ਸਤੀਆਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤੀਆਂ : ਅਜਿਹੀਆਂ ਇਸਤਰੀਆਂ ਦਾ ਆਦਰ ਸੂਚਕ ਵਿਸ਼ੇਸ਼ਣ ਸਤੀਆਂ ਹੈ ਜੋ ਪਤੀਵਰਤ ਧਰਮ ਦੀ ਪਾਲਣਾ ਕਰਦਿਆਂ ਪਤੀਆਂ ਦੀ ਚਿਖ਼ਾ ਉੱਤੇ ਆਤਮਦਾਹ ਕਰ ਕੇ ਪ੍ਰਾਣ ਤਿਆਗ ਦੇਣ। ਮਹਾਨ ਕੋਸ਼ ਵਿੱਚ ਵੀ ਮੋਏ ਪਤੀ ਦੀ ਚਿਖ਼ਾ ਵਿੱਚ ਮਨਹਠ ਨਾਲ ਸੜ ਕੇ ਪ੍ਰਾਣ ਤਿਆਗ ਦੇਣ ਵਾਲੀ ਇਸਤਰੀ ਨੂੰ ਸਤੀ ਕਿਹਾ ਗਿਆ ਹੈ।

     ਹਿੰਦੂ ਧਰਮ-ਗ੍ਰੰਥਾਂ ਵਿੱਚ ਕਿਸੇ ਇਸਤਰੀ ਲਈ ਸਤੀ ਹੋਣਾ ਪੁੰਨ ਦਾ ਕਾਰਜ ਸਮਝਿਆ ਗਿਆ ਹੈ ਜਦ ਕਿ ਸਿੱਖ ਧਰਮ ਵਿੱਚ ਇਸ ਪ੍ਰਥਾ ਦਾ ਖੰਡਨ ਕੀਤਾ ਗਿਆ ਹੈ। ਪਰਾਸ਼ਰ ਸਿਮ੍ਰਿਤਿ  ਦੇ ਚੌਥੇ ਅਧਿਆਇ ਅਨੁਸਾਰ ਜੋ ਇਸਤਰੀ ਪਤੀ ਦੀ ਚਿਖ਼ਾ ਵਿੱਚ ਸੜ ਕੇ ਸਤੀ ਹੋ ਜਾਵੇ ਉਹ ਉਤਨੇ ਵਰ੍ਹੇ ਸਵਰਗ ਵਿੱਚ ਰਹਿਣ ਦੀ ਅਧਿਕਾਰੀ ਹੋਵੇਗੀ ਜਿਤਨੇ ਉਸ ਦੇ ਪਤੀ ਦੇ ਜਿਸਮ `ਤੇ ਰੋਮ (ਵਾਲ) ਹੋਣੇਗੇ। ਐਸੀ ਹੀ ਟਿੱਪਣੀ ਦਕ ਸਿਮ੍ਰਿਤਿ  ਦੇ ਚੌਥੇ ਅਧਿਆਇ ਵਿੱਚ ਕੀਤੀ ਗਈ ਹੈ।

     ਸਤੀ ਸ਼ਬਦ ਸਤਿ ਧਾਤੂ ਹੈ, ਜਿਸ ਦਾ ਅਰਥ ਸੱਚ, ਪਵਿੱਤਰਤਾ ਅਤੇ ਨਿਸ਼ਕਾਮਤਾ ਤੋਂ ਲਿਆ ਜਾਂਦਾ ਹੈ ਪਰ ਸਤੀ ਦਾ ਸ਼ਾਬਦਿਕ ਅਰਥ ਉਸ ਇਸਤਰੀ ਤੋਂ ਹੈ ਜੋ ਸਤਿ ਸਰੂਪ ਪਤੀ-ਵਰਤ ਧਰਮ ਦੀ ਪਾਲਨਾ ਕਰਨ ਵਾਲੀ ਹੋਵੇ। ਬਾਅਦ ਵਿੱਚ ਇਹ ਸ਼ਬਦ ਉਹਨਾਂ ਇਸਤਰੀਆਂ ਲਈ ਰੂੜ੍ਹ (ਪੱਕਾ) ਹੋ ਗਿਆ ਜੋ ਪਤੀ ਦੀ ਚਿਖ਼ਾ ਵਿੱਚ ਸੜ ਕੇ ਮਰ (ਸਤੀ ਹੋ) ਗਈਆਂ।

