ਚੌਥੇ ਦਰਜੇ ਦਾ ਇਨਸਾਨ ਜਿਸ ਦੇ ਜੁੰਮੇ ਪਹਿਲੀਆਂ ਤਿੰਨਾਂ ਵੰਡਾਂ ਦੀ ਸੇਵਾ ਦਾ ਕੰਮ ਹੈ, ਚਾਰ ਵਰਣਾਂ ਵਿਚੋਂ ਚੌਥੇ ਵਰਣ ਦਾ ਬੰਦਾ, ਹਰੀਜਨ, ਅਛੂਤ, ਦਲਿਤ ਜਾਤੀ ਜਾਂ ਪਛੜੀ ਜਾਤੀ ਦਾ ਆਦਮੀ

–ਸ਼ੂਦਰਨੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-04-48-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.