ਸਆਦਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਆਦਤ ਹਸਨ ਮੰਟੋ (1912–1955) : ਉਰਦੂ ਦੇ ਪ੍ਰਸਿੱਧ ਕਹਾਣੀ ਲੇਖਕ ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਵਿਖੇ ਹੋਇਆ ਅਤੇ 18 ਜਨਵਰੀ 1955 ਨੂੰ ਲਾਹੌਰ ਵਿੱਚ ਉਸ ਦਾ ਦਿਹਾਂਤ ਹੋਇਆ। ਸਆਦਤ ਹਸਨ ਮੰਟੋ ਦੇ ਪੁਰਖੇ ਕਸ਼ਮੀਰੀ ਬ੍ਰਾਹਮਣ ਸਨ। ਉਸ ਨੇ ਮੁਢਲੀ ਸਿੱਖਿਆ ਅੰਮ੍ਰਿਤਸਰ ਦੇ ਮੁਸਲਿਮ ਹਾਈ ਸਕੂਲ ਵਿਖੇ ਪ੍ਰਾਪਤ ਕੀਤੀ। ਅੰਮ੍ਰਿਤਸਰ ਰਹਿੰਦਿਆਂ ਉਸ ਨੂੰ ਅਬਦੁੱਲ ਬਾਰੀ ਅਲੀਗ ਰੂਪ ਵਿੱਚ ਇੱਕ ਅਜਿਹਾ ਮਾਰਗ-ਦਰਸ਼ਕ ਮਿਲਿਆ, ਜਿਸ ਨੇ ਉਸ ਨੂੰ ਨਾ ਸਿਰਫ਼ ਅੰਗਰੇਜ਼ੀ, ਫ਼੍ਰਾਂਸੀਸੀ ਅਤੇ ਰੂਸੀ ਸਾਹਿਤ ਦੇ ਅਨੁਵਾਦਾਂ ਦੇ ਅਧਿਐਨ ਰਾਹੀਂ ਵਿਸ਼ਵ-ਦ੍ਰਿਸ਼ਟੀ ਪ੍ਰਾਪਤ ਕਰਨ ਵੱਲ ਤੋਰਿਆ ਸਗੋਂ ਉਸ ਪਾਸੋਂ ਕਈ ਵਿਸ਼ਵ ਪ੍ਰਸਿੱਧ ਕਿਰਤਾਂ ਦੇ ਅਨੁਵਾਦ ਵੀ ਕਰਾਏ ਅਤੇ ਉਸ ਦੀ ਆਪਣੀ ਸਿਰਜਣਾਤਮਿਕ ਪ੍ਰਤਿਭਾ ਨੂੰ ਵੀ ਜਾਗ੍ਰਿਤ ਕੀਤਾ। ਅਬਦੁੱਲ ਬਾਰੀ ਦੀ ਪ੍ਰੇਰਨਾ ਸਦਕਾ ਮੰਟੋ ਨੇ ਹਯੂਗੋ ਦੇ ਦਾ ਲਾਸਟ ਡੇਜ਼ ਆਫ਼ ਕੰਡੈਮਡ ਅਤੇ ਆਸਕਰ ਵਾਈਲਡ ਦੇ ਈਰਾ  ਦੇ ਉਰਦੂ ਅਨੁਵਾਦ ਕੀਤੇ ਜੋ 1934 ਵਿੱਚ ਪ੍ਰਕਾਸ਼ਿਤ ਹੋਏ।

      1936 ਵਿੱਚ ਮੰਟੋ ਨੇ ਲਾਹੌਰ ਦੇ ਪਾਰਸ ਅਖ਼ਬਾਰ ਵਿੱਚ ਨੌਕਰੀ ਕਰ ਲਈ ਪਰ ਉਹ ਛੇਤੀ ਹੀ ਇਸ ਅਖ਼ਬਾਰ ਦੇ ਯੈਲੋ ਜਰਨਲਿਜ਼ਮ ਤੋਂ ਤੰਗ ਆ ਗਿਆ ਅਤੇ ਮੁੰਬਈ ਤੋਂ ਛਪਦੇ ਸਪਤਾਹਿਕ ਪੱਤਰ ਮੁਸੱਵਿਰ ਦਾ ਸੰਪਾਦਕ ਬਣ ਕੇ ਮੁੰਬਈ ਆ ਗਿਆ। 1941 ਵਿੱਚ ਉਹ ਦਿੱਲੀ ਆ ਕੇ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਲਈ ਲਿਖਣ ਲੱਗਾ। ਦਿੱਲੀ ਰਹਿੰਦਿਆਂ ਮੰਟੋ ਦੇ ਲਿਖੇ ਰੇਡੀਓ ਨਾਟਕਾਂ ਦੇ ਚਾਰ ਸੰਗ੍ਰਹਿ ਪ੍ਰਕਾਸ਼ਿਤ ਹੋਏ। ਇਹ ਨਾਟਕ ਸਨ-ਆਓ, ਮੰਟੋ ਕੇ ਡਰਾਮੇ, ਜਨਾਜ਼ੇ ਤੇ ਤੀਨ ਔਰਤੇਂ।