     ਟਾਇਲਰ ਇਸ ਰੀਤ ਨੂੰ ਵਿਧਵਾ ਬਲੀ ਦੀ ਕਿਸੇ ਪ੍ਰਾਚੀਨ ਆਦਮ ਰੀਤ ਵਿੱਚੋਂ ਪੈਦਾ ਹੋਈ ਮੰਨਦਾ ਹੈ ਪਰ ਸੱਭਿਅਤਾ ਦੇ ਵਿਕਾਸ ਨਾਲ ਇਹ ਰੀਤ ਕੁਝ ਸਮੇਂ ਲਈ ਬੰਦ ਹੋ ਗਈ।ਇਸੇ ਲਈ ਰਿਗਵੇਦ  ਅਤੇ ਮਨੂੰ-ਸਮ੍ਰਿਤੀ ਵਿੱਚ ਇਸਦਾ ਜ਼ਿਕਰ ਨਹੀਂ ਹੈ।

     ਬ੍ਰਾਹਮਣੀ ਕਾਲ ਵਿੱਚ ਕੁਝ ਸੁਆਰਥੀ ਹਿਤਾਂ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਫਿਰ ਸੁਰਜੀਤ ਕੀਤਾ ਗਿਆ ਹੈ ਅਤੇ ਇਸ ਰੀਤ ਨੂੰ ਵੈਦਿਕ ਮੂਲ ਦੀ ਦਰਸਾਉਣ ਲਈ ਰਿਗਵੇਦ ਦੀ ਇੱਕ ਤੁਕ ਵਿੱਚ ਆਏ ਸ਼ਬਦ ‘ਅਗਰੇ` ਨੂੰ ‘ਅਗਨੇਹ` (ਅਗਨੀ) ਵਿੱਚ ਬਦਲ ਕੇ ਮਨ-ਮਰਜ਼ੀ ਦੇ ਅਰਥ ਕੱਢ ਲਏ ਗਏ। ਜਦ ਕਿ ਅਥਰਵ ਵੇਦ ਵਿੱਚ ਸਤੀ ਦੀ ਨਿਖੇਧੀ ਕਰਦੇ ਹੋਏ ਵਿਧਵਾ ਦੇ ਪੁਨਰ-ਵਿਆਹ ਤੇ ਜ਼ੋਰ ਦਿੱਤਾ ਗਿਆ ਹੈ।

     ਪ੍ਰਾਚੀਨ ਗ੍ਰੰਥਾਂ ਦੇ ਹਵਾਲੇ ਨਾਲ ਕੇਵਲ ਮਹਾਂਭਾਰਤ  ਵਿੱਚ ਧ੍ਰਿਤਰਾਸ਼ਟਰ ਦੀ ਪਤਨੀ ਗਾਂਧਾਰੀ ਦੇ ਸਤੀ ਹੋਣ ਦਾ ਸੰਕੇਤ ਹੈ ਜਿਸ ਅਨੁਸਾਰ, ਇੱਕ ਸਮੇਂ ਜੋਤਹੀਣ ਹੋਣ ਕਾਰਨ ਧ੍ਰਿਤਰਾਸ਼ਟਰ ਅਗਨੀ ਵਿੱਚ ਸੜ ਕੇ ਮਰ ਗਿਆ ਤਾਂ ਗਾਂਧਾਰੀ ਨੇ ਵੀ ਅਗਨੀ ਵਿੱਚ ਕੁੱਦ ਕੇ ਪ੍ਰਾਣ ਤਿਆਗ ਦਿੱਤੇ।

