ਸਤਿਨਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਿਨਾਮ [ਨਾਂਪੁ] ਰੱਬ , ਪਰਮਾਤਮਾ , ਖ਼ੁਦਾ , ਵਾਹਿਗੁਰੂ, ਅੱਲਾ , ਪਰਮੇਸ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਿਨਾਮ ਸੰਗ੍ਯਾ—“ਸਤਿ” ਇਹ ਨਾਮ , ਅਥਵਾ ਸਤ੍ਯ ਹੈ ਨਾਮ. ਅਰਥਾਤ ਤਿੰਨ ਕਾਲ ਵਿੱਚ ਇੱਕ ਰਸ ਹੋਣ ਵਾਲਾ ਪਾਰਬ੍ਰਹਮ. “ਕਿਰਤਮਨਾਮ ਕਥੇ ਤੇਰੇ ਜਿਹਵਾ, ਸਤਿਨਾਮੁ ਤੇਰਾ ਪਰਾਪੂਰਬਲਾ.” (ਮਾਰੂ ਸੋਲਹੇ ਮ: ੫) “ਸਤਿਨਾਮੁ ਪ੍ਰਭੁ ਕਾ ਸੁਖਦਾਈ.” (ਸੁਖਮਨੀ) “ਜਪਿ ਮਨਿ, ਸਤਿਨਾਮੁ ਸਦਾ ਸਤਿਨਾਮੁ.” (ਧਨਾ. ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਿਨਾਮ: ਜਪੁਜੀ ਦੇ ਆਰੰਭ ਵਿਚ ਮੂਲ-ਮੰਤ੍ਰ ਅੰਦਰ ਦਰਜ ਇਹ ਸ਼ਬਦ ਪਰਮ-ਸੱਤਾ ਦੇ ਵਾਚਕ ਵਜੋਂ ਵਰਤਿਆ ਗਿਆ ਹੈ। ਇਹ ‘ਸਤਿ’ ਅਤੇਨਾਮ ’ ਦਾ ਸੰਯੁਕਤ ਰੂਪ ਹੈ। ਸਤਿ (ਸੰਸਕ੍ਰਿਤ—‘ਸਤੑਯ’) ਦਾ ਅਰਥ ਹੈ ਸਦਾ ਵਿਦਮਾਨ ਰਹਿਣ ਵਾਲਾ। ਇਸ ਪਦ ਦਾ ਸਰੂਪ ਕਿਤੇ ਕਿਤੇ ‘ਸਚ ’ ਵੀ ਹੈ। ਅਰਥ ਦੋਹਾਂ ਦਾ ਇਕੋ ਹੈ। ‘ਨਾਮ’ ਦਾ ਅਰਥ ਹੈ ਜਿਸ ਸ਼ਬਦ ਰਾਹੀਂ ਕਿਸੇ ਨੂੰ ਸੰਬੋਧਿਤ ਕੀਤਾ ਜਾਏ।

            ਮਹਾਨਕੋਸ਼ਕਾਰ ਅਨੁਸਾਰ ‘ਸਤਿਨਾਮ’ ਦਾ ਅਰਥ ਹੈ ਤਿੰਨ ਕਾਲਾਂ ਵਿਚ ਇਕ-ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ। ਜਪੁ ਮੰਤ੍ਰ ਕੇਵਲ ‘ਸਤਿ’ ਹੈ, ‘ਨਾਮ’ ਸ਼ਬਦ ਇਦੰਤਾ ਬੋਧਕ ਹੈ, ਜਿਵੇਂ ਹਰਿਨਾਮ, ਰਾਮਨਾਮ ਆਦਿ ਸ਼ਬਦਾਂ ਵਿਚ ਵੇਖਿਆ ਜਾਂਦਾ ਹੈ।