      1938 ਵਿੱਚ, ਮੁੰਬਈ ਰਹਿੰਦਿਆਂ ਮੰਟੋ ਫ਼ਿਲਮਾਂ ਲਈ ਲਿਖਣ ਲੱਗ ਪਿਆ ਸੀ। 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਉਸ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। 1948 ਵਿੱਚ ਮੰਟੋ ਵੀ ਲਾਹੌਰ ਚਲਾ ਗਿਆ ਪਰ ਉੱਥੇ ਉਸ ਦੀ ਬੇਬਾਕੀ, ਸਾਫ਼ਗੋਈ ਤੇ ਹਕੀਕਤ ਬਿਆਨੀ ਸਹਿਣ ਨਾ ਕੀਤੀ ਗਈ। ਭਾਰਤ ਪਾਕਿ ਵੰਡ ਦੌਰਾਨ ਫ਼ਿਰਕਾਪ੍ਰਸਤੀ ਤੇ ਮਾਨਵੀ ਦਰਿੰਦਗੀ ਨੂੰ ਪ੍ਰਗਟਾਉਣ ਵਾਲੀਆਂ ਅਣ- ਗਿਣਤ ਕਹਾਣੀਆਂ ਲਿਖੀਆਂ-‘ਖੋਲ ਦੋ` ਅਤੇ ‘ਠੰਡਾ ਗੋਸ਼ਤ` ਜਿਹੀਆਂ ਘਿਨੌਣੇ ਸੱਚ ਨੂੰ ਪ੍ਰਗਟਾਉਂਦੀਆਂ ਉਸ ਦੀਆਂ ਕਹਾਣੀਆਂ ਉੱਤੇ ਨੰਗੇਜ਼ਵਾਦ  ਦਾ ਇਲਜ਼ਾਮ ਲੱਗਾ ਅਤੇ ਅਖ਼ਬਾਰਾਂ-ਰਸਾਲਿਆਂ ਨੇ ਮੰਟੋ ਦੀਆਂ ਲਿਖਤਾਂ ਛਾਪਣੀਆਂ ਲਗਪਗ ਬੰਦ ਕਰ ਦਿੱਤੀਆਂ।

     ਰੋਜ਼ੀ-ਰੋਟੀ ਲਈ ਮੰਟੋ ਨੇ ਅਖ਼ਬਾਰਾਂ ਲਈ ਕਾਲਮ ਲਿਖਣੇ ਸ਼ੁਰੂ ਕੀਤੇ। ਆਫ਼ਾਕ  ਲਈ ਉਸ ਨੇ ਕਈ ਰੇਖਾ- ਚਿੱਤਰ ਲਿਖੇ, ਜੋ ਮਗਰੋਂ ਗੰਜੇ ਫਰਿਸ਼ਤੇ ਨਾਂ ਦੀ ਪੁਸਤਕ ਵਿੱਚ ਪ੍ਰਕਾਸ਼ਿਤ ਹੋਏ।