     ਹਿੰਦੂ ਲੋਕਾਂ ਵਿੱਚ ਸਤੀ ਦੀ ਰੀਤ ਨੂੰ ਲੰਮਾ ਸਮਾਂ ਧਾਰਮਿਕ ਸਵੀਕ੍ਰਿਤੀ ਪ੍ਰਾਪਤ ਰਹੀ ਹੈ। ਕੁਝ ਵਿਚਾਰਵਾਨਾਂ ਦੀ ਧਾਰਨਾ ਅਨੁਸਾਰ, ਸਤੀ ਦੀ ਰੀਤ ਪਿੱਛੇ ਆਦਿਮ ਮਾਨਵ ਦਾ ਇਹ ਚਿੰਤਨ ਕਾਰਜਸ਼ੀਲ ਰਿਹਾ ਹੈ ਕਿ ਮੌਤ ਪਿੱਛੋਂ ਪ੍ਰਾਣੀ ਜਿਸ ਲੋਕ ਵਿੱਚ ਜਾਂਦਾ ਹੈ ਉਹ ਇਸੇ ਮਾਤ ਲੋਕ ਦਾ ਸੂਖਮ ਰੂਪ ਹੈ। ਇੱਥੇ ਅਤੇ ਓਥੇ ਲੋੜਾਂ ਵੀ ਇੱਕ ਸਮਾਨ ਹਨ। ਫ਼ਰਕ ਕੇਵਲ ਸੂਖਮ ਅਤੇ ਸਥੂਲ ਹੋਣ ਵਿੱਚ ਹੈ। ਇਸ ਲਈ ਇਸਤਰੀਆਂ, ਰਖੇਲਾਂ, ਦਾਸੀਆਂ, ਅੰਨ ਆਦਿ ਪਦਾਰਥਾਂ ਦਾ ਅਗਲੇ ਲੋਕ ਵਿੱਚ ਵੀ ਜਾਣਾ ਜ਼ਰੂਰੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੋ ਵਸਤੂ ਅਗਨੀ ਦੇ ਸਪੁਰਦ ਕੀਤੀ ਜਾਵੇ, ਉਸ ਵਸਤੂ ਨੂੰ ਅਗਨੀ ਦੇਵਤਾ ਮੂਲ ਰੂਪ ਵਿੱਚ ਉਸ ਵਿਅਕਤੀ ਜਾਂ ਦੇਵਤੇ ਨੂੰ ਅਗਲੇ (ਦੇਵ) ਲੋਕ ਵਿੱਚ ਸੌਂਪ ਦਿੰਦਾ ਹੈ ਜਿਸ ਨਮਿਤ ਭੇਟਾ ਕੀਤੀ ਗਈ ਹੋਵੇ। ਬ੍ਰਾਹਮਣਾਂ ਦੁਆਰਾ ਇਹ ਧਾਰਨਾ ਵੀ ਪਰਿਪੱਕ ਕੀਤੀ ਗਈ ਕਿ ਅੱਗ ਵਿੱਚ ਸੜ ਕੇ ਸਤੀ ਹੋਈ ਇਸਤਰੀ, ਨਿਸ਼ਚੈ ਹੀ ਅਗਲੇ ਲੋਕ ਵਿੱਚ ਆਪਣੇ ਪਤੀ ਤੱਕ ਪੁੱਜ ਜਾਂਦੀ ਹੈ।

     ਸਿਮ੍ਰਿਤੀਆਂ ਵਿੱਚ ਆਏ ਹਵਾਲਿਆਂ ਅਨੁਸਾਰ, ਸਤੀ ਹੋਣ ਵਾਲੀ ਇਸਤਰੀ ਦੀਆਂ 201 ਕੁਲਾਂ ਪਾਪਾਂ ਤੋਂ ਮੁਕਤ ਹੋ ਗਈਆਂ ਸਮਝੀਆਂ ਜਾਂਦੀਆਂ ਹਨ।

     ਇੱਕ ਹੋਰ ਧਾਰਨਾ ਅਨੁਸਾਰ ਪ੍ਰਾਚੀਨ ਅਤੇ ਮੱਧ-ਕਾਲ ਵਿੱਚ ਵਿਧਵਾ ਇਸਤਰੀ ਨੂੰ ਕੁਲੱਛਣੀ ਸਮਝਿਆ ਜਾਂਦਾ ਸੀ। ਸਮਾਜ ਵਿੱਚ ਉਸ ਲਈ ਆਦਰਯੋਗ ਥਾਂ ਨਹੀਂ ਸੀ। ਹਾਰ-ਸ਼ਿੰਗਾਰ ਅਤੇ ਮੰਗਲ ਕਾਰਜਾਂ ਵਿੱਚ ਭਾਗ ਲੈਣਾ ਵੀ ਮਨ੍ਹਾਂ ਸੀ। ਕਿਸੇ ਪਵਿੱਤਰ ਵਸਤੂ `ਤੇ ਪਰਛਾਵਾਂ ਪੈਣਾ ਵੀ ਅਸ਼ੁੱਭ ਸਮਝਿਆ ਜਾਂਦਾ ਸੀ। ਅਜਿਹੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਇੱਕੋ ਰਾਹ, ਸਤੀ ਹੋਣਾ ਹੀ ਸੀ ਕਿਉਂਕਿ ਸਤੀ ਹੋਣ `ਤੇ ਉਹੋ ਵਿਧਵਾ ਪੂਜਨੀਕ ਬਣ ਜਾਂਦੀ ਸੀ। ਇਸ ਲਈ ਬਹੁਤੀਆਂ ਵਿਧਵਾਵਾਂ ਨੇ ਪਤੀ ਦੀ ਚਿਖ਼ਾ ਵਿੱਚ ਸੜ ਕੇ ਮਰਨ ਨੂੰ ਹੀ ਤਰਜੀਹ ਦਿੱਤੀ।