            ਵੇਦਾਂਤ ਦੇ ਪ੍ਰਸਿੱਧ ਭਾਸ਼ੑਯਕਾਰ ਸ਼ੰਕਰਾਚਾਰਯ ਨੇ ਪਰਮਾਰਥ ਜਾਂ ਸਤੑਯ ਉਸ ਪਦਾਰਥ ਨੂੰ ਮੰਨਿਆ ਹੈ ਜੋ ਸਾਰੀਆਂ ਅਵਸਥਾਵਾਂ ਵਿਚ ਆਪਣੇ ਸਰੂਪ ਵਿਚ ਸਥਿਰ ਰਹਿੰਦਾ ਹੈ। ਸੰਤ ਕਬੀਰ ਨੇ ਸਦਾ ਸਥਿਰ ਰਹਿਣ ਵਾਲੇ ਪਦਾਰਥ ਨੂੰ ‘ਸਤਿ’ ਕਿਹਾ ਹੈ ਕਿਉਂਕਿ ਉਤਪੱਤੀ ਅਤੇ ਨਾਸ਼ ਦੇ ਕ੍ਰਮ ਵਿਚ ਪਰਿਵਰਤਿਤ ਹੋਣ ਵਾਲਾ ਪਦਾਰਥ ਅਸਤੑਯ ਹੈ— ਸਾਂਚ ਸੋਈ ਜੋ ਥਿਰਹ ਰਹਾਈ ਉਪਜੈ ਬਿਨਸੈ ਝੂੰਠ ਹ੍ਵੈ ਜਾਈ (‘ਕਬੀਰ ਗ੍ਰੰਥਾਵਲੀ’ 117)। ਸਪੱਸ਼ਟ ਹੈ ਕਿ ਸੰਸਾਰ ਨਾਸ਼ਮਾਨ ਹੈ, ਪਰੰਤੂ ਪਰਮ-ਸੱਤਾ ਸਦਾ ਸਥਿਰ ਰਹਿਣ ਵਾਲੀ ਸਤੑਯ-ਸਰੂਪ ਹੈ।

            ਗੁਰਬਾਣੀ ਵਿਚ ‘ਸਤਿ’ ਦੇ ਉਪਰੋਕਤ ਅਰਥਾਂ ਦਾ ਕਈ ਥਾਂਵਾਂ ਉਤੇ ਵਿਸਤਾਰ ਨਾਲ ਚਿਤ੍ਰਣ ਹੋਇਆ ਹੈ। ‘ਜਪੁਜੀ’ ਦੇ ਪਹਿਲੇ ਸ਼ਲੋਕ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਪਰਮਾਤਮਾ ਆਦਿ ਵਿਚ (ਸ੍ਰਿਸ਼ਟੀ ਰਚਨਾ ਤੋਂ ਪਹਿਲਾਂ) ਸਤੑਯ ਸਰੂਪ ਸੀ , ਯੁਗਾਂ ਦੇ ਆਦਿ ਵੇਲੇ ਸਤੑਯ ਸਰੂਪ ਸੀ, ਵਰਤਮਾਨ ਕਾਲ ਵਿਚ ਸਤੑਯ ਹੈ ਅਤੇ ਭਵਿਸ਼ ਵਿਚ ਵੀ ਸਤੑਯ ਹੀ ਹੋਵੇਗਾ — ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ‘ਜਪੁਜੀ’ ਦੀ 27ਵੀਂ ਪਉੜੀ ਵਿਚ ਵੀ ਅੰਕਿਤ ਹੈ ਕਿ ਸੱਚਾ ਸਾਹਿਬ ਸਦਾ ਸੱਚਾ ਅਤੇ ਸੱਚੇ ਨਾਮ ਵਾਲਾ ਹੈ। ਉਹੀ ਪਰਮਾਤਮਾ ਵਰਤਮਾਨ ਹੈ, ਉਹੀ ਭੂਤਕਾਲ ਵਿਚ ਸੀ ਅਤੇ ਉਹੀ ਭਵਿਸ਼ ਵਿਚ ਰਹੇਗਾ। ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਨ ਜਾ ਸਕਦਾ ਹੈ, ਨ ਜਾਏਗਾ, ਅਰਥਾਤ ਨਾਸ਼ ਨੂੰ ਪ੍ਰਾਪਤ ਨਹੀਂ ਹੋਵੇਗਾ— ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ (ਗੁ.ਗ੍ਰੰ.9)। ਰਾਮਕਲੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸਤਿ ਚਿਰ-ਨਵੀਨ ਹੈ, ਕਦੇ ਪੁਰਾਣਾ ਨਹੀਂ ਹੁੰਦਾ। ਇਸ ਨਾਲ ਇਕ ਵਾਰ ਸਾਖਿਆਤਕਾਰ ਹੋ ਜਾਣ ਨਾਲ ਫਿਰ ਵਿਛੋੜਾ ਨਹੀਂ ਹੁੰਦਾ। ਉਹ ਤਦ ਤਕ ਪ੍ਰਤੀਤ ਹੁੰਦਾ ਰਹਿੰਦਾ ਹੈ ਜਦ ਤਕ ਉਸ ਨੂੰ ਜਪਿਆ ਜਾਂਦਾ ਹੈ— ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਪਾਟੈ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ (ਗੁ.ਗ੍ਰੰ.955-56)।