     ਮੰਟੋ ਨੇ ਬਹੁਤ ਲਿਖਿਆ ਅਤੇ ਉਹ ਛਪਿਆ। ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ਆਤਿਸ਼ਪਾਰੇ (1936) ਪ੍ਰਕਾਸ਼ਿਤ ਹੋਇਆ। ਮੰਟੋ ਕੇ ਅਫ਼ਸਾਨੇ (1940), ਧੂੰਆ (1941), ਅਫ਼ਸਾਨੇ ਔਰ ਡਰਾਮੇ (1943), ਲੱਜ਼ਤੇ ਸੰਗ, ਚੁਗਤ ਤੇ ਸਿਆਹ ਹਾਸ਼ੀਏ (1948), ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਨਮਰੂਦ ਕੀ ਖੋਦਾਈ ਤੇ ਠੰਡਾ ਗੋਸ਼ਤ (1950), ਯਜ਼ੀਦ (1951), ਸੜਕ ਕੇ ਕਿਨਾਰੇ ਤੇ ਪਰਦੇ ਕੇ ਪੀਛੇ (1953), ਬਗੈਰ ਉੱਨਵਾਨ ਕੇ (1954) ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਵੈਸੇ ਮੰਟੋ ਦੀ ਬਹੁਤ ਸਾਰੀ ਰਚਨਾ ਉਸ ਦੇ ਮਰਨ ਉਪਰੰਤ ਹੀ ਛਪੀ। ਬਗੈਰ ਇਜਾਜ਼ਤ, ਬੁਰਕੇ, ਫੁੰਦਨੇ, ਸਰਕੰਡੋਂ ਕੇ ਪੀਛੇ, ਸ਼ੈਤਾਨ ਤੇ ਸ਼ਿਕਾਰੀ ਔਰਤੇਂ (1955), ਰੱਤੀ ਮਾਸ਼ਾ ਤੋਲਾ (1956), ਕਾਲੀ ਸਲਵਾਰ (1961), ਮੰਟੋ ਕੀ ਬੇਹਤਰੀਨ ਕਹਾਣੀਆਂ ਤੇ ਮੇਰੇ ਅਫਸਾਨੇ (1963), ਤਾਹਿਰਾ ਸੇ ਤਾਹਿਰ (1971) ਆਦਿ ਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਇਹਨਾਂ ਵਿੱਚ ਸ਼ਾਮਲ ਹਨ। ਮੰਟੋ ਦਾ ਸਾਹਿਤ ਅੱਜ ਵੀ ਸਾਰਥਕ ਹੈ ਅਤੇ ਅਜੇ ਤੱਕ ਅਨੇਕ ਭਾਸ਼ਾਵਾਂ ਵਿੱਚ ਉਸ ਦੇ ਅਨੁਵਾਦ ਛਪ ਰਹੇ ਹਨ।

     ਮੰਟੋ ਭਾਵੇਂ 43 ਵਰ੍ਹੇ ਦੀ ਨਿੱਕੀ ਜ਼ਿੰਦਗੀ ਹੀ ਜੀਵਿਆ ਪਰ ਉਸ ਜਿੰਨੀ ਪ੍ਰਸਿੱਧੀ ਉਸ ਦੇ ਸਮਕਾਲੀ ਲੇਖਕਾਂ ਵਿੱਚ ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਈ। ਬਤੌਰ ਲੇਖਕ ਉਹ ਕਈ ਵਾਰੀ ਵਿਵਾਦਾਂ ਦੇ ਘੇਰੇ ਵਿੱਚ ਆਇਆ ਪਰ ਉਸ ਨੇ ਕਿਸੇ ਹਾਲਤ ਵਿੱਚ ਵੀ ਸਮਾਜ ਦਾ ਕੌੜਾ ਸੱਚ ਚਿਤਰਨ ਵਿੱਚ ਸੰਕੋਚ ਨਹੀਂ ਕੀਤਾ।ਮੰਟੋ ਦਾ ਆਖਣਾ ਸੀ :

      ਮੇਰੀਆਂ ਕਹਾਣੀਆਂ ਗੰਦੀਆਂ ਹਨ ਕਿਉਂਕਿ ਮੇਰਾ ਸਮਾਜ ਗੰਦਗੀ ਵਿੱਚ ਰਹਿ ਰਿਹਾ ਹੈ। ਆਪਣੀਆਂ ਕਹਾਣੀਆਂ ਵਿੱਚ ਮੈਂ ਸਿਰਫ਼ ਸੱਚ ਹੀ ਬਿਆਨ ਕਰਦਾ ਹਾਂ।

ਇਸ ਹਕੀਕਤ ਬਿਆਨੀ ਕਾਰਨ ਉਸ `ਤੇ ਕਈ ਵਾਰੀ ਅਦਾਲਤਾਂ ਵਿੱਚ ਮੁਕੱਦਮੇ ਵੀ ਚੱਲੇ ਪਰ ਕਿਸੇ ਵੀ ਮੁਕੱਦਮੇ ਵਿੱਚ ਉਸਨੂੰ ਸਜ਼ਾ ਨਹੀਂ ਹੋਈ।


ਲੇਖਕ : ਨਰੇਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.