     ਇਤਿਹਾਸ ਵਿੱਚ ਅਜਿਹੀਆਂ ਮਿਸਾਲਾਂ ਵੀ ਉਪਲਬਧ ਹਨ, ਜਦੋਂ ਵਿਧਵਾਵਾਂ ਨੂੰ ਨਸ਼ੀਲੇ ਪਦਾਰਥ ਖੁਆ ਕੇ ਜ਼ਬਰਦਸਤੀ ਆਤਮ-ਦਾਹ ਲਈ ਮਜਬੂਰ ਕੀਤਾ ਗਿਆ ਤਾਂ ਕਿ ਸਤੀ ਹੋਈ ਵਿਧਵਾ ਦੀ ਕੁਲ ਦੇ ਲੋਕਾਂ ਦਾ ਆਦਰ ਸਤਿਕਾਰ ਵੱਧ ਸਕੇ।

     ਸਤੀ ਰੀਤ ਸਮੇਂ ਵਿਧਵਾ ਇਸਤਰੀ, ਥਾਲੀ ਵਿੱਚ ਸੰਧੂਰ ਦਾ ਤਿਲਕ ਲੱਗਾ ਨਾਰੀਅਲ, ਫੁੱਲ ਅਤੇ ਦੀਪ ਆਦਿ ਦਾ ਸਿਧਉਰਾ ਲੈ ਕੇ ਨਗਰ ਦੀ ਪਰਕਰਮਾ ਕਰਦੀ ਹੈ ਅਤੇ ਮ੍ਰਿਤਕ ਦੇ ਮੱਥੇ `ਤੇ ਸੰਧੂਰ ਦਾ ਤਿਲਕ ਲਗਾ ਕੇ ਚਿਖ਼ਾ ਦੀ ਪਰਕਰਮਾ ਕਰਨ ਪਿੱਛੋਂ ਕੁਟੰਬ ਦੇ ਲੋਕਾਂ ਨੂੰ ਅਸੀਸਾਂ ਦੇਂਦੀ ਹੋਈ ਚਿਖ਼ਾ ਵਿੱਚ ਜਾ ਬੈਠਦੀ ਹੈ। ਇੱਕ ਲੋਕ-ਵਿਸ਼ਵਾਸ ਅਨੁਸਾਰ, ਸਤੀ ਹੋਣ ਸਮੇਂ ਹੱਥ ਵਿੱਚ ਸਿਧਉਰਾ ਲੈਣ ਨਾਲ ਇਸਤਰੀ ਵਿੱਚ ਸਹਿਜ ਸ਼ਕਤੀ ਆ ਜਾਂਦੀ ਹੈ ਅਤੇ ਉਸ ਦੁਆਰਾ ਦਿੱਤਾ ਅਸ਼ੀਰਵਾਦ ਪੂਰਾ ਹੁੰਦਾ ਹੈ। ਕਬੀਰ ਸਾਹਿਬ ਨੇ ਵੀ ਸਤੀ ਦੀ ਇਸ ਅਵਸਥਾ ਵੱਲ ਇਸ਼ਾਰਾ ਕਰਦਿਆਂ ਲਿਖਿਆ ਹੈ :

            ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥

     ਸਤੀ ਰੀਤ ਸੰਬੰਧੀ ਇੱਕ ਮਨੋਕਲਪਿਤ ਦੰਤ-ਕਥਾ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਸਤਰੀ ਪਤੀ ਤੋਂ ਬਹੁਤ ਦੁੱਖੀ ਹੁੰਦੀ ਸੀ ਤਾਂ ਉਹ ਪਤੀ ਨੂੰ ਭੋਜਨ ਵਿੱਚ ਜ਼ਹਿਰ ਦੇ ਕੇ ਮਾਰ ਦਿੰਦੀ ਸੀ। ਆਤਮ ਰੱਖਿਆ ਦੇ ਉਪਾਅ ਵਜੋਂ ਕਸ਼ੱਤਰੀਆ ਵਿੱਚ ਇਹ ਰੀਤ ਪ੍ਰਚਲਿਤ ਹੋਈ ਕਿ ਪਤੀ ਦੀ ਮੌਤ ਸਮੇਂ ਉਸ ਦੀ ਪਤਨੀ ਵੀ ਚਿਖ਼ਾ ਵਿੱਚ ਪ੍ਰਾਣ ਦੇ ਦੇਵੇ।

     ਇਤਿਹਾਸਿਕ ਹਵਾਲਿਆਂ ਅਨੁਸਾਰ, ਤੁਜ਼ਕੇ ਜਹਾਂਗੀਰੀ ਵਿੱਚ ਲਿਖਿਆ ਮਿਲਦਾ ਹੈ ਕਿ ਰਾਜੌਰੀ ਦੇ ਰਾਜਪੂਤ ਮੁਸਲਮਾਨਾਂ ਵਿੱਚ ਖ਼ਾਵੰਦ ਦੀ ਮੌਤ ਸਮੇਂ ਬੀਵੀ ਨੂੰ ਵੀ ਜਿਊਂਦਿਆਂ ਕਬਰ ਵਿੱਚ ਦਫ਼ਨ ਕਰਨ ਦੀ ਰੀਤ ਸੀ।

      510 ਈਸਵੀ ਦੇ ਏਰਨ ਸ਼ਿਲਾਲੇਖ ਵਿੱਚ ਇਸਤਰੀ ਦੇ ਸਤੀ ਹੋਣ ਦਾ ਉਲੇਖ ਹੈ। ਭਾਨੂ ਗੁਪਤ ਦੇ ਸੈਨਾਪਤੀ ਗੋਪਧਾਜ ਦੀ ਹੂਣਾ ਨਾਲ ਲੜਦੇ ਸਮੇਂ ਹੋਈ ਮੌਤ ਵੇਲੇ ਉਸ ਦੀ ਪਤਨੀ ਵੀ ਚਿਖ਼ਾ ਵਿੱਚ ਸਤੀ ਹੋ ਗਈ। ਕਾਲੀ ਦਾਸ ਸ਼ੂਦਰਕ ਅਤੇ ਗੁਪਤ ਕਾਲ ਦੇ ਕਈ ਲੇਖਕਾਂ ਦੀਆਂ ਲਿਖਤਾਂ ਵਿੱਚ ਸਤੀ ਪ੍ਰਥਾ ਦਾ ਵਰਣਨ ਹੈ। ਰਾਜਪੂਤ ਕਾਲ ਵਿੱਚ ਤਾਂ ਸਤੀ ਪ੍ਰਥਾ ਦੀਆਂ ਅਨੇਕਾਂ ਮਿਸਾਲਾਂ ਉਪਲਬਧ ਹਨ ਜਦੋਂ ਰਾਜਪੂਤ ਇਸਤਰੀਆਂ ਨੇ ਖ਼ੁਸ਼ੀ- ਖ਼ੁਸ਼ੀ ਆਪਣੇ-ਆਪ ਨੂੰ ਪਤੀ ਦੀ ਚਿਖ਼ਾ ਵਿੱਚ ਅਗਨੀ ਭੇਟ ਕੀਤਾ।