            ‘ਸਤਿ’ ਨਾਂ ਦੀ ਮਹਿਮਾ ਦਾ ਵਰਣਨ ਵੇਦਾਂ ਤੋਂ ਆਰੰਭ ਹੋ ਗਿਆ ਸੀ। ‘ਰਿਗਵੇਦ ’ (10/85/1) ਵਿਚ ਆਕਾਸ਼, ਪ੍ਰਿਥਵੀ , ਵਾਯੂ ਆਦਿ ਪੰਜ-ਭੂਤਾਂ ਨੂੰ ਸਤਿ ਤੋਂ ਹੀ ਸਥਿਰ ਮੰਨਿਆ ਗਿਆ ਹੈ। ਸ੍ਰਿਸ਼ਟੀ ਤੋਂ ਪਹਿਲਾਂ ਵੀ ‘ਸਤਿ’ ਹੀ ਸੀ। ਉਪਨਿਸ਼ਦਾਂ ਵਿਚ ਇਹ ਬ੍ਰਹਮ ਦੇ ਵਾਚਕ ਵਜੋਂ ਵਰਤਿਆ ਮਿਲਦਾ ਹੈ। ਇਹ ਧਾਰਣਾ ਕੇਵਲ ਭਾਰਤੀ ਅਧਿਆਤਮਿਕ ਜਗਤ ਦੀ ਹੀ ਨਹੀਂ, ਅਭਾਰਤੀ ਧਰਮਾਂ ਵਿਚ ਵੀ ਪਰਮਾਤਮਾ ਨੂੰ ਸਚ (Truth) ਕਹਿਣ ਦੀ ਪਰੰਪਰਾ ਮੌਜੂਦ ਹੈ।

            ਗੁਰਬਾਣੀ ਵਿਚ ‘ਸਤਿ’/‘ਸਚ’ ਨੂੰ ਸਰਵਤ੍ਰ ਪਰਮ-ਸੱਤਾ ਦੇ ਵਾਚਕ ਵਜੋਂ ਅਨੇਕ ਥਾਂਵਾਂ ਉਤੇ ਵਰਤਿਆ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸਤਿ ਸਰੂਪ ਪਰਮਾਤਮਾ ਹੀ ਸੱਚਾ ਹੈ, ਉਸ ਤੋਂ ਭਿੰਨ ਹੋਰ ਕੋਈ ਦੂਜਾ ਨਹੀਂ ਹੈ। ਉਸੇ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਉਹੀ ਉਸ ਦਾ ਵਿਨਾਸ਼ ਕਰਦਾ ਹੈ— ਸਾਚਾ ਸਚੁ ਸੋਈ ਅਵਰੁ ਕੋਈ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ (ਗੁ.ਗ੍ਰੰ.1020)।

            ਗੁਰਮਤਿ ਵਿਚ ਪਰਮਾਤਮਾ ਦੇ ਵਾਚਕ ਇਸ ਸ਼ਬਦ ਦਾ ਮਹੱਤਵ ਇਹ ਵੀ ਹੈ ਕਿ ਇਹ ਨਾਮ ਸਭ ਤੋਂ ਪੁਰਾਤਨ ਹੈ। ਜੀਭ ਰਾਹੀਂ ਕਥਨ ਕੀਤੇ ਜਾਣ ਵਾਲੇ ਬਾਕੀ ਸਾਰੇ ਨਾਮ ਬਨਾਵਟੀ ਹਨ— ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿਨਾਮੁ ਤੇਰਾ ਪਰਾ ਪੂਰਬਲਾ (ਗੁ.ਗ੍ਰੰ.1083)। ਜੇ ਸਚਮੁਚ ਪਰਮਾਤਮਾ ਦਾ ਕੋਈ ਨਾਮ ਹੈ ਤਾਂ ਉਹ ਸਤਿ (ਸਚ) ਹੀ ਹੈ— ਤੇਰਾ ਸਚੁ ਨਾਮੁ ਪਰਮੇਸਰਾ (ਗੁ.ਗ੍ਰੰ.1168)।