     ਪ੍ਰਸਿੱਧ ਵਿਦਵਾਨ ਗਰਿਮ ਦੇ ਕਥਨ ਅਨੁਸਾਰ, ਸਕੈਂਡੇਨੇਵੀਆ ਦੇ ਲੋਕਾਂ ਵਿੱਚ ਵੀ ਵਿਧਵਾ ਇਸਤਰੀ ਦੇ ਆਤਮਦਾਹ ਕਰਨ ਦੀ ਰੀਤ ਸੀ। ਪ੍ਰਸਿੱਧ ਵਿਦਵਾਨ ਹੈਰੀਡੋਟਸ ਲਿਖਦਾ ਹੈ ਕਿ ਬਹੁ-ਪਤਨੀ ਪ੍ਰਚਲਿਤ ਥਰੇਸੀਅਨ ਕਬੀਲਿਆਂ ਵਿੱਚ ਪਤੀ ਦੀ ਮੌਤ ਤੇ ਮ੍ਰਿਤਕ ਦੀ ਹਰ ਪਤਨੀ ਆਤਮਦਾਹ ਕਰਨਾ ਲੋਚਦੀ, ਪਰ ਇਹ ਮਾਣ ਕੇਵਲ ਚਹੇਤੀ ਪਤਨੀ ਨੂੰ ਦਿੱਤਾ ਜਾਂਦਾ। ਪ੍ਰਾਚੀਨ ਮਿਸਰ ਵਿੱਚ ਵਿਧਵਾ ਇਸਤਰੀਆਂ ਦੇ ਆਤਮਘਾਤ ਕਰਨ ਦੀ ਪੁਸ਼ਟੀ ਥੰਬ ਵਿੱਚ ਅਮੇਨ ਹੇਤਪ ਦੂਜੇ ਦੇ ਮਕਬਰੇ ਵਿੱਚੋਂ ਨਿਕਲੇ ਇਸਤਰੀਆਂ ਦੇ ਅਨੇਕ ਪਿੰਜਰ ਕਰਦੇ ਹਨ। ਚੀਨ ਵਿੱਚ ਜਿਹੜੀਆਂ ਵਿਧਵਾਵਾਂ ਪਤੀ ਦੀ ਚਿਖ਼ਾ `ਤੇ ਆਤਮਘਾਤ ਕਰਦੀਆਂ ਸਨ, ਉਹਨਾਂ ਦੀਆਂ ਸਿਮਰਤੀਆਂ ਵਿੱਚ ‘ਦੁਆਰ` ਬਣਾਏ ਮਿਲਦੇ ਹਨ। ਮੋਨੀਅਰ ਵਿਲੀਅਮਜ਼ ਹੈਰੀਡੋਟਸ ਦੇ ਹਵਾਲੇ ਨਾਲ ਲਿਖਦਾ ਹੈ ਕਿ ਸਿਥੀਅਨ ਕਬੀਲਿਆਂ ਵਿੱਚ ਜਦੋਂ ਕੋਈ ਬਾਦਸ਼ਾਹ ਮਰ ਜਾਂਦਾ ਤਾਂ ਉਸ ਦੀਆਂ ਰਖੇਲਾਂ ਦੀ ਸੰਘੀ ਘੁੱਟ ਦਿੱਤੀ ਜਾਂਦੀ। ਹਰਸ਼ਕਾਲ 606, 647 ਈ. ਦੇ ਇੱਕ ਹੋਰ ਇਤਿਹਾਸਿਕ ਹਵਾਲੇ ਅਤੇ ਚੀਨੀ ਯਾਤਰੀ ਹਿਊਨਸਾਂਗ ਦੇ ਉਲੇਖ ਅਨੁਸਾਰ, ਹਰਸ਼ ਦੀ ਮਾਂ ਯਸ਼ੋਮਤੀ ਵੀ ਆਪਣੇ ਪਤੀ ਦੀ ਮੌਤ ਸਮੇਂ ਸਤੀ ਹੋਈ।

     ਪਰ ਸਿੱਖ ਧਰਮ ਵਿੱਚ ਸਤੀ ਪ੍ਰਥਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਰੀਤ ਦੀ ਪਰਿਭਾਸ਼ਾ ਹੀ ਬਦਲ ਗਈ ਹੈ। ਗੁਰੂ ਸਾਹਿਬ ਨੇ ਫ਼ਰਮਾਇਆ ਕਿ ਜ਼ਰੂਰੀ ਨਹੀਂ ਅੱਗ ਵਿੱਚ ਜਾਨ ਗਵਾ ਕੇ ਹੀ ਸਤੀ ਬਣਿਆ ਜਾਵੇ। ਸੀਨੇ `ਤੇ ਬਿਰਹੋਂ ਦੀ ਚੋਟ ਖਾ ਕੇ ਸਤੀ ਹੋਇਆ ਜਾ ਸਕਦਾ ਹੈ। ਉਹਨਾਂ ਫ਼ਰਮਾਇਆ :

            ਸਤੀਆ ਏਹਿ ਨਾ ਆਖੀਅਨਿ ਜੋ ਮੜਿਆ ਲਗਿ ਜਲੰਨਿ੍।

            ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍।                                                                                                                                                                                                                                                                                                            (ਵਾਰ ਸੂਹੀ ਮਹਲਾ ੩)

     ਇਸ ਰੀਤ ਸੰਬੰਧੀ ਕਬੀਰ ਸਾਹਿਬ ਨੇ ਵੀ ਲਿਖਿਆ:

            ‘ਬਿਨ ਸਤ ਸਤੀ ਹੋਇ ਕੈਸੇ ਨਾਰਿ।

(ਗਉੜੀ ਕਬੀਰ)

     ਪਰ ਇਸ ਦੇ ਬਾਵਜੂਦ ਪੰਜਾਬ ਦੇ ਕਈ ਸਿੱਖ ਸਰਦਾਰਾਂ ਅਤੇ ਮਹਾਰਾਜਿਆਂ ਵਿੱਚ ਸਤੀ ਰੀਤ ਦੇ ਪ੍ਰਮਾਣ ਮਿਲਦੇ ਹਨ। ਉਦਾਹਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਾਹ-ਸੰਸਕਾਰ ਸਮੇਂ ਉਸ ਦੀਆਂ ਚਾਰ ਰਾਣੀਆਂ ਅਤੇ ਸੱਤ ਦਾਸੀਆਂ ਉਸ ਦੀ ਚਿਖ਼ਾ ਵਿੱਚ ਸਤੀ ਹੋਈਆਂ ਜਿਨ੍ਹਾਂ ਦੀਆਂ ਸਮਾਧੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੇੜੇ ਬਣੀਆਂ ਮਿਲਦੀਆਂ ਹਨ।

     ਮਹਾਰਾਜਾ ਖੜਕ ਸਿੰਘ ਨਾਲ ਇੱਕ, ਨੌ ਨਿਹਾਲ ਸਿੰਘ ਨਾਲ ਦੋ ਰਾਣੀਆਂ ਅਤੇ ਰਾਜਾ ਸੁਚੇਤ ਸਿੰਘ ਨਾਲ ਉਸ ਦੀਆਂ 13 ਪਤਨੀਆਂ ਅਤੇ ਬਹੁਤ ਸਾਰੀਆਂ ਕੰਵਾਰੀਆਂ ਦਾਸੀਆਂ ਸਤੀ ਹੋਈਆਂ। ਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਨਾਲ ਉਸ ਦੀਆਂ ਚਾਰ ਪਤਨੀਆਂ ਸਤੀ ਹੋਈਆਂ ਇਹ ਅੰਤਿਮ ਘਟਨਾ 22 ਦਸੰਬਰ 1845 ਦੀ ਹੈ।

          ਅੰਗਰੇਜ਼ ਰਾਜ ਸਮੇਂ ਲਾਰਡ ਵਿਲੀਅਮ ਬੈਂਟਿੰਗ ਨੇ ਇੱਕ ਕਾਨੂੰਨ ਬਣਾ ਕੇ 1829 ਵਿੱਚ ਸਤੀ ਪ੍ਰਥਾ ਦੀ ਇਸ ਰੀਤ ਨੂੰ ਭਾਰਤ ਵਿੱਚ ਬੰਦ ਕਰ ਦਿੱਤਾ। ਅਜੋਕੇ ਸਮੇਂ ਸਤੀਆਂ ਦੇ ਸਥਾਨਾਂ `ਤੇ ਪ੍ਰਾਂਤਿਕ ਵੱਖਰਤਾ ਅਨੁਸਾਰ, ਇਹਨਾਂ ਦੀ ਕੇਵਲ ਪੂਜਾ ਦਾ ਹੀ ਚਲਨ ਪ੍ਰਚਲਿਤ ਹੈ।


ਲੇਖਕ : ਹਰਜੀਤ ਕੌਰ ਮਾਨ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.