            ਸਾਫ਼ ਹੈ ਕਿ ਮੂਲ-ਮੰਤ੍ਰ ਪ੍ਰਤਿਪਾਦਿਤ ਬ੍ਰਹਮ ਦਾ ਸਰੂਪ ਜੇ ਕਰਤਾ-ਪੁਰਖ ਅਤੇ ਸੈਭੰ ਹੈ, ਤਾਂ ਨਿਸਚੇ ਹੀ ਉਹ ‘ਸਤਿਨਾਮ’ ਵੀ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਤਿਨਾਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਿਨਾਮ : ‘ਸਤਿਨਾਮ’ ਸਿੱਖ ਧਰਮ–ਸਾਧਨਾ ਦਾ ਪਰਿਭਾਸ਼ਕ ਸ਼ਬਦ ਹੈ। ‘ਸਤਿ’ ਅਤੇ ‘ਨਾਮ’ ਦੇ ਇਸ ਸੰਯੁਕਤ ਸ਼ਬਦ ਦਾ ਅਰਥ ਭਾਈ ਕਾਨ੍ਹ ਸਿੰਘ ਅਨੁਸਾਰ ਤਿੰਨ ਕਾਲ ਵਿਚ ਇਸ ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ ਹੈ। ਜਪ ਮੰਤ੍ਰ ਕੇਵਲ ‘ਸਤਿ’ ਹੈ, ਨਾਮ ਸ਼ਬਦ ਇਦੰਤਾ ਬੋਧਕ ਹੈ ਜਿਵੇਂ ਹਰਿਨਾਮ, ਰਾਮ–ਨਾਮ ਆਦਿਕ ਸ਼ਬਦਾਂ ਵਿਚ ਵੇਖਿਆ ਜਾਂਦਾ ਹੈ। ਪਰ ਨਾਮ ਦੇ ਇਦੰਤਾ ਬੋਧਕ ਹੋਣ ਦੇ ਕਥਨ ਨਾਲ ਸਹਿਮਤ ਹੋਣਾ ਸਰਲ ਨਹੀਂ ਹੈ। ਭਗਤੀ ਸਾਧਨਾ ਵਿਚ ਨਾਮ ਦਾ ਵਿਸ਼ੇਸ਼ ਮਹੱਤਵ ਹੈ। ‘ਨਾਮ–ਸਾਧਨਾ’ ਭਗਤੀ ਸਾਧਨਾ ਦਾ ਹੀ ਪ੍ਰਯਾਯ ਹੈ। ਨਾਮ–ਸਾਧਨਾ ਤੋਂ ਬਿਨਾ ਸਿੱਖ ਧਰਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਇਸ ਦੇ ਸਿਮਰਨ ਉੱਤੇ ਮੱਧ ਯੁਗ ਦੀਆਂ ਸਾਰੀਆਂ ਧਰਮ ਪਰੰਪਰਾਵਾਂ ਨੇ ਬਲ ਦਿੱਤਾ ਹੈ। ਇਸ ਤਰ੍ਹਾਂ ‘ਸਤਿ’ ਨਾਲ ‘ਨਾਮ’ ਸ਼ਬਦ ਦੀ ਵਰਤੋਂ ਅਰਥ–ਪੂਰਣ ਹੈ ਕਿਉਂਕਿ ਸਤਿ ਸਰੂਪ ਦੇ ਨਾਮ–ਸਿਮਰਨ ਉਤੇ ਵੀ ਨਾਲ ਨਾਲ ਬਲ ਦਿੱਤਾ ਗਿਆ ਹੈ। (ਵਿਸਥਾਰ ਲਈ ਵੇਖੋ ‘ਨਾਮ ਸਾਧਨਾ’) ਵਿਉਪੱਤੀ ਦੀ ਦ੍ਰਿਸ਼ਟੀ ਤੋਂ ਵੀ ‘ਸਤਿ’ ਸ਼ਬਦ ਦਾ ਅਰਥ ਸਦਾ ਕਾਇਮ ਰਹਿਣ ਵਾਲਾ ਹੈ, ਇਸ ਲਈ ਪਰਮ ਸੱਤਾ ਦਾ ਸੂਚਕ ਵੀ ਬਣ ਗਿਆ ਹੈ।

          ਸ਼ੰਕਰਾਚਾਰਯ ਨੇ ਪਰਮਾਰਥ ਜਾਂ ਸਤਿ ਉਸ ਪਦਾਰਥ ਨੂੰ ਮੰਨਿਆ ਹੈ ਜੋ ਸਾਰੀਆਂ ਅਵਸਥਾਵਾਂ ਵਿਚ ਇਕ ਰੂਪ ਰਹਿੰਦਾ ਹੈ। ਕਬੀਰ ਵੀ ਇਸੇ ਧਾਰਨਾ ਦੇ ਹਨ (ਸਾਂਚ ਸੋਈ ਜੋ ਬਿਰਹ ਰਹਾਈ। ਉਪਜੈ ਬਿਨਸੈ ਝੂਠ ਹਵੈ ਜਾਈ)। ‘ਸਤਿ’ ਨੂੰ ਪਰਮਾਤਮਾ ਦੇ ਵਾਚਕ ਸ਼ਬਦ ਵਜੋਂ ਮੰਨਣ ਦੀ ਬੜੀ ਪ੍ਰਾਚੀਨ ਪਰੰਪਰਾ ਹੈ। ਛਾਂਦੋਗੑਯ ਉਪਨਿਸ਼ਦ (8/3/4) ਅਨੁਸਾਰ ਬ੍ਰਹਮ ਸਤਿ ਹੈ। ਤੈਤਿਰੀਯ ਉਪਨਿਸ਼ਦ (2/1/1) ਵਿਚ ਸਤਿ ਬ੍ਰਹਮ ਦਾ ਨਾਮਾਂਤਰ ਹੈ। ਇਹੀ ਭਾਵਧਾਰਾ ਭਗਤੀਕਾਲ ਤਕ ਜਾਰੀ ਰਹੀ ਹੈ।

          ਗੁਰੂ ਗ੍ਰੰਥ ਸਾਹਿਬ ਦੇ ਮੂਲ ਮੰਤ੍ਰ ਵਿਚ ਪਰਮਾਤਮਾ ਦੇ ਵਾਚਕ ਸ਼ਬਦ ਵਜੋਂ ਇਸ ਦੀ ਵਰਤੋਂ ਹੋਈ ਹੈ। ‘ਜਪੁਜੀ’ ਦੇ ਪਹਿਲੇ ਸ਼ਲੋਕ ਵਿਚ ਪ੍ਰਭੂ ਨੂੰ “ਆਦਿ ਸਚੁ ਜੁਗਾਦਿ ਸਚੁ। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਨੇ ਸਪਸ਼ਟ ਕਿਹਾ ਹੈ–‘ਤੇਰਾ ਸਚੁ ਨਾਮੁ ਪਰਮੇਸਰਾ’ (ਆ. ਗ੍ਰੰਥ, 1168)। ਗੁਰੂ ਅਰਜਨ ਦੇਵ ਨੇ ਪਰਮਾਤਮਾ ਦੇ ਹੋਰ ਸਾਰੇ ਨਾਂ ਬਨਾਵਟੀ ਦਸ ਕੇ ‘ਸਤਿਨਾਮ’ ਨੂੰ ਪੁਰਾਤਨ ਮੰਨਿਆ ਹੈ–“ਕਿਰਤਮ ਨਾਮ ਕਥੇ ਤੇਰੇ ਜਿਹਵਾ। ਸਤਿਨਾਮ ਤੇਰਾ ਪਰਾ ਪੂਰਬਲਾ”। (ਆ. ਗ੍ਰੰਥ, 1083)। ਇਹ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਹੀ ਸੀਤਾ ਹੋਇਆ ਫਟ ਵੀ ਸਕਦਾ ਹੈ, ਅਰਥਾਤ ਇਹ ਵਿਨਾਸ਼ ਤੋਂ ਪਰੇ ਹੈ (“ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ”–ਆ. ਗ੍ਰੰਥ, 955)।

          [ਸਹਾ. ਗ੍ਰੰਥ––ਮ. ਕੋ.; ਡਾ. ਹਰਵੰਸ਼ ਲਾਲ : ‘ਭਾਰਤੀ ਦਰਸ਼ਨ–ਪਰਪੰਰਾ ਔਰ ਆਦਿ ਗ੍ਰੰਥ’ (ਹਿੰਦੀ); ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’]  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

10 guru. Sikhpanthkalalhabhartkeerahwaleekarnnaheepolliojeetaagariculturdigitalindia


Amandeep.singh.rai. Dhano, ( 2022/05/08 05:5109)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.